Join WhatsApp

Join Now

ਸਰਵ ਆਂਗਣਵਾੜੀ ਯੂਨੀਅਨ ਦੀ ਕੈਬਿਨੇਟ ਮੰਤਰੀ ਅਮਨ ਅਰੋੜਾ ਨਾਲ ਮੀਟਿੰਗ ਹੋਈ ਮੀਟਿੰਗ, ਮਾਣਭੱਤਾ ਦੁਗਣਾ ਕਰਨ ਸਮੇਤ ਕਈ ਮੰਗਾਂ ‘ਤੇ ਹੋਈ ਚਰਚਾ

On: ਸਤੰਬਰ 23, 2026 2:28 ਬਾਃ ਦੁਃ

 

ਸਰਵ ਆਂਗਣਵਾੜੀ ਯੂਨੀਅਨ ਦੀ ਕੈਬਿਨੇਟ ਮੰਤਰੀ ਅਮਨ ਅਰੋੜਾ ਨਾਲ ਮੀਟਿੰਗ ਹੋਈ ਮੀਟਿੰਗ; ਮਾਣਭੱਤਾ ਦੁੱਗਣਾ ਕਰਨ ਸਮੇਤ ਕਈ ਮੰਗਾਂ ‘ਤੇ ਹੋਈ ਚਰਚਾ

ਪੰਜਾਬ ਨੈੱਟਵਰਕ

ਚੰਡੀਗੜ੍ਹ, 23 ਸਤੰਬਰ 2026- ਅੱਜ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਮੀਟਿੰਗ ਕੈਬਿਨੇਟ ਮੰਤਰੀ (ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ) ਅਮਨ ਅਰੋੜਾ ਨਾਲ ਉਹਨਾਂ ਦੀ ਚੰਡੀਗੜ੍ਹ ਸਥਿਤ ਕੋਠੀ, ਸੈਕਟਰ ਦੋ ਵਿਖੇ ਹੋਈ। ਜਿਸ ਵਿੱਚ ਚਾਰ ਨੁਮਾਇੰਦਿਆਂ ਨੇ ਹਾਜ਼ਰੀ ਭਰੀ; ਬਰਿੰਦਰਜੀਤ ਛੀਨਾ ਦੀ ਅਗਵਾਈ ਵਿੱਚ ਹਰਪ੍ਰੀਤ ਕੌਰ (ਜਨਰਲ ਸਕੱਤਰ, ਪੰਜਾਬ), ਸਤਵਿੰਦਰ ਕੌਰ (ਮੀਤ ਪ੍ਰਧਾਨ, ਪੰਜਾਬ) ਅਤੇ ਵੀਰਪਾਲ ਕੌਰ (ਪ੍ਰਧਾਨ, ਸੰਗਰੂਰ) ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਮੁੱਖ ਮੰਗ ਮਾਣਭੱਤਾ ਦੁੱਗਣਾ ਕਰਨ ਦੀ ਸੀ।

ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵੱਲੋਂ ਅਮਨ ਅਰੋੜਾ ਨੂੰ ਦੱਸਿਆ ਗਿਆ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ AAP ਵੱਲੋਂ ਮਾਣਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜੋ ਕਿ ਸਾਢੇ ਚਾਰ ਸਾਲ ਦਾ ਲੰਮਾ ਕਾਰਜਕਾਲ ਬੀਤ ਜਾਣ ਦੇ ਬਾਵਜੂਦ ਵੀ ਪੂਰਾ ਨਹੀਂ ਕੀਤਾ ਗਿਆ। ਸੋ ਜਥੇਬੰਦੀ ਦੀ ਮੰਗ ਹੈ ਕਿ ਪਹਿਲ ਦੇ ਆਧਾਰ ‘ਤੇ ਮਾਣ ਭੱਤਾ ਦੁੱਗਣਾ ਕੀਤਾ ਜਾਵੇ ਅਤੇ ਸਲਾਨਾ ਇੰਕਰੀਮੈਂਟ ਵਧਾ ਕੇ 2000 ਕੀਤਾ ਜਾਵੇ।

