ਸ਼ਨੀਵਾਰ, ਮਈ 2, 2026
Home Blog Page 116

ਕਿਵੇਂ ਫੜੇ ਜਾਂਦੇ ਨੇ ਗੈਂਗਸਟਰ? ਪੜ੍ਹੋ ਪੰਜਾਬ ਪੁਲਿਸ ਦੇ ਖੁਫੀਆ ਪਲਾਨ ਦੀ ਕਹਾਣੀ… ਪੁਲਿਸ ਦੀ ਜ਼ੁਬਾਨੀ!

 

ਕਿਵੇਂ ਫੜੇ ਜਾਂਦੇ ਨੇ ਗੈਂਗਸਟਰ? ਪੜ੍ਹੋ ਪੰਜਾਬ ਪੁਲਿਸ ਦੇ ਖੁਫੀਆ ਪਲਾਨ ਦੀ ਕਹਾਣੀ… ਪੁਲਿਸ ਦੀ ਜ਼ੁਬਾਨੀ!

ਗੈਂਗਸਟਰਾਂ ਨੂੰ ਅਪਰਾਧ ਤੋਂ ਪਹਿਲਾਂ ਹੀ ਨਾਕਾਮ ਕਰਨ ਵਿੱਚ ਕਿਵੇਂ ਕੰਮ ਕਰਦਾ ਹੈ ਪੰਜਾਬ ਪੁਲਿਸ ਦਾ ਵਾਰ ਰੂਮ

ਚੰਡੀਗੜ੍ਹ, 11 ਮਾਰਚ 2026-

ਪੰਜਾਬ ਪੁਲਿਸ ਦਾ ਵਾਰ ਰੂਮ ਕਾਲ ਰਿਕਾਰਡਾਂ, ਡਿਜੀਟਲ ਨਕਸ਼ਿਆਂ ਅਤੇ ਖੁਫ਼ੀਆ ਜਾਣਕਾਰੀ ਬਾਰੇ ਸੂਚਨਾਵਾਂ ਨਾਲ ਹਰ ਸਮੇਂ ਕਾਰਜਸ਼ੀਲ ਰਹਿੰਦਾ ਹੈ। ਸੂਬੇ ਭਰ ਦੇ ਜ਼ਿਲ੍ਹਿਆਂ ਤੋਂ ਮਿਲਦੇ ਫੀਲਡ ਅਪਡੇਟਸ ਨਾਲ ਫੋਨਾਂ ਦੀਆਂ ਘੰਟੀਆਂ ਖੜਕਦੀਆਂ ਰਹਿੰਦੀਆਂ ਹਨ। ਇਥੇ ਕੰਮ ਕਰਦੇ ਅਧਿਕਾਰੀਆਂ ਲਈ ਇਹ ਸੰਗਠਿਤ ਅਪਰਾਧ ਵਿਰੁੱਧ ਇੱਕ ਸ਼ਾਂਤ ਪਰ ਨਿਰੰਤਰ ਲੜਾਈ ਦਾ ਕੇਂਦਰ ਬਿੰਦੂ ਹੈ- ਜੋ ਗੈਂਗਸਟਰਾਂ ਵੱਲੋਂ ਕਾਰਵਾਈ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਹੀ ਇਸਨੂੰ ਰੋਕਣ ਦਾ ਟੀਚਾ ਰੱਖਦਾ ਹੈ।

ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਪੁਲਿਸ ਪ੍ਰਾਪਤ ਹੋਣ ਵਾਲੀ ਖੁਫੀਆ ਜਾਣਕਾਰੀ ਨੂੰ ਤਕਨਾਲੋਜੀ ਨਾਲ ਜੋੜ ਕੇ ਰਾਜਾਂ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਬੈਠ ਕੇ ਕੰਮ ਕਰਦੇ ਗੈਂਗਸਟਰਾਂ ਦੇ ਨੈਟਵਰਕਾਂ ਨੂੰ ਟਰੈਕ ਕਰਨ ਲਈ ਖੁਫੀਆ ਜਾਣਕਾਰੀ ਅਧਾਰਤ ਪੁਲਿਸਿੰਗ ਵੱਲ ਲਗਾਤਾਰ ਕਦਮ ਵਧਾ ਰਹੀ ਹੈ। ਸੂਬੇ ‘ਚ ਸਰਗਰਮ ਜ਼ਿਆਦਾਤਰ ਨਾਮੀ ਗਿਰੋਹ ਹੁਣ ਵਿਕੇਂਦਰੀਕ੍ਰਿਤ ਸੈੱਲਾਂ ਰਾਹੀਂ ਕੰਮ ਕਰਦੇ ਹਨ, ਜਿਸ ਵਿੱਚ ਵਿਦੇਸ਼-ਅਧਾਰਤ ਹੈਂਡਲਰ ਨਿਰਦੇਸ਼ ਜਾਰੀ ਕਰਦੇ ਹਨ ਜਦੋਂ ਕਿ ਸਥਾਨਕ ਕਾਰਕੁੰਨ ਕਾਰਵਾਈ ਨੂੰ ਅੰਜਾਮ ਦਿੰਦੇ ਹਨ।

ਇਸ ਵੱਧ ਰਹੇ ਖ਼ਤਰੇ ਦਾ ਮੁਕਾਬਲਾ ਕਰਨ ਲਈ, ਜਾਂਚਕਰਤਾ ਅਧਿਕਾਰੀ/ਕਰਮਚਾਰੀ ਡਿਜੀਟਲ ਸਾਧਨਾਂ ਵੱਲ ਰੁਖ ਕਰ ਰਹੇ ਹਨ ਜੋ ਉਹਨਾਂ ਨੂੰ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਖੁਫੀਆ ਕਾਰਵਾਈ ਦੀ ਆਗਿਆ ਦਿੰਦੇ ਹਨ।

ਸਭ ਤੋਂ ਮਹੱਤਵਪੂਰਨ ਪਹਿਲਕਦਮੀਆਂ ਵਿੱਚੋਂ ਇੱਕ ਡੇਟਾ-ਸੰਚਾਲਿਤ ਅਪਰਾਧਿਕ ਡੇਟਾਬੇਸ ਅਤੇ ਆਵਾਜ਼ ਪਛਾਣ ਪ੍ਰਣਾਲੀਆਂ ਦੀ ਵਰਤੋਂ ਹੈ। ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਅਪਰਾਧੀਆਂ ਅਤੇ ਸ਼ੱਕੀਆਂ ਦੇ 72,000 ਤੋਂ ਵੱਧ ਆਵਾਜ਼ ਦੇ ਨਮੂਨੇ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ (ਪੀਏਆਈਸੀ) ਵਿੱਚ ਸ਼ਾਮਲ ਕੀਤੇ ਹਨ, ਜੋ ਜਬਰਨ ਵਸੂਲੀ ਅਤੇ ਧਮਕੀ ਵਾਲੀਆਂ ਕਾਲਾਂ ਕਰਨ ਵਾਲੇ ਵਿਅਕਤੀਆਂ ਦੀ ਜਲਦ ਪਛਾਣ ਕਰਨ ਲਈ ਇੱਕ ਮੋਬਾਈਲ-ਅਧਾਰਤ ਐਪਲੀਕੇਸ਼ਨ ਹੈ।

ਅਜਿਹੀ ਤਕਨਾਲੋਜੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਜਬਰਨ ਵਸੂਲੀ ਵਾਲੇ ਰੈਕੇਟ ਰਾਜ ਵਿੱਚ ਗੈਂਗਸਟਰ ਗਤੀਵਿਧੀਆਂ ਦੀ ਇੱਕ ਵੱਡੀ ਸ਼ਾਖਾ ਬਣ ਰਹੇ ਹਨ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਧਮਕੀਆਂ ਇੰਟਰਨੈਟ-ਅਧਾਰਤ ਕਾਲਾਂ ਜਾਂ ਏਨਕ੍ਰਿਪਟਡ ਮੈਸੇਜਿੰਗ ਐਪਸ ਰਾਹੀਂ ਅਕਸਰ ਵਿਦੇਸ਼ੀ ਨੰਬਰਾਂ ਤੋਂ ਆਉਂਦੀਆਂ ਹਨ, ਜਦੋਂ ਕਿ ਸਥਾਨਕ ਸ਼ੂਟਰਾਂ ਨੂੰ ਪੀੜਤਾਂ ਨੂੰ ਡਰਾਉਣ- ਧਮਕਾਉਣ ਲਈ ਗਰੁੱਪ ਵਿੱਚ ਸ਼ਾਮਲ ਕੀਤਾ ਜਾਂਦਾ ਹੈ।

ਓਪਰੇਸ਼ਨਾਂ ਤੋਂ ਜਾਣੂ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਹਰ ਕਾਲ, ਹਰ ਸੁਨੇਹਾ ਕੋਈ ਨਾ ਕੋਈ ਡਿਜੀਟਲ ਸਬੂਤ ਛੱਡਦਾ ਹੈ। ਸਾਡਾ ਕੰਮ ਅਪਰਾਧ ਨੂੰ ਰੋਕਣ ਲਈ ਉਹਨਾਂ ਕੜੀਆਂ ਨੂੰ ਜੋੜਨਾ ਹੈ। ਇਸ ਪਹੁੰਚ ਨੇ ਪਹਿਲਾਂ ਹੀ ਕਈ ਯੋਜਨਾਬੱਧ ਹਮਲਿਆਂ ਨੂੰ ਨਾਕਾਮ ਕਰਨ ਵਿੱਚ ਮਦਦ ਕੀਤੀ ਹੈ।

ਇੱਕ ਮਾਮਲੇ ਵਿੱਚ ਪੁਲਿਸ ਦੁਆਰਾ ਇੱਕਤਰ ਕੀਤੀ ਗਈ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਵਿਦੇਸ਼-ਅਧਾਰਤ ਗੈਂਗਸਟਰ ਨਾਲ ਸਬੰਧਤ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਪੰਜਾਬ ਵਿੱਚ ਇੱਕ ਨਿਸ਼ਾਨਾ ਹੱਤਿਆ ਦਾ ਕੰਮ ਸੌਂਪਿਆ ਗਿਆ ਸੀ। ਪ੍ਰਾਪਤ ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਹਮਲਾ ਹੋਣ ਤੋਂ ਪਹਿਲਾਂ ਸ਼ੱਕੀਆਂ ਨੂੰ ਘੇਰ ਕੇ ਉਨ੍ਹਾਂ ਤੋਂ ਇੱਕ ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ ਕਰ ਲਿਆ।

