ਰੇਲਵੇ ਟਰੈਕ ਉਡਾਉਣ ਵਾਲੇ ਮ੍ਰਿਤਕ ‘ਨਿਹੰਗ ਜਗਰੂਪ’ ਪੰਜਵੜ ਬਾਰੇ ਪਿੰਡ ਵਾਸੀਆਂ ਦਾ ਨਵਾਂ ਖੁਲਾਸਾ! MP ਅੰਮ੍ਰਿਤਪਾਲ ਨਾਲ ਜੁੜੇ ਤਾਰ? ਚੋਣਾਂ ‘ਚ ਕੀਤਾ ਸੀ ਪ੍ਰਚਾਰ

 

ਰੇਲਵੇ ਟਰੈਕ ਉਡਾਉਣ ਵਾਲੇ ਮ੍ਰਿਤਕ ‘ਨਿਹੰਗ ਜਗਰੂਪ’ ਪੰਜਵੜ ਬਾਰੇ ਪਿੰਡ ਵਾਸੀਆਂ ਦਾ ਨਵਾਂ ਖੁਲਾਸਾ! MP ਅੰਮ੍ਰਿਤਪਾਲ ਨਾਲ ਜੁੜੇ ਤਾਰ? ਚੋਣਾਂ ‘ਚ ਕੀਤਾ ਸੀ ਪ੍ਰਚਾਰ

ਤਰਨ ਤਾਰਨ/ਪੰਜਵੜ 28 ਅਪ੍ਰੈਲ 2026: ਸ਼ੰਭੂ-ਅੰਬਾਲਾ ਰੇਲਵੇ ਟ੍ਰੈਕ ‘ਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਧਮਾਕੇ ਦੌਰਾਨ ਮਾਰੇ ਗਏ ਸ਼ੱਕੀ ਹਮਲਾਵਰ ਦੀ ਪਛਾਣ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪੰਜਵੜ ਦੇ ਰਹਿਣ ਵਾਲੇ ਜਗਰੂਪ ਸਿੰਘ (35 ਸਾਲ) ਵਜੋਂ ਹੋਈ ਹੈ।

ਘਟਨਾ ਤੋਂ ਬਾਅਦ ਅੱਜ ਤੜਕੇ ਪੁਲਿਸ ਨੇ ਪਿੰਡ ਪੰਜਵੜ ਵਿੱਚ ਜਗਰੂਪ ਦੇ ਘਰ ਛਾਪੇਮਾਰੀ ਕੀਤੀ ਅਤੇ ਉਸ ਦੇ ਛੋਟੇ ਭਰਾ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ।

ਪਿੰਡ ਦੇ ਸਰਪੰਚ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5:30 ਵਜੇ ਪੁਲਿਸ ਦੀਆਂ ਟੀਮਾਂ ਜਗਰੂਪ ਦੇ ਘਰ ਪਹੁੰਚੀਆਂ। ਪੁਲਿਸ ਨੇ ਘਰ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ, ਜਿਸ ਵਿੱਚ ਅਲਮਾਰੀਆਂ ਅਤੇ ਹੋਰ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।

ਹਾਲਾਂਕਿ, ਸਰਪੰਚ ਅਨੁਸਾਰ ਘਰੋਂ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ। ਪੁਲਿਸ ਜਗਰੂਪ ਦੇ ਛੋਟੇ ਭਰਾ, ਜੋ ਕਿ ਪਿੰਡ ਵਿੱਚ ਆਟਾ ਚੱਕੀ ਚਲਾ ਕੇ ਗੁਜ਼ਾਰਾ ਕਰਦਾ ਹੈ, ਨੂੰ ਆਪਣੇ ਨਾਲ ਲੈ ਗਈ ਹੈ।

ਕੌਣ ਸੀ ਜਗਰੂਪ ਸਿੰਘ?

