ਐਤਵਾਰ, ਮਈ 3, 2026
Home Blog Page 103

ਵੱਡੀ ਖ਼ਬਰ: ਹਸਪਤਾਲ ‘ਤੇ ਪਾਕਿਸਤਾਨ ਦਾ ਮਿਜ਼ਾਇਲ ਹਮਲਾ, 400 ਅਫ਼ਗਾਨੀ ਲੋਕਾਂ ਦੀ ਮੌਤ

 

ਵੱਡੀ ਖ਼ਬਰ: ਹਸਪਤਾਲ ‘ਤੇ ਪਾਕਿਸਤਾਨ ਦਾ ਮਿਜ਼ਾਇਲ ਹਮਲਾ, 400 ਅਫ਼ਗਾਨੀ ਲੋਕਾਂ ਦੀ ਮੌਤ

ਕਾਬੁਲ, 17 ਮਾਰਚ 2026

ਸੋਮਵਾਰ ਦੇਰ ਰਾਤ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਕੀਤੇ ਗਏ ਪਾਕਿਸਤਾਨੀ ਹਵਾਈ ਹਮਲੇ ਨੇ ਭਾਰੀ ਤਬਾਹੀ ਮਚਾਈ ਹੈ। ਅਫਗਾਨ ਸਰਕਾਰ ਦੇ ਬੁਲਾਰੇ ਹਮਦੁੱਲਾ ਫਿਤਰਤ ਦੇ ਅਨੁਸਾਰ, ਹਮਲੇ ਵਿੱਚ ਇੱਕ ਨਸ਼ਾ ਮੁਕਤੀ ਕੇਂਦਰ ਵਜੋਂ ਕੰਮ ਕਰ ਰਹੇ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਹੁਣ ਤੱਕ ਕਰੀਬ 400 ਲੋਕਾਂ ਦੀ ਮੌਤ ਹੋ ਗਈ ਹੈ। ਹਮਲੇ ਵਿਚ ਹਸਪਤਾਲ ਦਾ ਇੱਕ ਵੱਡਾ ਹਿੱਸਾ ਮਲਬੇ ਵਿੱਚ ਬਦਲ ਗਿਆ ਹੈ, ਅਤੇ ਲਗਭਗ 250 ਲੋਕ ਗੰਭੀਰ ਜ਼ਖਮੀ ਹੋਏ ਹਨ।

ਬਚਾਅ ਟੀਮਾਂ ਇਸ ਸਮੇਂ ਮਲਬੇ ਵਿੱਚੋਂ ਲਾਸ਼ਾਂ ਨੂੰ ਕੱਢਣ ਅਤੇ ਇਮਾਰਤ ਦੇ ਅੰਦਰ ਲੱਗੀ ਅੱਗ ਨੂੰ ਕਾਬੂ ਵਿੱਚ ਲਿਆਉਣ ਲਈ ਕੰਮ ਕਰ ਰਹੀਆਂ ਹਨ।

ਹਾਲਾਂਕਿ ਦੂਜੇ ਪਾਸੇ ਪਾਕਿਸਤਾਨ ਨੇ ਹਸਪਤਾਲ ‘ਤੇ ਹਮਲੇ ਦੇ ਦੋਸ਼ਾਂ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰ ਦਿੱਤਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਸੂਚਨਾ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਉਨ੍ਹਾਂ ਦੇ ਹਵਾਈ ਹਮਲਿਆਂ ਨੇ ਸਿਰਫ਼ ਅੱਤਵਾਦੀ ਟਿਕਾਣਿਆਂ ਅਤੇ ਉਨ੍ਹਾਂ ਦੇ ਹਥਿਆਰਾਂ ਦੇ ਭੰਡਾਰਾਂ ਨੂੰ ਨਿਸ਼ਾਨਾ ਬਣਾਇਆ।

ਪਾਕਿਸਤਾਨ ਦੇ ਅਨੁਸਾਰ, ਇਹ ਕਾਰਵਾਈ ਬਹੁਤ ਸਾਵਧਾਨੀ ਨਾਲ ਕੀਤੀ ਗਈ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਨਾਗਰਿਕ ਨੂੰ ਨੁਕਸਾਨ ਨਾ ਪਹੁੰਚੇ। ਉਨ੍ਹਾਂ ਨੇ ਅਫਗਾਨ ਸਰਕਾਰ ਦੇ ਦਾਅਵਿਆਂ ਨੂੰ ਝੂਠਾ ਅਤੇ ਗੁੰਮਰਾਹਕੁੰਨ ਕਰਾਰ ਦਿੱਤਾ ਹੈ।

ਪਾਕਿਸਤਾਨ ਦਾ ਦਾਅਵਾ ਹੈ ਕਿ ਉਹ ਸਿਰਫ਼ ਉਨ੍ਹਾਂ ਟਿਕਾਣਿਆਂ ਨੂੰ ਖਤਮ ਕਰ ਰਹੇ ਹਨ ਜਿਨ੍ਹਾਂ ਦੀ ਵਰਤੋਂ ਅੱਤਵਾਦੀ ਸੰਗਠਨ ਪਾਕਿਸਤਾਨ ਵਿਰੁੱਧ ਹਮਲੇ ਕਰਨ ਲਈ ਕਰ ਰਹੇ ਹਨ।

ਇਸ ਹਵਾਈ ਹਮਲੇ ਤੋਂ ਕੁਝ ਘੰਟੇ ਪਹਿਲਾਂ ਹੀ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਸਰਹੱਦ ਪਾਰ ਗੋਲੀਬਾਰੀ ਸ਼ੁਰੂ ਹੋ ਗਈ ਸੀ। ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਪਾਕਿਸਤਾਨੀ ਪਾਸਿਓਂ ਦਾਗੇ ਗਏ ਮੋਰਟਾਰ ਗੋਲੇ ਖੋਸਤ ਸੂਬੇ ਦੇ ਪਿੰਡਾਂ ਵਿੱਚ ਡਿੱਗੇ, ਜਿਸ ਵਿੱਚ ਦੋ ਬੱਚਿਆਂ ਸਮੇਤ ਚਾਰ ਲੋਕ ਮਾਰੇ ਗਏ।

ਇਸ ਦੌਰਾਨ, ਪਾਕਿਸਤਾਨ ਦਾ ਦਾਅਵਾ ਹੈ ਕਿ ਅਫਗਾਨ ਪਾਸਿਓਂ ਦਾਗੇ ਗਏ ਇੱਕ ਗੋਲੇ ਨੇ ਉਸਦੇ ਬਾਜੌਰ ਜ਼ਿਲ੍ਹੇ ਵਿੱਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਜਾਨ ਲੈ ਲਈ। ਦੋਵਾਂ ਦੇਸ਼ਾਂ ਵਿਚਕਾਰ ਚੱਲ ਰਿਹਾ ਇਹ ਟਕਰਾਅ ਕਈ ਸਾਲਾਂ ਵਿੱਚ ਆਪਣੇ ਸਭ ਤੋਂ ਘਾਤਕ ਬਿੰਦੂ ‘ਤੇ ਪਹੁੰਚ ਗਿਆ ਹੈ।

ਅਫਗਾਨਿਸਤਾਨ ਨੇ ਇਸਨੂੰ ਆਪਣੀ ਪ੍ਰਭੂਸੱਤਾ ਦੀ ਉਲੰਘਣਾ ਦੱਸਿਆ ਹੈ, ਜਦੋਂ ਕਿ ਪਾਕਿਸਤਾਨ ਇਸਨੂੰ ਆਪਣੀ ਸੁਰੱਖਿਆ ਲਈ ਇੱਕ ਜ਼ਰੂਰੀ ਉਪਾਅ ਮੰਨਦਾ ਹੈ।

ਵਧ ਰਹੇ ਤਣਾਅ ਦੇ ਵਿਚਕਾਰ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਅੱਤਵਾਦ ਵਿਰੁੱਧ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ।

ਪ੍ਰੀਸ਼ਦ ਨੇ ਅੱਤਵਾਦੀ ਗਤੀਵਿਧੀਆਂ ਦੀ ਨਿੰਦਾ ਕਰਦੇ ਹੋਏ ਅਤੇ ਅਫਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੇ ਰਾਜਨੀਤਿਕ ਮਿਸ਼ਨ ਦੇ ਆਦੇਸ਼ ਨੂੰ ਵਧਾਉਣ ਲਈ ਇੱਕ ਮਤਾ ਪਾਸ ਕੀਤਾ।