ਇਹ ਗ੍ਰਿਫ਼ਤਾਰੀਆਂ ਡਿਜੀਟਲ ਨਿਗਰਾਨੀ ਦਾ ਸਿੱਟਾ ਸਨ ਜਿਸ ਨੇ ਗਿਰੋਹ ਦੇ ਸੰਚਾਲਕਾਂ ਅਤੇ ਸਥਾਨਕ ਕਾਰਕੁੰਨਾਂ ਦਰਮਿਆਨ ਗੱਲਬਾਤ ਨੂੰ ਟਰੈਕ ਕੀਤਾ, ਜਿਸ ਬਾਰੇ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਹ ਗਿਰੋਹਾਂ ਦਰਮਿਆਨ ਸੰਚਾਰ ਦਾ ਆਮ ਵਰਤਾਰਾ ਹੈ।

ਪੰਜਾਬ ਪੁਲਿਸ ਨੇ ਸੰਗਠਿਤ ਅਪਰਾਧ ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਕੇਂਦਰਿਤ ਕਰਦਿਆਂ ਵਿਸ਼ੇਸ਼ ਯੂਨਿਟਾਂ ਦਾ ਵੀ ਵਿਸਥਾਰ ਕੀਤਾ ਹੈ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਹੁਣ ਰਾਜ ਵਿਆਪੀ ਅਧਿਕਾਰ ਖੇਤਰ ਦੇ ਨਾਲ ਕੰਮ ਕਰਦੀ ਹੈ, ਜਿਸ ਕੋਲ ਆਪਣਾ ਇੱਕ ਸਮਰਪਿਤ ਪੁਲਿਸ ਸਟੇਸ਼ਨ ਅਤੇ ਵਿਸ਼ੇਸ਼ ਫੋਰਸ ਹੈ, ਜੋ ਇਸ ਨੂੰ ਪ੍ਰਕਿਰਿਆਤਮਕ ਦੇਰੀ ਤੋਂ ਬਿਨਾਂ ਹਰ ਇੱਕ ਜ਼ਿਲ੍ਹੇ ਦੀਆਂ ਹੱਦਾਂ ਵਿੱਚ ਜਾਂਚ ਦੇ ਯੋਗ ਬਣਾਉਂਦੀ ਹੈ।

ਇਹਨਾਂ ਯੂਨਿਟਾਂ ਦੇ ਅੰਦਰ ਵਿਸ਼ਲੇਸ਼ਕ ਅਪਰਾਧਿਕ ਨੈੱਟਵਰਕਾਂ ਦੀ ਉਸੇ ਤਰ੍ਹਾਂ ਨਿਗਰਾਨੀ ਕਰਦੇ ਹਨ ਜਿਵੇਂ ਕਿ ਖੁਫੀਆ ਏਜੰਸੀਆਂ ਸੁਰੱਖਿਆ ਖਤਰਿਆਂ ਨੂੰ ਟਰੈਕ ਕਰਦੀਆਂ ਹਨ। ਗਿਰੋਹ ਦੇ ਮੈਂਬਰਾਂ, ਫੰਡਿੰਗ ਅਤੇ ਉਨ੍ਹਾਂ ਦੇ ਸਾਥੀਆਂ ਦਰਮਿਆਨ ਸਬੰਧਾਂ ਦੀ ਪਛਾਣ ਕਰਨ ਲਈ ਕਾਲ ਡੇਟਾ ਦੇ ਰਿਕਾਰਡ, ਵਿੱਤੀ ਲੈਣ-ਦੇਣ ਅਤੇ ਯਾਤਰਾ ਪੈਟਰਨਾਂ ਦੀ ਜਾਂਚ ਕੀਤੀ ਜਾਂਦੀ ਹੈ।

ਇਹਨਾਂ ਕੋਸ਼ਿਸ਼ਾਂ ਦਾ ਦਾਇਰਾਂ ਭਾਰਤ ਦੀਆਂ ਸਰਹੱਦਾਂ ਤੋਂ ਵੀ ਪਰੇ ਤੱਕ ਹੈ। ਪੁਲਿਸ ਦੇ ਅਨੁਮਾਨਾਂ ਅਨੁਸਾਰ ਲਗਭਗ ਪੰਜਾਬ ਨਾਲ ਸਬੰਧਤ 60 ਗੈਂਗਸਟਰ ਇਸ ਸਮੇਂ ਵਿਦੇਸ਼ਾਂ, ਖਾਸ ਕਰਕੇ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਿੱਚ ਬੈਠੇ ਹਨ, ਜਿੱਥੋਂ ਉਹ ਆਪਣੇ ਸਥਾਨਕ ਕਾਰਕੁੰਨਾਂ ਰਾਹੀਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ।

ਅਜਿਹੇ ਨੈੱਟਵਰਕਾਂ ਨੂੰ ਟਰੈਕ ਕਰਨ ਲਈ ਕੇਂਦਰੀ ਏਜੰਸੀਆਂ ਅਤੇ ਅੰਤਰਰਾਸ਼ਟਰੀ ਕਾਨੂੰਨ ਲਾਗੂਕਰਨ ਵਾਲੀਆਂ ਸੰਸਥਾਵਾਂ ਨਾਲ ਤਾਲਮੇਲ ਦੀ ਲੋੜ ਹੁੰਦੀ ਹੈ। ਵਿਦੇਸ਼ਾਂ ‘ਚ ਬੈਠੇ ਇਹਨਾਂ ਸੰਚਾਲਕਾਂ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਦੀ ਹਵਾਲਗੀ ਪ੍ਰਕਿਰਿਆ ਲਈ ਪੰਜਾਬ ਪੁਲਿਸ ਦੁਆਰਾ ਫਿਊਜੀਟਿਵ ਟਰੈਕਿੰਗ ਸੈੱਲ ਸਥਾਪਤ ਕੀਤੇ ਗਏ ਹਨ।

ਤਕਨਾਲੋਜੀ ਦੇ ਨਾਲ-ਨਾਲ, ਰਵਾਇਤੀ ਪੁਲਿਸਿੰਗ ਢੰਗ ਮਹੱਤਵਪੂਰਨ ਰਹਿੰਦੇ ਹਨ। ਸੂਚਨਾ ਦੇਣ ਵਾਲੇ ਨੈੱਟਵਰਕ ਅਤੇ ਸੂਹ ਦੇਣ ਵਾਲੀਆਂ ਗੁਮਨਾਮ ਏਜੰਸੀਆਂ ਸੰਭਾਵਿਤ ਅਪਰਾਧਾਂ ਬਾਰੇ ਪਹਿਲਾਂ ਹੀ ਸੁਰਾਗ ਦੇ ਦਿੰਦੀਆਂ ਹਨ। ਪੰਜਾਬ ਪੁਲਿਸ ਨੇ ਇੱਕ ਸਮਰਪਿਤ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ ਜੋ ਨਾਗਰਿਕਾਂ ਨੂੰ ਗੁਪਤ ਤੌਰ ‘ਤੇ ਗੈਂਗਸਟਰ ਗਤੀਵਿਧੀਆਂ ਦੀ ਰਿਪੋਰਟ ਕਰਨ ਦੀ ਆਗਿਆ ਦਿੰਦੀ ਹੈ, ਇਹ ਯਕੀਨੀ ਬਣਾਉਂਦੀਆਂ ਕਿ ਇਹ ਜਾਣਕਾਰੀ ਸਿੱਧੇ ਵਿਸ਼ੇਸ਼ ਗੈਂਗਸਟਰ ਵਿਰੋਧੀ ਯੂਨਿਟਾਂ ਤੱਕ ਪਹੁੰਚੇ।

ਸੂਝ-ਬੂਝ ਅਤੇ ਡਿਜੀਟਲ ਵਿਸ਼ਲੇਸ਼ਣ ਦੇ ਇਸ ਤਾਲਮੇਲ ਨੇ ਰਾਜ ਵਿੱਚ ਪੁਲਿਸਿੰਗ ਦੀ ਪਰਿਭਾਸ਼ਾ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ। ਅਪਰਾਧ ਹੋਣ ਤੋਂ ਬਾਅਦ ਕਾਰਵਾਈ ਦੀ ਬਜਾਏ, ਜਾਂਚਕਰਤਾ ਅਧਿਕਾਰੀ ਅਪਰਾਧ ਤੋਂ ਪਹਿਲਾਂ ਹੀ ਸ਼ੂਟਰਾਂ ਦੀ ਪਛਾਣ ਕਰਕੇ ਅਤੇ ਹਥਿਆਰਾਂ ਚਲਾਉਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਰੋਕ ਕੇ ਸਮੁੱਚੀ ਯੋਜਨਾ ਨੂੰ ਨਾਕਾਮ ਕਰਨ ਦਾ ਟੀਚਾ ਰੱਖਦੇ ਹਨ।

ਰਾਜ ਦੇ ਅਪਰਾਧ-ਨਿਗਰਾਨੀ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਦਾ ਉਦੇਸ਼ ਸਪਸ਼ਟ ਹੈ: ਅਪਰਾਧਿਕ ਨੈੱਟਵਰਕਾਂ ਦੇ ਅਗਲੇ ਕਦਮ ਦਾ ਪਹਿਲਾਂ ਹੀ ਅੰਦਾਜ਼ਾ ਲਗਾ ਕੇ ਇਸਨੂੰ ਨਾਕਾਮ ਕਰਨਾ।

 

ਪੰਜਾਬ ਭਾਜਪਾ ਨੂੰ ਵੱਡਾ ਝਟਕਾ; ਸੀਨੀਅਰ ਲੀਡਰ ਅਕਾਲੀ ਦਲ ‘ਚ ਸ਼ਾਮਲ

 

ਪੰਜਾਬ ਭਾਜਪਾ ਨੂੰ ਵੱਡਾ ਝਟਕਾ; ਸੀਨੀਅਰ ਲੀਡਰ ਅਕਾਲੀ ਦਲ ‘ਚ ਸ਼ਾਮਲ

ਸੁਖਬੀਰ ਸਿੰਘ ਬਾਦਲ ਨੇ ਅਮਿਤ ਗੋਸਾਈਂ ਨੂੰ ਲੁਧਿਆਣਾ ਕੇਂਦਰੀ ਦਾ ਹਲਕਾ ਇੰਚਾਰਜ ਕੀਤਾ ਨਿਯੁਕਤ; ਜਾਖੜ ਨਾਲ ਨਾਰਾਜ਼ਗੀ ਬਣੀ ਪਾਰਟੀ ਛੱਡਣ ਦਾ ਕਾਰਨ

ਚੰਡੀਗੜ੍ਹ/ਲੁਧਿਆਣਾ: 11 ਮਾਰਚ 2026-

ਪੰਜਾਬ ਅੰਦਰ 14 ਮਾਰਚ ਨੂੰ ਹੋਣ ਜਾ ਰਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਹੀ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਸਾਬਕਾ ਮੰਤਰੀ ਸਤਪਾਲ ਗੋਸਾਈਂ ਦਾ ਪੋਤਾ ਅਮਿਤ ਗੋਸਾਈਂ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਹੈ। ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਮਿਤ ਗੋਸਾਈਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ।

ਪਾਰਟੀ ਪ੍ਰਧਾਨ ਨੇ ਸੋਸ਼ਲ ਮੀਡੀਆ (X) ‘ਤੇ ਫੋਟੋ ਸਾਂਝੀ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ। ਸ਼ਾਮਲ ਹੁੰਦਿਆਂ ਹੀ ਸੁਖਬੀਰ ਬਾਦਲ ਨੇ ਵੱਡਾ ਸਿਆਸੀ ਦਾਅ ਖੇਡਦੇ ਹੋਏ ਅਮਿਤ ਗੋਸਾਈਂ ਨੂੰ ਲੁਧਿਆਣਾ ਕੇਂਦਰੀ (Ludhiana Central) ਵਿਧਾਨ ਸਭਾ ਹਲਕੇ ਦਾ ‘ਹਲਕਾ ਇੰਚਾਰਜ’ ਨਿਯੁਕਤ ਕਰ ਦਿੱਤਾ ਹੈ।

ਭਾਜਪਾ ਲਈ ਵੱਡਾ ਨੁਕਸਾਨ ਕਿਉਂ?

