ਸ਼ਨੀਵਾਰ, ਅਪ੍ਰੈਲ 18, 2026
Home Blog Page 8

Breaking News: ਪਾਵਰ ਪਲਾਂਟ ‘ਚ ਵੱਡਾ ਹਾਦਸਾ; 17 ਮੁਲਾਜ਼ਮਾਂ ਦੀ ਮੌਤ

 

Breaking News: ਪਾਵਰ ਪਲਾਂਟ ‘ਚ ਵੱਡਾ ਹਾਦਸਾ; 17 ਮੁਲਾਜ਼ਮਾਂ ਦੀ ਮੌਤ

ਮੁੱਖ ਮੰਤਰੀ ਵੱਲੋਂ ਸਖ਼ਤ ਜਾਂਚ ਦੇ ਹੁਕਮ; ਪੀੜਤ ਪਰਿਵਾਰਾਂ ਲਈ ਕਰੋੜਾਂ ਦੇ ਮੁਆਵਜ਼ੇ ਦਾ ਐਲਾਨ

ਸਕਤੀ/ਰਾਏਪੁਰ, 15 ਅਪ੍ਰੈਲ 2026:

ਛੱਤੀਸਗੜ੍ਹ ਦੇ ਸਕਤੀ ਜ਼ਿਲ੍ਹੇ ਵਿੱਚ ਸਥਿਤ ਵੇਦਾਂਤਾ ਪਾਵਰ ਪਲਾਂਟ ਵਿੱਚ ਮੰਗਲਵਾਰ ਨੂੰ ਹੋਏ ਭਿਆਨਕ ਬੋਆਇਲਰ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 17 ਹੋ ਗਈ ਹੈ। ਪ੍ਰਸ਼ਾਸਨ ਨੇ ਮ੍ਰਿਤਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਤੋਂ ਬਾਅਦ ਪੰਜ ਰਾਜਾਂ (ਯੂਪੀ, ਬਿਹਾਰ, ਪੱਛਮੀ ਬੰਗਾਲ, ਝਾਰਖੰਡ ਅਤੇ ਛੱਤੀਸਗੜ੍ਹ) ਵਿੱਚ ਸੋਗ ਦੀ ਲਹਿਰ ਪਸਰ ਗਈ ਹੈ।

ਮ੍ਰਿਤਕਾਂ ਦੀ ਪਛਾਣ ਮੁਤਾਬਕ ਸਭ ਤੋਂ ਵੱਧ ਨੁਕਸਾਨ ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਨੂੰ ਹੋਇਆ ਹੈ। ਛੱਤੀਸਗੜ੍ਹ ਦੇ 5 ਮਜ਼ਦੂਰ (ਸਕਤੀ, ਜਾਂਜਗੀਰ ਅਤੇ ਰਾਏਗੜ੍ਹ ਦੇ ਨਿਵਾਸੀ), ਪੱਛਮੀ ਬੰਗਾਲ ਦੇ 5 ਮਜ਼ਦੂਰ, ਝਾਰਖੰਡ ਦੇ 3 ਮਜ਼ਦੂਰ, ਬਿਹਾਰ ਦੇ 2 ਮਜ਼ਦੂਰ, ਉੱਤਰ ਪ੍ਰਦੇਸ਼ ਦੇ 2 ਮਜ਼ਦੂਰ ਦੀ ਇਸ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ।

ਕਿਵੇਂ ਵਾਪਰਿਆ ਹਾਦਸਾ?

ਜਾਣਕਾਰੀ ਅਨੁਸਾਰ ਇਹ ਧਮਾਕਾ ਮੰਗਲਵਾਰ ਦੁਪਹਿਰ ਨੂੰ ਸਿੰਘੀਤਰਾਈ ਪਿੰਡ ਵਿੱਚ ਸਥਿਤ ਪਲਾਂਟ ਦੀ ਇੱਕ ਸਟੀਲ ਟਿਊਬ ਵਿੱਚ ਹੋਇਆ। ਇਹ ਟਿਊਬ ਬੋਆਇਲਰ ਤੋਂ ਟਰਬਾਈਨ ਤੱਕ ਬਹੁਤ ਤੇਜ਼ ਦਬਾਅ ਵਾਲੀ ਭਾਫ਼ (Steam) ਲੈ ਕੇ ਜਾ ਰਹੀ ਸੀ। ਹਾਦਸੇ ਵਿੱਚ ਜ਼ਖ਼ਮੀ ਹੋਏ ਹੋਰ 17 ਮਜ਼ਦੂਰਾਂ ਦਾ ਰਾਏਪੁਰ ਅਤੇ ਰਾਏਗੜ੍ਹ ਦੇ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।

ਮੁੱਖ ਮੰਤਰੀ ਵੱਲੋਂ ਸਖ਼ਤ ਜਾਂਚ ਦੇ ਹੁਕਮ ਅਤੇ ਮੁਆਵਜ਼ੇ ਦਾ ਐਲਾਨ

ਮੁੱਖ ਮੰਤਰੀ ਵਿਸ਼ਣੂ ਦੇਵ ਸਾਇ ਨੇ ਬਿਲਾਸਪੁਰ ਡਿਵੀਜ਼ਨ ਦੇ ਕਮਿਸ਼ਨਰ ਨੂੰ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਥਾਨਕ ਐਸ.ਡੀ.ਐਮ. (SDM) ਨੂੰ 30 ਦਿਨਾਂ ਦੇ ਅੰਦਰ ਮੈਜਿਸਟ੍ਰੇਟ ਜਾਂਚ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਪੀੜਤ ਪਰਿਵਾਰਾਂ ਲਈ ਸਰਕਾਰ ਅਤੇ ਕੰਪਨੀ ਵੱਲੋਂ ਵੱਡੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।

ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਸਰਕਾਰੀ ਮਦਦ।ਵੇਦਾਂਤਾ ਕੰਪਨੀ ਵੱਲੋਂ ਮ੍ਰਿਤਕਾਂ ਦੇ ਹਰ ਪਰਿਵਾਰ ਨੂੰ 35 ਲੱਖ ਰੁਪਏ ਮੁਆਵਜ਼ਾ ਅਤੇ ਰੁਜ਼ਗਾਰ ਵਿੱਚ ਮਦਦ। ਜ਼ਖ਼ਮੀਆਂ ਨੂੰ 15 ਲੱਖ ਰੁਪਏ ਦਿੱਤੇ ਜਾਣਗੇ ਅਤੇ ਠੀਕ ਹੋਣ ਤੱਕ ਉਨ੍ਹਾਂ ਦੀ ਪੂਰੀ ਸੈਲਰੀ (ਤਨਖਾਹ) ਜਾਰੀ ਰਹੇਗੀ।

ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਨਾਮ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਰਿਤੇਸ਼ ਕੁਮਾਰ, ਅੰਮ੍ਰਿਤ ਲਾਲ ਪਟੇਲ, ਠੰਡਾਰਾਮ ਲਹਿਰੇ ਅਤੇ ਹੋਰ ਸ਼ਾਮਲ ਹਨ। ਰਾਜ ਸਰਕਾਰ ਨੇ ਜ਼ਖ਼ਮੀਆਂ ਦੇ ਮੁਫ਼ਤ ਅਤੇ ਵਧੀਆ ਇਲਾਜ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨLH

 

BREAKING- Punjab ‘ਚ ਵੱਡੀ ਵਾਰਦਾਤ; ਕੱਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ

 

Punjab ‘ਚ ਵੱਡੀ ਵਾਰਦਾਤ: ਕੱਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ

ਕਾਰ ਧਵਾਉਣ ਵੇਲੇ ਕੱਪੜਾ ਵਪਾਰੀ ਨੂੰ ਘੇਰ ਕੇ ਅਣਪਛਾਤੇ ਹਮਲਾਵਰਾਂ ਨੇ ਮਾਰੀਆਂ ਗੋਲੀਆਂ

ਧਰਮਕੋਟ (ਮੋਗਾ), 15 ਅਪ੍ਰੈਲ 2026:

ਮੋਗਾ ਜ਼ਿਲ੍ਹੇ ਦੇ ਕਸਬਾ ਧਰਮਕੋਟ ਵਿੱਚ ਅੱਜ ਦਿਨ-ਦਿਹਾੜੇ ਕਤਲ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ 29 ਸਾਲਾ ਕੱਪੜਾ ਵਪਾਰੀ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਗੈਰੀ ਵਜੋਂ ਹੋਈ ਹੈ, ਜੋ ਧਰਮਕੋਟ ਵਿੱਚ ਕੱਪੜੇ ਦੀ ਦੁਕਾਨ ਚਲਾਉਂਦਾ ਸੀ।

ਕਾਰ ਧਵਾਉਣ ਵੇਲੇ ਘੇਰ ਕੇ ਮਾਰੀਆਂ ਗੋਲੀਆਂ

ਮਿਲੀ ਜਾਣਕਾਰੀ ਅਨੁਸਾਰ, ਗੈਰੀ ਆਪਣੀ ਕਾਰ ਵਾਸ਼ (ਧਵਾਉਣ) ਕਰਵਾਉਣ ਲਈ ਇੱਕ ਸਰਵਿਸ ਸਟੇਸ਼ਨ ‘ਤੇ ਗਿਆ ਹੋਇਆ ਸੀ। ਇਸੇ ਦੌਰਾਨ ਹੀ ਅਚਾਨਕ ਅਣਪਛਾਤੇ ਹਮਲਾਵਰਾਂ ਨੇ ਗੈਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਗੋਲੀਆਂ ਲੱਗਣ ਕਾਰਨ ਗੈਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ।

ਕੱਪੜਾ ਵਪਾਰੀ ਦੇ ਹੋਏ ਇਸ ਕਤਲ ਕਾਰਨ ਪੂਰੇ ਧਰਮਕੋਟ ਇਲਾਕੇ ਵਿੱਚ ਸੋਗ ਅਤੇ ਸਹਿਮ ਦਾ ਮਾਹੌਲ ਹੈ। ਗੈਰੀ ਕੱਪੜਾ ਵਪਾਰੀ ਵਜੋਂ ਇਲਾਕੇ ਵਿੱਚ ਕਾਫ਼ੀ ਜਾਣਿਆ-ਪਛਾਣਿਆ ਸੀ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹ ਇਨਸਾਫ਼ ਦੀ ਮੰਗ ਕਰ ਰਹੇ ਹਨ।

ਦੁਜੇ ਪਾਸੇ, ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦਾ ਸੁਰਾਗ ਲਗਾਇਆ ਜਾ ਸਕੇ।

 

Punjab News: ਸਰਕਾਰੀ ਹਸਪਤਾਲਾਂ ਦੇ ਖੁੱਲ੍ਹਣ ਦਾ ਸਮਾਂ ਬਦਲਿਆ

 

