“ਪੁਲਿਸ ਨੂੰ ਨਹੀਂ, ਪਰ ਆਮ ਜਨਤਾ ਨੂੰ ਪਤਾ ਹੈ ਕਿੱਥੇ ਵਿਕਦਾ ਹੈ ਨਸ਼ਾ”! ਪੀੜਤ ਪਰਿਵਾਰਾਂ ਨੇ ਖੋਲ੍ਹੀ AAP ਸਰਕਾਰ ਅਤੇ ਪ੍ਰਸ਼ਾਸਨ ਦੇ ਪੋਲ
ਫ਼ਾਜ਼ਿਲਕਾ, ਤਰਨਤਾਰਨ ਅਤੇ ਜਗਰਾਓਂ ਦੇ ਪੀੜਤ ਪਰਿਵਾਰਾਂ ਨੇ ਬਿਆਨ ਕੀਤੀ ਆਪਣੀ ਦਰਦਨਾਕ ਦਾਸਤਾਨ
ਚੰਡੀਗੜ੍ਹ, 17 ਸਤੰਬਰ 2026- ਪੰਜਾਬ ਭਾਜਪਾ ਦੇ ਸੀਨੀਅਰ ਆਗੂ ਕੇਵਲ ਢਿੱਲੋਂ ਅਤੇ ਸੁਨੀਲ ਜਾਖੜ ਨੇ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਨਸ਼ੇ ਕਾਰਨ ਆਪਣਿਆਂ ਨੂੰ ਗੁਆ ਚੁੱਕੇ ਕਈ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਦਰਦ ਵੰਡਾਇਆ।
ਇਸ ਮੌਕੇ ਭਾਜਪਾ ਨੇਤਾਵਾਂ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਨਸ਼ੇ ਦੇ ਖ਼ਾਤਮੇ ਲਈ 4 ਵੱਖ-ਵੱਖ ਥਾਵਾਂ ਤੋਂ ਇੱਕ ਵਿਸ਼ਾਲ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਨਿਤਿਨ ਨਬੀਨ ਕਰਨਗੇ। ਇਹ ਯਾਤਰਾ ਪੰਜਾਬ ਦੇ ਪਿੰਡ-ਪਿੰਡ, ਘਰ-ਘਰ ਜਾ ਕੇ ਲੋਕਾਂ ਨੂੰ ਲਾਮਬੰਦ ਕਰੇਗੀ ਅਤੇ ਕੁੱਲ 4,000 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ।
“ਲੜਕੀ ਹੋ ਕੇ ਮੈਨੂੰ ਪਤਾ ਹੈ ਨਸ਼ਾ ਕਿੱਥੇ ਵਿਕਦਾ ਹੈ, ਪਰ ਪੁਲਿਸ ਅਣਜਾਣ ਹੈ”
ਕਾਨਫਰੰਸ ਦੌਰਾਨ ਮਾਰੇ ਗਏ ਨੌਜਵਾਨ ਲਵਪ੍ਰੀਤ ਦੀ ਭੈਣ ਨੇ ਆਪਣੀ ਹੱਡ-ਬੀਤੀ ਸੁਣਾਉਂਦਿਆਂ ਗੰਭੀਰ ਦੋਸ਼ ਲਗਾਏ। ਲੜਕੀ ਨੇ ਦੱਸਿਆ, “ਅਸੀਂ ਮੰਨਦੇ ਹਾਂ ਕਿ ਮੇਰਾ ਭਰਾ ਲਵਪ੍ਰੀਤ ਨਸ਼ਾ ਕਰਦਾ ਸੀ, ਪਰ ਜਦੋਂ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਖ਼ਿਲਾਫ਼ ਆਵਾਜ਼ ਚੁੱਕੀ ਤਾਂ ਉਨ੍ਹਾਂ ਨੇ ਮੇਰੇ ਭਰਾ ਦਾ ਕਤਲ ਕਰ ਦਿੱਤਾ।” ਉਸ ਨੇ ਅੱਗੇ ਦੱਸਿਆ ਕਿ ਘਰ ‘ਚ ਰੱਖੇ ਗਹਿਣੇ ਅਤੇ ਸਕੂਟੀ, ਜੋ ਗਾਇਬ ਸਨ, ਬਾਅਦ ‘ਚ ਉਸ ਦੇ ਭਰਾ ਦੀ ਮ੍ਰਿਤਕ ਦੇਹ ਦੇ ਕੋਲ ਸੁੱਟ ਦਿੱਤੇ ਗਏ। ਇਸ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਇਹ ਕਤਲ ਨਸ਼ਾ ਤਸਕਰਾਂ ਨੇ ਹੀ ਕੀਤਾ ਹੈ।