ਅਮਿਤ ਗੋਸਾਈਂ ਦਾ ਪਾਰਟੀ ਛੱਡਣਾ ਲੁਧਿਆਣਾ ਵਿੱਚ ਭਾਜਪਾ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੇ ਦਾਦਾ ਸਤਪਾਲ ਗੋਸਾਈਂ ਲੁਧਿਆਣਾ ਕੇਂਦਰੀ ਤੋਂ ਕਈ ਵਾਰ ਵਿਧਾਇਕ ਰਹੇ ਅਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ। ਗੋਸਾਈਂ ਪਰਿਵਾਰ ਦੀ ਇਸ ਇਲਾਕੇ ਵਿੱਚ ਪੁਰਾਣੀ ਅਤੇ ਮਜ਼ਬੂਤ ਸਿਆਸੀ ਪਕੜ ਹੈ। ਸੂਤਰਾਂ ਅਨੁਸਾਰ ਅਮਿਤ ਗੋਸਾਈਂ ਪੰਜਾਬ ਭਾਜਪਾ ਪ੍ਰਧਾਨ ਦੀ ਕਾਰਜਸ਼ੈਲੀ ਤੋਂ ਕਾਫ਼ੀ ਸਮੇਂ ਤੋਂ ਨਾਰਾਜ਼ ਚੱਲ ਰਹੇ ਸਨ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਮਿਤ ਗੋਸਾਈਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੁਧਿਆਣਾ ਕੇਂਦਰੀ ਤੋਂ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹਨ। ਇਸ ਕਦਮ ਨਾਲ ਅਕਾਲੀ ਦਲ ਨੇ ਸ਼ਹਿਰੀ ਖੇਤਰ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਭਾਜਪਾ ਨੂੰ ਆਪਣੇ ਇੱਕ ਪੁਰਾਣੇ ਅਤੇ ਵਫ਼ਾਦਾਰ ਪਰਿਵਾਰ ਦੇ ਜਾਣ ਨਾਲ ਵੱਡਾ ਘਾਟਾ ਪਿਆ ਹੈ।

 

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੀ ਵੱਡੀ ਪ੍ਰਾਪਤੀ: HS ਜੋਗੀ ਸਾਲ 2028-29 ਲਈ ਚੁਣੇ ਗਏ ਡਿਸਟ੍ਰਿਕਟ ਗਵਰਨਰ

 

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੀ ਵੱਡੀ ਪ੍ਰਾਪਤੀ: HS ਜੋਗੀ ਸਾਲ 2028-29 ਲਈ ਚੁਣੇ ਗਏ ਡਿਸਟ੍ਰਿਕਟ ਗਵਰਨਰ

ਅੰਮ੍ਰਿਤਸਰ/ਜਲੰਧਰ, 11 ਮਾਰਚ 2026-

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਨਾਂ ਅੱਜ ਇੱਕ ਵੱਡੀ ਸਫ਼ਲਤਾ ਜੁੜੀ ਹੈ। ਕਲੱਬ ਦੇ ਚਾਰਟੇਡ ਪ੍ਰਧਾਨ ਅਤੇ ਮੌਜੂਦਾ ਡਿਸਟ੍ਰਿਕਟ ਸਕੱਤਰ ਐਚ. ਐੱਸ. ਜੋਗੀ ਨੇ ਰੋਟਰੀ ਡਿਸਟ੍ਰਿਕਟ 3070 ਦੇ ਸਾਲ 2028-29 ਲਈ ਡਿਸਟ੍ਰਿਕਟ ਗਵਰਨਰ ਦੀ ਵੱਕਾਰੀ ਚੋਣ ਜਿੱਤ ਲਈ ਹੈ।

ਜਲੰਧਰ ਦੇ ਗ੍ਰੈਂਡ ਕੈਬਾਨਾ ਰਿਸੋਰਟ ਵਿੱਚ ਹੋਈ ਇਸ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਪੀ.ਆਰ.ਓ. ਅਮਨ ਸ਼ਰਮਾ ਨੇ ਦੱਸਿਆ ਕਿ ਇਹ ਚੋਣ ਆਰ.ਆਈ. ਡਾਇਰੈਕਟਰ ਗੁਰਜੀਤ ਸੇਖੋਂ ਅਤੇ ਡਿਸਟ੍ਰਿਕਟ ਗਵਰਨਰ ਰੋਹਿਤ ਓਬਰਾਏ ਦੀ ਦੇਖ-ਰੇਖ ਹੇਠ ਅਤਿਅੰਤ ਪਾਰਦਰਸ਼ੀ ਤਰੀਕੇ ਨਾਲ ਸੰਪੰਨ ਹੋਈ। ਇਸ ਚੋਣ ਵਿੱਚ ਵੱਖ-ਵੱਖ 113 ਰੋਟਰੀ ਕਲੱਬਾਂ ਦੇ ਪ੍ਰਧਾਨਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

ਚੋਣ ਨਤੀਜਿਆਂ ਦਾ ਐਲਾਨ ਹੁੰਦਿਆਂ ਹੀ ਮਾਹੌਲ ਜਸ਼ਨ ਵਿੱਚ ਬਦਲ ਗਿਆ। ਵੱਡੀ ਗਿਣਤੀ ਵਿੱਚ ਪਹੁੰਚੇ ਸਾਬਕਾ ਡਿਸਟ੍ਰਿਕਟ ਗਵਰਨਰਾਂ, ਵੱਖ-ਵੱਖ ਕਲੱਬਾਂ ਦੇ ਪ੍ਰਧਾਨਾਂ ਅਤੇ ਸੀਨੀਅਰ ਰੋਟੇਰੀਅਨਾਂ ਨੇ ਐਚ. ਐੱਸ. ਜੋਗੀ ਨੂੰ ਫੁੱਲਾਂ ਦੇ ਹਾਰ ਪਾ ਕੇ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਰੋਟੇਰੀਅਨਾਂ ਨੇ ਢੋਲ ਦੀ ਥਾਪ ‘ਤੇ ਭੰਗੜਾ ਪਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ।

ਆਪਣੀ ਜਿੱਤ ਤੋਂ ਬਾਅਦ ਸੰਬੋਧਨ ਕਰਦਿਆਂ ਐਚ. ਐੱਸ. ਜੋਗੀ ਨੇ ਪ੍ਰਮਾਤਮਾ ਅਤੇ ਸਮੂਹ ਰੋਟੇਰੀਅਨ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰੋਟੇਰੀਅਨਾਂ ਨੇ ਜੋ ਵਿਸ਼ਵਾਸ ਉਨ੍ਹਾਂ ‘ਤੇ ਜਤਾਇਆ ਹੈ, ਉਹ ਉਸ ‘ਤੇ ਪੂਰਾ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਰੋਟਰੀ ਦੇ ਮਿਸ਼ਨ ਨੂੰ ਹੋਰ ਅੱਗੇ ਲੈ ਕੇ ਜਾਣਗੇ।

ਇਸ ਖ਼ੁਸ਼ੀ ਦੇ ਮੌਕੇ ‘ਤੇ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਪ੍ਰਧਾਨ ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ, ਜਤਿੰਦਰ ਸਿੰਘ ਪੱਪੂ, ਪਰਮਜੀਤ ਸਿੰਘ, ਹਰਦੇਸ਼ ਸ਼ਰਮਾ, ਅੰਦੇਸ਼ ਭੱਲਾ, ਕੇ. ਐੱਸ. ਚੱਠਾ, ਅਸ਼ਵਨੀ ਅਵਸਥੀ, ਅਮਨ ਸ਼ਰਮਾ, ਮਨਮੋਹਣ ਸਿੰਘ, ਬਲਦੇਵ ਮੰਨਣ ਆਦਿ ਮੌਜੂਦ ਸਨ।

 

ਹਵਾਈ ਅੱਡਿਆਂ ‘ਤੇ ਮਹਿੰਗੇ ਖਾਣੇ ਵਿਰੁੱਧ ਰਾਘਵ ਚੱਢਾ ਨੇ ਚੁੱਕੀ ਆਵਾਜ਼; ਸੁਰੱਖਿਆ ਜਾਂਚ ਤੋਂ ਬਾਅਦ ‘UDAN ਯਾਤਰੀ ਕੈਫੇ’ ਖੋਲ੍ਹਣ ਦੀ ਕੀਤੀ ਮੰਗ

 

ਰਾਘਵ ਚੱਢਾ ਨੇ ਏਅਰਪੋਰਟ ਦੇ ਡਿਪਾਰਚਰ ਹੋਲਡਿੰਗ ਏਰੀਆ ‘ਚ ਸਿਕਿਊਰਿਟੀ ਚੈਕ ਤੋਂ ਬਾਅਦ UDAN ਯਾਤਰੀ ਕੈਫੇ ਖੋਲ੍ਹਣ ਦੀ ਕੀਤੀ ਮੰਗ 

ਸਾਂਸਦ ਰਾਘਵ ਚੱਢਾ ਨੇ ਦੇਸ਼ ਦੇ 150+ ਏਅਰਪੋਰਟਾਂ ‘ਤੇ UDAN ਯਾਤਰੀ ਕੈਫੇ ਦੇ ਵਿਸਥਾਰ ਦੀ ਮੰਗ ਕੀਤੀ

ਜਿੱਥੇ ਯਾਤਰੀਆਂ ਨੂੰ ਸਭ ਤੋਂ ਵੱਧ ਇੰਤਜ਼ਾਰ ਕਰਨਾ ਪੈਂਦਾ ਹੈ, ਉੱਥੇ ਹੀ ਸਸਤਾ ਖਾਣਾ ਮਿਲਣਾ ਚਾਹੀਦਾ ਹੈ: ਰਾਘਵ ਚੱਢਾ