ਪਾਕਿਸਤਾਨ ਨੇ ਲਗਾਤਾਰ ਦੋਸ਼ ਲਗਾਇਆ ਹੈ ਕਿ ਅਫਗਾਨਿਸਤਾਨ ਦੀ ਧਰਤੀ ਦੀ ਵਰਤੋਂ ਸਮੂਹਾਂ – ਜਿਵੇਂ ਕਿ ਪਾਕਿਸਤਾਨੀ ਤਾਲਿਬਾਨ ਦੁਆਰਾ ਹਮਲੇ ਕਰਨ ਲਈ ਕੀਤੀ ਜਾ ਰਹੀ ਹੈ; ਹਾਲਾਂਕਿ, ਤਾਲੀਬਾਨ ਸਰਕਾਰ ਨੇ ਲਗਾਤਾਰ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਵਰਤਮਾਨ ਵਿੱਚ, ਦੋਵਾਂ ਦੇਸ਼ਾਂ ਵਿਚਕਾਰ ਸਥਿਤੀ “ਖੁੱਲ੍ਹੇ ਟਕਰਾਅ” ਵਰਗੀ ਹੈ, ਜਿਸ ਨਾਲ ਪੂਰੇ ਖੇਤਰ ਦੀ ਸਥਿਰਤਾ ‘ਤੇ ਪਰਛਾਵਾਂ ਪੈ ਰਿਹਾ ਹੈ।

Punjab ‘ਚ ਦਰਦਨਾਕ ਸੜਕ ਹਾਦਸਾ; 10ਵੀਂ ਜਮਾਤ ਦਾ ਪੇਪਰ ਦੇ ਕੇ ਵਾਪਸ ਆ ਰਹੇ ਤਿੰਨ ਵਿਦਿਆਰਥੀਆਂ ਦੀ ਮੌਤ

 

Punjab ‘ਚ ਦਰਦਨਾਕ ਸੜਕ ਹਾਦਸਾ; 10ਵੀਂ ਜਮਾਤ ਦਾ ਪੇਪਰ ਦੇ ਕੇ ਵਾਪਸ ਆ ਰਹੇ ਤਿੰਨ ਵਿਦਿਆਰਥੀਆਂ ਦੀ ਮੌਤ

ਗੁਰੂ ਕਾ ਬਾਗ ਨੇੜੇ ਦੋ ਮੋਟਰਸਾਈਕਲਾਂ ਦੀ ਹੋਈ ਜ਼ਬਰਦਸਤ ਟੱਕਰ; ਮਾਂ ਵਿਹੂਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਵੀ ਹਾਦਸੇ ਦਾ ਸ਼ਿਕਾਰ

Punjab Network

ਅਜਨਾਲਾ 16 ਮਾਰਚ 2026:

Punjab News- ਕਸਬਾ ਗੁਰੂ ਕਾ ਬਾਗ ਨੇੜੇ ਅੱਜ ਦੁਪਹਿਰੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਕਈ ਹੱਸਦੇ-ਖੇਡਦੇ ਪਰਿਵਾਰਾਂ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ ਹਨ। ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਜੈਦੀਪ ਸਿੰਘ (15) ਅਤੇ ਸਨੀ ਸਿੰਘ (15) ਆਪਣੇ ਦੋ ਹੋਰ ਦੋਸਤਾਂ ਨਾਲ ਕਿਆਂਮਪੁਰ ਸਕੂਲ ਤੋਂ ਪੇਪਰ ਦੇ ਕੇ ਮੋਟਰਸਾਈਕਲ ਰਾਹੀਂ ਵਾਪਸ ਆ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਪਿੰਡ ਸੈਂਸਰਾ ਕਪੱਤਗੜ੍ਹ ਨੇੜੇ ਇਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਦੂਜੇ ਮੋਟਰਸਾਈਕਲ ਨਾਲ ਹੋ ਗਈ, ਜਿਸ ਨੂੰ ਜਸਪਾਲ ਸਿੰਘ ਵਾਸੀ ਤੇੜਾ ਖੁਰਦ ਚਲਾ ਰਿਹਾ ਸੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲਾਂ ਦੇ ਪਰਖੱਚੇ ਉੱਡ ਗਏ।

ਇਸ ਦਰਦਨਾਕ ਸੜਕ ਹਾਦਸੇ ਵਿੱਚ ਜਸਪਾਲ ਸਿੰਘ ਪੁੱਤਰ ਗੁਰਮੇਜ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਦੋ ਹੋਰ ਨੌਜਵਾਨਾਂ ਨੇ ਹਸਪਤਾਲ ਪਹੁੰਚ ਕੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਦਿੱਤਾ।

ਹਾਲਾਂਕਿ ਇਸ ਹਾਦਸੇ ਵਿੱਚ ਤਿੰਨ ਹੋਰ ਨੌਜਵਾਨ ਜ਼ਖ਼ਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਰਪ੍ਰੀਤ ਸਿੰਘ ਨਾਮੀ ਨੌਜਵਾਨ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕੀਤਾ ਗਿਆ ਹੈ।

ਮ੍ਰਿਤਕ ਜਸਪਾਲ ਸਿੰਘ ਬਾਰੇ ਮਿਲੀ ਜਾਣਕਾਰੀ ਬਹੁਤ ਹੀ ਦੁਖਦਾਈ ਹੈ। ਉਹ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਹੁਣ ਜਸਪਾਲ ਦੇ ਜਾਣ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਦੂਜੇ ਪਾਸੇ 15 ਸਾਲਾ ਜੈਦੀਪ ਸਿੰਘ ਆਪਣੇ ਨਾਨਕੇ ਪਿੰਡ ਮੁਹਾਰ ਰਹਿ ਕੇ ਪੜ੍ਹਾਈ ਕਰ ਰਿਹਾ ਸੀ। ਥਾਣਾ ਝੰਡੇਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

ਪੁਲਿਸ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਜਨਾਲਾ ਭੇਜ ਦਿੱਤਾ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। pj

 

Education News: ਸਰਕਾਰੀ ਸਕੂਲਾਂ ‘ਚ ਅਸੀਂ 15,000 ਤੋਂ ਵੱਧ ਅਧਿਆਪਕਾਂ ਦੀ ਕੀਤੀ ਭਰਤੀ; ਭਗਵੰਤ ਮਾਨ ਦਾ ਵੱਡਾ ਦਾਅਵਾ

 

Education News: ਸਿੱਖਿਆ ਕ੍ਰਾਂਤੀ ਨੇ ਬਦਲੀ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ, ਦੇਸ਼ ਭਰ ‘ਚੋਂ ਪੰਜਾਬ ਨੰਬਰ-1- ਭਗਵੰਤ ਮਾਨ

9,000 ਸਮਾਰਟ ਕਲਾਸਰੂਮ, 15,000 ਨਵੀਆਂ ਭਰਤੀਆਂ ਅਤੇ JEE/NEET ਵਿੱਚ ਮਾਰੀਆਂ ਮੱਲਾਂ; ਮੁੱਖ ਮੰਤਰੀ ਮਾਨ ਨੇ ਗਿਣਵਾਈਆਂ ਪ੍ਰਾਪਤੀਆਂ

Punjab Network

ਚੰਡੀਗੜ੍ਹ, 16 ਮਾਰਚ 2026

ਸੰਘਰਸ਼ੀ ਬੇਰੁਜ਼ਗਾਰ ਅਧਿਆਪਕ ਦਾਅਵਾ ਕਰਦਿਆਂ ਹੋਇਆ ਭਗਵੰਤ ਮਾਨ ਸਰਕਾਰ ਉੱਪਰ ਦੋਸ਼ ਲਗਾ ਰਹੇ ਹਨ ਕਿ, ਇਸ ਸਰਕਾਰ ਨੇ ਇੱਕ ਵੀ ਨਵੀਂ ਭਰਤੀ ਨਹੀਂ ਕੀਤੀ, ਜਦੋਂਕਿ 16 ਮਾਰਚ 2026 ਨੂੰ ਪ੍ਰੈੱਸ ਕਾਨਫਰੰਸ ਕਰਦਿਆਂ ਹੋਇਆ ਸੀਐੱਮ ਮਾਨ ਨੇ ਅਧਿਆਪਕਾਂ ਦੀ ਭਰਤੀ ਬਾਰੇ ਨਵਾਂ ਹੀ ਦਾਅਵਾ ਠੋਕ ਦਿੱਤਾ।

