Join WhatsApp

Join Now

ਲੁਧਿਆਣਾ ਤੋਂ ਵੱਡੀ ਖ਼ਬਰ: 23 ਸਾਲਾ ਕੁੜੀ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ!

On: November 3, 2026 7:51 PM

 

ਲੁਧਿਆਣਾ ਤੋਂ ਵੱਡੀ ਖ਼ਬਰ: 23 ਸਾਲਾ ਕੁੜੀ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ!

ਲੁਧਿਆਣਾ ਫਾਇਰਿੰਗ ਮਾਮਲੇ ‘ਚ ਦਰਦਨਾਕ ਮੋੜ: ਪ੍ਰੇਮੀ ‘ਤੇ ਗੋਲੀਆਂ ਚੱਲਣ ਤੋਂ ਦੁਖੀ 23 ਸਾਲਾ ਮੁਟਿਆਰ ਨੇ ਨਿਗਲਿਆ ਜ਼ਹਿਰ, ਮੌਤ

ਲੁਧਿਆਣਾ/ਚੰਡੀਗੜ੍ਹ, 3 ਨਵੰਬਰ 2026- ਹਰਚਰਨ ਨਗਰ ਵਿੱਚ ਥਾਰ ਸਵਾਰ ਨੌਜਵਾਨ ‘ਤੇ ਹੋਈ ਤਾਬੜਤੋੜ ਗੋਲੀਬਾਰੀ ਦੇ ਮਾਮਲੇ ਨੇ ਸੋਮਵਾਰ-ਮੰਗਲਵਾਰ ਦੀ ਵਿਚਕਾਰਲੀ ਰਾਤ ਇੱਕ ਬੇਹੱਦ ਦਰਦਨਾਕ ਅਤੇ ਸਨਸਨੀਖੇਜ਼ ਮੋੜ ਲੈ ਲਿਆ ਹੈ। ਆਪਣੇ ਪਰਿਵਾਰਕ ਮੈਂਬਰਾਂ ਵੱਲੋਂ ਕੁੜੀ ਨੇ ਦੇ ਪ੍ਰੇਮੀ ‘ਤੇ ਜਾਨਲੇਵਾ ਹਮਲਾ ਕਰਵਾਉਣ ਅਤੇ 15-20 ਰੌਂਦ ਗੋਲੀਆਂ ਚਲਾਉਣ ਤੋਂ ਗੰਭੀਰ ਸਦਮੇ ‘ਚ ਆਈ 23 ਸਾਲਾ ਮੁਟਿਆਰ ਰੈਨਾ ਧੀਰ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਮੁਟਿਆਰ ਨੂੰ ਨਾਜ਼ੁਕ ਹਾਲਤ ਵਿੱਚ ਸੀ.ਐੱਮ.ਸੀ. (CMC) ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ‘ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ। ਦੂਜੇ ਪਾਸੇ, ਥਾਣਾ ਡਿਵੀਜ਼ਨ ਨੰਬਰ-3 ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਵਾਮਿਕਾ ਐਂਟਰਪ੍ਰਾਈਜ਼ (ਨੱਟ-ਬੋਲਟ ਫੈਕਟਰੀ) ਦੇ ਮਾਲਕ ਅਤੇ ਹੈਬੋਵਾਲ ਦੇ ਰਹਿਣ ਵਾਲੇ ਦਿਵਿਆਂਸ਼ੂ ਬੱਗਾ ਨੇ ਆਪਣੀ ਆਪਬੀਤੀ ਦੱਸਦਿਆਂ ਕਿਹਾ ਕਿ 2 ਨਵੰਬਰ ਨੂੰ ਉਸ ਦਾ ਜਨਮਦਿਨ ਸੀ। ਦਿਵਿਆਂਸ਼ੂ ਦੇ ਮੁਤਾਬਕ, ਉਸ ਦੀ ਦੋਸਤ ਰੈਨਾ ਧੀਰ ਨੇ ਫੋਨ ਕਰਕੇ ਉਸ ਨੂੰ ਜਨਮਦਿਨ ਦਾ ਕੇਕ ਕੱਟਣ ਲਈ ਆਪਣੇ ਘਰ ਵਾਲੀ ਗਲੀ ‘ਚ ਬੁਲਾਇਆ ਸੀ।