ਸਰਕਾਰੀ ਹਸਪਤਾਲਾਂ ਦਾ ਸਮਾਂ ਬਦਲਿਆ, ਹੁਣ ਸਵੇਰੇ 8 ਵਜੇ ਖੁੱਲ੍ਹਣਗੇ

ਰਜਿਸਟਰੇਸ਼ਨ ਕਾਊਂਟਰ ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ

Punjab News, 15 ਅਪ੍ਰੈਲ 2026:

ਪੰਜਾਬ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦੇ ਸਮੇਂ ਵਿੱਚ 16 ਅਪ੍ਰੈਲ (ਵੀਰਵਾਰ) ਤੋਂ ਤਬਦੀਲੀ ਹੋ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਹੁਣ ਸਵੇਰੇ 8 ਵਜੇ ਖੁੱਲ੍ਹਣਗੀਆਂ ਅਤੇ ਦੁਪਹਿਰ 2 ਵਜੇ ਬੰਦ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਹਸਪਤਾਲਾਂ ਵਿਚਲੇ ਰਜਿਸਟਰੇਸ਼ਨ ਕਾਊਂਟਰ ਹਸਪਤਾਲ ਖੁੱਲ੍ਹਣ ਦੇ ਨਿਯਤ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ ਤਾਂ ਕਿ ਪਰਚੀ ਬਣਾਉਣ ਸਮੇਂ ਮਰੀਜ਼ਾਂ ਦੀਆਂ ਕਤਾਰਾਂ ਨਾ ਲੱਗ ਸਕਣ ਅਤੇ ਮਰੀਜ਼ ਆਪਣੀ ਜਾਂਚ ਤੇ ਇਲਾਜ ਦਾ ਕੰਮ ਆਰਾਮ ਨਾਲ ਸਮੇਂ ਸਿਰ ਕਰਵਾ ਸਕਣ।

ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਹੀ 24 ਘੰਟੇ ਜਾਰੀ ਰਹਿਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਵਲ ਸਰਜਨ ਦਫ਼ਤਰ ਅਤੇ ਹਸਪਤਾਲਾਂ ਅੰਦਰਲੇ ਦਫ਼ਤਰਾਂ ਦੇ ਕੰਮ ਦਾ ਸਮਾਂ ਪਹਿਲਾਂ ਵਾਂਗ ਹੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ, ਜਿਸ ਵਿਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲਾਂ ਦਾ ਗਰਮੀਆਂ ਦਾ ਸਮਾਂ (16 ਅਪ੍ਰੈਲ ਤੋਂ 15 ਅਕਤੂਬਰ) ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਹੁੰਦਾ ਹੈ ਜਦਕਿ ਸਰਦੀਆਂ ਦਾ ਸਮਾਂ (16 ਅਕਤੂਬਰ ਤੋਂ 15 ਅਪ੍ਰੈਲ) ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੁੰਦਾ ਹੈ।

 

 

Education Opinion: ਵਿਦਿਆਰਥੀ ਵਰਗ ਦੀ ਕਲਾਸਾਂ ਲਗਾਉਣ ਦੀ ਘੱਟਦੀ ਰੁਚੀ ਇੱਕ ਵੱਡੀ ਚੁਣੌਤੀ

 

Education Opinion: ਵਿਦਿਆਰਥੀ ਵਰਗ ਦੀ ਕਲਾਸਾਂ ਲਗਾਉਣ ਦੀ ਘੱਟਦੀ ਰੁਚੀ ਇੱਕ ਵੱਡੀ ਚੁਣੌਤੀ

ਡਾ. ਸਤਿੰਦਰ ਸਿੰਘ

Education Opinion: ਮੌਜੂਦਾ ਸਮਾ ਸਿੱਖਿਆ ਦੇ ਖੇਤਰ ਵਿੱਚ ਤਬਦੀਲੀਆਂ ਦਾ ਦੌਰ ਹੈ। ਇਸ ਸਮੇਂ ਸਿੱਖਿਆ ਪ੍ਰਣਾਲੀ ਅਨੇਕਾਂ ਚੁਨੌਤੀਆਂ ਦਾ ਸਾਹਮਣਾ ਕਰ ਰਹੀ ਹੈ। ਜਿਨਾਂ ਵਿੱਚ ਇੱਕ ਮਹੱਤਵਪੂਰਨ ਸਮੱਸਿਆ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਵੱਧਦੀ ਗੈਰ ਹਾਜ਼ਰੀ , ਜੋ ਹੁਣ ਵੱਧ ਕੇ ਡੰਮੀ ਦਾਖਲੇ ਦਾ ਰੂਪ ਧਾਰਨ ਕਰ ਚੁੱਕੀ ਹੈ । ਡੰਮੀ ਦਾਖਲੇ ਤੋਂ ਭਾਵ ਵਿਦਿਆਰਥੀ ਕਿਸੇ ਵਿਦਿਅਕ ਸੰਸਥਾ ਵਿੱਚ ਕੇਵਲ ਨਾਮ ਮਾਤਰ ਤੋਰ ਤੇ ਹੀ ਦਾਖਲਾ ਲੈਂਦਾ ਹੈ । ਪਰ ਰੈਗੂਲਰ ਜਮਾਤਾਂ ਨਹੀਂ ਲਗਾਉਂਦਾ ਹੈ, ਸਿਰਫ ਪ੍ਰੀਖਿਆ ਦੇਣ ਲਈ ਹੀ ਜਾਂਦਾ ਹੈ।

ਇਸ ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਪੰਜਾਬ ਨੇ ਨਿਵੇਕਲੀ ਪਹਿਲ ਕਦਮੀ ਕਰਦਿਆਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਗੈਰ ਹਾਜ਼ਰੀ ਨੂੰ ਘੱਟ ਕਰਨ ਅਤੇ ਰੋਜ਼ਾਨਾ ਹਾਜ਼ਰੀ ਦੀ ਸੁਚੱਜੀ ਨਿਗਰਾਨੀ ਕਰਨ ਲਈ ਈ -ਪੰਜਾਬ ਪੋਰਟਲ ਅਧੀਨ ਹਾਜ਼ਰੀ ਮੋਡਿਊਲ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਜਿਸ ਤਹਿਤ ਸਕੂਲ ਮੁਖੀਆਂ ਵੱਲੋਂ ਸਕੂਲ ਲੱਗਣ ਦੇ 02 ਘੰਟੇ ਦੇ ਅੰਦਰ ਅੰਦਰ ਪੋਰਟਲ ਤੇ ਵਿਦਿਆਰਥੀਆਂ ਦੀ ਹਾਜ਼ਰੀ ਮੁਕੰਮਲ ਕੀਤੀ ਜਾਵੇ। ਗੈਰ ਹਾਜ਼ਰ ਵਿਦਿਆਰਥੀਆਂ ਦੀ ਸੂਚਨਾ ਫੋਨ ਰਾਹੀਂ ਤੇ ਐਸਐਮਐਸ ਰਾਹੀਂ ਉਹਨਾਂ ਦੇ ਮਾਪਿਆਂ/ ਸਰਪ੍ਰਸਤਾਂ ਤੱਕ ਪਹੁੰਚੇਗੀ ।ਲੰਬੇ ਸਮੇਂ ਤੋਂ ਗੈਰ ਹਾਜ਼ਰੀ ਦੇ ਮਾਮਲਿਆਂ ਵਿੱਚ ਮਾਪਿਆਂ ਨਾਲ ਸਮੇਂ ਸਮੇਂ ਤੇ ਸੰਪਰਕ ਕੀਤਾ ਜਾਵੇਗਾ। ਅਜਿਹੇ ਫੈਸਲੇ ਸੰਜੀਦਗੀ ਨਾਲ ਲਾਗੂ ਹੁੰਦੇ ਹਨ ਤਾਂ ਇਸ ਨਾਲ ਵਿਦਿਆਰਥੀਆਂ ਦੀ ਵੱਧਦੀ ਗੈਰ ਹਾਜ਼ਰੀ ਦੇ ਰੁਝਾਨ ਨੂੰ ਜਿਥੇ ਨੱਥ ਪਵੇਗੀ , ਉੱਥੇ ਸਿੱਖਿਆ ਦੇ ਗੁਣਾਤਮਕ ਵਿਕਾਸ ਅਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਿੱਚ ਵੀ ਸਹਾਈ ਹੋਵੇਗੀ।

ਮੌਜੂਦਾ ਦੌਰ ਵਿੱਚ ਵਿਦਿਆਰਥੀ ਸਕੂਲ ਅਤੇ ਕਾਲਜਾਂ ਦੀਆਂ ਜਮਾਤਾਂ ਤੋਂ ਦੂਰੀ ਬਣਾ ਰਿਹਾ ਹੈ ।ਇਹ ਸਮੱਸਿਆ ਕੋਵਿਡ -19 ਦੀ ਮਹਾਂਮਾਰੀ ਤੋਂ ਬਾਅਦ ਜਿਆਦਾ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ । ਉਸ ਸਮੇਂ ਮਜਬੂਰੀ ਵੱਸ ਸ਼ੁਰੂ ਕੀਤੀ ਆਨਲਾਈਨ ਪੜ੍ਹਾਈ ਅੱਜ ਸਕੂਲ ਕਾਲਜਾਂ ਦੇ ਇੱਕ ਬਦਲ ਵਜੋਂ ਉਭਰ ਰਹੀ ਹੈ। ਵਿਦਿਆਰਥੀ ਵਰਗ ਸਵੈ ਕੇਂਦਰਿਤ ਹੋ ਰਿਹਾ ਹੈ। ਉਸ ਦਾ ਮੁੱਖ ਉਦੇਸ਼ ਕਿਤਾਬੀ ਗਿਆਨ ਹਾਸਲ ਕਰਕੇ, ਪ੍ਰੀਖਿਆ ਵਿੱਚ ਵੱਧ ਤੋਂ ਵੱਧ ਅੰਕ ਹਾਸਲ ਕਰਨਾ ਜਾਂ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਕੇ ਚੰਗੀ ਨੌਕਰੀ ਹਾਸਿਲ ਕਰਕੇ ਆਰਥਿਕ ਸਥਿਤੀ ਮਜਬੂਤ ਕਰਨ ਤੱਕ ਸੀਮਤ ਹੋ ਚੁੱਕਿਆ ਹੈ।

