ਪੰਜਾਬ ਦੇ ਅਧਿਆਪਕ ‘ਸ਼ਕਤੀਮਾਨ’ ਜਾਂ ‘ਬੰਧੂਆ ਮਜ਼ਦੂਰ’? ਸਿੱਖਿਆ ਵਿਭਾਗ ਦੇ ਬੇਲੋੜੇ ਦਬਾਅ ਹੇਠ ਸਿਸਟਮ ‘ਕ੍ਰਾਂਤੀ’

 

ਪੰਜਾਬ ਦੇ ਅਧਿਆਪਕ ‘ਸ਼ਕਤੀਮਾਨ’ ਜਾਂ ‘ਬੰਧੂਆ ਮਜ਼ਦੂਰ’? ਸਿੱਖਿਆ ਵਿਭਾਗ ਦੇ ਬੇਲੋੜੇ ਦਬਾਅ ਹੇਠ ਸਿਸਟਮ ‘ਕ੍ਰਾਂਤੀ’

ਸਿੱਖਿਆ ਕ੍ਰਾਂਤੀ ‘ਤੇ ਸਵਾਲੀਆ ਨਿਸ਼ਾਨ; ਜਦੋਂ ਅਧਿਆਪਕ ਦਾ ਜ਼ਿਆਦਾਤਰ ਸਮਾਂ ਡਾਟਾ ਐਂਟਰੀਆਂ ਅਤੇ ਗੈਰ-ਵਿੱਦਿਅਕ ਕੰਮਾਂ ਵਿੱਚ ਖਰਾਬ ਹੋਵੇਗਾ, ਤਾਂ ਉਹ ਬੱਚਿਆਂ ਨੂੰ ਪੜ੍ਹਾਏਗਾ ਕਿਵੇਂ?

ਚੰਡੀਗੜ੍ਹ, 1 ਮਈ 2026-

ਪੰਜਾਬ ਵਿੱਚ ਅੱਜ-ਕੱਲ੍ਹ ਅਧਿਆਪਕਾਂ ਨੂੰ ਸ਼ਾਇਦ ਅਧਿਆਪਕ ਨਹੀਂ, ਸਗੋਂ ‘ਸੁਪਰ ਕੰਪਿਊਟਰ’ ਜਾਂ ‘ਮਹਾ-ਮਾਨਵ’ ਸਮਝ ਲਿਆ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਜਾਂਦੇ ਰੋਜ਼ਾਨਾ ਦੇ ਨਵੇਂ ਫਰਮਾਨਾਂ ਨੇ ਅਧਿਆਪਕਾਂ ਦੀ ਮਾਨਸਿਕ ਸਥਿਤੀ ਨੂੰ ਅਜਿਹੀ ਮੋੜ ‘ਤੇ ਲਿਆ ਖੜ੍ਹਾ ਕੀਤਾ ਹੈ, ਜਿੱਥੇ ਉਹ ਖੁਦ ਨੂੰ ਬੰਧੂਆ ਮਜ਼ਦੂਰ ਮਹਿਸੂਸ ਕਰਨ ਲੱਗੇ ਹਨ।

ਵਿਭਾਗ ਵੱਲੋਂ ਇੱਕੋ ਸਮੇਂ ਸਕੂਲ ਦਾ ਡਾਟਾ ਈ-ਪੰਜਾਬ, ਐਮ-ਸਟਾਰ ਅਤੇ ਯੂ-ਡਾਈਸ ਵਰਗੇ ਪੋਰਟਲਾਂ ‘ਤੇ ਅਪਡੇਟ ਕਰਨ ਦਾ ਦਬਾਅ ਬਣਾਇਆ ਜਾਂਦਾ ਹੈ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਹ ਐਪਾਂ (ਖ਼ਾਸਕਰ ਐਮ-ਸਟਾਰ) ਚੱਲਣ ਵਿੱਚ ਵਾਰ-ਵਾਰ ਦਿੱਕਤਾਂ ਪੈਦਾ ਕਰਦੀਆਂ ਹਨ। ਨਿੱਤ ਨਵੇਂ ਕੀਤੇ ਜਾ ਰਹੇ ‘ਐਕਸਪੈਰੀਮੈਂਟ’ ਅਧਿਆਪਕਾਂ ਲਈ ਮਾਨਸਿਕ ਤਣਾਅ ਦਾ ਵੱਡਾ ਕਾਰਨ ਬਣ ਰਹੇ ਹਨ।

ਪ੍ਰਾਇਮਰੀ ਪੱਧਰ ‘ਤੇ ਨਾ ਤਾਂ ਕੋਈ ਕੰਪਿਊਟਰ ਅਧਿਆਪਕ ਹੈ ਅਤੇ ਨਾ ਹੀ ਕਲਰਕ। ਅਜਿਹੇ ਵਿੱਚ ਇਕੱਲੇ ਅਧਿਆਪਕ ਲਈ ਹਰ ਬੱਚੇ ਦੀ ਪ੍ਰੋਫਾਈਲ ਅਪਡੇਟ ਕਰਨਾ ‘ਟੇਢੀ ਖੀਰ’ ਸਾਬਤ ਹੋ ਰਿਹਾ ਹੈ। ਨਰਸਰੀ ਦੇ ਬੱਚਿਆਂ ਦੇ ਦਾਖਲੇ ਅਤੇ ਦੂਜੇ ਸਕੂਲਾਂ ਤੋਂ ਆਉਣ ਵਾਲੇ ਬੱਚਿਆਂ ਨੂੰ ਪੋਰਟਲ ‘ਤੇ ਚੜ੍ਹਾਉਣ ਲਈ ਅਧਿਆਪਕਾਂ ਨੂੰ ਕਈ-ਕਈ ਦਿਨ ਖੱਜਲ ਹੋਣਾ ਪੈਂਦਾ ਹੈ।