UDAN ਯਾਤਰੀ ਕੈਫੇ ਯੋਜਨਾ ਨੂੰ 150+ ਏਅਰਪੋਰਟਾਂ ਤੱਕ ਵਧਾਇਆ ਜਾਵੇ: ਰਾਘਵ ਚੱਢਾ

ਰਾਘਵ ਚੱਢਾ ਨੇ ਸਸਤੇ ਏਅਰਪੋਰਟ ਖਾਣੇ ਦੀ ਯੋਜਨਾ ਦੀ ਸੀਮਿਤ ਪਹੁੰਚ ਦਾ ਮਸਲਾ ਉਠਾਇਆ

ਹਵਾਈ ਯਾਤਰੀਆਂ ਲਈ ਸਸਤਾ ਖਾਣਾ: ਰਾਘਵ ਚੱਢਾ ਨੇ UDAN ਯਾਤਰੀ ਕੈਫੇ ਦੇ ਵਿਸਥਾਰ ਦੀ ਮੰਗ ਕੀਤੀ

ਨਵੀਂ ਦਿੱਲੀ, 09 ਮਾਰਚ 2026

ਰਾਜ ਸਭਾ ਦੇ ਸਾਂਸਦ ਸ਼੍ਰੀ ਰਾਘਵ ਚੱਢਾ ਨੇ ਅੱਜ ਸੰਸਦ ਵਿੱਚ ਏਅਰਪੋਰਟਾਂ ‘ਤੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਉੱਚੀਆਂ ਕੀਮਤਾਂ ਬਾਰੇ ਚਿੰਤਾ ਜਤਾਈ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ UDAN ਯਾਤਰੀ ਕੈਫੇ ਦੀ ਸਹੂਲਤ ਦੇਸ਼ ਦੇ ਸਾਰੇ ਏਅਰਪੋਰਟਾਂ ‘ਤੇ ਮੁਹੱਈਆ ਕਰਵਾਈ ਜਾਵੇ, ਖ਼ਾਸ ਕਰਕੇ ਸਿਕਿਊਰਿਟੀ ਚੈਕ ਤੋਂ ਬਾਅਦ ਵਾਲੇ ਡਿਪਾਰਚਰ ਹੋਲਡ ਏਰੀਆ ਵਿੱਚ।

ਏਅਰਪੋਰਟਾਂ ‘ਤੇ ਮਹਿੰਗੇ ਖਾਣੇ ਬਾਰੇ ਚਿੰਤਾ

ਹਵਾਈ ਯਾਤਰੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਸ਼ਿਕਾਇਤ ਦਾ ਜ਼ਿਕਰ ਕਰਦਿਆਂ ਸ਼੍ਰੀ ਚੱਢਾ ਨੇ ਕਿਹਾ ਕਿ ਏਅਰਪੋਰਟਾਂ ‘ਤੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਅਕਸਰ ਬਹੁਤ ਜ਼ਿਆਦਾ ਹੁੰਦੀਆਂ ਹਨ, ਜਿਸ ਕਾਰਨ ਆਮ ਯਾਤਰੀਆਂ ਲਈ ਆਪਣੀ ਯਾਤਰਾ ਦੌਰਾਨ ਸਧਾਰਣ ਨਾਸ਼ਤਾ ਜਾਂ ਖਾਣਾ ਖਰੀਦਣਾ ਵੀ ਮੁਸ਼ਕਲ ਹੋ ਜਾਂਦਾ ਹੈ।

UDAN ਯਾਤਰੀ ਕੈਫੇ ਪਹਲ ਦਾ ਸਵਾਗਤ

ਸ਼੍ਰੀ ਚੱਢਾ ਨੇ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ UDAN ਯਾਤਰੀ ਕੈਫੇ ਪਹਲ ਦਾ ਸਵਾਗਤ ਕੀਤਾ, ਜਿਸ ਦਾ ਮਕਸਦ ਯਾਤਰੀਆਂ ਨੂੰ ਕਿਫ਼ਾਇਤੀ ਕੀਮਤਾਂ ‘ਤੇ ਖਾਣਾ ਮੁਹੱਈਆ ਕਰਵਾਉਣਾ ਹੈ, ਜਿਵੇਂ ₹10 ਦੀ ਚਾਹ ਅਤੇ ₹20 ਦਾ ਸਮੋਸਾ। ਉਨ੍ਹਾਂ ਨੇ ਕਿਹਾ ਕਿ ਇਹ ਪਹਲ ਹਵਾਈ ਯਾਤਰਾ ਨੂੰ ਹੋਰ ਯਾਤਰੀ-ਮਿਤਰ ਅਤੇ ਆਮ ਲੋਕਾਂ ਲਈ ਸੁਗਮ ਬਣਾਉਣ ਵੱਲ ਇੱਕ ਸਰਾਹਣਯੋਗ ਕਦਮ ਹੈ।

ਯੋਜਨਾ ਦੀ ਸੀਮਿਤ ਪਹੁੰਚ

ਹਾਲਾਂਕਿ ਇਸ ਪਹਲ ਦਾ ਮਕਸਦ ਚੰਗਾ ਹੈ, ਪਰ ਸ਼੍ਰੀ ਚੱਢਾ ਨੇ ਕਿਹਾ ਕਿ ਇਸ ਦੀ ਪਹੁੰਚ ਅਜੇ ਵੀ ਕਾਫ਼ੀ ਸੀਮਿਤ ਹੈ। ਇਸ ਸਮੇਂ ਭਾਰਤ ਵਿੱਚ 150 ਤੋਂ ਵੱਧ ਏਅਰਪੋਰਟ ਚੱਲ ਰਹੇ ਹਨ, ਪਰ UDAN ਯਾਤਰੀ ਕੈਫੇ ਹੁਣ ਤੱਕ ਕੇਵਲ ਲਗਭਗ 10–12 ਏਅਰਪੋਰਟਾਂ ‘ਤੇ ਹੀ ਸ਼ੁਰੂ ਹੋ ਸਕੇ ਹਨ। ਇਸ ਕਾਰਨ ਇਸ ਯੋਜਨਾ ਦਾ ਲਾਭ ਬਹੁਤ ਘੱਟ ਯਾਤਰੀਆਂ ਤੱਕ ਹੀ ਪਹੁੰਚਦਾ ਹੈ।

ਕੈਫੇ ਦੀ ਥਾਂ ਕਾਰਨ ਉਪਯੋਗਤਾ ਘੱਟ ਰਹੀ ਹੈ

ਸ਼੍ਰੀ ਚੱਢਾ ਨੇ ਇਹ ਵੀ ਦੱਸਿਆ ਕਿ ਕਈ ਏਅਰਪੋਰਟਾਂ ‘ਤੇ ਇਹ UDAN ਯਾਤਰੀ ਕੈਫੇ ਚੈਕ-ਇਨ ਅਤੇ ਸਿਕਿਊਰਿਟੀ ਏਰੀਆ ਤੋਂ ਪਹਿਲਾਂ ਬਣਾਏ ਗਏ ਹਨ। ਅਮਲ ਵਿੱਚ ਇਸ ਨਾਲ ਉਨ੍ਹਾਂ ਦੀ ਉਪਯੋਗਤਾ ਘੱਟ ਹੋ ਜਾਂਦੀ ਹੈ, ਕਿਉਂਕਿ ਯਾਤਰੀ ਏਅਰਪੋਰਟ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਬਾਹਰੋਂ ਵੀ ਖਾਣ-ਪੀਣ ਦੀਆਂ ਚੀਜ਼ਾਂ ਖਰੀਦ ਸਕਦੇ ਹਨ।

ਡਿਪਾਰਚਰ ਹੋਲਡ ਏਰੀਆ ਵਿੱਚ ਕੈਫੇ ਦੀ ਲੋੜ

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਫ਼ਾਇਤੀ ਖਾਣੇ ਦੀ ਅਸਲੀ ਲੋੜ ਉਸ ਵੇਲੇ ਹੁੰਦੀ ਹੈ ਜਦੋਂ ਯਾਤਰੀ ਚੈਕ-ਇਨ ਅਤੇ ਸਿਕਿਊਰਿਟੀ ਜਾਂਚ ਪੂਰੀ ਕਰਨ ਤੋਂ ਬਾਅਦ ਡਿਪਾਰਚਰ ਹੋਲਡ ਏਰੀਆ ਵਿੱਚ ਪਹੁੰਚਦੇ ਹਨ। ਇੱਥੇ ਯਾਤਰੀਆਂ ਨੂੰ ਆਪਣੀ ਉਡਾਣ ਦੇ ਬੋਰਡਿੰਗ ਤੋਂ ਪਹਿਲਾਂ ਅਕਸਰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਿਫ਼ਾਇਤੀ ਖਾਣ-ਪੀਣ ਦੀ ਸਹੂਲਤ ਦੀ ਲੋੜ ਹੁੰਦੀ ਹੈ।

ਮੌਜੂਦਾ ਕੈਫਿਆਂ ਵਿੱਚ ਚੱਲ ਰਹੀਆਂ ਸਮੱਸਿਆਵਾਂ

ਸ਼੍ਰੀ ਚੱਢਾ ਨੇ ਇਹ ਵੀ ਕਿਹਾ ਕਿ ਜਿੱਥੇ UDAN ਯਾਤਰੀ ਕੈਫੇ ਮੌਜੂਦ ਹਨ, ਉੱਥੇ ਸੀਮਿਤ ਕਾਊਂਟਰ ਹੋਣ ਕਰਕੇ ਪੀਕ ਟ੍ਰੈਵਲ ਸਮੇਂ ਦੌਰਾਨ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਸ ਤੋਂ ਇਲਾਵਾ ਸੀਮਿਤ ਮੇਨੂ ਅਤੇ ਘੱਟ ਸਮਰੱਥਾ ਕਾਰਨ ਵੀ ਯਾਤਰੀਆਂ ਲਈ ਇਹ ਸੇਵਾਵਾਂ ਲੈਣਾ ਮੁਸ਼ਕਲ ਹੋ ਜਾਂਦਾ ਹੈ।

ਦੇਸ਼ ਭਰ ਵਿੱਚ ਵਿਸਥਾਰ ਦੀ ਮੰਗ

ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਚੱਢਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ UDAN ਯਾਤਰੀ ਕੈਫੇ ਦੀ ਸਹੂਲਤ ਦੇਸ਼ ਦੇ ਸਾਰੇ ਏਅਰਪੋਰਟਾਂ ਤੱਕ ਵਧਾਈ ਜਾਵੇ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਜ਼ੋਰ ਦਿੱਤਾ ਕਿ ਇਹ ਕੈਫੇ ਸਿਕਿਊਰਿਟੀ ਚੈਕ ਤੋਂ ਬਾਅਦ ਵਾਲੇ ਡਿਪਾਰਚਰ ਹੋਲਡ ਏਰੀਆ ਅਤੇ ਬੋਰਡਿੰਗ ਜ਼ੋਨ ਵਿੱਚ ਸਥਾਪਿਤ ਕੀਤੇ ਜਾਣ, ਤਾਂ ਜੋ ਯਾਤਰੀਆਂ ਨੂੰ ਆਪਣੇ ਇੰਤਜ਼ਾਰ ਦੇ ਸਮੇਂ ਦੌਰਾਨ ਕਿਫ਼ਾਇਤੀ ਖਾਣਾ ਮਿਲ ਸਕੇ।