ਪੀੜਤ ਲੜਕੀ ਨੇ ਪ੍ਰਸ਼ਾਸਨ ਅਤੇ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ, “ਮੈਂ ਇੱਕ ਲੜਕੀ ਹਾਂ, ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਇਲਾਕੇ ਵਿੱਚ ਨਸ਼ਾ ਕਿੱਥੇ-ਕਿੱਥੇ ਵਿਕਦਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਸਭ ਕੁਝ ਜਾਣਦੇ ਹੋਏ ਵੀ ਪੁਲਿਸ ਪ੍ਰਸ਼ਾਸਨ ਅਣਜਾਣ ਬਣਿਆ ਹੋਇਆ ਹੈ।” ਭਾਜਪਾ ਨੇਤਾਵਾਂ ਨੇ ਭਰੋਸਾ ਦਿਵਾਇਆ ਕਿ ਉਹ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਪੱਧਰ ‘ਤੇ ਲੜਾਈ ਲੜਨਗੇ।
ਪੰਜਾਬ ਨੂੰ ਪੂਰੀ ਤਰ੍ਹਾਂ ਤਬਾਹ ਕਰ ਰਿਹੈ ਨਸ਼ਾ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਵਲ ਢਿੱਲੋਂ ਨੇ ਕਿਹਾ ਕਿ ਅੱਜ ਜੋ ਪਰਿਵਾਰ ਸਾਡੇ ਨਾਲ ਬੈਠੇ ਹਨ, ਇਹ ਉਹ ਬਦਕਿਸਮਤ ਲੋਕ ਹਨ ਜਿਨ੍ਹਾਂ ਦੇ ਘਰ ਦੇ ਚਿਰਾਗ ਨਸ਼ੇ ਦੀ ਭੈੜੀ ਲਤ ਕਾਰਨ ਬੁੱਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ੇ ਦਾ ਇੱਕ ਅਜਿਹਾ ਕੋੜ੍ਹ ਲੱਗ ਚੁੱਕਾ ਹੈ ਜੋ ਰਾਜ ਦੀ ਜਵਾਨੀ ਨੂੰ ਅੰਦਰੋਂ-ਅੰਦਰ ਖੋਖਲਾ ਕਰ ਰਿਹਾ ਹੈ। ਆਪਣੇ ਹਾਲੀਆ ਦੌਰਿਆਂ ਦਾ ਜ਼ਿਕਰ ਕਰਦਿਆਂ ਕੇਵਲ ਢਿੱਲੋਂ ਨੇ ਦੱਸਿਆ ਕਿ ਜਦੋਂ ਉਹ ਬੀਤੇ ਦਿਨ ਫ਼ਾਜ਼ਿਲਕਾ ਗਏ ਤਾਂ ਉੱਥੇ ਇੱਕ 4 ਸਾਲ ਦੇ ਮਾਸੂਮ ਬੱਚੇ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਚੁੱਕਾ ਸੀ, ਜੋ ਨਸ਼ੇ ਦੀ ਭੇਂਟ ਚੜ੍ਹ ਗਿਆ।
ਇਸੇ ਤਰ੍ਹਾਂ ਤਰਨਤਾਰਨ ਦਾ ਇੱਕ ਨੌਜਵਾਨ, ਜਿਸ ਦਾ ਵਿਆਹ ਮਹਿਜ਼ ਇੱਕ ਮਹੀਨਾ ਪਹਿਲਾਂ ਹੋਇਆ ਸੀ, ਨਸ਼ੇ ਕਾਰਨ ਅਕਾਲ ਚਲਾਣਾ ਕਰ ਗਿਆ। ਜਗਰਾਓਂ ਦੀ ਹਾਲਤ ਹੋਰ ਵੀ ਭਿਆਨਕ ਹੈ, ਜਿੱਥੇ ਇੱਕ ਹੀ ਪਰਿਵਾਰ ਦੇ 6 ਜੀਅ ਨਸ਼ੇ ਦੀ ਬਲੀ ਚੜ੍ਹ ਚੁੱਕੇ ਹਨ। ਢਿੱਲੋਂ ਨੇ ਕਿਹਾ ਕਿ ਇਹ ਕੋੜ੍ਹ ਪੰਜਾਬ ਨੂੰ ਪੂਰੀ ਤਰ੍ਹਾਂ ਤਬਾਹ ਕਰ ਰਿਹਾ ਹੈ, ਜਿਸ ਨੂੰ ਰੋਕਣ ਲਈ ਭਾਜਪਾ 4,000 ਕਿਲੋਮੀਟਰ ਦੀ ਯਾਤਰਾ ਕੱਢਣ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਵਿੱਚੋਂ 2 ਸਾਲਾਂ ਦੇ ਅੰਦਰ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਕਲਪ ਹੈ ਅਤੇ ਭਾਜਪਾ ਨੇ ਜਿਸ ਵੀ ਰਾਜ ਵਿੱਚ ਜੋ ਵਾਅਦਾ ਕੀਤਾ ਹੈ, ਉਸ ਨੂੰ ਪੂਰਾ ਕਰਕੇ ਦਿਖਾਇਆ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕੇਵਲ ਢਿੱਲੋਂ ਨੇ ਇੱਕ ਘਟਨਾ ਦਾ ਹਵਾਲਾ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਉਹ ਤੂਰ ਬੰਜਾਰਾ ਗਏ ਤਾਂ ਉੱਥੇ ਗੁਲਜ਼ਾਰ ਸਿੰਘ ਨਾਮ ਦੇ ਵਿਅਕਤੀ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਇਹ ਪੁੱਛ ਲਿਆ ਸੀ ਕਿ “ਪੰਜਾਬ ਵਿੱਚੋਂ ਨਸ਼ਾ ਕਦੋਂ ਖ਼ਤਮ ਹੋਵੇਗਾ?” ਇਸ ਸਵਾਲ ਦੇ ਬਦਲੇ ਵਿੱਚ ਉਸ ਵਿਅਕਤੀ ਦੀ ਪੁਲਿਸ ਕੋਲੋਂ ਬੇਰਹਿਮੀ ਨਾਲ ਕੁੱਟਮਾਰ ਕਰਵਾਈ ਗਈ। ਢਿੱਲੋਂ ਨੇ ਕਿਹਾ ਕਿ ਸਰਕਾਰ ਸਵਾਲ ਪੁੱਛਣ ਵਾਲਿਆਂ ਦੀ ਆਵਾਜ਼ ਦਬਾ ਰਹੀ ਹੈ, ਪਰ ਭਾਜਪਾ ਪਿੰਡ-ਪਿੰਡ ਜਾ ਕੇ ਜਨਤਾ ਦੇ ਨਾਲ ਖੜ੍ਹੇਗੀ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ‘ਚ ਪੰਜਾਬ ‘ਚ ਭਾਜਪਾ ਦੀ ਸਰਕਾਰ ਬਣਨ ‘ਤੇ 2 ਸਾਲਾਂ ਦੇ ਅੰਦਰ ਨਸ਼ੇ ਦਾ ਮੁਕੰਮਲ ਖ਼ਾਤਮਾ ਕਰ ਦਿੱਤਾ ਜਾਵੇਗਾ।
ਸੁਨੀਲ ਜਾਖੜ ਨੇ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਅੱਜ ਇੱਥੇ ਪੰਜਾਬ ਦਾ ਦਰਦ ਸਾਂਝਾ ਕਰਨ ਆਏ ਹਨ। ਪੀੜਤ ਪਰਿਵਾਰਾਂ ਦੀਆਂ ਤਸਵੀਰਾਂ ਹੀ ਉਨ੍ਹਾਂ ਦੀ ਤ੍ਰਾਸਦੀ ਬਿਆਨ ਕਰ ਰਹੀਆਂ ਹਨ। ਜਾਖੜ ਨੇ ਆਪਣੇ ਗ੍ਰਹਿ ਖੇਤਰ ਅਬੋਹਰ-ਫ਼ਾਜ਼ਿਲਕਾ ਦੀ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉੱਥੇ ਇੱਕ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਸ ਮਾਸੂਮ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਦੇ ਭਰਾ ਨੇ ਨਸ਼ਾ ਵੇਚਣ ਵਾਲਿਆਂ ਦੀ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ।
ਜਾਖੜ ਨੇ ਦੱਸਿਆ ਕਿ 13 ਤਾਰੀਖ਼ ਨੂੰ ਇਹ ਦਰਦਨਾਕ ਵਾਰਦਾਤ ਵਾਪਰੀ ਅਤੇ ਅਗਲੇ ਹੀ ਦਿਨ 14 ਤਾਰੀਖ਼ ਨੂੰ ਅਬੋਹਰ ਵਿੱਚ ਇੱਕ ਹੋਰ ਅਜਿਹੀ ਹੀ ਘਟਨਾ ਵਾਪਰੀ। ਇਹ ਸਭ ਉਸ ਵੇਲੇ ਹੋ ਰਿਹਾ ਸੀ ਜਦੋਂ ਰਾਜ ਦੇ ਡੀਜੀਪੀ ਅਤੇ ਮੁੱਖ ਮੰਤਰੀ ਪ੍ਰੈੱਸ ਕਾਨਫਰੰਸ ਕਰਕੇ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਕਾਰਵਾਈ ਦੇ ਦਾਅਵੇ ਕਰ ਰਹੇ ਸਨ।
















