Join WhatsApp

Join Now

ਪੁਰਾਣੀ ਪੈਨਸ਼ਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ! ਹਜ਼ਾਰਾਂ ਕਾਮਿਆਂ ਵੱਲੋਂ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਦਾ ਐਲਾਨ

On: October 27, 2026 6:52 PM

 

12 ਦਸੰਬਰ ਦੀ ਦਿੱਲੀ ਰੈਲੀ ਕੇਂਦਰ ਤੇ ਸੂਬਾ ਸਰਕਾਰ ਦੀਆਂ ਹਿਲਾਏਗੀ ਚੂਲਾਂ; ਮੁਲਾਜ਼ਮ ਮੰਗਾਂ ਨੂੰ ਲੈ ਕੇ ਬਰਨਾਲਾ ‘ਚ ਵਿਸ਼ਾਲ ਇਕੱਠ, ਦਿੱਲੀ ਰੈਲੀ ਵਿੱਚ ਪੰਜਾਬ ਤੋਂ 10 ਹਜ਼ਾਰ ਕਰਮਚਾਰੀ ਲੈਣਗੇ ਹਿੱਸਾ

ਭਗਵੰਤ ਮਾਨ ਅਤੇ ਮੋਦੀ ਸਰਕਾਰ ਖ਼ਿਲਾਫ਼ ਪੰਜਾਬ ਦੇ ਮੁਲਾਜ਼ਮਾਂ ਦਾ ਮੋਰਚਾ, 11 ਦਸੰਬਰ ਤੱਕ ਮੰਗਾਂ ਨਾ ਮੰਨਣ ‘ਤੇ ਤਿੱਖੇ ਸੰਘਰਸ਼ ਦੀ ਚੇਤਾਵਨੀ: ਦਿੱਲੀ ਵਿਖੇ ਹਜ਼ਾਰਾਂ ਔਰਤਾਂ ਵੀ ਕਾਫ਼ਲਿਆਂ ਦੇ ਰੂਪ ‘ਚ ਪੁੱਜਣਗੀਆਂ

ਬਰਨਾਲਾ, 27 ਅਕਤੂਬਰ 2026– ਕੁੱਲ ਹਿੰਦ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਵੱਲੋਂ ਬਰਨਾਲਾ ਦੇ ਤਰਕਸ਼ੀਲ ਹਾਲ ਵਿਖੇ ਪੰਜਾਬ ਦੇ ਸਮੂਹ ਮੁਲਾਜ਼ਮਾਂ ਦੀ ਇੱਕ ਵਿਸ਼ਾਲ ਅਤੇ ਭਰਵੀਂ ਕਨਵੈਂਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੈਂਕੜੇ ਪ੍ਰਤੀਨਿਧਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸਾਥੀ ਸੁਭਾਸ਼ ਲਾਂਬਾ ਨੇ ਵੱਡਾ ਐਲਾਨ ਕੀਤਾ ਕਿ ਆਉਂਦੀ 12 ਦਸੰਬਰ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ਦੇਸ਼-ਵਿਆਪੀ ਰੈਲੀ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ।

ਸਾਥੀ ਲਾਂਬਾ ਨੇ ਸਪਸ਼ਟ ਕੀਤਾ ਕਿ ਇਸ ਦਿੱਲੀ ਰੈਲੀ ਦਾ ਮੁੱਖ ਉਦੇਸ਼ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਅਪਣਾਈਆਂ ਜਾ ਰਹੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਆਪਣਾ ਤਿੱਖਾ ਰੋਸ ਪ੍ਰਗਟ ਕਰਨਾ ਹੈ। ਉਨ੍ਹਾਂ ਸਰਕਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 11 ਦਸੰਬਰ ਤੱਕ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ, ਤਾਂ ਇਸ ਸੰਘਰਸ਼ ਨੂੰ ਹੋਰ ਵਿਸ਼ਾਲ ਅਤੇ ਤਿੱਖਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਭਗਵੰਤ ਮਾਨ ਸਰਕਾਰ ਦੇ ਖ਼ਿਲਾਫ਼ ਵਿੱਢੇ ਗਏ ਘੋਲ ਨੂੰ ਪੂਰਨ ਸਮਰਥਨ ਦੇਣ ਦਾ ਵੀ ਐਲਾਨ ਕੀਤਾ।

ਉਨ੍ਹਾਂ ਪੰਜਾਬ ਦੇ ਸਮੁੱਚੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ (OPS) ਨੂੰ ਬਹਾਲ ਕਰਵਾਉਣ, ਕੱਚੇ ਤੇ ਠੇਕੇ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਅਤੇ ਹੋਰ ਲਟਕਦੀਆਂ ਮੰਗਾਂ ਦੀ ਪ੍ਰਾਪਤੀ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਦਿੱਲੀ ਵਿਖੇ ਸ਼ਿਰਕਤ ਕਰਨ।

ਇਸ ਉਪਰੰਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਸਾਥੀ ਸਤੀਸ਼ ਰਾਣਾ ਅਤੇ ਜਨਰਲ ਸਕੱਤਰ ਸਾਥੀ ਤੀਰਥ ਬਾਸੀ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਪੰਜਾਬ ਤੋਂ ਫੈਡਰੇਸ਼ਨ ਨਾਲ ਸਬੰਧਿਤ ਲਗਭਗ 10 ਹਜ਼ਾਰ ਮੁਲਾਜ਼ਮ ਦਿੱਲੀ ਰੈਲੀ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਣਗੇ।