ਰਾਤ ਦੇ ਲਗਭਗ 12:30 ਵਜੇ ਜਿਵੇਂ ਹੀ ਉਹ ਆਪਣੀ ਮਹਿਦਰਾ ਥਾਰ ਗੱਡੀ ਲੈ ਕੇ ਹਰਚਰਨ ਨਗਰ ਪੁੱਜਾ, ਉੱਥੇ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ 25 ਤੋਂ 30 ਹਥਿਆਰਬੰਦ ਨੌਜਵਾਨਾਂ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ। ਦਿਵਿਆਂਸ਼ੂ ਦਾ ਦੋਸ਼ ਹੈ ਕਿ ਇਹ ਹਮਲਾ ਕੁੜੀ ਦੇ ਭਰਾ ਨੇ ਆਪਣੀ ਦੇ ਉਕਸਾਉਣ ‘ਤੇ ਕਰਵਾਇਆ। ਉਸ ਨੇ ਦਾਅਵਾ ਕੀਤਾ ਕਿ ਕੁੜੀ ਦੀ ਮਾਂ ਨੇ ਰੌਲਾ ਪਾਉਂਦਿਆਂ ਕਿਹਾ, “ਮਾਰੋ ਇਸ ਨੂੰ, ਅੱਜ ਇੱਥੋਂ ਇਸ ਦੀ ਲਾਸ਼ ਹੀ ਜਾਣੀ ਚਾਹੀਦੀ ਹੈ।”

ਇਸ ਤੋਂ ਬਾਅਦ ਹਮਲਾਵਰਾਂ ਨੇ ਗੱਡੀ ‘ਤੇ ਇੱਟਾਂ-ਪੱਥਰ ਸੁੱਟੇ ਅਤੇ 15 ਤੋਂ 20 ਰੌਂਦ ਗੋਲੀਆਂ ਚਲਾਈਆਂ। ਗੋਲੀਆਂ ਲੱਗਣ ਨਾਲ ਟਾਇਰ ਫਟਣ ਦੇ ਬਾਵਜੂਦ ਉਹ ਗੱਡੀ ਭਜਾ ਕੇ ਆਪਣੀ ਜਾਨ ਬਚਾਉਣ ‘ਚ ਸਫਲ ਰਿਹਾ। ਦਿਵਿਆਂਸ਼ੂ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਵਿਚਾਲੇ ਖਾਟੂ ਸ਼ਿਆਮ ਯਾਤਰਾ ਦੌਰਾਨ ਜਾਣ-ਪਛਾਣ ਹੋਈ ਸੀ ਅਤੇ ਉੱਥੋਂ ਹੀ ਉਨ੍ਹਾਂ ਦੀ ਦੋਸਤੀ ਸ਼ੁਰੂ ਹੋਈ ਸੀ। ਨੌਜਵਾਨ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਇਸ ਖੂਨੀ ਕਦਮ ਅਤੇ ਆਪਣੇ ਪ੍ਰੇਮੀ ‘ਤੇ ਗੋਲੀਆਂ ਚੱਲਣ ਤੋਂ ਦੁਖੀ ਹੋ ਕੇ ਹੀ ਰੈਨਾ ਨੇ ਇਹ ਖੁਦਕੁਸ਼ੀ ਕਰਨ ਦਾ ਕਦਮ ਚੁੱਕਿਆ।

ਮ੍ਰਿਤਕਾ ਦੇ ਭਰਾ ਦਾ ਪਲਟਵਾਰ: ‘ਭੈਣ ਨੂੰ 3 ਮਹੀਨਿਆਂ ਤੋਂ ਕਰ ਰਿਹਾ ਸੀ ਪਰੇਸ਼ਾਨ, ਸਾਡੇ ‘ਤੇ ਗੱਡੀ ਚੜ੍ਹਾਉਣ ਦੀ ਕੀਤੀ ਕੋਸ਼ਿਸ਼’