ਉਨ੍ਹਾਂ ਕਿਹਾ ਕਿ, “ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਠੇਕੇ ‘ਤੇ ਰੱਖੇ ਅਧਿਆਪਕਾਂ ਨੂੰ ਰੈਗੂਲਰ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕਰਨ ਲਈ 15,000 ਤੋਂ ਵੱਧ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ।”

ਸਿੱਖਿਆ ਖੇਤਰ ਵਿੱਚ ਬਦਲਾਅ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਾਰਤ ਸਰਕਾਰ ਦੇ ਸਰਵੇਖਣ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲ ਹੁਣ ਪੜ੍ਹਾਈ ਵਿੱਚ ਦੇਸ਼ ਵਿੱਚੋਂ ਪਹਿਲੇ ਸਥਾਨ ‘ਤੇ ਹਨ।”

ਉਨ੍ਹਾਂ ਅੱਗੇ ਕਿਹਾ, “ਸਰਕਾਰੀ ਸਕੂਲ ਵਿੱਚ ਹੁਣ ਕੋਈ ਵੀ ਬੱਚਾ ਫਰਸ਼ ‘ਤੇ ਨਹੀਂ ਬੈਠਦਾ, ਕਿਉਂਕਿ ਇਕ ਲੱਖ ਤੋਂ ਵੱਧ ਡੈਸਕ ਦਿੱਤੇ ਗਏ ਹਨ ਤਾਂ ਜੋ ਹਰ ਵਿਦਿਆਰਥੀ ਸਨਮਾਨ ਨਾਲ ਪੜ੍ਹ ਸਕੇ।”

ਸਿੱਖਿਆ ਕ੍ਰਾਂਤੀ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “ਸਰਕਾਰੀ ਸਕੂਲਾਂ ਵਿੱਚ ਡਿਜੀਟਲ ਕ੍ਰਾਂਤੀ ਹੇਠ 9,000 ਤੋਂ ਵੱਧ ਸਮਾਰਟ ਕਲਾਸਰੂਮ ਅਤੇ 5,000 ਕੰਪਿਊਟਰ ਲੈਬ ਖੋਲ੍ਹੇ ਗਏ ਹਨ, ਜਿਸ ਨਾਲ ਪੰਜਾਬ ਭਰ ਦੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਮਿਲ ਰਹੀ ਹੈ।”

ਉਨ੍ਹਾਂ ਅੱਗੇ ਕਿਹਾ, “ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਠੇਕੇ ‘ਤੇ ਰੱਖੇ ਅਧਿਆਪਕਾਂ ਨੂੰ ਰੈਗੂਲਰ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕਰਨ ਲਈ 15,000 ਤੋਂ ਵੱਧ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਤੇ ਅਧਿਆਪਕ ਫਿਨਲੈਂਡ, ਸਿੰਗਾਪੁਰ ਅਤੇ ਆਈ.ਆਈ.ਐਮ. ਅਹਿਮਦਾਬਾਦ ਵਿੱਚ ਵਿਸ਼ਵ ਪੱਧਰੀ ਸਿਖਲਾਈ ਪ੍ਰਾਪਤ ਕਰ ਰਹੇ ਹਨ, ਜਿਸ ਨਾਲ ਪੰਜਾਬ ਵਿੱਚ ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਮਿਲ ਰਹੀ ਹੈ।”

ਉਨ੍ਹਾਂ ਅੱਗੇ ਕਿਹਾ, “ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨ ਲਈ ਤਿਆਰ ਕੀਤਾ ਜਾ ਰਿਹਾ ਹੈ ਅਤੇ ਹਰ ਸਾਲ ਲਗਭਗ 1.5 ਲੱਖ ਕਾਲਜ ਵਿਦਿਆਰਥੀ ਕਾਰੋਬਾਰ ਅਤੇ ਹੁਨਰ ਸਿੱਖ ਰਹੇ ਹਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “ਸਰਕਾਰੀ ਸਕੂਲ ਹੁਣ ਪ੍ਰਾਈਵੇਟ ਸਕੂਲਾਂ ਨਾਲ ਮੁਕਾਬਲਾ ਕਰ ਰਹੇ ਹਨ।” ਉਨ੍ਹਾਂ ਅੱਗੇ ਕਿਹਾ, “ਸਿਰਫ਼ ਸਾਲ 2026 ਵਿੱਚ ਸਰਕਾਰੀ ਸਕੂਲਾਂ ਦੇ 305 ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ ਅਤੇ 845 ਨੇ ਨੀਟ ਪਾਸ ਕੀਤੀ।”

 

ਮੋਦੀ ਨੇ ਕੀਤਾ ਸਰੰਡਰ- ਗਾਇਬ ਹੋਇਆ ਗੈਸ ਸਿਲੰਡਰ!

 

ਨਰਿੰਦਰ ਮੋਦੀ ਨੇ ਕੀਤਾ ਸਰੰਡਰ- ਗਾਇਬ ਹੋਇਆ ਗੈਸ ਸਿਲੰਡਰ!

ਸਮ੍ਰਿਤੀ ਇਰਾਨੀ ਦਾ ‘ਸਿਲੰਡਰ ਡਾਂਸ’ ਹੁਣ ਕਿੱਥੇ ਗਿਆ? ਚੰਡੀਗੜ੍ਹ ਦੇ ਸੈਕਟਰ-17 ਵਿੱਚ ‘ਆਪ’ ਦਾ ਮੋਦੀ ਸਰਕਾਰ ਦੀ ਲੁੱਟ ਖਿਲਾਫ਼ ਉਗਰ ਪ੍ਰਦਰਸ਼ਨ

ਚੰਡੀਗੜ੍ਹ, 16 ਮਾਰਚ 2026:

“ਡਬਲ ਇੰਜਣ” ਦਾ ਦਾਅਵਾ ਕਰਨ ਵਾਲੀ ਭਾਜਪਾ ਸਰਕਾਰ ਹੁਣ ਆਮ ਜਨਤਾ ਲਈ “ਟਰਬਲ ਇੰਜਣ” ਬਣ ਚੁੱਕੀ ਹੈ। ਰਸੋਈ ਗੈਸ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਅਤੇ ਸ਼ਹਿਰ ਵਿੱਚ ਪੈਦਾ ਕੀਤੀ ਜਾ ਰਹੀ ਗੈਸ ਸਿਲੰਡਰ ਦੀ ਕਿੱਲਤ ਨੂੰ ਲੈ ਕੇ, ਅੱਜ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਨੇ ਸੈਕਟਰ-17 ਪਲਾਜ਼ਾ (ਨੀਲਮ ਸਿਨੇਮਾ ਦੇ ਸਾਹਮਣੇ) ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਹੱਲਾ ਬੋਲ ਕੀਤਾ।

ਪ੍ਰਦਰਸ਼ਨ ਵਿੱਚ ‘ਆਪ’ ਵਰਕਰਾਂ ਅਤੇ ਆਮ ਜਨਤਾ ਦਾ ਭਾਰੀ ਹਜ਼ੂਮ ਉਮੜਿਆ, ਜਿਨ੍ਹਾਂ ਨੇ “ਨਰਿੰਦਰ ਮੋਦੀ ਨੇ ਕੀਤਾ ਸਰੰਡਰ — ਗਾਇਬ ਹੋਇਆ ਗੈਸ ਸਿਲੰਡਰ” ਦੇ ਗਗਨਭੇਦੀ ਨਾਅਰਿਆਂ ਨਾਲ ਪੂਰੇ ਪਲਾਜ਼ਾ ਨੂੰ ਗੁੰਜਾ ਦਿੱਤਾ।