ਜਦ ਕਿ ਸਿੱਖਿਆ ਦਾ ਅਰਥ ਬਹੁਤ ਵਿਸ਼ਾਲ ਹੈ, ਜਿਸ ਵਿੱਚ ਵਿਦਿਆਰਥੀ ਦਾ ਸਰਵ ਪੱਖੀ ਵਿਕਾਸ ਅਰਥਾਤ ਸਰੀਰਕ, ਮਾਨਸਿਕ, ਭਾਵਨਾਤਮਕ, ਸਮਾਜਿਕ ਅਤੇ ਨੈਤਿਕ ਵਿਕਾਸ ਸ਼ਾਮਲ ਹੈ। ਸਿੱਖਿਆ ਮਨੁੱਖ ਦਾ ਵਿਵਹਾਰ ਬਦਲਣ ਵਾਲਾ ਵਿਗਿਆਨ ਹੈ। ਸਿੱਖਿਆ ਮਨੁੱਖੀ ਜੀਵਨ ਦੀ ਮਜਬੂਤ ਨੀਂਹ ਹੈ । ਸਕੂਲ ਅਤੇ ਕਾਲਜ ਇਸ ਨੀਂਹ ਨੂੰ ਮਜਬੂਤ ਬਣਾਉਣ ਵਾਲੇ ਸਰਵ ਉੱਚ ਕੇਂਦਰ ਹਨ। ਰੈਗੂਲਰ ਜਮਾਤਾਂ ਲਗਾਉਣਾ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਲਈ ਬੇਹੱਦ ਜਰੂਰੀ ਹੈ। ਰੈਗੂਲਰ ਹਾਜ਼ਰੀ ਵਿਦਿਆਰਥੀ ਲਈ ਵਰਦਾਨ ਹੈ । ਇਸ ਦੇ ਉਨਾਂ ਨੂੰ ਅਨੇਕਾਂ ਮਹੱਤਵਪੂਰਨ ਲਾਭ ਮਿਲਦੇ ਹਨ, ਜੋ ਉਨਾਂ ਦੇ ਭਵਿੱਖ ਨੂੰ ਉਜਵੱਲ ਬਣਾਉਂਦੇ ਹਨ । ਜਮਾਤ ਵਿੱਚ ਵਿਦਿਆਰਥੀ ਆਪਣੇ ਅਧਿਆਪਕ ਦੇ ਸਿੱਧਾ ਸੰਪਰਕ ਵਿੱਚ ਹੁੰਦਾ ਹੈ ।

ਜਿਸ ਨਾਲ ਉਹ ਆਪਣੀਆਂ ਸਮੱਸਿਆਵਾਂ ਅਤੇ ਸ਼ੰਕਾਵਾਂ ਦਾ ਤੁਰੰਤ ਹੱਲ ਲੱਭ ਸਕਦਾ ਹੈ। ਵਿਸ਼ੇ ਨੂੰ ਗਹਿਰਾਈ ਨਾਲ ਸਮਝਣਾ ਅਤੇ ਲਗਾਤਾਰ ਸਿੱਖਣ ਨਾਲ ਹੀ ਉਸਦੇ ਬੁਨਿਆਦੀ ਸੰਕਲਪ ਮਜਬੂਤ ਹੁੰਦੇ ਹਨ। ਜਮਾਤ ਵਿੱਚੋਂ ਹੀ ਵਿਦਿਆਰਥੀ ਸਮੇਂ ਦੀ ਕਦਰ, ਸਮਾਂ ਪ੍ਰਬੰਧਨ, ਜਿੰਮੇਵਾਰੀ ਦੀ ਭਾਵਨਾ, ਧੀਰਜ ਅਤੇ ਅਨੁਸ਼ਾਸਨ ਵਰਗੇ ਕੀਮਤੀ ਗੁਣ ਗ੍ਰਹਿਣ ਕਰਦਾ ਹੈ। ਜੋ ਸਾਰੀ ਜ਼ਿੰਦਗੀ ਉਸਦੇ ਕੰਮ ਆਉਂਦੇ ਹਨ । ਰੈਗੂਲਰ ਜਮਾਤਾਂ ਜਿੱਥੇ ਵਿਦਿਆਰਥੀ ਨੂੰ ਪ੍ਰੀਖਿਆ ਵਿੱਚ ਚੰਗੇ ਨਤੀਜੇ ਦਿੰਦੇ ਹਨ, ਉੱਥੇ ਉਸ ਵਿੱਚ ਸੰਚਾਰ ਹੁਨਰ ,ਸਮਾਜਿਕ ਰਿਸ਼ਤਿਆਂ ਦੀ ਮਹੱਤਤਾ, ਸਹਿਯੋਗ ,ਸਨਮਾਨ ਅਤੇ ਜਿੰਮੇਵਾਰੀ ਵਰਗੇ ਮੁੱਲ ਵੀ ਪ੍ਰਾਪਤ ਕਰਦਾ ਹੈ। ਜਿਸ ਨਾਲ ਉਸ ਦਾ ਆਤਮ ਵਿਸ਼ਵਾਸ ਵੀ ਵੱਧਦਾ ਹੈ। ਸਕੂਲ /ਕਾਲਜਾਂ ਦੀਆਂ ਵੱਖ ਵੱਖ ਲੈਬੋਰਟਰੀਆਂ ,ਖੇਡ ਦੇ ਮੈਦਾਨ ਸਹਿਪਾਠੀ ਗਤੀਵਿਧੀਆਂ ਵਿਦਿਆਰਥੀ ਜੀਵਨ ਦੇ ਵਿਕਾਸ ਦਾ ਕੇਂਦਰ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਰੈਗੂਲਰ ਜਮਾਤਾਂ ਲਗਾਉਣਾ ਵਿਦਿਆਰਥੀ ਦੀ ਸਫਲਤਾ ਦੀ ਕੁੰਜੀ ਹੈ ,ਜੋ ਵਿਦਿਆਰਥੀ ਦੀ ਸਿਰਫ ਅਕਾਦਮਿਕ ਤਰੱਕੀ ਹੀ ਨਹੀਂ ,ਬਲਕਿ ਉਸਦੇ ਚਰਿੱਤਰ ਨਿਰਮਾਣ ਅਤੇ ਭਵਿੱਖ ਨੂੰ ਵੀ ਮਜਬੂਤ ਬਣਾਉਂਦੀ ਹੈ।

ਰੈਗੂਲਰ ਜਮਾਤਾਂ ਦੀ ਇੰਨੀ ਵੱਡੀ ਮਹੱਤਤਾ ਹੋਣ ਦੇ ਬਾਵਜੂਦ ਵੀ ਦੁੱਖ ਦੀ ਗੱਲ ਹੈ ਕਿ ਵਿਦਿਆਰਥੀ ਵਰਗ ਵਿੱਚ ਸਕੂਲਾਂ ਅਤੇ ਕਾਲਜਾਂ ਦੀਆਂ ਜਮਾਤਾਂ ਤੋਂ ਦੂਰ ਰਹਿਣ ਦੀ ਪ੍ਰਵਿਰਤੀ ਲਗਾਤਾਰ ਵੱਧ ਰਹੀ ਹੈ। ਇਹ ਰੁਝਾਨ ਸਿਰਫ ਵਿਅਕਤੀਗਤ ਪੱਧਰ ਤੇ ਹੀ ਨਹੀਂ ਸਗੋਂ ਸਮਾਜਿਕ ,ਬੋਧਿਕ ਅਤੇ ਸਰੀਰਕ ਪੱਧਰ ਤੇ ਵੀ ਨੁਕਸਾਨ ਦੇਹ ਸਾਬਿਤ ਹੋ ਰਿਹਾ ਹੈ ।

ਇਸ ਰੁਝਾਨ ਦੇ ਵੱਧਨ ਦੇ ਕਈ ਕਾਰਨ ਹਨ। ਮੁਕਾਬਲੇ ਦੀਆਂ ਪ੍ਰੀਖਿਆਵਾਂ ਜਿਵੇਂ ਜੇ ਈ ਈ, ਨੀਟ ,ਐਨ ਡੀ ਏ, ਕਲੈਟ, ਆਈਲੈਟਸ ਆਦਿ ਦੀ ਤਿਆਰੀ ਲਈ ਵਿਦਿਆਰਥੀ ਕੋਚਿੰਗ ਸੈਂਟਰਾਂ ਵੱਲ ਵੱਧ ਰਹੇ ਹਨ । ਸਕੂਲਾ ਅਤੇ ਕਾਲਜਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ। ਕੋਚਿੰਗ ਅਕੈਡਮੀਆਂ ਸਾਡੇ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਵੱਧ ਫੁੱਲ ਰਹੀਆਂ ਹਨ। ਜੇ ਇਹਨਾਂ ਵਿੱਚ ਪੜ੍ਦੇ ਬੱਚਿਆਂ ਦੀ ਸਫਲਤਾ ਦੀ ਪ੍ਰਤੀਸ਼ਤਤਾ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਹਨਾਂ ਦੇ ਇਸ਼ਤਿਹਾਰਾਂ ਦੇ ਉਲਟ ਸਥਿਤੀ ਸਾਹਮਣੇ ਆ ਸਕਦੀ ਹੈ।

ਇਹਨਾਂ ਮੁਕਾਬਲੇ ਦੀ ਪ੍ਰੀਖਿਆਵਾਂ ਵਿੱਚ ਵੱਧਦਾ ਮੁਕਾਬਲਾ ਵੀ ਚਿੰਤਾ ਦਾ ਵਿਸ਼ਾ ਹੈ । ਮੈਡੀਕਲ ਖੇਤਰ ਦੀ ਪ੍ਰਮੁੱਖ ਨੀਟ ਪ੍ਰੀਖਿਆ ਲਈ ਸਾਲ 2025 ਵਿੱਚ 22.70 ਲੱਖ ਵਿਦਿਆਰਥੀਆਂ ਨੇ ਅਪਲਾਈ ਕੀਤਾ ,ਜਿਸ ਵਿੱਚੋਂ ਸਿਰਫ 1.18 ਲੱਖ ਵਿਦਿਆਰਥੀਆਂ ਨੂੰ ਹੀ ਦੇਸ਼ ਦੇ 702 ਮੈਡੀਕਲ ਕਾਲਜਾਂ ਵਿੱਚ ਐਮ ਬੀ ਬੀ ਐਸ ਵਿੱਚ ਦਾਖਲਾ ਮਿਲ ਸਕਿਆ, ਉਹਨਾਂ ਵਿੱਚੋਂ ਵੀ 60 ਪ੍ਰਤੀਸ਼ਤ ਨੇ 70 ਲੱਖ ਤੋਂ 01 ਕਰੋੜ ਰੁਪਏ ਤੱਕ ਦੀ ਫੀਸ ਨਾਲ ਪ੍ਰਾਈਵੇਟ ਕਾਲਜਾਂ ਤੋਂ ਡਿਗਰੀ ਮੁਕੰਮਲ ਕਰਨੀ ਹੈ। ਸਾਲ 2026 ਦੇ ਜੇ ਈ ਈ ਮੇਨ ਟੈਸਟ ਲਈ 13.50 ਲੱਖ ਵਿਦਿਆਰਥੀਆਂ ਨੇ ਦੇਸ਼ ਦੇ 23 ਆਈ ਆਈ ਟੀ ਸੰਸਥਾਵਾਂ ਦੀਆਂ 18 ਹਜ਼ਾਰ ਸੀਟਾਂ ਲਈ ਅਪਲਾਈ ਕੀਤਾ।