ਹਵਾਈ ਯਾਤਰਾ ਨੂੰ ਵਾਸਤਵ ਵਿੱਚ ਕਿਫ਼ਾਇਤੀ ਬਣਾਉਣਾ

ਸ਼੍ਰੀ ਚੱਢਾ ਨੇ ਕਿਹਾ ਕਿ UDAN ਯਾਤਰੀ ਕੈਫੇ ਪਹਲ ਨੂੰ ਮਜ਼ਬੂਤ ਅਤੇ ਵਿਸਥਾਰਿਤ ਕਰਨ ਨਾਲ ਯਾਤਰੀਆਂ ਦੀ ਸਹੂਲਤ ਵਿੱਚ ਵੱਡਾ ਸੁਧਾਰ ਆਵੇਗਾ ਅਤੇ ਇਸ ਨਾਲ ਹਵਾਈ ਯਾਤਰਾ ਆਮ ਨਾਗਰਿਕਾਂ ਲਈ ਸੱਚਮੁੱਚ ਕਿਫ਼ਾਇਤੀ ਬਣ ਸਕੇਗੀ।

 

ਅਧਿਆਪਕਾਂ ਦਾ ਹੱਲਾ-ਬੋਲ: 10 ਤਾਰੀਕ ਤੱਕ ਤਨਖ਼ਾਹ ਨਾ ਮਿਲਣ ‘ਤੇ DEO ਦਫ਼ਤਰ ਅੱਗੇ ਜ਼ੋਰਦਾਰ ਨਾਅਰੇਬਾਜ਼ੀ

 

10 ਤਾਰੀਕ ਤੱਕ ਵੀ ਅਧਿਆਪਕਾਂ ਨੂੰ ਤਨਖਾਹ ਨਹੀਂ ਮਿਲੀ, ਡੀ ਈ ਓ ਦਫਤਰ ਅੱਗੇ ਕੀਤੀ ਨਾਅਰੇਬਾਜ਼ੀ

ਅਫਸਰਾਂ ਦੀ ਨਾਲਾਇਕੀ ਕਾਰਨ ਅਧਿਆਪਕ ਫਾਕੇ ਕੱਟਣ ਲਈ ਮਜ਼ਬੂਰ-ਅਧਿਆਪਕ ਆਗੂ

ਮਾਨਸਾ, 10 ਮਾਰਚ 2026

ਤਨਖਾਹਾਂ ਲਈ ਲੋੜੀਂਦਾ ਬਜ਼ਟ ਨਾ ਹੋਣ ਕਾਰਨ ਜ਼ਿਲ੍ਹੇ ਭਰ ਦੇ ਅਧਿਆਪਕ ਵੱਡੀ ਗਿਣਤੀ ਵਿੱਚ ਫਾਕੇ ਕੱਟਣ ਲਈ ਮਜ਼ਬੂਰ ਹਨ। ਅੱਜ ਅੱਕ ਕੇ ਜ਼ਿਲਾ ਸਿੱਖਿਆ ਦਫਤਰ ਪਹੁੰਚੇ ਅਧਿਆਪਕਾਂ ਜਥੇਬੰਦੀਆਂ ਦੇ ਆਗੂਆਂ ਕਰਮਜੀਤ ਤਾਮਕੋਟ, ਲਖਵਿੰਦਰ ਮਾਣ ਅਤੇ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਮਾਰਚ ਮਹੀਨੇ ਬਜ਼ਟ ਘਟਣ ਦੀ ਸਮੱਸਿਆ ਕਾਰਨ ਅਧਿਆਪਕਾਂ ਨੂੰ ਤਨਖਾਹ ਲੈਣ ਲਈ ਪ੍ਰੇਸ਼ਾਨ ਹੋਣਾ ਪੈਂਦਾ ਹੈ।

ਪਰ ਪਿਛਲੇ ਸਾਲਾਂ ਤੋਂ ਅਫ਼ਸਰ ਕੋਈ ਸਬਕ ਨਹੀਂ ਲੈ ਰਹੇ। ਅੱਕੇ ਹੋਏ ਅਧਿਆਪਕ ਆਗੂਆਂ ਨੇ ਜ਼ਿਲਾ ਸਿੱਖਿਆ ਅਫ਼ਸਰ ਦੇ ਦਫਤਰ ਦੇ ਬਾਹਰ ਬੈਠ ਕੇ ਨਾਅਰੇਬਾਜ਼ੀ ਕੀਤੀ। ਕੁਝ ਅਧਿਆਪਕ ਆਗੂਆਂ ਨੂੰ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਰੋਕਣ ਕਰਕੇ ਉਹਨਾਂ ਨੇ ਕੰਪਲੈਕਸ ਦੇ ਮੁੱਖ ਗੇਟ ‘ਤੇ ਨਾਅਰੇਬਾਜ਼ੀ ਕੀਤੀ।

ਅਧਿਆਪਕ ਆਗੂਆਂ ਹੰਸਾ ਸਿੰਘ ਡੇਲੂਆਣਾ, ਸੁਖਵੀਰ ਸਿੰਘ, ਨਵੀਨ ਬੋਹਾ ਨੇ ਦੱਸਿਆ ਕਿ ਅਧਿਆਪਕਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਟੁੱਟ ਰਹੀਆਂ ਹਨ ਅਤੇ ਬੱਚਿਆਂ ਦੀਆਂ ਫੀਸਾਂ ਅਤੇ ਹੋਰ ਖਰਚੇ ਰੁਕੇ ਪਏ ਹਨ, ਪਰ ਅਫਸਰਾਂ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਬਜ਼ਟ ਲਈ ਡੀ ਐੱਸ ਈ ਦਫਤਰ ਨੂੰ ਯਾਦ ਪੱਤਰ ਭੇਜਣ ਦਾ ਵੀ ਵਿਸ਼ਵਾਸ ਦਿਵਾਇਆ।

ਆਗੂਆਂ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ 12 ਮਾਰਚ ਤੱਕ ਤਨਖਾਹ ਨਾ ਮਿਲੀ ਤਾਂ 13 ਮਾਰਚ ਨੂੰ ਦੁਬਾਰਾ ਜ਼ਿਲਾ ਸਿੱਖਿਆ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਰਣਜੀਤ ਸਿੰਘ, ਮਨਜੀਤ ਅਕਲੀਆ, ਕੁਲਦੀਪ ਅੱਕਾਵਾਲੀ, ਸੁਖਚੈਨ ਸੇਖੋਂ, ਹਰਿੰਦਰ, ਮਨਮੋਹਨ ਸਿੰਘ, ਜਗਮੀਤ ਸਿੰਘ, ਸਹਿਦੇਵ ਸਿੰਘ, ਰੋਮੀ ਸਿੰਘ, ਵਰਿੰਦਰਪਾਲ, ਜਗਤਾਰ ਸਿੰਘ, ਗੁਰਵਿੰਦਰ ਸਿੰਘ, ਗੁਰਦੀਪ ਬਰਨਾਲਾ, ਤੇਜਿੰਦਰ ਸਿੰਘ, ਲੱਖਾ ਸਿੰਘ, ਜਗਤਾਰ ਸਿੰਘ ਹਾਜ਼ਰ ਸਨ।

 

ਪੰਜਾਬ ਦੇ ਹਜ਼ਾਰਾਂ ਅਧਿਆਪਕ/ਮੁਲਾਜ਼ਮ ਤਨਖਾਹ ਤੋਂ ਵਾਂਝੇ! ਗੌਰਮਿੰਟ ਟੀਚਰਜ਼ ਯੂਨੀਅਨ ਨੇ ਭਗਵੰਤ ਮਾਨ ਸਰਕਾਰ ਨੂੰ ਲਿਆ ਆੜੇ ਹੱਥੀਂ; ਬਜਟ ਨੂੰ ਦੱਸਿਆ ‘ਝੂਠ ਦਾ ਪੁਲੰਦਾ’

 

ਪੰਜਾਬ ਦੇ ਹਜ਼ਾਰਾਂ ਅਧਿਆਪਕ/ਮੁਲਾਜ਼ਮ ਤਨਖਾਹ ਤੋਂ ਵਾਂਝੇ! ਗੌਰਮਿੰਟ ਟੀਚਰਜ਼ ਯੂਨੀਅਨ ਨੇ ਭਗਵੰਤ ਮਾਨ ਸਰਕਾਰ ਨੂੰ ਲਿਆ ਆੜੇ ਹੱਥੀਂ; ਬਜਟ ਨੂੰ ਦੱਸਿਆ ‘ਝੂਠ ਦਾ ਪੁਲੰਦਾ’

ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਫਰਵਰੀ ਮਹੀਨੇ ਦੀ ਤਨਖਾਹ ਤੋਂ ਹਜ਼ਾਰਾਂ ਮੁਲਾਜ਼ਮ ਤਨਖਾਹ ਤੋਂ ਵਾਂਝੇ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ

ਲੱਖਾਂ ਕਰੋੜਾਂ ਦਾ ਬਜਟ ਪੇਸ਼ ਕਰਨ ਵਾਲੀ ਡਰਾਮੇਬਾਜ਼ ਸਰਕਾਰ ਮੁਲਾਜ਼ਮਾਂ ਨੂੰ ਫਰਵਰੀ ਦੀ ਤਨਖਾਹ ਦੇਣ ਤੋਂ ਵੀ ਭੱਜੀ- ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ ਪਟਿਆਲਾ