ਰਸੋਈ ‘ਤੇ ‘ਸਰਜੀਕਲ ਸਟ੍ਰਾਈਕ’ ਕਰ ਰਹੀ ਹੈ ਮੋਦੀ ਸਰਕਾਰ

ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ‘ਆਪ’ ਨੇਤਾਵਾਂ ਨੇ ਭਾਜਪਾ ‘ਤੇ ਸਿੱਧਾ ਅਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਿਹੜੇ ਭਾਜਪਾ ਨੇਤਾ ਵਿਰੋਧੀ ਧਿਰ ਵਿੱਚ ਰਹਿੰਦਿਆਂ 400 ਰੁਪਏ ਦੇ ਸਿਲੰਡਰ ‘ਤੇ ਸੜਕਾਂ ‘ਤੇ ਬੈਠ ਕੇ ਛਾਤੀਆਂ ਪਿੱਟਦੇ ਸਨ, ਅੱਜ ਉਹ 1000 ਪਾਰ ਕਰ ਚੁੱਕੇ ਸਿਲੰਡਰ ‘ਤੇ ਗੂੰਗੇ ਅਤੇ ਬੋਲੇ ਹੋ ਚੁੱਕੇ ਹਨ।

ਮੋਦੀ ਸਰਕਾਰ ਨੇ ਆਮ ਆਦਮੀ ਦੀ ਥਾਲੀ ਅਤੇ ਔਰਤਾਂ ਦੇ ਘਰ ਦੇ ਬਜਟ ‘ਤੇ ਸਿੱਧੀ ‘ਸਰਜੀਕਲ ਸਟ੍ਰਾਈਕ’ ਕਰ ਦਿੱਤੀ ਹੈ। ਇੱਕ ਪਾਸੇ ਮਹਿੰਗਾਈ ਨਾਲ ਜਨਤਾ ਦਾ ਲੱਕ ਟੁੱਟ ਚੁੱਕਾ ਹੈ, ਤਾਂ ਦੂਜੇ ਪਾਸੇ ਹੁਣ ਗੈਸ ਦੀ ਸਪਲਾਈ ਰੋਕ ਕੇ ਜਾਣਬੁੱਝ ਕੇ ਕਿੱਲਤ (ਆਰਟੀਫੀਸ਼ੀਅਲ ਸ਼ੌਰਟੇਜ) ਪੈਦਾ ਕੀਤੀ ਜਾ ਰਹੀ ਹੈ, ਤਾਂ ਜੋ ਪੂੰਜੀਪਤੀਆਂ ਦੀਆਂ ਜੇਬਾਂ ਭਰੀਆਂ ਜਾ ਸਕਣ।

ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਹੈ ਕਿ ਇਹ ਪ੍ਰਦਰਸ਼ਨ ਸਿਰਫ਼ ਇੱਕ ਝਾਕੀ ਹੈ। ਜੇਕਰ ਗੈਸ ਸਿਲੰਡਰ ਦੀਆਂ ਕੀਮਤਾਂ ‘ਤੇ ਤੁਰੰਤ ਲਗਾਮ ਨਾ ਲਗਾਈ ਗਈ ਅਤੇ ਸ਼ਹਿਰ ਵਿੱਚ ਸਪਲਾਈ ਵਿਵਸਥਾ ਸੁਚਾਰੂ ਨਾ ਹੋਈ, ਤਾਂ ਆਮ ਆਦਮੀ ਪਾਰਟੀ ਸੜਕਾਂ ‘ਤੇ ਉਤਰ ਕੇ ਇਸ ਅੰਦੋਲਨ ਨੂੰ ਹੋਰ ਉਗਰ ਕਰੇਗੀ ਅਤੇ ਭਾਜਪਾ ਨੇਤਾਵਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਕਰ ਦਿੱਤਾ ਜਾਵੇਗਾ।

ਇਸ ਰੋਸ ਪ੍ਰਦਰਸ਼ਨ ਵਿੱਚ ਸਾਬਕਾ ਮੇਅਰ ਕੁਲਦੀਪ ਕੁਮਾਰ, ਕੌਂਸਲਰ ਹਰਦੀਪ ਸਿੰਘ, ਜਨਰਲ ਸਕੱਤਰ ਸੰਨੀ ਔਲਖ, ਅੰਜੂ ਕਟਿਆਲ, ਯੋਗੇਸ਼ ਢੀਂਗਰਾ, ਜਸਬੀਰ ਸਿੰਘ ਲਾਡੀ, ਸ਼ਾਦਾਬ ਰਾਠੀ, ਲਲਿਤ ਮੋਹਨ, ਮੇਵਾ ਰਾਮ ਅਤੇ ਸਟੇਟ ਮੀਡੀਆ ਇੰਚਾਰਜ ਵਿਕ੍ਰਾਂਤ ਏ. ਤੰਵਰ ਮੌਜੂਦ ਰਹੇ। ਸ਼ਿਸ਼ੂਪਾਲ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਜੁਝਾਰੂ ਵਰਕਰ ਅਤੇ ਸਥਾਨਕ ਨਾਗਰਿਕ ਵੀ ਹਾਜ਼ਰ ਸਨ।

 

ਵਿਆਹ ਸਮਾਗਮ ‘ਚ ਰਸਗੁੱਲਾ ਖਾਂਦੇ ਵਿਅਕਤੀ ਦੀ ਮੌਤ

 

ਵਿਆਹ ਸਮਾਗਮ ‘ਚ ਰਸਗੁੱਲਾ ਖਾਂਦੇ ਵਿਅਕਤੀ ਦੀ ਮੌਤ

ਗਲੇ ਵਿੱਚ ਰਸਗੁੱਲਾ ਫਸਣ ਕਾਰਨ ਰੁਕਿਆ ਸਾਹ; ਖੁਸ਼ੀਆਂ ਵਾਲੇ ਘਰ ਵਿੱਚ ਪਸਰਿਆ ਮਾਤਮ

ਜਮਸ਼ੇਦਪੁਰ (ਝਾਰਖੰਡ) 16 ਮਾਰਚ 2026:

ਝਾਰਖੰਡ ਦੇ ਜਮਸ਼ੇਦਪੁਰ ਤੋਂ ਇੱਕ ਅਜਿਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਅਤੇ ਦੁਖੀ ਕਰ ਦਿੱਤਾ ਹੈ। ਬੇਲਾਜੁੜੀ ਪੰਚਾਇਤ ਦੇ ਮਲਿਅੰਤਾ ਪਿੰਡ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਉਸ ਵੇਲੇ ਚੀਕ-ਚੁਹਾੜਾ ਪੈ ਗਿਆ, ਜਦੋਂ ਰਸਗੁੱਲਾ ਖਾਂਦੇ ਸਮੇਂ ਇੱਕ ਵਿਅਕਤੀ ਦੀ ਜਾਨ ਚਲੀ ਗਈ। ਮਹਿਜ਼ ਇੱਕ ਰਸਗੁੱਲਾ ਗਲੇ ਵਿੱਚ ਫਸਣ ਕਾਰਨ 41 ਸਾਲਾ ਲਲਿਤ ਸਿੰਘ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ, ਲਲਿਤ ਸਿੰਘ ਸ਼ੁੱਕਰਵਾਰ ਰਾਤ ਕਰੀਬ ਇੱਕ ਵਜੇ ਪਿੰਡ ਵਿੱਚ ਹੀ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਗਏ ਸਨ। ਵਿਆਹ ਦਾ ਮਾਹੌਲ ਸੀ ਅਤੇ ਚਾਰੇ ਪਾਸੇ ਖੁਸ਼ੀਆਂ ਸਨ। ਲਲਿਤ ਹੋਰ ਮਹਿਮਾਨਾਂ ਦੇ ਨਾਲ ਖਾਣਾ ਖਾ ਰਹੇ ਸਨ, ਜਦੋਂ ਉਨ੍ਹਾਂ ਨੇ ਇੱਕ ਰਸਗੁੱਲਾ ਖਾਧਾ। ਉਹ ਰਸਗੁੱਲਾ ਅਚਾਨਕ ਉਨ੍ਹਾਂ ਦੇ ਗਲੇ (Food Pipe/Windpipe) ਵਿੱਚ ਜਾ ਕੇ ਫਸ ਗਿਆ।