ਫੈਡਰੇਸ਼ਨ ਦੇ ਹੋਰ ਸੂਬਾਈ ਆਗੂਆਂ ਗੁਰਦੀਪ ਸਿੰਘ ਬਾਜਵਾ, ਸੁਖਵਿੰਦਰ ਸਿੰਘ ਚਹਿਲ, ਕਰਮਜੀਤ ਸਿੰਘ ਬੀਹਲਾ ਅਤੇ ਮੱਖਣ ਸਿੰਘ ਵਾਹਦਪੁਰੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਦਿੱਲੀ ਦੀ ਇਹ ਵਿਸ਼ਾਲ ਰੈਲੀ ਮੋਦੀ ਅਤੇ ਮਾਨ ਸਰਕਾਰ ਖ਼ਿਲਾਫ਼ ਮੁਲਾਜ਼ਮ ਸ਼ਕਤੀ ਦਾ ਪ੍ਰਦਰਸ਼ਨ ਕਰੇਗੀ ਅਤੇ ਇਹ ਰੈਲੀ ਭਵਿੱਖ ਦੇ ਦੇਸ਼-ਵਿਆਪੀ ਅੰਦੋਲਨਾਂ ਦੀ ਦਿਸ਼ਾ ਤੈਅ ਕਰੇਗੀ।

ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜੰਗਲਾਤ ਵਰਕਰ ਯੂਨੀਅਨ ਦੇ ਸੂਬਾਈ ਪ੍ਰਧਾਨ ਅਮਰੀਕ ਸਿੰਘ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਪ੍ਰਧਾਨ ਹਰਮਨਦੀਪ ਕੌਰ ਗਿੱਲ, ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਦੀ ਪ੍ਰਧਾਨ ਰਾਣੋਖੇੜੀ ਗਿਲਾਂ, ਮਿਡ-ਡੇ-ਮੀਲ ਵਰਕਰ ਯੂਨੀਅਨ ਦੀ ਪ੍ਰਧਾਨ ਬਿਮਲਾ ਰਾਣੀ ਅਤੇ ਇਸਤਰੀ ਤਾਲਮੇਲ ਕਮੇਟੀ ਦੀ ਜਨਰਲ ਸਕੱਤਰ ਗੁਰਪ੍ਰੀਤ ਕੌਰ ਨੇ ਐਲਾਨ ਕੀਤਾ ਕਿ ਪੰਜਾਬ ਦੀਆਂ ਹਜ਼ਾਰਾਂ ਔਰਤ ਮੁਲਾਜ਼ਮ ਵੀ ਕਾਫ਼ਲਿਆਂ ਦੇ ਰੂਪ ਵਿੱਚ ਦਿੱਲੀ ਪਹੁੰਚਣਗੀਆਂ।

ਸੂਬਾਈ ਆਗੂਆਂ ਨੇ ਸਰਕਾਰਾਂ ਅੱਗੇ ਮੰਗ ਰੱਖੀ ਕਿ, ਸਮੂਹ ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਪੁਰਾਣੀ ਪੈਨਸ਼ਨ ਸਕੀਮ (OPS) ਬਹਾਲ ਕੀਤੀ ਜਾਵੇ। ਅਗਲੇ ਪੇ-ਕਮਿਸ਼ਨ (ਵੇਤਨ ਕਮਿਸ਼ਨ) ਦੇ ਗਠਨ ਦਾ ਐਲਾਨ ਕੀਤਾ ਜਾਵੇ। ਮਾਣ-ਭੱਤੇ ‘ਤੇ ਕੰਮ ਕਰਦੀਆਂ ਸਮੂਹ ਔਰਤ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ।

ਇਸ ਰੈਲੀ ਨੂੰ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਬਰਨਾਲਾ ਦੇ ਪ੍ਰਧਾਨ ਨਿਰਮਲ ਸਿੰਘ ਚਾਨੇ, ਪੀ.ਐੱਸ.ਐੱਮ.ਐੱਸ.ਯੂ. ਆਗੂ ਸਾਥੀ ਰਵਿੰਦਰ ਸ਼ਰਮਾ, ਦਰਸ਼ਨ ਸਿੰਘ ਬੇਲੁਮਾਜਰਾ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਸਾਥੀ ਸੁਰਿੰਦਰ ਸ਼ਰਮਾ, ਫੈਡਰੇਸ਼ਨ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਚੀਮਾ, ਸਟੇਟ ਆਗੂ ਅਨਿਲ ਕੁਮਾਰ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਹਰਿੰਦਰ ਮੱਲੀਆਂ, ਤਾਰ ਸਿੰਘ ਗਿੱਲ, ਅਜਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਹਰਪਾਲ ਸਿੰਘ ਸਹੋਰ, ਵਿਵੇਕ ਚੀਮਾ, ਗੁਰਪ੍ਰੀਤ ਮਾਨ, ਰਸ਼ਪਾਲ ਸਿੰਘ ਠੀਕਰੀਵਾਲਾ, ਸੰਦੀਪ ਪੱਤੀ, ਕਮਲਜੀਤ ਕੌਰ ਮਹਿਤਾ, ਈਸ਼ਰ ਸਿੰਘ, ਦਰਸ਼ਨ ਸਿੰਘ ਪੰਡੋਰੀ ਅਤੇ ਸੁਖਦੇਵ ਸਿੰਘ ਚੰਗਾਲੀਵਾਲਾ ਸਮੇਤ ਕਈ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।

 

Leave a Comment