ਪਟਿਆਲਾ, 10 ਮਾਰਚ 2026-

ਬੀਤੇ ਦਿਨੀਂ ਪੰਜਾਬ ਸਰਕਾਰ ਨੇ ਲੱਖਾਂ ਕਰੋੜਾਂ ਦਾ ਬਜਟ ਪੰਜਾਬ ਦੀ ਵਿਧਾਨ ਸਭਾ ਅੰਦਰ ਪੇਸ਼ ਕੀਤਾ। ਉੱਥੇ ਮੁੱਖ ਮੰਤਰੀ ਪੰਜਾਬ ਤੇ ਵਿੱਤ ਮੰਤਰੀ ਪੰਜਾਬ ਨੇ ਕਿਹਾ ਕਿ ਸਾਡੇ ਕੋਲ ਖ਼ਜ਼ਾਨੇ ਵਿੱਚ ਕਿਸੇ ਕਿਸਮ ਦੀ ਕੋਈ ਘਾਟ ਨਹੀਂ। ਖ਼ਜ਼ਾਨਾ ਪੰਜਾਬ ਦੇ ਲੋਕਾਂ ਲਈ ਭਰਿਆ ਹੋਇਆ ਹੈ। ਪਰ ਇਹ ਸਿਰਫ਼ ਡਰਾਮੇਬਾਜ਼ੀ ਹੀ ਸੀ, ਲੱਖਾਂ ਕਰੋੜਾਂ ਦੇ ਝੂਠੇ ਵਿਕਾਸ ਜੋ ਪੰਜਾਬ ਦੀ ਵਿਧਾਨ ਸਭਾ ਅੰਦਰ ਦਿਖਾਏ ਗਏ, ਉਹ ਬਿਲਕੁਲ ਹੀ ਸਰਕਾਰ ਦੀ ਕਹਿਣੀ ਤੇ ਕਥਨੀ ਤੋਂ ਉਲਟ ਹਨ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਫਰਵਰੀ ਦੀ ਤਨਖਾਹ ਤੋਂ ਵੀ ਵਾਂਝੇ ਹਨ।

ਜ਼ਿਲ੍ਹਿਆਂ ਵਿੱਚ ਬਲਾਕਾਂ ਵਿੱਚ ਬਜਟ ਨਾ ਹੋਣ ਕਰਕੇ ਮੁਲਾਜ਼ਮਾਂ ਨੂੰ ਅੱਜ 10 ਮਾਰਚ ਹੋਣ ‘ਤੇ ਵੀ ਤਨਖਾਹ ਨਸੀਬ ਨਹੀਂ ਹੋਈ। ਜਿੱਥੇ ਪੰਜਾਬ ਸਰਕਾਰ ਲੱਖਾਂ ਕਰੋੜਾਂ ਦੇ ਬਜਟ ਪੇਸ਼ ਕਰਕੇ ਲੋਕਾਂ ਨੂੰ ਝੂਠੀ ਬਿਆਨਬਾਜ਼ੀ ਨਾਲ ਭਰਮਾ ਰਹੀ ਹੈ, ਉੱਥੇ ਹੀ ਪੰਜਾਬ ਦੇ ਮੁਲਾਜ਼ਮ ਫਰਵਰੀ ਮਹੀਨੇ ਦੀ ਤਨਖਾਹ ਲਈ ਤਰਸ ਰਹੇ ਹਨ।

ਆਗੂਆਂ ਨੇ ਕਿਹਾ ਕਿ ਇਸ ਮਹੀਨੇ ਖਰਚਾ ਆਮ ਮਹੀਨਿਆਂ ਨਾਲੋਂ ਵੱਧ ਹੁੰਦਾ ਹੈ। ਜਿੱਥੇ ਮੁਲਾਜ਼ਮਾਂ ਨੇ ਹੋਮ ਲੋਨ ਦੀਆਂ ਕਿਸ਼ਤਾਂ, ਬੱਚਿਆਂ ਦੀ ਪੜ੍ਹਾਈ ਦੇ ਲਏ ਕਰਜ਼ੇ ਦੀਆਂ ਕਿਸ਼ਤਾਂ, ਇਨਕਮ ਟੈਕਸ ਭਰਨ ਲਈ ਕਿਸ਼ਤਾਂ, ਇਹ ਸਾਰਾ ਕੁਝ ਇਸ ਮਹੀਨੇ ਕੀਤਾ ਜਾਣਾ ਹੁੰਦਾ ਹੈ, ਪਰ ਪੰਜਾਬ ਸਰਕਾਰ ਦੀ ਨਲਾਇਕੀ ਅਤੇ ਝੂਠੀ ਡਰਾਮੇਬਾਜ਼ੀ ਇਸ਼ਤਿਹਾਰਬਾਜ਼ੀ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੀ ਫਰਵਰੀ ਮਹੀਨੇ ਦੀ ਤਨਖਾਹ ਲਈ ਹਾਲਾਤ ਤਰਸਯੋਗ ਬਣੀ ਹੋਈ ਹੈ।

ਉਹਨਾਂ ਕਿਹਾ ਕਿ ਜੇ ਸਰਕਾਰ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦੇ ਸਕਦੀ ਤਾਂ ਇਹਨਾਂ ਲੱਖਾਂ ਕਰੋੜਾਂ ਦੇ ਜੋ ਝੂਠੇ ਬਜਟ ਵਿਧਾਨ ਸਭਾ ਅੰਦਰ ਪੇਸ਼ ਕੀਤੇ ਜਾ ਰਹੇ ਹਨ, ਉਹ ਬਿਲਕੁਲ ਹੀ ਨਿਰਾਧਾਰ ਤੇ ਗਲਤ ਹਨ। ਇਹ ਡਰਾਮੇਬਾਜ਼ ਸਰਕਾਰ ਹਮੇਸ਼ਾ ਝੂਠੀ ਇਸ਼ਤਿਹਾਰਬਾਜ਼ੀ ਕਰਕੇ ਝੂਠੇ ਅੰਕੜੇ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।

ਉਹਨਾਂ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਬਜਟ ਛੇਤੀ ਜਾਰੀ ਨਹੀਂ ਹੁੰਦਾ ਅਤੇ ਹੋਰ ਵਿੱਤੀ ਮੰਗਾਂ ‘ਤੇ ਛੇਤੀ ਹੱਲ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਭਰ ਦੇ ਮੁਲਾਜ਼ਮ ਇਹਨਾਂ ਨੂੰ ਸਰਕਾਰੀ ਕੋਠੀਆਂ ਤੋਂ ਬਾਹਰ ਨਹੀਂ ਨਿਕਲਣ ਦੇਣਗੇ।

ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਖੰਗੂੜਾ, ਹਰਵਿੰਦਰ ਸਿੰਘ ਖੱਟੜਾ, ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੌਰ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ, ਜੁਗਪਰਗਟ ਸਿੰਘ, ਬਲਵਿੰਦਰ ਸਿੰਘ ਸਿੱਧੂ, ਬਲਵਿੰਦਰ ਸਿੰਘ ਚੀਮਾ, ਨਾਇਬ ਸਿੰਘ ਸਿੱਧੂ ਸਾਥੀ ਹਾਜ਼ਰ ਰਹੇ।

 

ਪੰਜਾਬ ‘ਚ ਬਣਾਵਾਂਗੇ 2 ਨਵੇਂ ਜ਼ਿਲ੍ਹੇ! ਸੁਖਬੀਰ ਬਾਦਲ ਨੇ ਕੀਤਾ ਐਲਾਨ

 

ਪੰਜਾਬ ‘ਚ ਬਣਾਵਾਂਗੇ 2 ਨਵੇਂ ਜ਼ਿਲ੍ਹੇ…! ਸੁਖਬੀਰ ਬਾਦਲ ਨੇ ਕੀਤਾ ਐਲਾਨ

ਖੰਨਾ/ਜਗਰਾਉਂ, 10 March 2026

ਖੰਨਾ ਅਤੇ ਜਗਰਾਉਂ ਨੂੰ ਅਕਾਲੀ ਸਰਕਾਰ ਬਣਨ ਤੇ ਜ਼ਿਲ੍ਹਾ ਬਣਾਇਆ ਜਾਵੇਗਾ। ਇਹ ਐਲਾਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ।

ਦੱਸ ਦਈਏ ਕਿ, ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਦੀਆਂ ਤੋਂ ਸ਼ੁਰੂ ਕੀਤੀ ਗਈ ‘ਪੰਜਾਬ ਬਚਾਓ’ ਰੈਲੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਕਾਲੀ ਦਲ ਦੀ ‘ਪੰਜਾਬ ਬਚਾਓ’ ਰੈਲੀ ਖੰਨਾ ਦੀ ਦਾਣਾ ਮੰਡੀ ’ਚ ਕਰਵਾਈ ਗਈ, ਜਿੱਥੇ ਸੂਬੇ ਦੀ ਸਮੁੱਚੀ ਲੀਡਰਸ਼ਿਪ ਨੇ ਸ਼ਿਰਕਤ ਕੀਤੀ।

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਅਕਾਲੀ ਵਰਕਰ ਜੁਟੇ ਹਨ। ਸੂਬੇ ਦੇ 40 ਹਲਕਿਆਂ ’ਚ ‘ਪੰਜਾਬ ਬਚਾਓ’ ਰੈਲੀਆਂ ਕੀਤੀਆਂ ਜਾਣਗੀਆਂ।

ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕਦੀ ਹੈ।

ਰਾਜ ਸਭਾ ਦੇ ਸਾਰੇ ਐਮ.ਪੀ. ਪੰਜਾਬ ਤੋਂ ਬਾਹਰ ਦੇ ਹਨ। ਇਸ ਸਮੇਂ ਪੰਜਾਬ ’ਚ ਗੈਂਗਸਟਰਾਂ ਅਤੇ ਨਸ਼ਾ ਵੇਚਣ ਵਾਲਿਆਂ ਦਾ ਰਾਜ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਅਕਾਲੀ ਸਰਕਾਰ ਦੇ ਸਮੇਂ ਹੋਇਆ ਸੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸੂਬੇ ’ਚ ਡਰ ਦਾ ਮਾਹੌਲ ਖਤਮ ਕਰਨਾ ਬੇਹੱਦ ਜ਼ਰੂਰੀ ਹੈ। ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਗੈਂਗਸਟਰਾਂ ਖਿਲਾਫ ਕਾਨੂੰਨ ਬਣਾਇਆ ਜਾਵੇਗਾ ਅਤੇ 10 ਸਾਲ ਤੱਕ ਉਨ੍ਹਾਂ ਨੂੰ ਜ਼ਮਾਨਤ ਵੀ ਨਹੀਂ ਦਿੱਤੀ ਜਾਵੇਗੀ। ਨਾਲ ਹੀ ਗੈਂਗਸਟਰਾਂ ਦੀ ਜਾਇਦਾਦ ਨੂੰ ਜ਼ਬਤ ਵੀ ਕੀਤਾ ਜਾਵੇਗਾ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਪੰਜਾਬ ਦਾ ਪਾਣੀ ਕਿਸੇ ਬਾਹਰੀ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ। ਨਹਿਰਾਂ ਬਣਾ ਕੇ ਪੰਜਾਬ ਦਾ ਪਾਣੀ ਪੰਜਾਬ ’ਚ ਰੱਖਿਆ ਜਾਵੇਗਾ। ਸਰਕਾਰ ਬਣਨ ’ਤੇ ਨੀਲੇ ਕਾਰਡ ਮੁੜ ਤੋਂ ਬਣਾਏ ਜਾਣਗੇ।