ਰਸਗੁੱਲਾ ਗਲੇ ਵਿੱਚ ਫਸਦੇ ਹੀ ਲਲਿਤ ਨੂੰ ਸਾਹ ਲੈਣ ਵਿੱਚ ਭਾਰੀ ਤਕਲੀਫ ਹੋਣ ਲੱਗੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਪਿੱਠ ਥਪਥਪਾ ਕੇ ਅਤੇ ਹੋਰ ਤਰੀਕਿਆਂ ਨਾਲ ਰਸਗੁੱਲਾ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਹੀਂ ਮਿਲੀ।

ਦੇਖਦੇ ਹੀ ਦੇਖਦੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੋ ਗਈ। ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਤੁਰੰਤ ਐਮ.ਜੀ.ਐਮ. (MGM) ਹਸਪਤਾਲ ਲੈ ਕੇ ਪਹੁੰਚੇ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਹਸਪਤਾਲ ਦੇ ਡਾਕਟਰਾਂ ਅਨੁਸਾਰ, ਗਲੇ ਵਿੱਚ ਰਸਗੁੱਲਾ ਫਸਣ ਕਾਰਨ ਸਾਹ ਦੀ ਨਲੀ (Respiratory Tract) ਪੂਰੀ ਤਰ੍ਹਾਂ ਬਲਾਕ ਹੋ ਗਈ ਸੀ। ਇਸ ਨਾਲ ਸਰੀਰ ਵਿੱਚ ਆਕਸੀਜਨ ਦੀ ਸਪਲਾਈ ਰੁਕ ਗਈ ਅਤੇ ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਸ਼ਨੀਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਘਟਨਾ ਨੇ ਪੂਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਸ ਘਰੋਂ ਡੋਲੀ ਉੱਠਣੀ ਸੀ, ਉੱਥੇ ਹੁਣ ਮਾਤਮ ਪਸਰਿਆ ਹੋਇਆ ਹੈ। ਖੁਸ਼ੀਆਂ ਦਾ ਮਾਹੌਲ ਪਲਾਂ ਵਿੱਚ ਗ਼ਮ ਵਿੱਚ ਬਦਲ ਗਿਆ।

 

Breaking: ਪੰਜਾਬ ਵਿਧਾਨ ਸਭਾ ਵੱਲੋਂ ਦੋ ਅਹਿਮ ਬਿੱਲ ਪਾਸ, ਪੜ੍ਹੋ ਪੂਰੀ ਖ਼ਬਰ

 

ਪੰਜਾਬ ਵਿਧਾਨ ਸਭਾ ਵੱਲੋਂ ਦੋ ਅਹਿਮ ਬਿੱਲ ਪਾਸ

ਚੰਡੀਗੜ੍ਹ, 16 ਮਾਰਚ 2026- ਪੰਜਾਬ ਵਿਧਾਨ ਸਭਾ ਨੇ ਅੱਜ ਦੋ ਮਹੱਤਵਪੂਰਨ ਬਿੱਲ ਪਾਸ ਕੀਤੇ ਹਨ। ਇਨ੍ਹਾਂ ਵਿੱਚੋਂ ਪਹਿਲਾ ਬਿੱਲ ਪੰਜਾਬ ਰੈਗੂਲੇਸ਼ਨ ਆਫ਼ ਕਰੱਸ਼ਰ ਯੂਨਿਟਸ ਅਤੇ ਸਟਾਕਿਸਟ ਐਂਡ ਰਿਟੇਲਰਜ਼ (ਸੋਧ) ਬਿੱਲ, 2026, ਪੰਜਾਬ ਦੇ ਜਲ ਸਰੋਤ ਤੇ ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਪੇਸ਼ ਕੀਤਾ ਗਿਆ, ਜਿਸ ਨੂੰ ਸਦਨ ਨੇ ਬਹੁਮਤ ਨਾਲ ਪਾਸ ਕਰ ਦਿੱਤਾ।

ਦੂਜਾ ਬਿੱਲ ਸ੍ਰੀ ਗੁਰੂ ਤੇਗ ਬਹਾਦਰ ਵਰਲਡ ਕਲਾਸ ਯੂਨੀਵਰਸਿਟੀ, ਪੰਜਾਬ ਬਿੱਲ, 2026 ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਸਦਨ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ।

ਸਦਨ ਨੇ ਸਰਬਸੰਮਤੀ ਨਾਲ ਇੱਕ ਹੋਰ ਅਹਿਮ ਮਤਾ ਵੀ ਪਾਸ ਕੀਤਾ, ਜਿਸ ਵਿੱਚ ਕੇਂਦਰ ਸਰਕਾਰ ਨੂੰ ਉੱਘੇ ਦਲਿਤ ਨੇਤਾ ਅਤੇ ਸਮਾਜ ਸੁਧਾਰਕ ਸਾਹਿਬ ਸ੍ਰੀ ਕਾਂਸ਼ੀ ਰਾਮ ਨੂੰ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਭਾਰਤ ਰਤਨ ਦੇਣ ਦੀ ਸਿਫਾਰਸ਼ ਕੀਤੀ ਗਈ।

ਸਦਨ ਨੇ ਵਿਰੋਧੀ ਧਿਰ ਦੇ ਨੇਤਾ (ਐਲ.ਓ.ਪੀ.) ਪ੍ਰਤਾਪ ਸਿੰਘ ਬਾਜਵਾ ਦੁਆਰਾ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ ਕੀਤੀਆਂ ਗਈਆਂ ਅਪਮਾਨਜਨਕ ਅਤੇ ਜਾਤੀਵਾਦੀ ਟਿੱਪਣੀਆਂ ਦੀ ਸਖ਼ਤ ਨਿੰਦਾ ਕਰਦਿਆਂ ਇੱਕ ਮਤਾ ਵੀ ਪਾਸ ਕੀਤਾ। ਇਹ ਮਤਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੁਆਰਾ ਪੇਸ਼ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ 11 ਰਿਪੋਰਟਾਂ, ਜਿਨ੍ਹਾਂ ਵਿੱਚ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਦੁਆਰਾ ਸਾਲ 2023-24 ਲਈ ਰਾਜ ਦੇ ਵਿੱਤ ਬਾਰੇ ਰਿਪੋਰਟ, ਮਾਰਚ 2023 ਤੱਕ ਦੇ ਵਿੱਤੀ ਵਰ੍ਹੇ ਲਈ ਸਟੇਟ ਪਬਲਿਟ ਸੈਕਟਰ ਇੰਟਰਪ੍ਰਾਈਜਜ਼ ਬਾਰੇ ਰਿਪੋਰਟ, ਮਾਰਚ 2023 ਤੱਕ ਦੇ ਵਿੱਤੀ ਵਰ੍ਹੇ ਲਈ ਰਾਜ ਦੇ ਮਾਲੀਏ ਬਾਰੇ ਰਿਪੋਰਟ ਅਤੇ ਮਾਰਚ 2023 ਤੱਕ ਦੇ ਵਿੱਤੀ ਵਰ੍ਹੇ ਲਈ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਦੀ ਇੱਕ ਹੋਰ ਰਿਪੋਰਟ ਸ਼ਾਮਲ ਹੈ।

ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਰਫਾਰਮੈਂਸ ਆਡਿਟ ਅਤੇ ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਦੁਆਰਾ ਠੋਸ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਦੀ ਰਿਪੋਰਟ, ਮਾਰਚ 2024 ਤੱਕ ਦੇ ਵਿੱਤੀ ਵਰ੍ਹੇ ਲਈ ਰਾਜ ਦੇ ਮਾਲੀਏ ਬਾਰੇ ਰਿਪੋਰਟ, ਮਾਰਚ 2024 ਤੱਕ ਦੇ ਵਿੱਤੀ ਵਰ੍ਹੇ ਲਈ ਇੱਕ ਹੋਰ ਰਿਪੋਰਟ ਅਤੇ ਮਾਰਚ 2023 ਤੱਕ ਦੇ ਵਿੱਤੀ ਵਰ੍ਹੇ ਲਈ ਸਥਾਨਕ ਸੰਸਥਾਵਾਂ ਬਾਰੇ ਰਿਪੋਰਟ ਵੀ ਪੇਸ਼ ਕੀਤੀ ਗਈ।