ਇਸੇ ਤਰ੍ਹਾਂ ਸਾਲ 2025 ਵਿੱਚ ਐਨ ਡੀ ਏ ਦੀ ਪ੍ਰੀਖਿਆ ਲਈ 06 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਅਪਲਾਈ ਕੀਤਾ ,ਜਿਸ ਵਿੱਚੋਂ ਸਿਰਫ 735 ਵਿਦਿਆਰਥੀ ਨੂੰ ਹੀ ਸਫਲਤਾ ਮਿਲੀ। ਇਹਨਾਂ ਪ੍ਰੀਖਿਆਵਾਂ ਲਈ ਇੰਨਾ ਜ਼ਬਰਦਸਤ ਮੁਕਾਬਲਾ ਹੀ ਵਿਦਿਆਰਥੀ ਵਰਗ ਵਿੱਚ ਤਨਾਅ ਪੈਦਾ ਕਰ ਰਿਹਾ ਹੈ। ਉਸੇ ਲਈ ਵਿਦਿਆਰਥੀ ਅਤੇ ਮਾਪੇ ਕੁਝ ਵੀ ਕਰਨ ਲਈ ਤਿਆਰ ਹਨ। ਵਿਦਿਆਰਥੀ ਸਕੂਲਾਂ ਦੀ ਪੜ੍ਹਾਈ ਨੂੰ ਸਮੇਂ ਦੀ ਬਰਬਾਦੀ ਦੱਸਦੇ ਹਨ। ਉਹ ਕੋਚਿੰਗ ਕੇਂਦਰਾਂ ਅਤੇ ਘਰ ਵਿੱਚ ਸੈਲਫ ਸਟੱਡੀ ਉੱਪਰ 14 ਤੋਂ 18 ਘੰਟੇ ਤੱਕ ਬਤੀਤ ਕਰਦੇ ਹਨ । ਪ੍ਰੈਕਟੀਕਲ ਅਤੇ ਸਕਿਲ ਅਧਾਰਤ ਪੜਾਈ ਦੀ ਥਾਂ ਤੇ ਰੱਟੇਬਾਜ਼ੀ ਤੇ ਜ਼ੋਰ ਦਿੱਤਾ ਜਾਂਦਾ ਹੈ। ਦੇਸ਼ ਦੀ ਕੋਚਿੰਗ ਹੱਬ ਵਜੋਂ ਜਾਣੇ ਜਾਂਦੇ ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚ ਉਜਵੱਲ ਭਵਿੱਖ ਦੀ ਕਾਮਨਾ ਲੈ ਕੇ ਹਰ ਸਾਲ 02 ਲੱਖ ਤੋਂ ਵੱਧ ਵਿਦਿਆਰਥੀ ਪਹੁੰਚਦੇ ਹਨ । ਜਿਨ੍ਹਾਂ ਵਿੱਚੋਂ ਕੁਝ ਪ੍ਰਤੀਸ਼ਤ ਹੀ ਸਫਲਤਾ ਹਾਸਲ ਕਰਕੇ ਮੁੜਦੇ ਹਨ।

ਕੁਝ ਵਿਦਿਆਰਥੀ ਤਾਂ ਮਿਹਨਤ ਕਰਨ ਦੇ ਬਾਵਜੂਦ ,ਘਰ ਤੋਂ ਦੂਰ ਰਹਿ ਕੇ ਲੱਖਾਂ ਰੁਪਏ ਲਗਾ ਕੇ ਵੀ ਸਫਲ ਨਹੀਂ ਹੁੰਦੇ ਜਾ ਪੜ੍ਹਾਈ ਦੋਰਾਨ ਕੜੇ ਮੁਕਾਬਲੇ ਦਾ ਸਾਹਮਣਾ ਨਹੀਂ ਕਰ ਪਾਉਂਦੇ ਤਾਂ ਉਹ ਆਪਣੀ ਜੀਵਨ ਲੀਲਾ ਤੱਕ ਸਮਾਪਤ ਕਰਨ ਵਰਗਾ ਗੰਭੀਰ ਕਦਮ ਚੁੱਕ ਲੈਂਦੇ ਹਨ। ਜਿਸ ਸਿੱਖਿਆ ਨੂੰ ਮਨੁੱਖ ਦਾ ਵਿਵਹਾਰ ਬਦਲਣ ਵਾਲਾ ਵਿਗਿਆਨ ਕਿਹਾ ਜਾਂਦਾ ਹੈ, ਉਸ ਸਿੱਖਿਆ ਨੂੰ ਗ੍ਰਹਿਣ ਕਰਦੇ ਵਿਦਿਆਰਥੀ ਤਨਾਅ ਵਿੱਚ ਪਹੁੰਚ ਕੇ ਜੀਵਨ ਖਤਮ ਕਰਨ ਬਾਰੇ ਸੋਚ ਲੈਂਦੇ ਹਨ। ਇਸ ਗੰਭੀਰ ਸਮੱਸਿਆ ਪ੍ਰਤੀ ਸੰਜੀਦਗੀ ਨਾਲ ਸੋਚਣ ਦਾ ਸਮਾਂ ਹੈ।

ਇਹ ਸਮੱਸਿਆ ਕਾਲਜਾਂ ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕਰਦੇ ਵਿਦਿਆਰਥੀਆਂ ਵਿੱਚ ਵੀ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਦੇਸ਼ ਦੇ ਸਭ ਤੋਂ ਕਠਿਨ ਪ੍ਰੀਖਿਆ ਵੱਜੋਂ ਜਾਣੀ ਜਾਂਦੀ ਯੂ ਪੀ ਐਸ ਸੀ ਲਈ ਆਈ ਏ ਐਸ ਅਤੇ ਆਈ ਪੀ ਐਸ ਬਨਣ ਦੇ ਚਾਹਵਾਨ 9.50 ਲੱਖ ਦੇ ਕਰੀਬ ਨੌਜਵਾਨ ਅਪਲਾਈ ਕਰਦੇ ਹਨ , ਜਦਕਿ ਚੋਣ ਸਿਰਫ 900 ਤੋਂ 1000 ਤੱਕ ਦੀ ਹੀ ਹੁੰਦੀ ਹੈ । ਦੇਸ਼ ਵਿੱਚ ਇਸ ਪ੍ਰੀਖਿਆ ਦੀ ਤਿਆਰੀ ਲਈ ਕੋਚਿੰਗ ਵਪਾਰ ਸਲਾਨਾ 3000 ਕਰੋੜ ਤੋਂ ਉੱਪਰ ਪਹੁੰਚ ਚੁੱਕਿਆ ਹੈ।

ਦੇਸ਼ ਵਿੱਚ ਆਈ ਡਿਜੀਟਲ ਕ੍ਰਾਂਤੀ ਦੇ ਕਾਰਨ ਵੀ ਵਿਦਿਆਰਥੀਆਂ ਦਾ ਧਿਆਨ ਭੰਗ ਹੋ ਰਿਹਾ ਹੈ । ਜਿਸ ਡਿਜੀਟਲ ਕ੍ਰਾਂਤੀ ਨੇ ਵਿਦਿਆਰਥੀ ਵਰਗ ਲਈ ਵਰਦਾਨ ਬਣਨਾ ਸੀ, ਉਹ ਸਰਾਪ ਬਣ ਰਹੀ ਹੈ । ਮੋਬਾਇਲ ਫੋਨ ਦੀ ਬੇਲੋੜੀ ਵਰਤੋ ,ਸੋਸ਼ਲ ਮੀਡੀਆ, ਆਨਲਾਈਨ ਗੇਮ, ਆਨਲਾਈਨ ਚੈਟਿੰਗ ਅਤੇ ਅਨੇਕਾਂ ਇੰਟਰਨੈੱਟ ਐਪ ਵਿਦਿਆਰਥੀ ਦਾ ਕਾਫੀ ਸਮਾਂ ਖਾ ਰਹੇ ਹਨ। ਜਿਸ ਕਾਰਨ ਉਹ ਪੜ੍ਹਾਈ ਅਤੇ ਕਲਾਸਾਂ ਤੋਂ ਦੂਰ ਹੋ ਰਹੇ ਹਨ।

ਮਾਪਿਆਂ ਵੱਲੋਂ ਘੱਟਦੀ ਨਿਗਰਾਨੀ ਅਤੇ ਬੱਚਿਆਂ ਨੂੰ ਦਿੱਤੀ ਜਾਂਦੀ ਖੁੱਲ ਅਤੇ ਵੱਧ ਪੈਸਾ ਵੀ ਇਸ ਸਮੱਸਿਆ ਵਿੱਚ ਵਾਧਾ ਕਰ ਰਹੇ ਹਨ। ਸਿੱਖਿਆ ਦਾ ਵਪਾਰੀਕਰਨ ਵੱਧਣ ਦੇ ਕਾਰਨ ਕੁਝ ਵਿਦਿਅਕ ਸੰਸਥਾਵਾਂ ਵੀ ਇਸ ਸਮੱਸਿਆ ਨੂੰ ਗੰਭੀਰ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ। ਇਹਨਾਂ ਸੰਸਥਾਵਾਂ ਵਿੱਚ ਸਿੱਖਿਆ ਦੀ ਗੁਣਵੱਤਾ ਦੀ ਘਾਟ , ਰੈਗੂਲਰ ਜਮਾਤਾਂ ਦਾ ਨਾਂ ਲੱਗਣਾ, ਅਨੁਸ਼ਾਸਨ ਦੀ ਕਮੀ ਅਤੇ ਯੋਗ ਸਟਾਫ ਦਾ ਨਾ ਹੋਣਾ ਵਿਦਿਆਰਥੀਆਂ ਨੂੰ ਕੋਚਿੰਗ ਸੈਂਟਰਾਂ ਵੱਲ ਜਾਣ ਲਈ ਮਜਬੂਰ ਕਰਦਾ ਹੈ।