ਇਸ ਤੋਂ ਇਲਾਵਾ ਬਜ਼ੁਰਗਾਂ ਨੂੰ 3100 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਸ਼ਗਨ ਸਕੀਮ ਰਾਹੀਂ ਕੁੜੀਆਂ ਨੂੰ 1 ਲੱਖ ਰੁਪਇਆ ਦਿੱਤਾ ਜਾਵੇਗਾ। ਨੌਜਵਾਨਾਂ ਨੂੰ ਰੋਜ਼ਗਾਰ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦਾ ਲੋਨ ਵੀ ਦਿੱਤਾ ਜਾਵੇਗਾ। ਹਰ ਇੱਕ ਜ਼ਿਲ੍ਹੇ ’ਚ ਇੱਕ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ।

 

Punjab Breaking- ਪੰਜਾਬ ਭਰ ‘ਚ ਸਰਕਾਰੀ ਮੁਲਾਜ਼ਮਾਂ ਵੱਲੋਂ ’ਕੰਮ ਬੰਦ’ ਕਰਨ ਦਾ ਐਲਾਨ! ਭੜਕੇ ਕਰਮਚਾਰੀਆਂ ਨੇ ਕੀਤਾ ਰੋਡ ਜਾਮ

 

Punjab Breaking- ਪੰਜਾਬ ਭਰ ‘ਚ ਸਰਕਾਰੀ ਮੁਲਾਜ਼ਮਾਂ ਵੱਲੋਂ ’ਕੰਮ ਬੰਦ’ ਕਰਨ ਦਾ ਐਲਾਨ! ਭੜਕੇ ਕਰਮਚਾਰੀਆਂ ਨੇ ਕੀਤਾ ਰੋਡ ਜਾਮ

ਪੁਲਿਸ ‘ਤੇ ਅੱਧੀ ਰਾਤ ਨੂੰ ਘਰੋਂ ਚੁੱਕਣ ਅਤੇ ਪਰਿਵਾਰ ਨਾਲ ਬਦਤਮੀਜ਼ੀ ਕਰਨ ਦੇ ਲੱਗੇ ਦੋਸ਼; ਜੰਡਿਆਲਾ ਥਾਣੇ ਦੇ ਘੇਰਾਓ ਦੀ ਦਿੱਤੀ ਚੇਤਾਵਨੀ

ਜਲੰਧਰ/ਚੰਡੀਗੜ੍ਹ 10 ਮਾਰਚ 2026-

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ (PSMSU) ਦੇ ਸੂਬਾ ਮੁੱਖ ਸਲਾਹਕਾਰ ਅਤੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਪੂਰੇ ਸੂਬੇ ਦੇ ਦਫ਼ਤਰੀ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਵਿਰੋਧ ਵਜੋਂ ਜਥੇਬੰਦੀ ਨੇ ਅੱਜ, 10 ਮਾਰਚ 2026 ਨੂੰ ਪੂਰੇ ਪੰਜਾਬ ਵਿੱਚ ਮੁਕੰਮਲ ’ਕੰਮ ਬੰਦ’ ਰੱਖਣ ਦਾ ਨੋਟਿਸ ਜਾਰੀ ਕਰ ਦਿੱਤਾ ਹੈ।

ਗ੍ਰਿਫ਼ਤਾਰੀ ਦਾ ਪੂਰਾ ਮਾਮਲਾ

ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਜਨਰਲ ਸਕੱਤਰ ਤਰਸੇਮ ਸਿੰਘ ਭੱਠਲ ਵੱਲੋਂ ਮੁੱਖ ਮੰਤਰੀ ਦੇ ਨਾਂ ਜਾਰੀ ਪੱਤਰ ਅਨੁਸਾਰ, ਤੇਜਿੰਦਰ ਨੰਗਲ 8 ਮਾਰਚ ਨੂੰ ਮੁਹਾਲੀ ਵਿਖੇ ਮੁਲਾਜ਼ਮਾਂ ‘ਤੇ ਹੋਏ ਪੁਲਿਸ ਤਸ਼ੱਦਦ ਦੇ ਸਬੰਧ ਵਿੱਚ ਮੁੱਖ ਮੰਤਰੀ ਨੂੰ ਮਿਲ ਕੇ ਇਨਸਾਫ਼ ਦੀ ਮੰਗ ਕਰਨਾ ਚਾਹੁੰਦੇ ਸਨ।

ਪੁਲਿਸ ਵੱਲੋਂ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਸੀ, ਪਰ ਕਥਿਤ ਤੌਰ ‘ਤੇ ਰਾਤ 12 ਵਜੇ ਉਨ੍ਹਾਂ ਨੂੰ ਘਰੋਂ ਗ੍ਰਿਫ਼ਤਾਰ ਕਰਕੇ ਜੰਡਿਆਲਾ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ। ਜਥੇਬੰਦੀ ਨੇ ਦੋਸ਼ ਲਾਇਆ ਹੈ ਕਿ ਪੁਲਿਸ ਨੇ ਘਰ ਦੀਆਂ ਮਹਿਲਾਵਾਂ ਨਾਲ ਬਦਤਮੀਜ਼ੀ ਕੀਤੀ ਅਤੇ ਛੋਟੇ ਬੱਚਿਆਂ ਨੂੰ ਵੀ ਝਿੜਕਿਆ ਗਿਆ, ਜਿਸ ਦੀ ਸਖ਼ਤ ਨਿੰਦਾ ਕੀਤੀ ਗਈ ਹੈ।

ਮੁਲਾਜ਼ਮ ਜਥੇਬੰਦੀ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਤੇਜਿੰਦਰ ਸਿੰਘ ਨੰਗਲ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੰਜਾਬ ਭਰ ਦੇ ਦਫ਼ਤਰੀ ਕਾਮੇ ਆਪਣਾ ਕੰਮ ਬੰਦ ਰੱਖਣਗੇ। ਨੇੜਲੇ ਜ਼ਿਲ੍ਹਿਆਂ ਦੇ ਮੁਲਾਜ਼ਮ ਸਾਥੀ ਜੰਡਿਆਲਾ ਥਾਣੇ ਦੇ ਬਾਹਰ ਇਕੱਠੇ ਹੋ ਕੇ ਰਿਹਾਈ ਦੀ ਮੰਗ ਕਰਨਗੇ।

ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਸ਼ਾਮ ਤੱਕ ਰਿਹਾਈ ਨਾ ਹੋਈ ਤਾਂ ਜਥੇਬੰਦੀ ਕੋਈ ਵੱਡਾ ਐਕਸ਼ਨ ਉਲੀਕਣ ਲਈ ਮਜਬੂਰ ਹੋਵੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਨੋਟਿਸ ਦੀਆਂ ਕਾਪੀਆਂ ਵਿੱਤ ਮੰਤਰੀ, ਮੁੱਖ ਸਕੱਤਰ ਅਤੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੀਆਂ ਗਈਆਂ ਹਨ।

 

PSEB Exam: 10ਵੀਂ ਜਮਾਤ ਦੇ ਪੇਪਰ ‘ਚ ਵਿਦਿਆਰਥਣ ਦੀ ਥਾਂ ਕੋਈ ਹੋਰ ਕੁੜੀ ਪੇਪਰ ਦਿੰਦੀ ਫੜੀ ਗਈ

 

PSEB Exam: 10ਵੀਂ ਜਮਾਤ ਦੇ ਪੇਪਰ ‘ਚ ਵਿਦਿਆਰਥਣ ਦੀ ਥਾਂ ਕੋਈ ਹੋਰ ਕੁੜੀ ਪੇਪਰ ਦਿੰਦੀ ਫੜੀ ਗਈ

ਲੁਧਿਆਣਾ, 10 March 2026:

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀਆਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੌਰਾਨ ਨਕਲ ਕਰਨ ਦਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਦਿਆਰਥਣ ਨੇ ਕਥਿਤ ਤੌਰ ‘ਤੇ ਆਪਣੀ ਸਹੇਲੀ ਨੂੰ ਉਸਦੀ ਜਗ੍ਹਾ ਪ੍ਰੀਖਿਆ ਵਿੱਚ ਬੈਠਣ ਲਈ ਭੇਜਿਆ। ਇਹ ਘਟਨਾ ਸਰਾਭਾ ਨਗਰ ਦੇ ਸਰਕਾਰੀ ਹਾਈ ਸਕੂਲ ਵਿੱਚ ਇੱਕ ਰੁਟੀਨ ਨਿਰੀਖਣ ਦੌਰਾਨ ਸਾਹਮਣੇ ਆਈ।

ਕਿਵੇਂ ਹੋਇਆ ਖੁਲਾਸਾ?

ਅਧਿਕਾਰੀਆਂ ਦੇ ਅਨੁਸਾਰ, ਪ੍ਰੀਖਿਆ 9 ਮਾਰਚ ਨੂੰ ਹੋ ਰਹੀ ਸੀ ਜਦੋਂ ਸੈਂਟਰ ਸੁਪਰਡੈਂਟ, ਭੁਪਿੰਦਰ ਪਾਲ ਸਿੰਘ ਨੇ ਆਪਣੀ ਨਿਰੀਖਣ ਟੀਮ ਦੇ ਨਾਲ ਪ੍ਰੀਖਿਆ ਕਮਰਿਆਂ ਵਿੱਚ ਅਚਾਨਕ ਜਾਂਚ ਕੀਤੀ। ਤਸਦੀਕ ਪ੍ਰਕਿਰਿਆ ਦੌਰਾਨ, ਟੀਮ ਨੇ ਇੱਕ ਡੈਸਕ ‘ਤੇ ਬੈਠੀ ਇੱਕ ਕੁੜੀ ਦਾ ਸ਼ੱਕੀ ਵਿਵਹਾਰ ਦੇਖਿਆ।

ਜਾਣਕਾਰੀ ਅਨੁਸਾਰ, ਜਦੋਂ ਸੁਪਰਡੈਂਟ ਨੇ ਆਪਣੀ ਡੈਸਕ ‘ਤੇ ਰੱਖੀ ਰੋਲ ਨੰਬਰ ਸਲਿੱਪ ਦੀ ਜਾਂਚ ਕੀਤੀ, ਤਾਂ ਉਸਨੇ ਪਾਇਆ ਕਿ ਸਲਿੱਪ ‘ਤੇ ਲੱਗੀ ਫੋਟੋ ਪ੍ਰੀਖਿਆ ਲਿਖਣ ਵਾਲੀ ਵਿਦਿਆਰਥਣ ਦੇ ਚਿਹਰੇ ਨਾਲ ਮੇਲ ਨਹੀਂ ਖਾਂਦੀ। ਇਸ ਨਾਲ ਤੁਰੰਤ ਸ਼ੱਕ ਪੈਦਾ ਹੋ ਗਿਆ, ਜਿਸ ਨਾਲ ਹੋਰ ਪੁੱਛਗਿੱਛ ਸ਼ੁਰੂ ਹੋ ਗਈ।

ਮੁੱਢਲੀ ਪੁੱਛਗਿੱਛ ਦੌਰਾਨ, ਇਹ ਖੁਲਾਸਾ ਹੋਇਆ ਕਿ ਪ੍ਰੀਖਿਆ ਵਿੱਚ ਬੈਠਣ ਵਾਲੀ ਕੁੜੀ ਰਜਿਸਟਰਡ ਉਮੀਦਵਾਰ ਨਹੀਂ ਸੀ। ਇਸ ਦੀ ਬਜਾਏ, ਉਸਨੂੰ ਕਥਿਤ ਤੌਰ ‘ਤੇ ਅਸਲ ਵਿਦਿਆਰਥੀ ਰਾਹੀਂ ਉਸਦੇ ਵੱਲੋਂ ਪੇਪਰ ਲਿਖਣ ਲਈ ਭੇਜਿਆ ਗਿਆ ਸੀ।

ਜਾਂਚ ਤੋਂ ਬਾਅਦ, ਸੈਂਟਰ ਸੁਪਰਡੈਂਟ ਨੇ ਨਕਲ ਅਤੇ ਧੋਖਾਧੜੀ ਦੀ ਕੋਸ਼ਿਸ਼ ਬਾਰੇ ਇੱਕ ਰਸਮੀ ਰਿਪੋਰਟ ਤਿਆਰ ਕੀਤੀ। ਸ਼ੁਰੂ ਵਿੱਚ, ਮਾਮਲੇ ਨੂੰ ਸਿੱਖਿਆ ਵਿਭਾਗ ਦੇ ਅੰਦਰ ਅੰਦਰੂਨੀ ਤੌਰ ‘ਤੇ ਸੰਭਾਲਿਆ ਗਿਆ ਸੀ। ਹਾਲਾਂਕਿ, ਇੱਕ ਵਾਰ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਉਨ੍ਹਾਂ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ।

ਮਾਮਲੇ ‘ਚ ਬਾਅਦ ਵਿੱਚ ਸ਼ਾਮ ਨੂੰ ਲੁਧਿਆਣਾ ਦੇ ਪੁਲਿਸ ਸਟੇਸ਼ਨ ਨੰਬਰ 5 ਵਿਖੇ ਪੁਲਿਸ ਨੂੰ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਦੋਵਾਂ ਵਿਦਿਆਰਥੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ।

ਪੁਲਿਸ ਨੇ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ, ਜਿਸ ਵਿੱਚ ਧੋਖਾਧੜੀ ਕਰਨ ਲਈ ਨਕਲ ਕਰਨ ਲਈ ਧਾਰਾ 319(2), ਧੋਖਾਧੜੀ ਅਤੇ ਬੇਈਮਾਨੀ ਨਾਲ ਸਬੰਧਤ ਧਾਰਾ 318(2), ਅਤੇ ਅਪਰਾਧਿਕ ਸਾਜ਼ਿਸ਼ ਲਈ ਧਾਰਾ 61(2) ਸ਼ਾਮਲ ਹਨ।

ਜਾਂਚਕਰਤਾ ਹੁਣ ਦੋਵਾਂ ਵਿਦਿਆਰਥੀਆਂ ਤੋਂ ਇਹ ਪਤਾ ਲਗਾਉਣ ਲਈ ਪੁੱਛਗਿੱਛ ਕਰ ਰਹੇ ਹਨ ਕਿ ਕੀ ਨਕਲ ਕਰਨ ਵਿੱਚ ਕੋਈ ਵਿੱਤੀ ਲੈਣ-ਦੇਣ ਸ਼ਾਮਲ ਸੀ ਜਾਂ ਕੀ ਇਹ ਕਾਰਵਾਈ ਸਿਰਫ਼ ਕਿਸੇ ਦੋਸਤ ਨੂੰ ਪ੍ਰੀਖਿਆ ਪਾਸ ਕਰਨ ਵਿੱਚ ਮਦਦ ਕਰਨ ਲਈ ਕੀਤੀ ਗਈ ਸੀ। ptc

 

ਪੰਜਾਬ ‘ਚ ਔਰਤਾਂ ਵਿਰੁੱਧ ਟਿੱਪਣੀਆਂ! CM ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਦੀਆਂ ਵੀਡੀਓਜ਼ ਨੇ ਪਾਏ ਪਟਾਕੇ… ਮੰਗਣ ਮੁਆਫ਼ੀ

 

ਪੰਜਾਬ ‘ਚ ਔਰਤਾਂ ਵਿਰੁੱਧ ਟਿੱਪਣੀਆਂ! CM ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਦੀਆਂ ਵੀਡੀਓਜ਼ ਨੇ ਪਾਏ ਪਟਾਕੇ… ਮੰਗਣ ਮੁਆਫ਼ੀ

ਮਹਿਲਾਵਾਂ ਖ਼ਿਲਾਫ਼ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਲਈ ਸੁਖਪਾਲ ਸਿੰਘ ਖਹਿਰਾ ਅਤੇ ਭਗਵੰਤ ਮਾਨ ਮਾਫ਼ੀ ਮੰਗਣ: ਭਾਜਪਾ

ਚੰਡੀਗੜ੍ਹ, 10 ਮਾਰਚ

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭੁਲੱਥ ਤੋਂ ਵਿਧਾਇਕ ਅਤੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖੈਰਾ ਵੱਲੋਂ ਮਹਿਲਾਵਾਂ ਖ਼ਿਲਾਫ਼ ਕੀਤੀਆਂ ਅਪਮਾਨਜਨਕ ਅਤੇ ਘਟੀਆ ਟਿੱਪਣੀਆਂ ਦੀ ਕੜੀ ਨਿੰਦਾ ਕੀਤੀ ਹੈ।

ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਭਾਸ਼ਾ ਨਾ ਸਿਰਫ਼ ਮਹਿਲਾਵਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਂਦੀ ਹੈ, ਸਗੋਂ ਇਹ ਇੱਕ ਘਟੀਆ ਸੋਚ ਨੂੰ ਵੀ ਦਰਸਾਉਂਦੀ ਹੈ, ਜੋ ਕਿਸੇ ਵੀ ਜ਼ਿੰਮੇਵਾਰ ਚੁਣੇ ਹੋਏ ਨੁਮਾਨਦੇ ਨੂੰ ਸ਼ੋਭਾ ਨਹੀਂ ਦਿੰਦੀ।

ਸ਼ਰਮਾ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਹਿਲਾਵਾਂ ਲਈ ਵਰਤੇ ਗਏ ਅਪਮਾਨਜਨਕ ਸ਼ਬਦਾਂ ਦੀ ਵੀ ਕੜੀ ਨਿੰਦਾ ਕੀਤੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਆਪਣੇ ਕਾਲਜ ਦੇ ਦਿਨਾਂ ਦੀ ਇੱਕ ਘਟਨਾ ਦੱਸਦੇ ਹੋਏ “ਪਟੋਲਾ”, “ਭ੍ਰਿੰਡ” ਅਤੇ “ਪਾਕਿਸਤਾਨ ਦਾ ਝੰਡਾ” ਵਰਗੇ ਸ਼ਬਦ ਵਰਤਣਾ ਬਹੁਤ ਹੀ ਸ਼ਰਮਨਾਕ ਹੈ ਅਤੇ ਇਹ ਮਹਿਲਾਵਾਂ ਦੇ ਸਨਮਾਨ ਦੇ ਖ਼ਿਲਾਫ਼ ਹੈ।

ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸਮਾਜ ਵਿੱਚ ਸਭ ਤੋਂ ਉੱਚਾ ਸਨਮਾਨ ਮਿਲਣਾ ਚਾਹੀਦਾ ਹੈ ਅਤੇ ਜਨ ਪ੍ਰਤਿਨਿਧੀਆਂ ਨੂੰ ਜਨਤਕ ਮੰਚ ‘ਤੇ ਬੋਲਦੇ ਸਮੇਂ ਆਪਣੇ ਸ਼ਬਦਾਂ ਦੀ ਚੋਣ ਵਿੱਚ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਅਪਮਾਨਜਨਕ ਭਾਸ਼ਾ ਕਿਸੇ ਵੀ ਸੰਵਿਧਾਨਕ ਅਹੁਦੇ ‘ਤੇ ਬੈਠੇ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦੀ।

ਸ਼ਰਮਾ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਜਨ ਜੀਵਨ ਵਿੱਚ ਮਹੱਤਵਪੂਰਨ ਅਹੁਦਿਆਂ ‘ਤੇ ਬੈਠੇ ਨੇਤਾ ਮਹਿਲਾਵਾਂ ਦੇ ਸਨਮਾਨ ਪ੍ਰਤੀ ਇਸ ਤਰ੍ਹਾਂ ਦੀ ਗੈਰ-ਜ਼ਿੰਮੇਵਾਰ ਭਾਸ਼ਾ ਵਰਤ ਰਹੇ ਹਨ।

ਉਨ੍ਹਾਂ ਕਿਹਾ ਕਿ ਖੈਰਾ ਦੀਆਂ ਟਿੱਪਣੀਆਂ ਨਾ ਸਿਰਫ਼ ਮਹਿਲਾਵਾਂ ਦਾ ਅਪਮਾਨ ਹਨ, ਸਗੋਂ ਪੰਜਾਬ ਦੀ ਰਾਜਨੀਤੀ ਵਿੱਚ ਡਿੱਗਦੇ ਹੋਏ ਸੰਵਾਦ ਦੇ ਪੱਧਰ ਨੂੰ ਵੀ ਦਰਸਾਉਂਦੀਆਂ ਹਨ।

ਅਸ਼ਵਨੀ ਸ਼ਰਮਾ ਨੇ ਮੰਗ ਕੀਤੀ ਕਿ ਸੁਖਪਾਲ ਸਿੰਘ ਖੈਰਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੋਵੇਂ ਪੰਜਾਬ ਦੀਆਂ ਮਹਿਲਾਵਾਂ ਤੋਂ ਤੁਰੰਤ ਜਨਤਕ ਤੋਰ ਤੇ ਮਾਫ਼ੀ ਮੰਗਣ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਸਮਾਜ ਦੀ ਮਜ਼ਬੂਤ ਨੀਂਹ ਹਨ ਅਤੇ ਕਿਸੇ ਵੀ ਰਾਜਨੀਤਿਕ ਨੇਤਾ ਨੂੰ ਉਨ੍ਹਾਂ ਦਾ ਅਪਮਾਨ ਕਰਨ ਦਾ ਕੋਈ ਹੱਕ ਨਹੀਂ।

ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾਂ ਮਹਿਲਾਵਾਂ ਦੀ ਇਜ਼ਜ਼ਤ, ਸਨਮਾਨ ਅਤੇ ਸਸ਼ਕਤੀਕਰਨ ਲਈ ਡੱਟ ਕੇ ਖੜੀ ਰਹੇਗੀ।