ਇਸ ਤੋਂ ਇਲਾਵਾ ਸਾਲ 2024-25 ਲਈ ਪੰਜਾਬ ਸਰਕਾਰ ਦੇ ਵਿੱਤ ਖਾਤੇ (ਭਾਗ-1), ਸਾਲ 2024-25 ਲਈ ਪੰਜਾਬ ਸਰਕਾਰ ਦੇ ਵਿੱਤ ਖਾਤੇ (ਭਾਗ-2) ਅਤੇ ਸਾਲ 2024-25 ਲਈ ਪੰਜਾਬ ਸਰਕਾਰ ਦੇ ਨਮਿੱਤਣ ਖਾਤੇ ਵੀ ਸਦਨ ਦੇ ਸਾਹਮਣੇ ਰੱਖੇ ਗਏ। ਇਸਦੇ ਨਾਲ ਹੀ ਬੁੱਢਾ ਦਰਿਆ ਅਤੇ ਘੱਗਰ ਦਰਿਆ ਬਾਰੇ ਚੇਅਰਮੈਨ ਕਮੇਟੀ ਦੀ ਰਿਪੋਰਟ ਵੀ ਪੇਸ਼ ਕੀਤੀ ਗਈ।

ਇਸ ਤੋਂ ਇਲਾਵਾ ਸਾਲ 2026-27 ਲਈ ਚੁਣੀਆਂ ਗਈਆਂ ਕਮੇਟੀਆਂ ਦੇ ਗਠਨ ਬਾਰੇ ਇੱਕ ਮਤਾ ਵੀ ਸਦਨ ਵਿੱਚ ਲਿਆਂਦਾ ਗਿਆ।

 

BREAKING: DC ਦਫ਼ਤਰ ਯੂਨੀਅਨ ਦੇ ਸੂਬਾ ਪ੍ਰਧਾਨ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ; ਮੁਲਾਜ਼ਮਾਂ ਨੇ ਸਰਕਾਰ ਨੂੰ ਲਲਕਾਰਿਆ

 

BREAKING: DC ਦਫ਼ਤਰ ਯੂਨੀਅਨ ਦੇ ਸੂਬਾ ਪ੍ਰਧਾਨ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ; ਮੁਲਾਜ਼ਮਾਂ ਨੇ ਸਰਕਾਰ ਨੂੰ ਲਲਕਾਰਿਆ

ਡੀ.ਸੀ. ਦਫ਼ਤਰ ਯੂਨੀਅਨ ਦੇ ਪ੍ਰਧਾਨ ਦੀ ਗ੍ਰਿਫ਼ਤਾਰੀ ਨੇ ਫੜਿਆ ਤੂਲ; ਮੁਲਾਜ਼ਮ ਵਰਗ ਵਿੱਚ ਭਾਰੀ ਰੋਸ

ਐੱਸ.ਐੱਚ.ਓ. ਜੰਡਿਆਲਾ ਗੁਰੂ ਵਿਰੁੱਧ ਕਾਰਵਾਈ ਦੀ ਮੰਗ; ਭਲਕੇ ਅੰਮ੍ਰਿਤਸਰ ‘ਚ ਹੋਵੇਗਾ ਸ਼ਕਤੀ ਪ੍ਰਦਰਸ਼ਨ

ਪੁਲਿਸ ਧੱਕੇਸ਼ਾਹੀ ਖ਼ਿਲਾਫ਼ ਅਧਿਆਪਕਾਂ ਨੇ ਖੋਲ੍ਹਿਆ ਮੋਰਚਾ; ਭਲਕੇ ਅੰਮ੍ਰਿਤਸਰ ਵਿਖੇ ਵੱਡਾ ਰੋਸ ਪ੍ਰਦਰਸ਼ਨ

ਡੀ.ਟੀ.ਐੱਫ. ਵੱਲੋਂ ਡੀ.ਸੀ. ਦਫ਼ਤਰ ਯੂਨੀਅਨ ਦੇ ਪ੍ਰਧਾਨ ਨਾਲ ਹੋਏ ਦੁਰਵਿਵਹਾਰ ਦੀ ਸਖ਼ਤ ਨਿਖੇਧੀ; ਐੱਸ.ਐੱਸ.ਪੀ. ਦਫ਼ਤਰ ਦੇ ਘਿਰਾਓ ਦਾ ਐਲਾਨ

ਅੰਮ੍ਰਿਤਸਰ/ਮਾਲੇਰਕੋਟਲਾ 16 ਮਾਰਚ 2026:

ਪੰਜਾਬ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਮੁਲਾਜ਼ਮ ਜਥੇਬੰਦੀਆਂ ਵਿਚਾਲੇ ਟਕਰਾਅ ਤੇਜ਼ ਹੋ ਗਿਆ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨੇ ‘ਦਿ ਪੰਜਾਬ ਰਾਜ ਜ਼ਿਲ੍ਹਾ (ਡੀ.ਸੀ.) ਦਫ਼ਤਰ ਯੂਨੀਅਨ’ ਦੇ ਸੂਬਾ ਪ੍ਰਧਾਨ ਤਜਿੰਦਰ ਸਿੰਘ ਨੰਗਲ ਦੀ ਗ੍ਰਿਫ਼ਤਾਰੀ ਅਤੇ ਜੰਡਿਆਲਾ ਗੁਰੂ ਪੁਲਿਸ ਵੱਲੋਂ ਕੀਤੇ ਗਏ ਕਥਿਤ ਦੁਰਵਿਵਹਾਰ ਦੇ ਵਿਰੋਧ ਵਿੱਚ ਸਰਕਾਰ ਵਿਰੁੱਧ ਝੰਡਾ ਚੁੱਕ ਲਿਆ ਹੈ।

ਡੀ.ਟੀ.ਐੱਫ. ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ, ਜੰਡਿਆਲਾ ਗੁਰੂ ਦੇ ਐੱਸ.ਐੱਚ.ਓ. ਨੇ ਸੂਬਾ ਪ੍ਰਧਾਨ ਤਜਿੰਦਰ ਸਿੰਘ ਨੰਗਲ ਦੀ ਗ੍ਰਿਫ਼ਤਾਰੀ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਾਹਮਣੇ ਨਾ ਸਿਰਫ਼ ਗਾਲੀ-ਗਲੋਚ ਕੀਤੀ, ਸਗੋਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਲੀਲ ਵੀ ਕੀਤਾ।

ਜਥੇਬੰਦੀ ਨੇ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਅਤੇ ਮੁਲਾਜ਼ਮ ਆਗੂਆਂ ਨਾਲ ਅਜਿਹਾ ਵਤੀਰਾ ਲੋਕਤੰਤਰ ਦਾ ਘਾਣ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪੁਲਿਸ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਡੀ.ਟੀ.ਐੱਫ. ਨੇ ਐਲਾਨ ਕੀਤਾ ਹੈ ਕਿ, ਡੀ.ਟੀ.ਐੱਫ. ਭਲਕੇ 17 ਮਾਰਚ ਨੂੰ ਐੱਸ.ਐੱਸ.ਪੀ. ਦਫ਼ਤਰ (ਦਿਹਾਤੀ) ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣ ਵਾਲੇ ਰੋਸ ਮੁਜ਼ਾਹਰੇ ਦਾ ਪੂਰਨ ਸਮਰਥਨ ਕਰੇਗੀ।

ਜਥੇਬੰਦੀ ਨੇ ਮੰਗ ਕੀਤੀ ਹੈ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮੁਲਾਜ਼ਮ ਆਗੂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।

ਡੀ.ਟੀ.ਐੱਫ. ਨੇ ਕਿਹਾ ਕਿ ਅੰਮ੍ਰਿਤਸਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਮੁਲਾਜ਼ਮ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ।

 

Holiday News: ਪੰਜਾਬ ‘ਚ ਲਗਾਤਾਰ 3 ਸਰਕਾਰੀ ਛੁੱਟੀਆਂ, ਪੜ੍ਹੋ ਪੂਰਾ ਵੇਰਵਾ

 