ਪਰਿਵਾਰ ਅਤੇ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਰੂਪ ਸਿੰਘ ਦਾ ਪਿਛੋਕੜ ਕਾਫ਼ੀ ਸਾਧਾਰਨ ਰਿਹਾ ਹੈ। ਜਗਰੂਪ ਸਿੰਘ ਪੜ੍ਹਿਆ-ਲਿਖਿਆ ਸੀ ਅਤੇ ਕੁਝ ਸਮਾਂ ਦੁਬਈ ਵਿੱਚ ਵੀ ਰਹਿ ਕੇ ਆਇਆ ਸੀ।

ਪਹਿਲਾਂ ਉਹ ਸਾਧਾਰਨ ਪਹਿਰਾਵੇ ਵਿੱਚ ਸੀ, ਪਰ ਪਿਛਲੇ 5-7 ਸਾਲਾਂ ਤੋਂ ਉਹ ਨਿਹੰਗ ਸਿੰਘ ਸਜ ਗਿਆ ਸੀ ਅਤੇ ਦਲ-ਪੰਥਾਂ ਨਾਲ ਜੁੜਿਆ ਹੋਇਆ ਸੀ। ਉਸ ਨੇ ਘਰ ਵਿੱਚ ਦੋ ਘੋੜੇ ਵੀ ਰੱਖੇ ਹੋਏ ਸਨ।

ਸਰਪੰਚ ਨੇ ਦੱਸਿਆ ਕਿ ਜਗਰੂਪ ਸਿੰਘ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਕਾਫ਼ੀ ਨੇੜਲਾ ਸਾਥੀ ਸੀ ਅਤੇ ਲੋਕ ਸਭਾ ਚੋਣਾਂ ਦੌਰਾਨ ਉਸ ਨੇ ਮੂਹਰਲੀ ਕਤਾਰ ਵਿੱਚ ਹੋ ਕੇ ਚੋਣ ਪ੍ਰਚਾਰ ਦੀ ਕਮਾਂਡ ਸੰਭਾਲੀ ਸੀ।

ਜਗਰੂਪ ਦੇ ਚਾਚਾ ਅਤੇ ਸਰਪੰਚ ਨੇ ਦੱਸਿਆ ਕਿ ਪਰਿਵਾਰ ਬਹੁਤ ਭਲੇਮਾਣਸ ਹੈ ਅਤੇ ਪਿੰਡ ਵਿੱਚ ਕਦੇ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ। ਜਗਰੂਪ ਸ਼ਾਦੀਸ਼ੁਦਾ ਸੀ ਅਤੇ ਉਸ ਦੀਆਂ ਦੋ ਬੇਟੀਆਂ ਹਨ।

ਪਰਿਵਾਰ ਨੂੰ ਅਜੇ ਤੱਕ ਜਗਰੂਪ ਦੀ ਮੌਤ ਬਾਰੇ ਅਧਿਕਾਰਤ ਤੌਰ ‘ਤੇ ਨਹੀਂ ਦੱਸਿਆ ਗਿਆ, ਹਾਲਾਂਕਿ ਪੁਲਿਸ ਦੀ ਕਾਰਵਾਈ ਕਾਰਨ ਪਿੰਡ ਵਿੱਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਹੈ।

ਪਿੰਡ ਵਾਸੀਆਂ ਲਈ ਇਹ ਮੰਨਣਾ ਮੁਸ਼ਕਿਲ ਹੋ ਰਿਹਾ ਹੈ ਕਿ ਜਗਰੂਪ ਕਿਸੇ ਅਜਿਹੀ ਖ਼ਤਰਨਾਕ ਗਤੀਵਿਧੀ ਵਿੱਚ ਸ਼ਾਮਲ ਹੋ ਸਕਦਾ ਹੈ।