ਵਿਦਿਆਰਥੀ ਵਰਗ ਨੂੰ ਵਿਦਿਅਕ ਸੰਸਥਾਵਾਂ ਨਾਲ ਜੋੜਨ ਲਈ ਸਭ ਤੋਂ ਪਹਿਲਾਂ ਤਾਂ ਪੜ੍ਹਾਈ ਨੂੰ ਰੋਚਕ ਬਣਾਉਣਾ ਹੋਵੇਗਾ, ਵਿਦਿਆਰਥੀਆਂ ਦੀ ਰੁਚੀ ਅਨੁਸਾਰ ਸਹਿਪਾਠੀ ਗਤੀਵਿਧੀਆਂ ਸੁਚੱਜੇ ਢੰਗ ਨਾਲ ਆਯੋਜਿਤ ਕੀਤੀਆਂ ਜਾਣ,ਸਿੱਖਿਆ ਲਈ ਉਚਿਤ ਅਤੇ ਸੁਚੱਜਾ ਵਾਤਾਵਰਨ ਪੈਦਾ ਕਰਨਾ ਹੋਵੇਗਾ। ਵਿਦਿਆਰਥੀਆਂ ਦੀਆਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਕਦਮ ਚੁੱਕਣੇ ਪੈਣਗੇ ,ਅਧਿਆਪਕ ਨੂੰ ਵਿਦਿਆਰਥੀ ਨਾਲ ਦੋਸਤਾਨਾ ਅਤੇ ਮਾਰਗ ਦਰਸ਼ਕ ਵਾਲਾ ਵਤੀਰਾ ਰੱਖਣਾ ਹੋਵੇਗਾ, ਕੋਚਿੰਗ ਸੈਂਟਰਾਂ ਅਤੇ ਸਕੂਲਾਂ ਅਤੇ ਕਾਲਜਾਂ ਦੀ ਪੜ੍ਹਾਈ ਵਿੱਚ ਸੰਤੁਲਨ ਬਣਾਉਣਾ ਬੇਹੱਦ ਜਰੂਰੀ ਹੈ।

ਆਨਲਾਈਨ ਸਿੱਖਿਆ ਕਦੇ ਵੀ ਅਧਿਆਪਕ ਦਾ ਬਦਲ ਨਹੀਂ ਹੋ ਸਕਦੀ। ਵੱਖ-ਵੱਖ ਸਿੱਖਿਆ ਬੋਰਡਾਂ ਵੱਲੋਂ 75 ਪ੍ਰਤੀਸ਼ਤ ਵਿਦਿਆਰਥੀਆਂ ਦੀ ਹਾਜ਼ਰੀ ਲਾਜ਼ਮੀ ਦੇ ਨਿਯਮ ਨੂੰ ਸਖਤੀ ਨਾਲ ਲਾਗੂ ਕਰਨਾ ਪਵੇਗਾ। ਇਸ ਗੰਭੀਰ ਸਮੱਸਿਆ ਦੇ ਹੱਲ ਲਈ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਸਰਕਾਰ ਸਭ ਨੂੰ ਮਿਲ ਕੇ ਯਤਨ ਕਰਨੇ ਪੈਣਗੇ । ਜੇ ਅਸੀਂ ਸਮੇਂ ਸਿਰ ਇਸ ਸਮੱਸਿਆ ਨੂੰ ਨਹੀਂ ਲੱਭਿਆ ਤਾਂ ਇਹ ਸਾਡੀ ਸਿੱਖਿਆ ਪ੍ਰਣਾਲੀ ਅਤੇ ਭਵਿੱਖੀ ਪੀੜੀ ਲਈ ਘਾਤਕ ਸਾਬਤ ਹੋ ਸਕਦੀ ਹੈ।


ਡਾ. ਸਤਿੰਦਰ ਸਿੰਘ
ਸਟੇਟ ਅਤੇ ਨੈਸ਼ਨਲ ਅਵਾਰਡੀ
ਧਵਨ ਕਲੋਨੀ, ਫਿਰੋਜ਼ਪੁਰ ਸ਼ਹਿਰ
9815427554

 

ਤਨਖਾਹ-ਕਮਿਸ਼ਨ ਦੇ ਬਕਾਏ ਦੀ ਅਦਾਇਗੀ ਦਾ ਮਸਲਾ; ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀ ਨੀਅਤ ‘ਤੇ ਚੁੱਕੇ ਸਵਾਲ

 

ਤਨਖਾਹ-ਕਮਿਸ਼ਨ ਦੇ ਬਕਾਏ ਦੀ ਅਦਾਇਗੀ ਦਾ ਮਸਲਾ; ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀ ਨੀਅਤ ‘ਤੇ ਚੁੱਕੇ ਸਵਾਲ

IHRMS ਪੋਰਟਲ ‘ਚ ਤਕਨੀਕੀ ਖ਼ਰਾਬੀ ਕਾਰਨ ਡੀ.ਡੀ.ਓ. ਖ਼ੱਜਲ-ਖੁਆਰ

ਨਵਾਂਸ਼ਹਿਰ, 15 ਅਪ੍ਰੈਲ 2026: ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਸਾਲ 2016 ਤੋਂ ਬਣਦੇ ਬਕਾਏ (ਏਰੀਅਰ) ਦੀ ਅਦਾਇਗੀ ਨੂੰ ਲੈ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਵਿੱਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਬਾਵਜੂਦ IHRMS (ਸਰਕਾਰੀ ਮੁਲਾਜ਼ਮਾਂ ਦੇ ਤਨਖਾਹ ਪੋਰਟਲ) ਵਿੱਚ ਲੋੜੀਂਦੀ ਤਕਨੀਕੀ ਵਿਵਸਥਾ ਨਾ ਹੋਣ ਕਾਰਨ ਵੱਖ-ਵੱਖ ਵਿਭਾਗਾਂ ਦੇ ਡੀ.ਡੀ.ਓ. (DDO) ਬਿੱਲ ਤਿਆਰ ਕਰਨ ਵਿੱਚ ਅਸਮਰੱਥ ਹਨ।

ਕੀ ਹੈ ਪੂਰਾ ਮਾਮਲਾ?

ਵਿੱਤ ਵਿਭਾਗ ਪੰਜਾਬ ਸਰਕਾਰ ਨੇ 18 ਫਰਵਰੀ 2025 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਅਨੁਸਾਰ, 1 ਜਨਵਰੀ 2016 ਤੋਂ 30 ਜੂਨ 2021 ਦਰਮਿਆਨ ਸੇਵਾ ਮੁਕਤ ਹੋਏ ਪੈਨਸ਼ਨਰਾਂ ਅਤੇ ਮੌਜੂਦਾ ਮੁਲਾਜ਼ਮਾਂ ਨੂੰ ਬਕਾਏ ਦੀ ਅਦਾਇਗੀ ਕੀਤੀ ਜਾਣੀ ਸੀ।

ਇਹ ਅਦਾਇਗੀ ਅਪ੍ਰੈਲ 2026 ਤੋਂ ਮਾਰਚ 2027 ਤੱਕ 12 ਮਹੀਨਾਵਾਰ ਕਿਸ਼ਤਾਂ ਵਿੱਚ ਹੋਣੀ ਤੈਅ ਹੋਈ ਸੀ। ਜਿੱਥੇ 2016 ਤੋਂ ਪਹਿਲਾਂ ਦੇ ਪੈਨਸ਼ਨਰਾਂ ਨੂੰ ਬਕਾਏ ਮਿਲ ਰਹੇ ਹਨ, ਉੱਥੇ ਹੀ ਮੌਜੂਦਾ ਮੁਲਾਜ਼ਮਾਂ ਲਈ ਪੋਰਟਲ ਰੁਕਾਵਟ ਬਣਿਆ ਹੋਇਆ ਹੈ।

ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਆਗੂ ਹਰਮਿੰਦਰ ਸਿੰਘ ਉੱਪਲ, ਵਿਨੈ ਕੁਮਾਰ ਅਤੇ ਚੰਦਰ ਸ਼ੇਖਰ ਨੇ ਦੱਸਿਆ ਕਿ ਅਪ੍ਰੈਲ ਦਾ ਅੱਧਾ ਮਹੀਨਾ ਬੀਤ ਜਾਣ ਦੇ ਬਾਵਜੂਦ ਪੋਰਟਲ ‘ਤੇ ਏਰੀਅਰ ਬਿੱਲ ਬਣਾਉਣ ਦੀ ਸੁਵਿਧਾ ਚਾਲੂ ਨਹੀਂ ਹੋਈ।

ਜਦੋਂ ਡੀ.ਡੀ.ਓ. ਬਿੱਲ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਸਿਸਟਮ 1 ਜੁਲਾਈ 2021 ਤੋਂ ਪਹਿਲਾਂ ਦਾ ਡਾਟਾ ਸਵੀਕਾਰ ਨਹੀਂ ਕਰ ਰਿਹਾ ਅਤੇ ‘Error’ ਦਿਖਾ ਰਿਹਾ ਹੈ।

ਮੁਲਾਜ਼ਮ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਆਨੇ-ਬਹਾਨੇ ਬਕਾਏ ਦੇਣ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ, ਤਾਂ ਸਾਫਟਵੇਅਰ ਵਿੱਚ ਸੋਧ ਕਰਨ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ? ਇਸ ਕਾਰਨ ਦਫ਼ਤਰੀ ਅਮਲਾ ਅਤੇ ਮੁਲਾਜ਼ਮ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।

ਹਰਮਿੰਦਰ ਸਿੰਘ ਉੱਪਲ, ਬਲਜਿੰਦਰ ਸਿੰਘ ਧਾਲੀਵਾਲ, ਗੁਰਮੀਤ ਸਿੰਘ ਭੁੱਲਰ ਅਤੇ ਹੋਰ ਆਗੂਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ, IHRMS ਪੋਰਟਲ ਵਿੱਚ ਤੁਰੰਤ ਲੋੜੀਂਦੀਆਂ ਸੋਧਾਂ ਕੀਤੀਆਂ ਜਾਣ। 1 ਜਨਵਰੀ 2016 ਤੋਂ 30 ਜੂਨ 2021 ਤੱਕ ਦੇ ਬਕਾਏ ਬਣਾਉਣ ਲਈ ਸਿਸਟਮ ਨੂੰ ਅਪਡੇਟ ਕੀਤਾ ਜਾਵੇ।

ਨੋਟੀਫਿਕੇਸ਼ਨ ਦੀਆਂ ਸ਼ਰਤਾਂ ਅਨੁਸਾਰ ਕਿਸ਼ਤਾਂ ਦੀ ਅਦਾਇਗੀ ਸਮੇਂ ਸਿਰ ਯਕੀਨੀ ਬਣਾਈ ਜਾਵੇ। ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤਕਨੀਕੀ ਰੁਕਾਵਟਾਂ ਜਲਦ ਦੂਰ ਨਾ ਕੀਤੀਆਂ ਗਈਆਂ, ਤਾਂ ਉਹ ਸੰਘਰਸ਼ ਦਾ ਰਸਤਾ ਅਪਣਾਉਣ ਲਈ ਮਜਬੂਰ ਹੋਣਗੇ।

 

ਵੱਡੀ ਖ਼ਬਰ: ਪੰਜਾਬ ‘ਚ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਲਈ ਕਿਸਾਨਾਂ ਵੱਲੋਂ 17 ਅਪ੍ਰੈਲ ਨੂੰ ‘ਰੇਲਾਂ ਰੋਕਣ’ ਦਾ ਐਲਾਨ

File Photo

 

ਕਣਕ ਦੀ ਖਰੀਦ ਸ਼ੁਰੂ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ 17 ਅਪ੍ਰੈਲ ਨੂੰ ਰੇਲਾਂ ਰੋਕਣ ਦਾ ਐਲਾਨ

ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਮੋਰਚਾ (ਚੈਪਟਰ ਪੰਜਾਬ) ਨਾਲ ਸਬੰਧਿਤ ਜਥੇਬੰਦੀਆਂ ਵੱਲੋਂ ਕੀਤਾ ਗਿਆ ਸਾਂਝਾ ਫੈਸਲਾ

ਆਜ਼ਾਦ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਨੇ ਵੀ ਕੀਤੀ ਹਮਾਇਤ,

ਕਣਕ ਦੀ ਖਰੀਦ ਤੁਰੰਤ ਸ਼ੁਰੂ ਕਰਨ ਅਤੇ ਖਰੀਦ ਨਿਯਮਾਂ ਵਿੱਚ ਢਿੱਲ ਦੇਣ ਦੀ ਕੀਤੀ ਮੰਗ।

ਪੰਜਾਬ ਭਰ ਦੀਆਂ ਕਿਸਾਨ ਜੱਥੇਬੰਦੀਆਂ ਅਤੇ ਫੋਰਮਾਂ ਨੂੰ ਇਸ ਮਸਲੇ ਤੇ ਸਾਂਝੇ ਜਾਂ ਤਾਲਮੇਲਵੇ ਐਕਸ਼ਨ ਦੀ ਕੀਤੀ ਅਪੀਲ

ਦਲਜੀਤ ਕੌਰ

ਚੰਡੀਗੜ੍ਹ, 15 ਅਪ੍ਰੈਲ, 2026: ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨਾਲ ਕਣਕ ਅਤੇ ਹੋਰ ਫਸਲਾਂ ਦੇ ਹੋਏ ਭਾਰੀ ਨੁਕਸਾਨ ਤੋਂ ਬਾਅਦ ਕਣਕ ਦੀ ਖਰੀਦ ਸ਼ੁਰੂ ਨਾ ਹੋਣ ਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸਖਤ ਨੋਟਿਸ ਲਿਆ ਹੈ। ਜਥੇਬੰਦੀਆਂ ਕਣਕ ਦੀ ਬੇਕਦਰੀ ਅਤੇ ਲੁੱਟ ਤੋਂ ਸਖਤ ਨਰਾਜ਼ ਹਨ। ਸੰਯੁਕਤ ਕਿਸਾਨ ਮੋਰਚੇ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਇਸ ਰੇਲ ਰੋਕੋ ਪ੍ਰੋਗਰਾਮ ਨੂੰ ਸਾਂਝੇ ਤੌਰ ਤੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਆਜ਼ਾਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਵੀ ਇਸ ਫੈਸਲੇ ਦੀ ਹਮਾਇਤ ਕੀਤੀ ਹੈ। ਸੋ ਜੇਕਰ ਕਣਕ ਦੇ ਖਰੀਦ ਨਿਯਮਾਂ ਵਿੱਚ ਢਿੱਲ ਦੇ ਕੇ ਕਣਕ ਦੀ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ 17 ਅਪ੍ਰੈਲ ਨੂੰ 12 ਵਜੇ ਤੋਂ 03 ਵਜੇ ਤੱਕ ਸਾਰੇ ਪੰਜਾਬ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ।

ਇਸ ਰੇਲ ਜਾਮ ਵਿੱਚ ਕਿਸਾਨ ਮਜ਼ਦੂਰ ਮੋਰਚਾ ਨਾਲ ਸਬੰਧਤ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ (ਸੁਖਵਿੰਦਰ ਸਿੰਘ ਸਭਰਾ), ਬੀਕੇਯੂ ਏਕਤਾ ਆਜ਼ਾਦ (ਜਸਵਿੰਦਰ ਸਿੰਘ ਲੌਂਗੋਵਾਲ), ਬੀਕੇਯੂ ਕ੍ਰਾਂਤੀਕਾਰੀ ( ਬਲਦੇਵ ਸਿੰਘ ਜੀਰਾ) , ਬੀਕੇਯੂ ਬਹਿਰਾਮਕੇ (ਬਲਵੰਤ ਸਿੰਘ ਬਹਿਰਾਮਕੇ), ਬੀਕੇਯੂ ਦੋਆਬਾ (ਮਨਜੀਤ ਸਿੰਘ ਰਾਏ), ਕਿਸਾਨ ਮਜ਼ਦੂਰ ਹਿੱਤਕਾਰੀ ਸਭਾ (ਓਂਕਾਰ ਸਿੰਘ ਭੰਗਾਲਾ) , ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਦਿਲਬਾਗ ਸਿੰਘ ਗਿੱਲ) , ਬੀਕੇਯੂ ਭਟੇੜੀ (ਜੰਗ ਸਿੰਘ ਭਟੇੜੀ) , ਕਿਸਾਨ ਮਜ਼ਦੂਰ ਮੋਰਚਾ ਪੰਜਾਬ (ਮਲਕੀਤ ਸਿੰਘ ਗੁਲਾਮੀ ਵਾਲਾ) ਅਤੇ ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਜਥੇਬੰਦੀਆਂ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਮਨਜੀਤ ਸਿੰਘ ਧਨੇਰ), ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਡਾਕਟਰ ਦਰਸ਼ਨ ਪਾਲ), ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਹਰਭਜਨ ਸਿੰਘ ਬੁੱਟਰ), ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ (ਬੂਟਾ ਸਿੰਘ ਸ਼ਾਦੀਪੁਰ), ਕਿਸਾਨ ਸੰਘਰਸ਼ ਕਮੇਟੀ ਪੰਜਾਬ (ਸੁਖਦੇਵ ਸਿੰਘ ਅਰਾਈਆਂਵਾਲਾ) ਅਤੇ ਕੌਮੀ ਕਿਸਾਨ ਯੂਨੀਅਨ (ਬਿੰਦਰ ਸਿੰਘ ਗੋਲੇਵਾਲਾ) ਸ਼ਾਮਿਲ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਜਥੇਬੰਦੀਆਂ ਵੀ ਇਸ ਸੱਦੇ ਦੀ ਹਮਾਇਤ ਵਿੱਚ ਨਿੱਤਰ ਸਕਦੀਆਂ ਹਨ।

ਆਗੂਆਂ ਦੱਸਿਆ ਕਿ ਆਜ਼ਾਦ ਕਿਸਾਨ ਮੋਰਚਾ ਵਿੱਚ ਸ਼ਾਮਿਲ ਜਥੇਬੰਦੀਆਂ ਨੇ ਵੀ ਇਸ ਸੱਦੇ ਦੀ ਹਮਾਇਤ ਕੀਤੀ ਹੈ। ਕਿਸਾਨ ਆਗੂਆਂ ਨੇ ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਖਤ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਹੜ੍ਹਾਂ ਦੀ ਮਾਰ ਪਈ, ਉਸ ਲਈ ਵੀ ਸਰਕਾਰਾਂ ਵੱਲੋਂ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜੀ ਗਈ ਹੈ, ਹੁਣ ਫੇਰ ਕਣਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਪੰਜਾਬ ਵਿੱਚ ਕਣਕ ਦੀ ਗੁਣਵੱਤਾ ਉੱਤੇ ਅਸਰ ਪਿਆ ਹੈ ਪਰੰਤੂ ਨਾ ਤਾਂ ਕੇਂਦਰ ਸਰਕਾਰ ਅਤੇ ਨਾਂ ਪੰਜਾਬ ਸਰਕਾਰ ਇਸ ਵਾਸਤੇ ਗੰਭੀਰ ਹਨ।

ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਰੁਲ ਰਹੀ ਹੈ। ਕਿਸਾਨਾਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਕਣਕ ਤੇ ਰੇਟ ਕੱਟ ਲਾਇਆ ਜਾ ਰਿਹਾ ਹੈ। ਰੇਲਾਂ ਦੇ ਚੱਕਾ ਜਾਮ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਕਣਕ ਦੇ ਖਰੀਦ ਨਿਯਮਾਂ ਵਿੱਚ ਢਿੱਲ ਦੇ ਕੇ ਖਰੀਦ ਤੁਰੰਤ ਸ਼ੁਰੂ ਨਾ ਕੀਤੀ ਗਈ ਤਾਂ ਇਸ ਰੇਲ ਜਾਮ ਤੋਂ ਬਾਅਦ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਅਤੇ ਕਿਸਾਨਾਂ ਲਈ ਲੋੜੀਦੀਆਂ ਸਹੂਲਤਾਂ ਜਿਵੇਂ ਵਾਸ਼ਰੂਮ ਅਤੇ ਛਾਂ ਵਗੈਰਾ ਦਾ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ।

ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦਾ ਸਾਥ ਦੇਣ। ਰੇਲਾਂ ਦਾ ਚੱਕਾ ਜਾਮ ਕਰਨਾ ਕਿਸਾਨਾਂ ਦੀ ਮਜ਼ਬੂਰੀ ਹੈ ਕਿਉਂਕਿ ਉਪਰੋਂ ਮੌਸਮ ਖਰਾਬ ਚੱਲ ਰਿਹਾ ਹੈ ਅਤੇ ਭਾਰੀ ਮਿਹਨਤ ਮੁਸ਼ੱਕਤ ਕਰਕੇ ਪੈਦਾ ਕੀਤੀ ਕਣਕ ਨੂੰ ਇਸ ਤਰ੍ਹਾਂ ਲੁਟਾਇਆ ਨਹੀਂ ਜਾ ਸਕਦਾ।

ਉਹਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਲੋਕਾਂ ਦਾ ਸਬਰ ਨਾ ਪਰਖਣ ਅਤੇ ਨਿਯਮਾਂ ਵਿੱਚ ਢਿੱਲ ਦੇ ਕੇ ਕਣਕ ਦੀ ਖਰੀਦ ਪੂਰੇ ਰੇਟ ਤੇ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਵਾਈ ਜਾਵੇ। ਇਸ ਮੌਕੇ ਆਗੂਆਂ ਵੱਲੋਂ ਪੰਜਾਬ ਭਰ ਦੀਆਂ ਸੰਘਰਸ਼ੀ ਜੱਥੇਬੰਦੀਆਂ ਨੂੰ ਕਿਸਾਨੀ ਦੀ ਇਸ ਮੁਸ਼ਕਿਲ ਮੌਕੇ ਸਾਂਝੇ ਜਾਂ ਤਾਲਮੇਲਵੇ ਐਕਸ਼ਨ ਉਲੀਕਣ ਦੀ ਅਪੀਲ ਕੀਤੀ ਗਈ।