Holiday News: ਪੰਜਾਬ ‘ਚ ਲਗਾਤਾਰ 3 ਸਰਕਾਰੀ ਛੁੱਟੀਆਂ, ਪੜ੍ਹੋ ਪੂਰਾ ਵੇਰਵਾ

ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ; ਘੁੰਮਣ ਜਾਣ ਵਾਲਿਆਂ ਲਈ ਸੁਨਹਿਰੀ ਮੌਕਾ

ਜਲੰਧਰ 16 ਮਾਰਚ 2026: ਜੇਕਰ ਤੁਸੀਂ ਵੀ ਪਰਿਵਾਰ ਨਾਲ ਕਿਤੇ ਘੁੰਮਣ ਜਾਣ ਜਾਂ ਕਿਸੇ ਜ਼ਰੂਰੀ ਕੰਮ ਲਈ ਸਰਕਾਰੀ ਦਫ਼ਤਰ ਜਾਣ ਦਾ ਪਲਾਨ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ। ਪੰਜਾਬ ਵਿੱਚ ਮਾਰਚ ਦੇ ਆਉਣ ਵਾਲੇ ਹਫ਼ਤੇ ਦੌਰਾਨ ਲਗਾਤਾਰ ਤਿੰਨ ਦਿਨ ਛੁੱਟੀਆਂ ਰਹਿਣਗੀਆਂ, ਜਿਸ ਕਾਰਨ ਸਾਰੇ ਵਿੱਦਿਅਕ ਅਦਾਰੇ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।

ਲਗਾਤਾਰ ਤਿੰਨ ਛੁੱਟੀਆਂ ਦਾ ਵੇਰਵਾ

  • 21 ਮਾਰਚ (ਸ਼ਨੀਵਾਰ): ਈਦ-ਉਲ-ਫਿਤਰ ਦਾ ਪਵਿੱਤਰ ਤਿਉਹਾਰ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਗਜ਼ਟਿਡ ਛੁੱਟੀ ਐਲਾਨੀ ਗਈ ਹੈ।
  • 22 ਮਾਰਚ (ਐਤਵਾਰ): ਹਫ਼ਤਾਵਾਰੀ ਛੁੱਟੀ ਹੋਣ ਕਾਰਨ ਸਾਰੇ ਅਦਾਰੇ ਬੰਦ ਰਹਿਣਗੇ।
  • 23 ਮਾਰਚ (ਸੋਮਵਾਰ): ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਮੌਕੇ ਪੰਜਾਬ ਭਰ ਵਿੱਚ ਜਨਤਕ ਛੁੱਟੀ ਰਹੇਗੀ।

ਮਾਰਚ ਦੇ ਅਖੀਰ ਵਿੱਚ ਹੋਰ ਛੁੱਟੀਆਂ

ਮਾਰਚ ਮਹੀਨਾ ਤਿਉਹਾਰਾਂ ਅਤੇ ਛੁੱਟੀਆਂ ਨਾਲ ਭਰਿਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਛੁੱਟੀਆਂ ਹੇਠ ਲਿਖੇ ਅਨੁਸਾਰ ਹਨ:

  • 26 ਮਾਰਚ (ਵੀਰਵਾਰ): ਰਾਮ ਨੌਮੀ ਦੇ ਸ਼ੁਭ ਅਵਸਰ ‘ਤੇ ਸਰਕਾਰੀ ਛੁੱਟੀ ਰਹੇਗੀ।
  • 31 ਮਾਰਚ (ਮੰਗਲਵਾਰ): ਮਹਾਵੀਰ ਜੈਯੰਤੀ ਮੌਕੇ ਪੰਜਾਬ ਵਿੱਚ ਜਨਤਕ ਛੁੱਟੀ ਐਲਾਨੀ ਗਈ ਹੈ।

ਪ੍ਰੀਖਿਆਵਾਂ ਦੇ ਸੀਜ਼ਨ ਵਿੱਚ ਰਾਹਤ

ਜ਼ਿਕਰਯੋਗ ਹੈ ਕਿ ਇਸ ਸਮੇਂ ਸਕੂਲਾਂ ਅਤੇ ਕਾਲਜਾਂ ਵਿੱਚ ਪ੍ਰੀਖਿਆਵਾਂ ਦਾ ਦੌਰ ਚੱਲ ਰਿਹਾ ਹੈ। ਜ਼ਿਆਦਾਤਰ ਪ੍ਰੀਖਿਆਵਾਂ ਮਾਰਚ ਅਤੇ ਅਪ੍ਰੈਲ ਦੇ ਮਹੀਨੇ ਵਿੱਚ ਹੀ ਹੁੰਦੀਆਂ ਹਨ।

ਇਨ੍ਹਾਂ ਛੁੱਟੀਆਂ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਲਈ ਵਾਧੂ ਸਮਾਂ ਮਿਲੇਗਾ, ਜਦਕਿ ਦੂਜੇ ਪਾਸੇ ਲੋਕ ਲਗਾਤਾਰ ਤਿੰਨ ਦਿਨਾਂ ਦੇ ਲੰਬੇ ਵੀਕਐਂਡ (Long Weekend) ਦਾ ਫਾਇਦਾ ਉਠਾ ਕੇ ਘੁੰਮਣ-ਫਿਰਨ ਦਾ ਪ੍ਰੋਗਰਾਮ ਵੀ ਬਣਾ ਸਕਦੇ ਹਨ।

 

ਵੱਡੀ ਖ਼ਬਰ: ਖਡੂਰ ਸਾਹਿਬ ਸੀਟ ਕੀਤੀ ਜਾਵੇ ਖਾਲੀ! ਸਪੀਕਰ ਨੂੰ ਬਾਜਵਾ ਨੇ ਲਿਖੀ ਚਿੱਠੀ

 

ਪ੍ਰਤਾਪ ਸਿੰਘ ਬਾਜਵਾ ਦੀ ਸਪੀਕਰ ਨੂੰ ਚਿੱਠੀ: “ਖਡੂਰ ਸਾਹਿਬ ਵਿਧਾਨ ਸਭਾ ਸੀਟ ਤੁਰੰਤ ਖਾਲੀ ਐਲਾਨੀ ਜਾਵੇ”

ਸਜ਼ਾਯਾਫ਼ਤਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਮੈਂਬਰੀ ਰੱਦ ਕਰਨ ਦੀ ਮੰਗ; ਕਾਨੂੰਨ ਦਾ ਦਿੱਤਾ ਹਵਾਲਾ

ਚੰਡੀਗੜ੍ਹ, 16 ਮਾਰਚ 2026

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇੱਕ ਰਸਮੀ ਪੱਤਰ ਲਿਖ ਕੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਵਿਧਾਨ ਸਭਾ ਮੈਂਬਰੀ ਤੁਰੰਤ ਖਤਮ ਕਰਨ ਅਤੇ ਉਸ ਸੀਟ ਨੂੰ ਖਾਲੀ ਐਲਾਨਣ ਦੀ ਮੰਗ ਕੀਤੀ ਹੈ।

ਮਾਮਲਾ ਕੀ ਹੈ?

ਬਾਜਵਾ ਨੇ ਆਪਣੀ ਚਿੱਠੀ ਵਿੱਚ ਦੱਸਿਆ ਕਿ, ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਨੇ 12 ਸਤੰਬਰ 2025 ਨੂੰ ਇੱਕ 19 ਸਾਲਾ ਅਨੁਸੂਚਿਤ ਜਾਤੀ ਦੀ ਲੜਕੀ ਨਾਲ ਛੇੜਛਾੜ ਅਤੇ ਹਮਲੇ ਦੇ ਮਾਮਲੇ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।

ਇਸ ਮਾਮਲੇ ਵਿੱਚ ਛੇ ਪੁਲਿਸ ਮੁਲਾਜ਼ਮਾਂ ਸਮੇਤ ਦਸ ਹੋਰ ਲੋਕ ਵੀ ਦੋਸ਼ੀ ਪਾਏ ਗਏ ਸਨ। ਸੁਪਰੀਮ ਕੋਰਟ ਨੇ ਵੀ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਖੁਦ ਨੋਟਿਸ ਲਿਆ ਸੀ।