ਪੁਲਿਸ ਹੁਣ ਇਸ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਜਗਰੂਪ ਸਿੰਘ ਸ਼ੰਭੂ ਟ੍ਰੈਕ ਤੱਕ ਕਿਵੇਂ ਪਹੁੰਚਿਆ ਅਤੇ ਉਸ ਨੂੰ ਬੰਬ ਪਲਾਂਟ ਕਰਨ ਲਈ ਵਿਸਫੋਟਕ ਸਮੱਗਰੀ ਕਿੱਥੋਂ ਮੁਹੱਈਆ ਕਰਵਾਈ ਗਈ।

ਪਟਿਆਲਾ ਪੁਲਿਸ ਦੀਆਂ ਟੈਕਨੀਕਲ ਟੀਮਾਂ ਜਗਰੂਪ ਦੇ ਸੰਪਰਕਾਂ ਅਤੇ ਪਿਛਲੇ ਕੁਝ ਦਿਨਾਂ ਦੀਆਂ ਗਤੀਵਿਧੀਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।


ਰੇਲਵੇ ਟ੍ਰੈਕ ਨੂੰ ਨੁਕਸਾਨ ਪਹੁੰਚਾਉਣ ਦੀ ਜਗਰੂਪ ਕਰ ਰਿਹਾ ਸੀ ਕੋਸ਼ਿਸ਼, ਪਰ ਗਲਤੀ ਕਾਰਨ ਖੁਦ ਦੀ ਹੋਈ ਮੌਤ- ਸਪੈਸ਼ਲ DGP (ਰੇਲਵੇ) ਸ਼ਸ਼ੀ ਪ੍ਰਭਾ ਦਿਵੇਦੀ

ਸ਼ੰਭੂ-ਅੰਬਾਲਾ ਰੇਲ ਮਾਰਗ ‘ਤੇ ਹੋਏ ਧਮਾਕੇ ਦੀ ਜਾਂਚ ਦੌਰਾਨ ਸਪੈਸ਼ਲ DGP (ਰੇਲਵੇ) ਸ਼ਸ਼ੀ ਪ੍ਰਭਾ ਦਿਵੇਦੀ ਨੇ ਅੱਜ ਮੌਕੇ ਦਾ ਜਾਇਜ਼ਾ ਲਿਆ ਅਤੇ ਮੀਡੀਆ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਦੱਸਿਆ ਕਿ ਇਹ ਹਮਲਾ ਸਿੱਧੇ ਤੌਰ ‘ਤੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ‘ਫ੍ਰੇਟ ਕੋਰੀਡੋਰ’ (ਮਾਲ-ਗੱਡੀ ਗਲਿਆਰਾ) ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।

DGP ਦਿਵੇਦੀ ਨੇ ਦੱਸਿਆ ਕਿ ਮੌਕੇ ਤੋਂ ਮਿਲੀ ਲਾਸ਼ ਬਾਰੇ ਪੁਲਿਸ ਨੂੰ ਪੂਰਾ ਸ਼ੱਕ ਹੈ ਕਿ ਇਹ ਉਹੀ ਵਿਅਕਤੀ ਸੀ ਜੋ ਰੇਲਵੇ ਟ੍ਰੈਕ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਵਿਸਫੋਟਕ ਲਗਾਉਂਦੇ ਸਮੇਂ ਹੋਈ ਗਲਤੀ ਕਾਰਨ ਉਸ ਦੀ ਆਪਣੀ ਹੀ ਮੌਤ ਹੋ ਗਈ।

ਪੁਲਿਸ ਨੂੰ ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਜਗਰੂਪ ਸਿੰਘ ਵਾਸੀ ਪੰਜਵੜ ਵਜੋਂ ਹੋਈ ਹੈ। ਉਸ ਕੋਲੋਂ ਇੱਕ ਮੋਬਾਈਲ ਫ਼ੋਨ, ਸਿਮ ਕਾਰਡ ਅਤੇ ਰੇਲਵੇ ਟਿਕਟ ਮਿਲੀ ਹੈ।

ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। DGP ਨੇ ਮੰਨਿਆ ਕਿ ਫ੍ਰੇਟ ਕੋਰੀਡੋਰ ‘ਤੇ ਸੁਰੱਖਿਆ ਕਰਮਚਾਰੀਆਂ ਅਤੇ CCTV ਕੈਮਰਿਆਂ ਦੀ ਭਾਰੀ ਕਮੀ ਹੈ।

ਉਨ੍ਹਾਂ ਕਿਹਾ, “ਇਹ ਗਲਿਆਰਾ ਦੇਸ਼ ਦੀ ਤਰੱਕੀ ਲਈ ਬਹੁਤ ਮਹੱਤਵਪੂਰਨ ਹੈ, ਪਰ ਇੱਥੇ ਕੋਈ ਸੁਰੱਖਿਆ ਗਾਰਡ ਨਹੀਂ ਹੁੰਦਾ। ਅਸੀਂ ਉੱਚ ਪੱਧਰੀ ਬੈਠਕ ਬੁਲਾ ਕੇ ਇਹ ਯਕੀਨੀ ਬਣਾਵਾਂਗੇ ਕਿ ਕੋਰੀਡੋਰ ‘ਤੇ ਹਰ ਥੋੜ੍ਹੀ ਦੂਰੀ ‘ਤੇ ਕੈਮਰੇ ਲਗਾਏ ਜਾਣ।”

ਉਨ੍ਹਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਪੰਜਾਬ ਅਤੇ ਜੰਮੂ ਦੇ ਸੰਵੇਦਨਸ਼ੀਲ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ।

ਕਿਉਂਕਿ ਇਹ ਇੱਕ ਗੰਭੀਰ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ, ਇਸ ਲਈ ਪੂਰੀ ਸੰਭਾਵਨਾ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੀ ਇਸ ਜਾਂਚ ਵਿੱਚ ਸ਼ਾਮਲ ਹੋਵੇਗੀ।

ਪੁਲਿਸ ਇਸ ਪਹਿਲੂ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਕਿਸੇ ਇਕੱਲੇ ਵਿਅਕਤੀ ਦੀ ਕਾਰਵਾਈ ਸੀ ਜਾਂ ਇਸ ਪਿੱਛੇ ਕੋਈ ਸੰਗਠਿਤ ਖੁਫੀਆ ਤੰਤਰ ਕੰਮ ਕਰ ਰਿਹਾ ਹੈ।

DGP ਨੇ ਦੱਸਿਆ ਕਿ ਮਾਲ-ਗੱਡੀ ਦੇ ਡਰਾਈਵਰ ਨੂੰ ਇੱਕ ਜ਼ੋਰਦਾਰ ਝਟਕਾ ਮਹਿਸੂਸ ਹੋਇਆ ਸੀ, ਜਿਸ ਤੋਂ ਬਾਅਦ ਉਸ ਨੇ ਤੁਰੰਤ ਸੂਚਨਾ ਦਿੱਤੀ। ਹਾਲਾਂਕਿ ਟ੍ਰੇਨ ਨੂੰ ਕੋਈ ਸਿੱਧਾ ਨੁਕਸਾਨ ਨਹੀਂ ਪਹੁੰਚਿਆ ਹੈ।

ਪੁਲਿਸ ਨੇ ਅੰਮ੍ਰਿਤਸਰ ਤੋਂ ਲੈ ਕੇ ਸ਼ੰਭੂ ਤੱਕ ਦੇ 2 ਕਿਲੋਮੀਟਰ ਦੇ ਦਾਇਰੇ ਵਿੱਚ ਸਾਰੇ CCTV ਫੁਟੇਜ ਖੰਗਾਲਣ ਦੇ ਨਿਰਦੇਸ਼ ਦਿੱਤੇ ਹਨ। ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਵਿਸਤ੍ਰਿਤ ਪੁਲਿਸ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।