 

Rain Alert: ਮੌਸਮ ਵਿਭਾਗ ਵੱਲੋਂ ਪੰਜਾਬ ਦੇ 9 ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈਣ ਬਾਰੇ ‘ਯੈਲੋ ਅਲਰਟ’ ਜਾਰੀ

 

Rain Alert: ਮੌਸਮ ਵਿਭਾਗ ਵੱਲੋਂ ਪੰਜਾਬ ਦੇ 9 ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈਣ ਬਾਰੇ ‘ਯੈਲੋ ਅਲਰਟ’ ਜਾਰੀ

Rain Alert: ਪੰਜਾਬ ‘ਚ ਗਰਮੀ ਦਾ ਕਹਿਰ: ਪਾਰਾ 37 ਡਿਗਰੀ ਤੋਂ ਪਾਰ; 16-17 ਅਪ੍ਰੈਲ ਨੂੰ ਮੀਂਹ ਅਤੇ ਤੇਜ਼ ਹਵਾਵਾਂ ਦਾ ‘ਯੈਲੋ ਅਲਰਟ’ ਜਾਰੀ

ਚੰਡੀਗੜ੍ਹ, 15 ਅਪ੍ਰੈਲ 2026:

Rain Alert: ਪੰਜਾਬ ਵਿੱਚ ਗਰਮੀ ਨੇ ਆਪਣਾ ਪ੍ਰਕੋਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਤਾਪਮਾਨ ਵਿੱਚ 1.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਵੱਧ ਤੋਂ ਵੱਧ ਤਾਪਮਾਨ 37.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਹਾਲਾਂਕਿ, ਮੌਸਮ ਵਿਭਾਗ ਅਨੁਸਾਰ 17 ਅਪ੍ਰੈਲ ਤੋਂ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।

ਮੌਸਮ ਵਿਭਾਗ ਵੱਲੋਂ 9 ਜ਼ਿਲ੍ਹਿਆਂ ਲਈ ‘ਯੈਲੋ ਅਲਰਟ’ ਜਾਰੀ

ਮੌਸਮ ਵਿਭਾਗ ਨੇ ਸੂਬੇ ਦੇ 9 ਜ਼ਿਲ੍ਹਿਆਂ ਵਿੱਚ 17 ਅਤੇ 18 ਅਪ੍ਰੈਲ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਇਸ ਤਹਿਤ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। 16 ਅਪ੍ਰੈਲ ਨੂੰ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਪਟਿਆਲਾ ਰਿਹਾ ਸਭ ਤੋਂ ਗਰਮ

ਬੀਤੇ ਮੰਗਲਵਾਰ ਨੂੰ ਪਟਿਆਲਾ 37.2 ਡਿਗਰੀ ਤਾਪਮਾਨ ਨਾਲ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਦੂਜੇ ਪਾਸੇ, ਸਭ ਤੋਂ ਘੱਟ ਨਿਊਨਤਮ ਤਾਪਮਾਨ ਹੁਸ਼ਿਆਰਪੁਰ ਵਿੱਚ 14.7 ਡਿਗਰੀ ਦਰਜ ਕੀਤਾ ਗਿਆ। ਸੂਬੇ ਦੇ ਔਸਤ ਨਿਊਨਤਮ ਤਾਪਮਾਨ ਵਿੱਚ ਵੀ 1 ਡਿਗਰੀ ਦਾ ਵਾਧਾ ਹੋਇਆ ਹੈ।

ਸ਼ਹਿਰ ਵੱਧ ਤੋਂ ਵੱਧ ਤਾਪਮਾਨ ਨਿਊਨਤਮ ਤਾਪਮਾਨ
ਪਟਿਆਲਾ 37.2°C 16.6°C
ਰੂਪਨਗਰ 36.2°C
ਫਾਜ਼ਿਲਕਾ 36.1°C
ਲੁਧਿਆਣਾ 35.6°C 15.8°C
ਅੰਮ੍ਰਿਤਸਰ 34.8°C 15.9°C
ਬਠਿੰਡਾ 18.8°C

 

ਮੌਸਮ ਵਿੱਚ ਹੋਣ ਵਾਲੀ ਇਸ ਤਬਦੀਲੀ ਕਾਰਨ ਕਿਸਾਨਾਂ ਨੂੰ ਵੀ ਆਪਣੀ ਪੱਕੀ ਹੋਈ ਕਣਕ ਦੀ ਫ਼ਸਲ ਦੇ ਬਚਾਅ ਲਈ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ।

 

Punjab ‘ਚ ਵੱਡਾ ਹਾਦਸਾ; ਵਿਸਾਖੀ ਮੇਲੇ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਪਲਟੀ, 7 ਲੋਕਾਂ ਦੀ ਮੌਤ

 

Punjab ‘ਚ ਵੱਡਾ ਹਾਦਸਾ; ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 7 ਮੌਤਾਂ; ਵਿਸਾਖੀ ਮੇਲੇ ਤੋਂ ਪਰਤ ਰਹੀ ਸੀ ਸੰਗਤ

ਫ਼ਤਿਹਗੜ੍ਹ ਸਾਹਿਬ, 15 ਅਪ੍ਰੈਲ 2026:

ਫ਼ਤਿਹਗੜ੍ਹ ਸਾਹਿਬ ਦੇ ਚੁੰਨੀ-ਮੋਰਿੰਡਾ ਰੋਡ ‘ਤੇ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਮੰਦਭਾਗੀ ਘਟਨਾ ਵਿੱਚ ਹੁਣ ਤੱਕ 7 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ 20 ਦੇ ਕਰੀਬ ਲੋਕ ਜ਼ਖ਼ਮੀ ਹਨ।

ਐੱਸ.ਐੱਚ.ਓ. ਬਲਵੀਰ ਸਿੰਘ ਨੇ ਦੱਸਿਆ ਕਿ ਸਵੇਰੇ 10 ਵਜੇ ਕੰਟਰੋਲ ਰੂਮ ਤੋਂ ਹਾਦਸੇ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਬੱਸ ਦੇ ਹੇਠੋਂ ਇੱਕ ਜ਼ੋਰਦਾਰ ਆਵਾਜ਼ ਆਈ, ਜਿਵੇਂ ਬੱਸ ਦਾ ਐਕਸਲ ਟੁੱਟ ਗਿਆ ਹੋਵੇ। ਇਸ ਤੋਂ ਤੁਰੰਤ ਬਾਅਦ ਗੱਡੀ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਈ। ਬੱਸ ਵਿੱਚ ਸਵਾਰ ਲਗਭਗ 35-40 ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮੇਲੇ ਤੋਂ ਮੱਥਾ ਟੇਕ ਕੇ ਆਪਣੇ ਪਿੰਡ ਮੈਣ ਮਾਜਰੀ ਪਰਤ ਰਹੇ ਸਨ।

ਪਿੰਡ ਮੈਣ ਮਾਜਰੀ ‘ਚ ਪਸਰਿਆ ਸੋਗ

ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਇੱਕੋ ਪਿੰਡ ਮੈਣ ਮਾਜਰੀ ਦੇ ਰਹਿਣ ਵਾਲੇ ਹਨ। ਕਈ ਪਰਿਵਾਰਾਂ ਨੇ ਆਪਣੇ ਇੱਕ ਤੋਂ ਵੱਧ ਜੀਅ ਗੁਆ ਲਏ ਹਨ, ਜਿਸ ਕਾਰਨ ਮਾਹੌਲ ਬਹੁਤ ਹੀ ਗਮਗੀਨ ਹੋ ਗਿਆ ਹੈ। ਸਥਾਨਕ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵੀ ਘਟਨਾ ਸਥਾਨ ‘ਤੇ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ।

ਫ਼ਤਿਹਗੜ੍ਹ ਸਾਹਿਬ ਦੇ ਐੱਸ.ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਮ੍ਰਿਤਕਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਐੱਫ.ਐੱਸ.ਐੱਲ. (FSL) ਦੀ ਟੀਮ ਮੌਕੇ ‘ਤੇ ਪਹੁੰਚ ਕੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਹਾਦਸੇ ‘ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ, “ਇਹ ਬਹੁਤ ਹੀ ਦੁਖਦਾਈ ਘੜੀ ਹੈ। ਮੈਂ ਅਕਾਲ ਪੁਰਖ ਅੱਗੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ। ਸ਼੍ਰੋਮਣੀ ਕਮੇਟੀ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਅਤੇ ਹਰ ਸੰਭਵ ਮਦਦ ਕੀਤੀ ਜਾਵੇਗੀ।”

 

‘ਭਾਜਪਾ ਇੱਕ ਵਾਸ਼ਿੰਗ ਮਸ਼ੀਨ’! ਅਮਨ ਅਰੋੜਾ ਦਾ Modi Govt ‘ਤੇ ਤਿੱਖਾ ਹਮਲਾ- ਅਸ਼ੋਕ ਮਿੱਤਲ ‘ਤੇ ED ਦੀ ਕਾਰਵਾਈ ਨੂੰ ਦੱਸਿਆ ‘ਸਿਆਸੀ ਬਦਲਾਖੋਰੀ’

 

‘ਭਾਜਪਾ ਇੱਕ ਵਾਸ਼ਿੰਗ ਮਸ਼ੀਨ’! ਅਮਨ ਅਰੋੜਾ ਦਾ Modi ‘ਤੇ ਤਿੱਖਾ ਹਮਲਾ- ਅਸ਼ੋਕ ਮਿੱਤਲ ‘ਤੇ ED ਦੀ ਕਾਰਵਾਈ ਨੂੰ ਦੱਸਿਆ ‘ਸਿਆਸੀ ਬਦਲਾਖੋਰੀ’

ਚੰਡੀਗੜ੍ਹ, 15 ਅਪ੍ਰੈਲ 2026: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ਹੋਈ ਈਡੀ ਦੀ ਛਾਪੇਮਾਰੀ ਦੀ ਸਖ਼ਤ ਨਿਖੇਧੀ ਕੀਤੀ ਹੈ।

ਅਰੋੜਾ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਇਸ ਕਾਰਵਾਈ ਨੂੰ ਸਰਾਸਰ ‘ਸਿਆਸੀ ਬਦਲਾਖੋਰੀ’ ਕਰਾਰ ਦਿੱਤਾ।

“ਭਾਜਪਾ ਵਿੱਚ ਜਾਂਦੇ ਹੀ ਧੋਤੇ ਜਾਂਦੇ ਹਨ ਸਾਰੇ ਗੁਨਾਹ”

ਅਮਨ ਅਰੋੜਾ ਨੇ ‘ਭਾਜਪਾ ਵਾਸ਼ਿੰਗ ਮਸ਼ੀਨ’ ਵਾਲੇ ਚਰਚਿਤ ਤਨਜ਼ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵਿਰੋਧੀ ਧਿਰ ਦੇ ਆਗੂਆਂ ਨੂੰ ਡਰਾਉਣ ਲਈ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ।

ਉਨ੍ਹਾਂ ਕਿਹਾ, “ਜਿਹੜਾ ਆਗੂ ਭਾਜਪਾ ਵਿੱਚ ਸ਼ਾਮਲ ਹੋ ਜਾਂਦਾ ਹੈ, ਉਹ ਰਾਤੋ-ਰਾਤ ਭ੍ਰਿਸ਼ਟਾਚਾਰ ਮੁਕਤ ਹੋ ਜਾਂਦਾ ਹੈ ਅਤੇ ਉਸ ਵਿਰੁੱਧ ਸਾਰੀਆਂ ਜਾਂਚਾਂ ਬੰਦ ਹੋ ਜਾਂਦੀਆਂ ਹਨ। ਪਰ ਜੋ ਲੋਕ ਲੋਕਤੰਤਰ ਦੀ ਰਾਖੀ ਲਈ ਭਾਜਪਾ ਦੇ ਖ਼ਿਲਾਫ਼ ਖੜ੍ਹਦੇ ਹਨ, ਉਨ੍ਹਾਂ ਦੇ ਘਰ ਈਡੀ ਅਤੇ ਸੀਬੀਆਈ ਭੇਜ ਦਿੱਤੀ ਜਾਂਦੀ ਹੈ।”

ਅਸ਼ੋਕ ਮਿੱਤਲ ‘ਤੇ ਕਾਰਵਾਈ ਦੇ ਸਿਆਸੀ ਮਾਇਨੇ

ਮੰਤਰੀ ਅਰੋੜਾ ਨੇ ਕਿਹਾ ਕਿ ਅਸ਼ੋਕ ਮਿੱਤਲ ਇੱਕ ਸਨਮਾਨਿਤ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਵੱਡਾ ਨਾਮ ਕਮਾਇਆ ਹੈ। ਉਨ੍ਹਾਂ ਨੂੰ ਰਾਜ ਸਭਾ ਵਿੱਚ ‘ਆਪ’ ਦਾ ਡਿਪਟੀ ਲੀਡਰ ਬਣਾਏ ਜਾਣ ਤੋਂ ਬਾਅਦ ਤੁਰੰਤ ਇਹ ਕਾਰਵਾਈ ਕਰਨਾ ਸਾਬਤ ਕਰਦਾ ਹੈ ਕਿ ਭਾਜਪਾ ‘ਆਪ’ ਦੀ ਵਧਦੀ ਲੋਕਪ੍ਰਿਯਤਾ ਤੋਂ ਬੁਖਲਾ ਗਈ ਹੈ।

ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਅਜਿਹੀਆਂ ਧਮਕੀਆਂ ਨਾਲ ਆਮ ਆਦਮੀ ਪਾਰਟੀ ਦੇ ਆਗੂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੀ ਇਸ ‘ਦਬਾਅ ਵਾਲੀ ਰਾਜਨੀਤੀ’ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਇਸ ਦਾ ਮੂੰਹਤੋੜ ਜਵਾਬ ਦੇਣਗੇ।

ਦੱਸਣਯੋਗ ਹੈ ਕਿ ਅੱਜ ਸਵੇਰੇ ਹੀ ਈਡੀ ਦੀਆਂ ਟੀਮਾਂ ਵੱਲੋਂ ਅਸ਼ੋਕ ਮਿੱਤਲ ਦੇ ਜਲੰਧਰ ਸਥਿਤ ਨਿਵਾਸ ਅਤੇ ਹੋਰ ਟਿਕਾਣਿਆਂ ‘ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਫੰਡਾਂ ਨਾਲ ਸਬੰਧਤ ਮਾਮਲੇ ਵਿੱਚ ਛਾਪੇਮਾਰੀ ਕੀਤੀ ਗਈ ਹੈ।

 

AAP MP ਅਸ਼ੋਕ ਮਿੱਤਲ ‘ਤੇ ED ਦੀ ਕਾਰਵਾਈ! ਭਗਵੰਤ ਮਾਨ ਨੇ ਕਿਹਾ- ਸਾਡੀ ਪਾਰਟੀ ਦੇ ਲੀਡਰ ਡਰਨ ਵਾਲੇ ਨਹੀਂ!

 

AAP ਸਾਂਸਦ ਅਸ਼ੋਕ ਮਿੱਤਲ ‘ਤੇ ED ਦੀ ਕਾਰਵਾਈ ਮੁੱਖ ਮੰਤਰੀ ਮਾਨ ਅਤੇ ਸੰਜੇ ਸਿੰਘ ਨੇ ਭਾਜਪਾ ‘ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਜਲੰਧਰ/ਚੰਡੀਗੜ੍ਹ, 15 ਅਪ੍ਰੈਲ 2026:

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਚਾਂਸਲਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ ‘ਤੇ ਹੋਈ ਈਡੀ (ED) ਦੀ ਛਾਪੇਮਾਰੀ ਨੇ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ। ਇਸ ਕਾਰਵਾਈ ‘ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਂਸਦ ਸੰਜੇ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਪ੍ਰਤੀਕਿਰਿਆ ਦਿੱਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਛਾਪੇਮਾਰੀ ਨੂੰ ਸਿਰਫ਼ ਇੱਕ ‘ਰਾਜਨੀਤਿਕ ਕਾਰਵਾਈ’ ਕਰਾਰ ਦਿੱਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਪੋਸਟ ਕਰਦਿਆਂ ਉਨ੍ਹਾਂ ਲਿਖਿਆ, “ਅਸੀਂ ਉਹ ਪੱਤੇ ਨਹੀਂ ਜੋ ਸ਼ਾਖ ਤੋਂ ਟੁੱਟ ਕੇ ਗਿਰ ਜਾਣਗੇ, ਆਂਧੀਆਂ ਨੂੰ ਕਹਿ ਦਿਓ ਆਪਣੀ ਔਕਾਤ ਵਿੱਚ ਰਹਿਣ।” ਮਾਨ ਨੇ ਅੱਗੇ ਕਿਹਾ ਕਿ ਭਾਜਪਾ ਨੇ ਪੰਜਾਬ ਚੋਣਾਂ ਦੀ ਤਿਆਰੀ ਵਜੋਂ ਇਹ ਕਾਰਵਾਈ ਸ਼ੁਰੂ ਕੀਤੀ ਹੈ, ਕਿਉਂਕਿ ਉਹ ਸਿਆਸੀ ਤੌਰ ‘ਤੇ ਮੁਕਾਬਲਾ ਕਰਨ ਵਿੱਚ ਅਸਮਰੱਥ ਹੈ।

ਸੰਜੇ ਸਿੰਘ ਨੇ ਭਾਜਪਾ ਨੂੰ ਘੇਰਿਆ

ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿੱਥੇ ਵੀ ਚੋਣਾਂ ਹੁੰਦੀਆਂ ਹਨ, ਭਾਜਪਾ ਆਪਣੀਆਂ ਏਜੰਸੀਆਂ ਨੂੰ ਪਹਿਲਾਂ ਭੇਜ ਦਿੰਦੀ ਹੈ। ਉਨ੍ਹਾਂ ਕਿਹਾ, “ਅਸ਼ੋਕ ਮਿੱਤਲ ਦੇ ਘਰ ਛਾਪੇਮਾਰੀ ਪੰਜਾਬ ਚੋਣਾਂ ਤੋਂ ਪਹਿਲਾਂ ਦੀ ਇੱਕ ਸ਼ੁਰੂਆਤ ਹੈ।” “ਇਸ ਖੇਡ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ, ਪੰਜਾਬ ਵਿੱਚ ਭਾਜਪਾ ਬੁਰੀ ਤਰ੍ਹਾਂ ਹਾਰੇਗੀ।”

ਸੂਤਰਾਂ ਅਨੁਸਾਰ, ਇਹ ਕਾਰਵਾਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਫੰਡਾਂ ਵਿੱਚ ਕਥਿਤ ਹੇਰਾਫੇਰੀ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ। ਈਡੀ ਦੀਆਂ ਟੀਮਾਂ ਦਸਤਾਵੇਜ਼ਾਂ, ਵਿੱਤੀ ਲੈਣ-ਦੇਣ ਅਤੇ ਇਲੈਕਟ੍ਰਾਨਿਕ ਡਿਵਾਈਸਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ ਤਾਂ ਜੋ ਫੰਡਾਂ ਦੇ ਪ੍ਰਵਾਹ ਅਤੇ ਸੰਭਾਵੀ ਬੇਨਿਯਮੀਆਂ ਦਾ ਪਤਾ ਲਗਾਇਆ ਜਾ ਸਕੇ।

ਕੌਣ ਹਨ ਅਸ਼ੋਕ ਮਿੱਤਲ?

ਅਸ਼ੋਕ ਮਿੱਤਲ ਦਾ ਸਫ਼ਰ ‘ਲਵਲੀ ਸਵੀਟਸ’ ਤੋਂ ਸ਼ੁਰੂ ਹੋ ਕੇ ਦੇਸ਼ ਦੀ ਸਭ ਤੋਂ ਵੱਡੀ ਪ੍ਰਾਈਵੇਟ ਯੂਨੀਵਰਸਿਟੀ ਦੇ ਮਾਲਕ ਬਣਨ ਤੱਕ ਦਾ ਹੈ। ਜਲੰਧਰ ਵਿੱਚ ਜਨਮੇ ਅਸ਼ੋਕ ਮਿੱਤਲ ਦੇ ਪਿਤਾ ਨੇ ਮਿਠਾਈ ਦੀ ਇੱਕ ਛੋਟੀ ਦੁਕਾਨ ਤੋਂ ਸ਼ੁਰੂਆਤ ਕੀਤੀ ਸੀ, ਜਿਸ ਨੂੰ ਮਿੱਤਲ ਭਰਾਵਾਂ ਨੇ ਪੂਰੇ ਦੇਸ਼ ਵਿੱਚ ਮਸ਼ਹੂਰ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਅਸ਼ੋਕ ਮਿੱਤਲ ਨੇ 2005 ਵਿੱਚ LPU ਦੀ ਸਥਾਪਨਾ ਕੀਤੀ। ਹਾਲ ਹੀ ਵਿੱਚ ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਦੀ ਜਗ੍ਹਾ ਉਨ੍ਹਾਂ ਨੂੰ ਰਾਜ ਸਭਾ ਵਿੱਚ ਡਿਪਟੀ ਲੀਡਰ ਨਿਯੁਕਤ ਕੀਤਾ ਸੀ।