ਦੂਜੇ ਪਾਸੇ, ਮੁਟਿਆਰ ਦੀ ਮੌਤ ਤੋਂ ਬਾਅਦ ਸਿਵਲ ਹਸਪਤਾਲ ਪੁੱਜੇ ਮ੍ਰਿਤਕਾ ਦੇ ਭਰਾ ਰੋਹਨ ਧੀਰ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਦਿਵਿਆਂਸ਼ੂ ‘ਤੇ ਉਲਟਾ ਗੰਭੀਰ ਦੋਸ਼ ਲਗਾਏ ਹਨ। ਰੋਹਨ ਨੇ ਦੱਸਿਆ ਕਿ ਉਸ ਦੀ ਭੈਣ 22-23 ਸਾਲ ਦੀ ਪੜ੍ਹੀ-ਲਿਖੀ ਲੜਕੀ ਸੀ। ਦੋਸ਼ੀ ਦਿਵਿਆਂਸ਼ੂ ਪਿਛਲੇ 3 ਮਹੀਨਿਆਂ ਤੋਂ ਗਲੀ ਵਿੱਚ ਆ ਕੇ ਉਸ ਦੀ ਭੈਣ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ।

ਰੋਹਨ ਅਨੁਸਾਰ, ਉਸ ਨੇ ਅਤੇ ਉਸ ਦੇ ਪਰਿਵਾਰ ਨੇ ਦੋਸ਼ੀ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ 10-15 ਵਾਰ ਸਮਝਾਇਆ ਸੀ, ਪਰ ਉਸ ਨੇ ਛੇੜਛਾੜ ਕਰਨੀ ਬੰਦ ਨਹੀਂ ਕੀਤੀ। ਭਰਾ ਨੇ ਦੋਸ਼ ਲਗਾਇਆ, “ਲੰਘੀ ਰਾਤ ਉਹ ਸਾਡੇ ਘਰ ਦੇ ਬਾਹਰ ਆ ਕੇ ਉੱਚੀ ਆਵਾਜ਼ ‘ਚ ਗਾਣੇ ਚਲਾ ਰਿਹਾ ਸੀ, ਉਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਘੰਟੀ ਵਜਾਈ। ਜਦੋਂ ਅਸੀਂ ਬਾਹਰ ਨਿਕਲੇ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਡੇ ‘ਤੇ ਥਾਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਹੈਬੋਵਾਲ ਤੋਂ 8-10 ਲੜਕੇ ਬੁਲਾ ਕੇ ਸਾਡੇ ‘ਤੇ ਫਾਇਰਿੰਗ ਵੀ ਕਰਵਾਈ, ਜਦਕਿ ਸਾਡੇ ਪਰਿਵਾਰ ਵੱਲੋਂ ਕੋਈ ਗੋਲੀ ਨਹੀਂ ਚਲਾਈ ਗਈ।”

ਰੋਹਨ ਨੇ ਦਾਅਵਾ ਕੀਤਾ ਕਿ ਉਸ ਕੋਲ ਦੋਸ਼ੀ ਵੱਲੋਂ ਭੇਜੇ ਗਏ ਗਲਤ ਮੈਸੇਜਾਂ ਅਤੇ 2 ਮਹੀਨਿਆਂ ਦੀ ਆਡੀਓ ਰਿਕਾਰਡਿੰਗ ਦੇ ਪੁਖਤਾ ਸਬੂਤ ਮੌਜੂਦ ਹਨ। ਭਰਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਭੈਣ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਵਾਲੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ-3 ਦੇ ਸਬ-ਇੰਸਪੈਕਟਰ (SI) ਹਰਪਾਲ ਸਿੰਘ ਪੁਲਿਸ ਟੀਮ ਦੇ ਨਾਲ ਸੀ.ਐੱਮ.ਸੀ. ਹਸਪਤਾਲ ਪੁੱਜੇ ਅਤੇ ਜ਼ਰੂਰੀ ਕਾਨੂੰਨੀ ਕਾਰਵਾਈ ਪੂਰੀ ਕੀਤੀ। ਸਬ-ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਹਰਚਰਨ ਨਗਰ ਦੀ 23 ਸਾਲਾ ਮੁਟਿਆਰ ਰੈਨਾ ਧੀਰ ਵੱਲੋਂ ਆਤਮਹੱਤਿਆ ਕੀਤੇ ਜਾਣ ਦੀ ਜਾਣਕਾਰੀ ਮਿਲੀ ਸੀ।

ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਬਿਆਨਾਂ ਵਿੱਚ ਦੋਸ਼ ਲਗਾਇਆ ਹੈ ਕਿ ਦਿਵਿਆਂਸ਼ੂ ਬੱਗਾ ਨਾਮ ਦਾ ਨੌਜਵਾਨ ਉਸ ਨੂੰ ਲੰਮੇ ਸਮੇਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਦੇ ਮਾਨਸਿਕ ਤਣਾਅ ਦੇ ਚੱਲਦਿਆਂ ਮੁਟਿਆਰ ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਤ ਨੂੰ ਹੋਏ ਹਮਲੇ ਅਤੇ ਗੋਲੀਬਾਰੀ ਦੇ ਤੱਥਾਂ ਦੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਰਿਕਾਰਡਿੰਗ ਨੂੰ ਕਬਜ਼ੇ ਵਿੱਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

More

ਨਵੀਂ ਪੰਜਾਬ ਕਿਸਾਨ ਕ੍ਰੈਡਿਟ ਕਾਰਡ ਨੀਤੀ-2026 ਕਿਸਾਨਾਂ ਲਈ ਮੁਸ਼ਕਲਾਂ ਵਧਾਉਣ ਵਾਲੀ! ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਨੀਤੀ ਰੱਦ ਕਰਨ ਦੀ ਮੰਗ

ਕਾਂਗਰਸ ਵੱਲੋਂ ਕੀਤੇ ‘ਸਿੱਖ ਕਤਲੇਆਮ’ ਦੇ 42 ਸਾਲ ਪੂਰੇ! ਦਰਦ ਦੀ ਕਹਾਣੀ ਕੱਲ੍ਹ ਚੰਡੀਗੜ੍ਹ ‘ਚ ਹੋਵੇਗੀ ਰੂਬਰੂ!

AISA President Neha Bora! ਥੀਏਟਰ ਤੋਂ JNU ਤੱਕ ਦਾ ਸਫ਼ਰ..! ਜਾਣੋ ਕੌਣ ਹੈ ਕਾਮਰੇਡ ਨੇਹਾ ਬੋਰਾ? ਜਿਸਨੇ ਚੋਣ ਕਮਿਸ਼ਨਰ ਵਿਰੁੱਧ ਪ੍ਰਦਰਸ਼ਨ ਕਰਕੇ ਸੈਂਟਰ ਅਤੇ ਗੋਦੀ ਮੀਡੀਆ ਨੂੰ ਵੀ ਪੜ੍ਹਨੇ ਪਾਇਆ

ਸਕੂਲੀ ਬੱਚਿਆਂ ਨੂੰ ਆਸਾਰਾਮ ਦੀਆਂ ਕਿਤਾਬਾਂ ਵੰਡਣ ‘ਤੇ ਹੰਗਾਮਾ; ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਸਪੈਂਡ

Florida Plane Crash: ਅਮਰੀਕਾ ‘ਚ ਜਹਾਜ਼ ਕ੍ਰੈਸ਼! ਭਾਰਤੀ-ਮੂਲ/ਬ੍ਰਾਜ਼ੀਲਿਅਨ ਕੋ-ਪਾਇਲਟ ਸਮੇਤ 9 ਵਿਅਕਤੀਆਂ ਦੀ ਦਰਦਨਾਕ ਮੌਤ, ਆਖ਼ਰੀ ਆਡੀਓ ਆਈ ਸਾਹਮਣੇ

Leave a Comment