ਇਸ ਤੋਂ ਇਲਾਵਾ ਪ੍ਰੀ-ਨਰਸਰੀ ਟੀਚਰ ਦੇ ਦਰਜੇ ਦੀ ਮੰਗ ਕੀਤੀ ਗਈ। ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਸਬੰਧ ਵਿੱਚ ਗੱਲਬਾਤ ਹੋਈ; ਮੈਡਮ ਛੀਨਾ ਵੱਲੋਂ ਦੱਸਿਆ ਗਿਆ ਕਿ ਆਂਗਣਵਾੜੀ ਵਰਕਰ ਨੂੰ ਫਾਰਮ ਭਰਨ ਲਈ ਸਿਰਫ 25 ਰੁਪਏ ਦੇਣ ਬਾਰੇ ਕਿਹਾ ਗਿਆ ਹੈ, ਜਦਕਿ ਹੈਲਪਰ ਨੂੰ ਇੱਕ ਰੁਪਿਆ ਵੀ ਦੇਣ ਦੀ ਗੱਲ ਨਹੀਂ ਕੀਤੀ ਗਈ ਅਤੇ ਸਖੀਆਂ ਨੂੰ 300 ਰੁਪਏ ਦੇਣ ਬਾਰੇ ਕਿਹਾ ਗਿਆ ਹੈ।

ਇਸ ਸਬੰਧੀ ਜਦੋਂ ਸਾਡੇ ਵੱਲੋਂ ਅਮਨ ਅਰੋੜਾ ਨੂੰ ਦੱਸਿਆ ਗਿਆ ਤਾਂ ਉਹਨਾਂ ਨੇ ਕਿਹਾ, ‘ਮੇਰੇ ਧਿਆਨ ਵਿੱਚ ਪਹਿਲਾਂ ਵੀ ਇਹ ਗੱਲ ਆਈ ਹੈ, ਮੈਂ ਇਸ ਸਬੰਧੀ ਜ਼ਰੂਰ ਗੱਲਬਾਤ ਕਰਾਂਗਾ ਅਤੇ ਜਿੰਨਾ ਕੰਮ ਤੁਸੀਂ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਸਬੰਧ ਵਿੱਚ ਕੀਤਾ ਹੈ, ਉਸ ਕੰਮ ਦੀ ਤੁਹਾਨੂੰ ਪੇਮੈਂਟ ਕੀਤੀ ਜਾਵੇਗੀ।’ ਇਸ ਤੋਂ ਇਲਾਵਾ ਮੁੱਖ ਮੰਗ ਮਾਣ ਭੱਤਾ ਦੁੱਗਣਾ ਕਰਨ ਅਤੇ ਸਾਲਾਨਾ ਇੰਕਰੀਮੈਂਟ ਵਧਾਉਣ ਉੱਤੇ ਜ਼ੋਰ ਦਿੱਤਾ ਗਿਆ।

ਮੀਟਿੰਗ ਵਿੱਚ ਵਿਸਤਾਰ ਨਾਲ ਗੱਲਬਾਤ ਹੋਈ ਅਤੇ ਕਾਫੀ ਲੰਮਾ ਸਮਾਂ ਮੀਟਿੰਗ ਚੱਲਦੀ ਰਹੀ। ਸੋ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਉਸੇ ਮੰਗ ਪੱਤਰ ਦੇ ਪਿਛਲੇ ਪਾਸੇ ਮੁੱਖ ਮੰਗਾਂ ਨੋਟ ਕਰ ਲਈਆਂ, ਜਿਸ ਵਿੱਚ ਮੁੱਖ ਮੰਤਰੀ ਮਾਣ ਸਾਹਿਬ ਨਾਲ ਮੀਟਿੰਗ ਕਰਵਾਉਣ, ਮਾਣ ਭੱਤਾ ਦੁੱਗਣਾ ਕਰਨ ਅਤੇ ਸਲਾਨਾ ਇੰਕਰੀਮੈਂਟ 2000 ਕਰਨ ਦੀ ਮੰਗ ਰੱਖੀ ਗਈ। ਅਮਨ ਅਰੋੜਾ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹ ਉੱਪਰ ਗੱਲ ਕਰਕੇ ਸਾਰੇ ਮਸਲੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ।

 

Leave a Comment