ਬਾਜਵਾ ਨੇ ‘ਲੋਕ ਪ੍ਰਤੀਨਿਧਤਾ ਐਕਟ 1951’ ਦੀ ਧਾਰਾ 8(3) ਅਤੇ ਸੁਪਰੀਮ ਕੋਰਟ ਦੇ ਲਿਲੀ ਥਾਮਸ (2013) ਦੇ ਇਤਿਹਾਸਕ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ:

ਕਾਨੂੰਨ ਮੁਤਾਬਕ ਜੇਕਰ ਕਿਸੇ ਵਿਧਾਇਕ ਨੂੰ 2 ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਹੁੰਦੀ ਹੈ, ਤਾਂ ਉਸ ਦੀ ਮੈਂਬਰੀ ਸਜ਼ਾ ਵਾਲੇ ਦਿਨ ਤੋਂ ਹੀ ਆਪਣੇ-ਆਪ ਰੱਦ ਹੋ ਜਾਂਦੀ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਲਾਲਪੁਰਾ ਵੱਲੋਂ ਉੱਪਰਲੀ ਅਦਾਲਤ ਵਿੱਚ ਪਾਈ ਗਈ ਅਪੀਲ ਉਨ੍ਹਾਂ ਦੀ ਅਯੋਗਤਾ (Disqualification) ਨੂੰ ਰੋਕ ਨਹੀਂ ਸਕਦੀ।

ਬਾਜਵਾ ਨੇ ਕਿਹਾ ਕਿ ਖਡੂਰ ਸਾਹਿਬ ਸੀਟ ਨੂੰ ਖਾਲੀ ਐਲਾਨਣਾ ਹੁਣ ਸਿਰਫ ਇੱਕ ਰਸਮੀ ਕਾਰਵਾਈ ਹੈ ਅਤੇ ਸੰਵਿਧਾਨਕ ਡਿਊਟੀ ਹੈ। ਉਨ੍ਹਾਂ ਕਿਹਾ ਕਿ ਦੇਰੀ ਕਰਨ ਨਾਲ ਲੋਕਾਂ ਦਾ ਲੋਕਤੰਤਰੀ ਪ੍ਰਣਾਲੀ ਤੋਂ ਭਰੋਸਾ ਉੱਠ ਸਕਦਾ ਹੈ।

 

ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ; ਤਨਖਾਹਾਂ ਲਈ ਬਜਟ ਦਾ ਰੋਣਾ ਰੋ ਰਿਹਾ ਵਿਭਾਗ

 

ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ; ਤਨਖਾਹਾਂ ਲਈ ਬਜਟ ਦਾ ਰੋਣਾ ਰੋ ਰਿਹਾ ਵਿਭਾਗ

“ਪ੍ਰਚਾਰ ਦੇ ਪੋਸਟਰ ਚਮਕੇ, ਪਰ ਅਧਿਆਪਕਾਂ ਦੇ ਘਰਾਂ ‘ਚ ਹਨੇਰਾ” — DTF ਦਾ ਤਿੱਖਾ ਹਮਲਾ

ਕਰਜ਼ੇ ਦੀਆਂ ਕਿਸ਼ਤਾਂ ਅਤੇ ਜ਼ੁਰਮਾਨਿਆਂ ਨੇ ਅਧਿਆਪਕਾਂ ਦਾ ਕੱਢਿਆ ਕਚੂਮਰ

ਅਧਿਆਪਕਾਂ ਦਾ ਸਰਕਾਰ ‘ਤੇ ਹੱਲਾ-ਬੋਲ: “ਇਸ਼ਤਿਹਾਰਾਂ ‘ਚ ਸਿੱਖਿਆ ਕ੍ਰਾਂਤੀ, ਪਰ ਤਨਖਾਹਾਂ ਲਈ ਬਜਟ ਖਾਲੀ”

ਤਨਖਾਹਾਂ ਨਾ ਮਿਲਣ ਕਾਰਨ ਅਧਿਆਪਕ ਆਰਥਿਕ ਤੇ ਮਾਨਸਿਕ ਤਣਾਅ ‘ਚ; DTF ਵੱਲੋਂ ਤੁਰੰਤ ਬਜਟ ਜਾਰੀ ਕਰਨ ਦੀ ਮੰਗ

ਮਾਲੇਰਕੋਟਲਾ 16 ਮਾਰਚ 2026:

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ਵਿਚਾਲੇ ਅਧਿਆਪਕ ਵਰਗ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ (DTF) ਪੰਜਾਬ ਨੇ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਦੋਸ਼ ਲਾਇਆ ਹੈ ਕਿ ਜਿੱਥੇ ਸਰਕਾਰ ਪ੍ਰਚਾਰ ‘ਤੇ ਕਰੋੜਾਂ ਰੁਪਏ ਖਰਚ ਰਹੀ ਹੈ, ਉੱਥੇ ਹੀ ਹਜ਼ਾਰਾਂ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹਾਂ ਨਸੀਬ ਨਹੀਂ ਹੋ ਰਹੀਆਂ।

ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜ਼ਿਲ੍ਹਾ ਮਾਲੇਰਕੋਟਲਾ ਦੀ ਲੀਡਰਸ਼ਿਪ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸਰਕਾਰ ਮਾਮੂਲੀ ਮਾਪੇ-ਅਧਿਆਪਕ ਮੀਟਿੰਗਾਂ ਨੂੰ ਵੀ ਵੱਡੀ ਪ੍ਰਾਪਤੀ ਵਜੋਂ ਪੇਸ਼ ਕਰਕੇ ਇਸ਼ਤਿਹਾਰਬਾਜ਼ੀ ਕਰ ਰਹੀ ਹੈ, ਪਰ ਅਧਿਆਪਕਾਂ ਦੀਆਂ ਮੁੱਢਲੀਆਂ ਲੋੜਾਂ (ਤਨਖਾਹਾਂ) ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਡੀ.ਡੀ.ਓਜ਼ (DDOs) ਕੋਲ ਤਨਖਾਹਾਂ ਲਈ ਬਜਟ ਨਹੀਂ ਹੈ। ਹੈੱਡਕੁਆਰਟਰ ਤੋਂ ਬਜਟ ਅਲਾਟ ਨਾ ਹੋਣ ਕਾਰਨ ਅਧਿਆਪਕਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਹੋਣ ਦੀ ਨੌਬਤ ਆ ਗਈ ਹੈ।

ਆਗੂਆਂ ਨੇ ਦੱਸਿਆ ਕਿ ਤਨਖਾਹਾਂ ਵਿੱਚ ਦੇਰੀ ਕਾਰਨ ਅਧਿਆਪਕਾਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕਾਂ ਦੀਆਂ ਕਿਸ਼ਤਾਂ ਅਤੇ ਕਰਜ਼ਿਆਂ ਦੇ ਭੁਗਤਾਨ ਵਿੱਚ ਦੇਰੀ ਹੋ ਰਹੀ ਹੈ, ਜਿਸ ਕਾਰਨ ਅਧਿਆਪਕਾਂ ਨੂੰ ਭਾਰੀ ਜ਼ੁਰਮਾਨੇ ਭਰਨੇ ਪੈ ਰਹੇ ਹਨ। ਇਹ ਸਥਿਤੀ ਸਰਕਾਰ ਦੀ ਵਿੱਤੀ ਕਮਜ਼ੋਰੀ ਅਤੇ ਪ੍ਰਸ਼ਾਸਨਿਕ ਨਾਕਾਮੀ ਨੂੰ ਬੇਨਕਾਬ ਕਰਦੀ ਹੈ।

ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ, ਸਾਰੇ ਬਕਾਇਆ ਬਜਟ ਜਾਰੀ ਕਰਕੇ ਅਧਿਆਪਕਾਂ ਦੀਆਂ ਤਨਖਾਹਾਂ ਤੁਰੰਤ ਦਿੱਤੀਆਂ ਜਾਣ। ਭਵਿੱਖ ਵਿੱਚ ਅਜਿਹੀ ਸਥਿਤੀ ਨਾ ਬਣੇ, ਇਸ ਲਈ ਯੋਜਨਾਬੱਧ ਬਜਟ ਪ੍ਰਬੰਧ ਕੀਤਾ ਜਾਵੇ। ਲਾਪਰਵਾਹੀ ਵਰਤਣ ਵਾਲੇ ਦਫ਼ਤਰੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।