ਅਧਿਆਪਕਾਂ ਦੀ ਡਿਊਟੀ ਸਿਰਫ਼ ਪੜ੍ਹਾਉਣ ਤੱਕ ਸੀਮਿਤ ਨਹੀਂ ਰਹੀ। ਸਰਕਾਰ ਵੱਲੋਂ ਉਨ੍ਹਾਂ ‘ਤੇ ਕਈ ਹੋਰ ਜ਼ਿੰਮੇਵਾਰੀਆਂ ਲੱਦ ਦਿੱਤੀਆਂ ਗਈਆਂ ਹਨ; ਜਿਵੇਂ ਬੀ.ਐਲ.ਓ. (BLO) ਡਿਊਟੀਆਂ ਤੇ ਜਨਗਣਨਾ, ਸਮਾਜਿਕ ਨਸ਼ਾ ਸਰਵੇਖਣ ਅਤੇ ਸਕੂਲ ਦੀਆਂ ਗਰਾਂਟਾਂ ਅਤੇ ਪ੍ਰਬੰਧਕੀ ਕੰਮ।

ਅਧਿਆਪਕ ਵਰਗ ਵਿੱਚ ਸਭ ਤੋਂ ਵੱਧ ਰੋਸ ਉੱਚ ਅਧਿਕਾਰੀਆਂ ਦੀ ਸ਼ਬਦਾਵਲੀ ਨੂੰ ਲੈ ਕੇ ਹੈ। “ਜ਼ਿਲਾ ਅਤੇ ਬਲਾਕ ਸਿੱਖਿਆ ਅਫਸਰਾਂ ਵੱਲੋਂ ਵਟਸਐਪ ਰਾਹੀਂ ਦਾਖਲਾ ਵਧਾਉਣ ਸਬੰਧੀ ਧਮਕੀ ਭਰੇ ਸੰਦੇਸ਼ ਭੇਜਣਾ ਆਮ ਗੱਲ ਹੋ ਗਈ ਹੈ। ਖਾਸ ਕਰਕੇ ਮਹਿਲਾ ਅਧਿਆਪਕਾਂ ਨਾਲ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਮਾੜੀ ਸ਼ਬਦਾਵਲੀ ਅਧਿਆਪਕਾਂ ਦੇ ਸਵੈ-ਮਾਨ ਨੂੰ ਸੱਟ ਮਾਰਦੀ ਹੈ।”

ਜੇਕਰ ਕਿਸੇ ਕਾਰਨ ਐਮ-ਸਟਾਰ ‘ਤੇ ਹਾਜ਼ਰੀ ਲਗਾਉਣੀ ਰਹਿ ਜਾਵੇ, ਤਾਂ MIS ਕੋਆਰਡੀਨੇਟਰਾਂ ਵੱਲੋਂ ਤੁਰੰਤ ਜਵਾਬ-ਤਲਬੀ ਕਰਕੇ ਡਰਾਉਣ-ਧਮਕਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।

ਜਦੋਂ ਅਧਿਆਪਕ ਦਾ ਜ਼ਿਆਦਾਤਰ ਸਮਾਂ ਡਾਟਾ ਐਂਟਰੀਆਂ ਅਤੇ ਗੈਰ-ਵਿੱਦਿਅਕ ਕੰਮਾਂ ਵਿੱਚ ਖਰਾਬ ਹੋਵੇਗਾ, ਤਾਂ ਉਹ ਬੱਚਿਆਂ ਨੂੰ ਕਿਵੇਂ ਪੜ੍ਹਾਏਗਾ? ਬੱਚਿਆਂ ਦੀ ਪੜ੍ਹਾਈ ‘ਤੇ ਪੈ ਰਿਹਾ ਮਾੜਾ ਅਸਰ ਪੰਜਾਬ ਵਿੱਚ ‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ਨੂੰ ਖੋਖਲਾ ਸਾਬਤ ਕਰ ਰਿਹਾ ਹੈ।

ਕੰਮ ਦੇ ਇਸ ਅਸਹਿ ਬੋਝ ਕਾਰਨ ਬਹੁਤ ਸਾਰੇ ਅਧਿਆਪਕ ਹੁਣ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਣ ਬਾਰੇ ਸੋਚ ਰਹੇ ਹਨ। ਜੇਕਰ ਸਰਕਾਰ ਅਤੇ ਵਿਭਾਗ ਨੇ ਅਧਿਆਪਕਾਂ ਨੂੰ ਇਸ ਮਾਨਸਿਕ ਤਣਾਅ ਵਿੱਚੋਂ ਬਾਹਰ ਨਾ ਕੱਢਿਆ, ਤਾਂ ਪੰਜਾਬ ਦਾ ਸਿੱਖਿਆ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ।