ਐਤਵਾਰ, ਮਈ 3, 2026
Home Blog Page 114

ਪੰਜਾਬ ਸਰਕਾਰ ਵੱਲੋਂ 19 IPS ਅਤੇ PPS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਲਿਸਟ

 

ਪੰਜਾਬ ਸਰਕਾਰ ਵੱਲੋਂ 19 ਆਈਪੀਐਸ ਅਤੇ ਪੀਪੀਐਸ ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਲਿਸਟ

ਪੰਜਾਬ ਨੈੱਟਵਰਕ

ਚੰਡੀਗੜ੍ਹ, 11 ਮਾਰਚ 2026- ਪੰਜਾਬ ਸਰਕਾਰ ਦੇ ਵੱਲੋਂ ਅੱਜ ਵੱਡਾ ਪੁਲਿਸ ਪ੍ਰਸਾਸ਼ਨਿਕ ਫੇਰਬਦਲ ਕਰਦਿਆਂ ਹੋਇਆ 1 ਆਈਪੀਐਸ ਅਤੇ 18 ਪੀਪੀਐਸ ਅਫ਼ਸਰਾਂ ਦਾ ਤਬਾਦਲਾ ਕੀਤਾ ਹੈ।

ਹੇਠਾਂ ਪੜ੍ਹੋ ਪੂਰੀ ਲਿਸਟ

 

ਪੰਜਾਬ ਦੇ ਕੈਬਨਿਟ ਮੰਤਰੀ ਦਾ ਵੱਡਾ ਬਿਆਨ, ਕਿਹਾ- ਕੇਜਰੀਵਾਲ ਦੀ ਸੋਚ ਹੀ ਭਰ ਸਕਦੀ ਸੂਬੇ ਦਾ ਖ਼ਜਾਨਾ- ਕਮਾਵਾਂਗੇ 20,000 ਕਰੋੜ

 

ਕੇਜਰੀਵਾਲ ਦੇ ਬਿਆਨ ਅਨੁਸਾਰ ਮਾਈਨਿੰਗ ਸੁਧਾਰਾਂ ਅਤੇ ਪੋਟਾਸ਼ ਦੀ ਖੋਜ ਨਾਲ ਪੰਜਾਬ 20,000 ਕਰੋੜ ਤੋਂ ਵੱਧ ਦੀ ਆਮਦਨ ਪੈਦਾ ਕਰ ਸਕਦਾ: ਬਰਿੰਦਰ ਗੋਇਲ

ਕੋਈ ਨਵਾਂ ਟੈਕਸ ਲਾਏ ਬਿਨਾਂ ਪੇਸ਼ ਕੀਤਾ ਗਿਆ ਬਜਟ ਪੰਜਾਬੀਆਂ ਦੀ ਭਲਾਈ ਬਣਾਏਗਾ ਯਕੀਨੀ: ਜਲ ਸਰੋਤ ਅਤੇ ਖਣਨ ਮੰਤਰੀ

ਚੰਡੀਗੜ੍ਹ 11 ਮਾਰਚ 2026- 

ਪੰਜਾਬ ਦੇ ਜਲ ਸਰੋਤ ਅਤੇ ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਬਜਟ ਬਹਿਸ ਵਿੱਚ ਹਿੱਸਾ ਲੈਂਦਿਆਂ ਕੇਂਦਰ ਸਰਕਾਰ ਦੀ ਬੇਰੁਖ਼ੀ ਕਾਰਨ ਸੂਬੇ ਨੂੰ ਦਰਪੇਸ਼ ਕਈ ਵਿੱਤੀ ਔਕੜਾਂ ਦੇ ਬਾਵਜੂਦ ਇਤਿਹਾਸਕ ਅਤੇ ਲੋਕ ਪੱਖੀ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸ਼ਲਾਘਾ ਕੀਤੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਸਾਲ 2022 ਤੋਂ ਲੈ ਕੇ ਹੁਣ ਤੱਕ 30,000 ਕਰੋੜ ਰੁਪਏ ਦਾ ਸਾਲਾਨਾ ਜੀ.ਐਸ.ਟੀ. ਮੁਆਵਜ਼ਾ ਬੰਦ ਹੋਣ ਤੋਂ ਬਾਅਦ ਵੀ ਲੋਕਾਂ ‘ਤੇ ਕੋਈ ਨਵਾਂ ਟੈਕਸ ਲਗਾਏ ਬਿਨਾਂ ਬਜਟ ਪੇਸ਼ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਪੰਜਾਬ ਦੇ ਜਾਇਜ਼ ਫੰਡ ਜਾਰੀ ਕਰਨ ਵਿੱਚ ਦੇਰੀ ਦੇ ਨਾਲ-ਨਾਲ ਕੁਦਰਤੀ ਆਫ਼ਤਾਂ ਅਤੇ ਕੇਂਦਰ ਸਰਕਾਰ ਵੱਲੋਂ ਵਿੱਤੀ ਸਹਿਯੋਗ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਬਜਟ ਵਿੱਚ ਸਮਾਜ ਦੇ ਹਰ ਵਰਗ ਲਈ ਵਿਆਪਕ ਭਲਾਈ ਪਹਿਲਕਦਮੀਆਂ ਨੂੰ ਯਕੀਨੀ ਬਣਾਇਆ ਗਿਆ।

ਮਾਈਨਿੰਗ ਤੋਂ ਅੰਦਾਜ਼ਨ 20,000 ਕਰੋੜ ਰੁਪਏ ਦੇ ਮਾਲੀਏ ਸਬੰਧੀ ਮੁੱਦੇ ‘ਤੇ ਬੋਲਦਿਆਂ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਕੌਮੀ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਪਹਿਲਾਂ ਦਿੱਤਾ ਗਿਆ ਬਿਆਨ ਪੰਜਾਬ ਵਿੱਚ ਪੋਟਾਸ਼ ਖਣਿਜ ਭੰਡਾਰਾਂ ਸਬੰਧੀ ਅਥਾਹ ਸੰਭਾਵਨਾ ‘ਤੇ ਅਧਾਰਤ ਸੀ।

ਉਨ੍ਹਾਂ ਦੱਸਿਆ ਕਿ ਪੋਟਾਸ਼ ਇੱਕ ਮਹੱਤਵਪੂਰਨ ਖਣਿਜ ਹੈ, ਜੋ ਮੌਜੂਦਾ ਸਮੇਂ ਦੇਸ਼ ਭਰ ਵਿੱਚ ਖੇਤੀਬਾੜੀ ਖਾਦਾਂ ਲਈ ਦਰਾਮਦ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਕਰਵਾਏ ਗਏ ਸਰਵੇਖਣਾਂ ਦੌਰਾਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪੋਟਾਸ਼ ਦੇ ਭੰਡਾਰਾਂ ਦੀ ਮੌਜੂਦਗੀ ਦੇ ਸੰਕੇਤ ਮਿਲੇ ਸਨ ਅਤੇ ਪਿਛਲੀਆਂ ਸਰਕਾਰਾਂ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।

ਪਰ ਮਾਨ ਸਰਕਾਰ ਨੇ ਇਹ ਮਾਮਲਾ ਕੇਂਦਰ ਸਰਕਾਰ ਅਤੇ ਕੇਂਦਰੀ ਏਜੰਸੀਆਂ ਕੋਲ ਉਠਾਇਆ। ਸਾਡੇ ਲਗਾਤਾਰ ਯਤਨਾਂ ਸਦਕਾ 19.3 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਲਗਭਗ 48 ਕਿਲੋਮੀਟਰ ਖੇਤਰ ਨੂੰ ਕਵਰ ਕਰਦਿਆਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕਬਰਵਾਲਾ ਵਿੱਚ ਨਵੇਂ ਖੋਜ ਕਾਰਜ ਸ਼ੁਰੂ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਮੁੱਢਲੇ ਡ੍ਰਿਲਿੰਗ ਮੁਲਾਂਕਣਾਂ ਅਨੁਸਾਰ ਇਸ ਖੇਤਰ ਵਿੱਚ ਵਧੀਆ ਗੁਣਵੱਤਾ ਵਾਲਾ ਪੋਟਾਸ਼ ਮਿਲਿਆ ਹੈ।

ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਖੋਜ ਅਤੇ ਨਿਲਾਮੀ ਦੇ ਅਧਿਕਾਰ ਕੇਂਦਰ ਸਰਕਾਰ ਕੋਲ ਹਨ, ਜਦਕਿ ਖਣਿਜ ਕੱਢਣ ਦੀ ਰਾਇਲਟੀ ਸੂਬਾ ਸਰਕਾਰ ਨੂੰ ਪ੍ਰਾਪਤ ਹੋਵੇਗੀ। ਉਨ੍ਹਾਂ ਭਰੋਸਾ ਜਤਾਇਆ ਕਿ ਇੱਕ ਵਾਰ ਖੋਜ ਮੁਕੰਮਲ ਹੋ ਜਾਣ ਅਤੇ ਖਣਨ ਸ਼ੁਰੂ ਹੋ ਜਾਣ ਤੋਂ ਬਾਅਦ ਸੂਬਾ ਨੂੰ ਰਾਇਲਟੀ ਨਾਲ ਕਾਫੀ ਆਮਦਨ ਪ੍ਰਾਪਤ ਹੋ ਸਕਦੀ ਹੈ, ਜੋ 20000 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ ਅਤੇ ਇਸ ਨਾਲ ਹੀ ਦਰਾਮਦ ਕੀਤੇ ਖਾਦ ਖਣਿਜਾਂ ‘ਤੇ ਦੇਸ਼ ਦੀ ਨਿਰਭਰਤਾ ਵੀ ਘਟੇਗੀ। ।

ਖਣਨ ਵਿਭਾਗ ਬਾਰੇ ਉਠਾਏ ਗਏ ਮੁੱਦਿਆਂ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਗ਼ੈਰ-ਕਾਨੂੰਨੀ ਮਾਈਨਿੰਗ ਸਬੰਧੀ ਵਾਰ-ਵਾਰ ਲਗਾਏ ਜਾਂਦੇ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ ਅਤੇ ਇਹ ਅਕਸਰ ਮਾਈਨਿੰਗ ਕਾਰਜਾਂ ਅਤੇ ਦਰਿਆਵਾਂ ਵਿੱਚੋਂ ਗਾਰ ਕੱਢਣ ਵਿਚਲੇ ਅੰਤਰ ਨੂੰ ਸਮਝੇ ਬਿਨਾਂ ਹੀ ਲਗਾਏ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਹੜ੍ਹ ਆਉਂਦੇ ਸਨ ਤਾਂ ਸ਼ਿਕਾਇਤਾਂ ਆਉਂਦੀਆਂ ਸਨ ਕਿ ਗਾਰ ਨਹੀਂ ਕੱਢੀ ਜਾਂਦੀ ਅਤੇ ਦਰਿਆਵਾਂ ਦੀ ਸਫ਼ਾਈ ਨਹੀਂ ਕੀਤੀ ਜਾਂਦੀ ਸੀ ਪਰ ਹੁਣ ਜਦੋਂ ਸਰਕਾਰ ਨੇ ਦਰਿਆਵਾਂ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਇਸ ਗਤੀਵਿਧੀ ਨੂੰ ਗ਼ਲਤ ਢੰਗ ਨਾਲ ਨਾਜਾਇਜ਼ ਮਾਈਨਿੰਗ ਕਰਾਰ ਦਿੱਤਾ ਜਾ ਰਿਹਾ ਹੈ। ਅਸਲ ਵਿੱਚ ਇਹ ਕੰਮ ਪੰਜਾਬ ਵਿੱਚ ਦਰਿਆਵਾਂ ਦੇ ਪੁਨਰ ਸੁਰਜੀਤੀ ਅਤੇ ਹੜ੍ਹਾਂ ਦੀ ਰੋਕਥਾਮ ਵਿੱਚ ਯੋਗਦਾਨ ਪਾਉਂਦਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗ਼ੈਰ-ਕਾਨੂੰਨੀ ਮਾਈਨਿੰਗ ਦੇ ਕੇਸਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਜਿਸ ਤਹਿਤ ਹੁਣ ਤੱਕ 1573 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ ਅਤੇ 1655 ਚਲਾਨ ਪੇਸ਼ ਕੀਤੇ ਹਨ।

ਪੰਜਾਬ ਸਰਕਾਰ ਵੱਲੋਂ ਲੋਕ ਹਿੱਤਾਂ ਲਈ ਲੁਧਿਆਣਾ-ਰੋਪੜ ਨੈਸ਼ਨਲ ਹਾਈਵੇਅ ਪ੍ਰਾਜੈਕਟ ਲਈ 3 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਮਿੱਟੀ ਦੀ ਸਪਲਾਈ ਕੀਤੀ ਜਾ ਰਹੀ ਹੈ, ਜਦੋਂ ਕਿ ਮਾਰਕੀਟ ਕੀਮਤ 6 ਰੁਪਏ ਪ੍ਰਤੀ ਘਣ ਫੁੱਟ ਹੈ। ਇਸ ਜਨਤਕ ਪ੍ਰਾਜੈਕਟ ਲਈ ਕਰੀਬ ਚਾਰ ਕਰੋੜ ਘਣ ਮੀਟਰ ਮਿੱਟੀ ਮੁਹੱਈਆ ਕਰਵਾਈ ਗਈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਖਣਨ ਸਬੰਧੀ ਕੀਤੇ ਗਏ ਅਹਿਮ ਸੁਧਾਰਾਂ ਨੂੰ ਰਾਸ਼ਟਰੀ ਪੱਧਰ ‘ਤੇ ਮਾਨਤਾ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਸਟੇਟ ਮਾਇਨਿੰਗ ਰੈਡੀਨੈਸ ਇੰਡੈਕਸ ਅਨੁਸਾਰ ਪੰਜਾਬ ਨੇ ਮਾਈਨਿੰਗ ਸੁਧਾਰਾਂ ਵਿੱਚ ਤਿੰਨ ਸ਼੍ਰੇਣੀਆਂ ਜਿਵੇਂ ਨਿਲਾਮੀ ਸਬੰਧੀ ਕਾਰਗੁਜ਼ਾਰੀ, ਮਾਈਨਿੰਗ ਦੇ ਸੰਚਾਲਨ ਅਤੇ ਸਥਾਈ ਮਾਈਨਿੰਗ ਸੁਧਾਰਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਲਈ ਸੂਬੇ ਨੂੰ ਕੇਂਦਰ ਸਰਕਾਰ ਵੱਲੋਂ 200 ਕਰੋੜ ਰੁਪਏ ਦਾ ਰਿਵਾਰਡ ਦਿੱਤਾ ਗਿਆ ਹੈ ਜਿਸ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਆਪਣੇ ਹਲਕੇ ਵਿੱਚ ਕੀਤੇ ਗਏ ਵਿਕਾਸ ਕਾਰਜਾਂ ‘ਤੇ ਚਾਨਣਾ ਪਾਉਂਦਿਆਂ ਲਹਿਰਾਗਾਗਾ ਵਿਖੇ ਮੈਡੀਕਲ ਕਾਲਜ ਬਣਾਉਣ ਦੇ ਐਲਾਨ ’ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਸ ਖੇਤਰ ਨੂੰ ਪਹਿਲਾਂ ਕਈ ਸਾਲਾਂ ਤੋਂ ਪਛੜੇ ਖੇਤਰ ਵਜੋਂ ਜਾਣਿਆ ਜਾਂਦਾ ਸੀ।

ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਫੈਸਲੇ ਨਾਲ ਇਸ ਖੇਤਰ ਦੀਆਂ ਸਿਹਤ ਸਹੂਲਤਾਂ ਦੀ ਕਾਇਆ ਕਲਪ ਹੋ ਰਹੀ ਹੈ। ਉਨ੍ਹਾਂ ਸਦਨ ਨੂੰ ਦੱਸਿਆ ਕਿ ਮੈਡੀਕਲ ਕਾਲਜ ਦੇ ਕਾਰਜਸ਼ੀਲ ਹੋਣ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ ਓਪੀਡੀ ਅਤੇ ਆਈਪੀਡੀ ਸੇਵਾਵਾਂ ਸ਼ੁਰੂ ਹੋ ਜਾਣਗੀਆਂ ਅਤੇ ਲਗਭਗ 11 ਮਾਹਿਰ ਡਾਕਟਰ ਇਲਾਕੇ ਦੇ ਲੋਕਾਂ ਲਈ ਸੇਵਾਵਾਂ ਪ੍ਰਦਾਨ ਕਰਨਾ ਸ਼ੁਰੂ ਕਰ ਦੇਣਗੇ।

ਸਿੰਚਾਈ ਸੁਧਾਰਾਂ ‘ਤੇ ਚਾਨਣਾ ਪਾਉਂਦਿਆਂ ਮੰਤਰੀ ਨੇ ਕਿਹਾ ਕਿ ਸਾਲ 2022 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਨੂੰ ਘਟਾਉਣ ਲਈ ਨਹਿਰੀ ਪਾਣੀ ਦੀ ਸਪਲਾਈ ਨੂੰ ਸੂਬੇ ਦੇ ਦੂਰ-ਦਰਾਡੇ ਦੇ ਖੇਤਰਾਂ ਤੱਕ ਪਹੁੰਚਣ ‘ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਵੱਲੋਂ ਡੈਮਾਂ ਵਿੱਚੋਂ ਆਪਣੇ ਹਿੱਸੇ ਦੇ ਪਾਣੀ ਦਾ ਸਿਰਫ਼ 24 ਫ਼ੀਸਦੀ ਹਿੱਸਾ ਹੀ ਵਰਤਿਆ ਜਾਂਦਾ ਸੀ ਜਦੋਂਕਿ ਮਾਨ ਸਰਕਾਰ ਨੇ ਇਸ ਦੀ ਵਰਤੋਂ ਵਧਾ ਕੇ ਤਕਰੀਬਨ 78 ਫ਼ੀਸਦੀ ਕਰ ਦਿੱਤੀ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿਛਲੀ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਖਰਚੇ ਗਏ 2046 ਕਰੋੜ ਰੁਪਏ ਦੇ ਮੁਕਾਬਲੇ ਨਹਿਰੀ ਸਿੰਚਾਈ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਲਗਭਗ 6500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਫੀਡਰ ਦੀ ਸਮਰੱਥਾ ਨੂੰ 2600 ਕਿਊਸਿਕ ਤੱਕ ਵਧਾਉਣਾ ਅਤੇ ਸਰਹਿੰਦ ਨਹਿਰ ਦੀ ਸਮਰੱਥਾ ਨੂੰ 2700 ਕਿਊਸਿਕ ਤੱਕ ਵਧਾਉਣ ਨਾਲ ਲਗਭਗ 9.35 ਲੱਖ ਏਕੜ ਖੇਤਾਂ ਦੀ  ਸਿੰਚਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਖ ਨਹਿਰਾਂ ਨੂੰ ਮਜ਼ਬੂਤ ਕਰਨਾ ਇੱਕ ਨਵੀਂ ਭਾਖੜਾ ਨਹਿਰ ਬਣਾਉਣ ਦੇ ਬਰਾਬਰ ਸਿੰਚਾਈ ਸਮਰੱਥਾ ਪੈਦਾ ਕਰਨਾ ਹੈ, ਜਿਸ ਨਾਲ ਸੂਬੇ ਦੇ ਵੱਡੇ ਖੇਤਰਾਂ ਵਿੱਚ ਕਿਸਾਨਾਂ ਲਈ ਭਰੋਸੇਯੋਗ ਪਾਣੀ ਦੀ ਸਪਲਾਈ ਯਕੀਨੀ ਹੋ ਗਈ ਹੈ।

 

ਪੰਜਾਬ ਦੇ ਅਧਿਆਪਕ ਹੁਣ ਬਣਾਉਣਗੇ ਸਿਹਤ ਬੀਮਾ ਕਾਰਡ! ‘ਅਖੌਤੀ ਸਿੱਖਿਆ ਕ੍ਰਾਂਤੀ’ ਦਾ ਭਾਂਡਾ ਭੱਜਿਆ

 

ਸਿਹਤ ਬੀਮਾ ਕਾਰਡ ਬਣਾਉਣ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਾਉਣ ਦਾ ਡੀ.ਟੀ.ਐੱਫ. ਵੱਲੋਂ ਵਿਰੋਧ

ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਿੱਖਿਆ ਨੂੰ ਸਮਝ ਰਿਹਾ ਗੌਣ- ਡੀ.ਟੀ.ਐੱਫ.

ਸੰਗਰੂਰ, 11 ਮਾਰਚ 2026-

ਜ਼ਿਲ੍ਹੇ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਸਿਹਤ ਬੀਮਾ ਕਾਰਡ ਬਣਾਉਣ ਲਈ ਲਾਉਣ ਦੇ ਵਿਰੋਧ ਵਿੱਚ ਅੱਜ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਦਾ ਵਫ਼ਦ ਡੀਸੀ ਸੰਗਰੂਰ ਨੂੰ ਮਿਲਿਆ ਤੇ ਇਸ ਸਬੰਧੀ ਮੰਗ ਪੱਤਰ ਦਿੱਤਾ ਗਿਆ।

ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਦੱਸਿਆ ਕਿ ਵਫ਼ਦ ਨੇ ਅਧਿਆਪਕਾਂ ਦੀਆਂ ਗ਼ੈਰ ਵਿੱਦਿਅਕ ਡਿਊਟੀਆਂ ਲਾਉਣ ਦਾ ਸਖ਼ਤ ਵਿਰੋਧ ਕੀਤਾ ਤੇ ਕਿਹਾ ਕਿ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਕੱਢਣ ਤੋਂ ਸਪੱਸ਼ਟ ਹੈ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਸਿੱਖਿਆ ਪ੍ਰਤੀ ਕਿੰਨੀ ਕੁ ਗੰਭੀਰ ਹੈ ਅਤੇ ‘ਸਿੱਖਿਆ ਕ੍ਰਾਂਤੀ’ ਦੇ ਨਾਅਰੇ ਨੂੰ ਹਕੀਕੀ ਰੂਪ ਦੇਣ ਲਈ ਕਿੰਨਾ ਕੁ ਸੁਹਿਰਦ ਹੈ। ਸਿੱਖਿਆ ਨੂੰ ਗੌਣ ਸਮਝਿਆ ਜਾ ਰਿਹਾ ਹੈ ਅਤੇ ਬਾਕੀ ਸਾਰੇ ਕੰਮਾਂ ਨੂੰ ਇਸ ਤੋਂ ਉੱਪਰ ਰੱਖਿਆ ਜਾ ਰਿਹਾ ਹੈ।

ਇਹੀ ਕਾਰਨ ਹੈ ਕਿ ਰੁਟੀਨ ਦੇ ਪ੍ਰਸ਼ਾਸਨਿਕ ਕੰਮਾਂ ਲਈ ਅਧਿਆਪਕਾਂ ਦੀ ਡਿਊਟੀ ਲਗਾ ਦਿੱਤੀ ਜਾਂਦੀ ਹੈ ਜਦੋਂ ਕਿ ਸਿੱਖਿਆ ਮੰਤਰੀ ਪੰਜਾਬ ਨੇ ਅਧਿਕਾਰੀਆਂ ਨੂੰ ਪਿਛਲੇ ਚਾਰ ਸਾਲਾਂ ਵਿੱਚ ਦੋ ਵਾਰ ਪੱਤਰ ਕੱਢ ਕੇ ਅਧਿਆਪਕਾਂ ਤੋਂ ਗ਼ੈਰ ਵਿੱਦਿਅਕ ਕੰਮ ਨਾ ਲੈਣ ਅਤੇ ਸਿਰਫ ਸਕੂਲਾਂ ਵਿੱਚ ਪੜ੍ਹਾਈ ਦਾ ਕੰਮ ਲੈਣ ਦੀਆਂ ਹਿਦਾਇਤਾਂ ਕੀਤੀਆਂ ਹਨ।

ਇਹਨਾਂ ਹਿਦਾਇਤਾਂ ਨੂੰ ਹਾਲੇ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ। ਡੀਸੀ ਸੰਗਰੂਰ ਦਾ ਸਮੁੱਚਾ ਰਵੱਈਆ ਆਪਣੇ ਪ੍ਰਸ਼ਾਸ਼ਨ ਨੂੰ ਚਲਾਉਣ ਨੂੰ ਮੁੱਖ ਰੱਖਣ ਵਾਲਾ ਸੀ ਅਤੇ ਵਫ਼ਦ ਨੇ ਇਹ ਪ੍ਰਭਾਵ ਲਿਆ ਕਿ ਅਧਿਕਾਰੀ ਵੱਲੋਂ ਨਾ ਤਾਂ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਿਆ ਗਿਆ ਤੇ ਨਾ ਹੀ ਹੱਲ ਕਰਨ ਦਾ ਕੋਈ ਪੱਕਾ ਭਰੋਸਾ ਦਿੱਤਾ ਗਿਆ।

ਸਿਰਫ ਇਸ ਮਸਲੇ ਵਿੱਚ ‘ਹਾਂ ਪੱਖੀ ਦਖ਼ਲ’ ਦੇਣ ਦੀ ਗੱਲ ਕਹੀ ਗਈ ਜੋ ਕਿ ਕਿਸੇ ਵੀ ਹਾਲਤ ਵਿੱਚ ਸੰਤੁਸ਼ਟੀਜਨਕ ਨਹੀਂ ਹੈ। ਇਸ ਦੇ ਸਨਮੁੱਖ ਜਥੇਬੰਦੀ ਵੱਲੋਂ ਆਉਂਦੇ ਦਿਨਾਂ ਵਿੱਚ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਇਸ ਸਬੰਧੀ ਅਗਲਾ ਜਥੇਬੰਦਕ ਐਕਸ਼ਨ ਉਲੀਕਣ ਦਾ ਫ਼ੈਸਲਾ ਕੀਤਾ ਗਿਆ।

ਵਫ਼ਦ ਵਿੱਚ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਪ੍ਰੈੱਸ ਸਕੱਤਰ ਜਸਬੀਰ ਨਮੋਲ, ਬਲਾਕਾਂ ਦੇ ਆਗੂ ਤੇ ਕਾਰਕੁਨ ਚੰਦਰ ਸ਼ੇਖਰ, ਜਗਤਾਰ ਲੌਂਗੋਵਾਲ, ਭਿੰਦਰ ਸਿੰਘ ਸਤੌਜ, ਹਰਪ੍ਰੀਤ ਸਿੰਘ, ਅਸ਼ੋਕ ਦੀਨ ਤੇ ਪਰਮਜੀਤ ਸਿੰਘ ਸ਼ਾਮਿਲ ਸਨ।

 

Punjab News: ਹੁਣ ਤਰੱਕੀ ਲੈਣ ਵਾਲੇ ਸਰਕਾਰੀ ਮੁਲਾਜ਼ਮਾਂ ਦਾ ਹੋਵੇਗਾ ਪੰਜਾਬੀ ਟਾਈਪਿੰਗ ਟੈਸਟ; ਇਸ ਤਰੀਕ ਨੂੰ ਹੋਵੇਗੀ ਪ੍ਰੀਖਿਆ

 

ਹੁਣ ਤਰੱਕੀ ਲੈਣ ਵਾਲੇ ਸਰਕਾਰੀ ਮੁਲਾਜ਼ਮਾਂ ਦਾ ਹੋਵੇਗਾ ਪੰਜਾਬੀ ਟਾਈਪਿੰਗ ਟੈਸਟ; ਇਸ ਤਰੀਕ ਨੂੰ ਹੋਵੇਗੀ ਪ੍ਰੀਖਿਆ

ਬਠਿੰਡਾ, 11 ਮਾਰਚ 2026 :

ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਕਿਰਪਾਲ ਸਿੰਘ ਵੱਲੋਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫ਼ਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ (ਸਿੱਖਿਆ ਸੈੱਲ) ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਗਰੁੱਪ-ਡੀ ਤੋਂ ਗਰੁੱਪ-ਸੀ (ਕਲਰਕ) ਦੀ ਆਸਾਮੀ ’ਤੇ ਪਦਉਨਤ ਹੋਏ ਕਰਮਚਾਰੀਆਂ ਲਈ ਵਿਸ਼ੇਸ਼ ਪੰਜਾਬੀ ਟਾਈਪ ਪ੍ਰੀਖਿਆ ਮਾਰਚ ਮਹੀਨੇ ਦੌਰਾਨ ਕਰਵਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਕੇਵਲ ਉਹਨਾਂ ਕਰਮਚਾਰੀਆਂ ਲਈ ਹੈ ਜਿਨ੍ਹਾਂ ਦੀ ਪਦ ਉਨਤੀ ਦਰਜਾ-4 ਤੋਂ ਦਰਜਾ-3 (ਕਲਰਕ) ਦੀ ਆਸਾਮੀ ’ਤੇ ਹੋ ਚੁੱਕੀ ਹੈ। ਉਹ ਕਰਮਚਾਰੀ ਜਿਨ੍ਹਾਂ ਨੇ ਪਦ ਉਨਤੀ ਤੋਂ ਬਾਅਦ ਇੱਕ ਸਾਲ ਦਾ ਸਮਾਂ ਪੂਰਾ ਕਰ ਲਿਆ ਹੈ ਪਰ ਅਜੇ ਤੱਕ ਪੰਜਾਬੀ ਟਾਈਪ ਟੈਸਟ ਪਾਸ ਨਹੀਂ ਕੀਤਾ, ਉਹ ਇਸ ਵਿਸ਼ੇਸ਼ ਪ੍ਰੀਖਿਆ ਵਿੱਚ ਬੈਠਣ ਲਈ ਯੋਗ ਹੋਣਗੇ।

ਉਨ੍ਹਾਂ ਹੋਰ ਦੱਸਿਆ ਕਿ ਇਹ ਵਿਸ਼ੇਸ਼ ਪੰਜਾਬੀ ਟਾਈਪ ਪ੍ਰੀਖਿਆ ਮਿਤੀ 31 ਮਾਰਚ ਤੋਂ ਪਹਿਲਾਂ ਕਰਵਾਈ ਜਾਣੀ ਹੈ। ਇਸ ਸਬੰਧ ਵਿੱਚ ਸਾਰੇ ਸੰਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੇ ਕਰਮਚਾਰੀਆਂ ਦੇ ਨਾਮਾਂ ਦੀ ਸੂਚੀ ਮਿਤੀ 17 ਮਾਰਚ ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ, ਬਠਿੰਡਾ ਵਿਖੇ ਭੇਜਣ ਯਕੀਨੀ ਬਣਾਈ ਜਾਵੇ।

ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜਾਂ ਸੂਚੀ ਭੇਜਣ ਲਈ ਵਿਭਾਗ ਦੀ ਈ-ਮੇਲ dlobti.pblanguages@gmail.com ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਲੱਸਟਰ ਇੰਚਾਰਜ ਬਠਿੰਡਾ ਵੱਲੋਂ ਇਹ ਸੂਚੀ ਮਿਤੀ 18 ਮਾਰਚ ਤੱਕ ਮੁੱਖ ਦਫ਼ਤਰ ਪਟਿਆਲਾ ਵਿਖੇ ਭੇਜੀ ਜਾਣੀ ਹੈ, ਇਸ ਲਈ ਸਾਰੇ ਸੰਬੰਧਤ ਵਿਭਾਗ ਨਿਰਧਾਰਤ ਸਮੇਂ ਅੰਦਰ ਸੂਚਨਾ ਭੇਜਣ ਨੂੰ ਤਰਜੀਹ ਦੇਣ।

 

Breaking: ਪੰਜਾਬ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਵਿਦੇਸ਼ੀ ਕੁੜੀ ਦੀ ਮੌਤ

 

Breaking: ਪੰਜਾਬ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਵਿਦੇਸ਼ੀ ਕੁੜੀ ਦੀ ਮੌਤ

Punjab News, 11 March 2026- 

ਦੇਸ਼ ਵਿੱਚ ਤੇਜ਼ ਰਫ਼ਤਾਰ ਵਾਹਨਾਂ ਕਾਰਨ ਹੋਣ ਵਾਲੀ ਤਬਾਹੀ ਲਗਾਤਾਰ ਜਾਰੀ ਹੈ। ਤਾਜ਼ਾ ਘਟਨਾ ਪੰਜਾਬ ਦੇ ਜ਼ੀਰਕਪੁਰ ਵਿੱਚ ਵਾਪਰੀ। ਬੀਤੀ ਦੇਰ ਰਾਤ, ਇੱਕ ਤੇਜ਼ ਰਫ਼ਤਾਰ ਕਾਲੀ ਆਡੀ ਕਾਰ ਨੇ ਵੀਆਈਪੀ ਰੋਡ ‘ਤੇ ਪੈਦਲ ਜਾ ਰਹੀ ਇੱਕ ਮਹਿਲਾ ਨੂੰ ਕੁਚਲ ਦਿੱਤਾ।

ਟੱਕਰ ਇੰਨੀ ਭਿਆਨਕ ਸੀ ਕਿ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਮ੍ਰਿਤਕ ਦੀ ਭੈਣ ਤੁਰਕੀ ਤੋਂ ਭਾਰਤ ਆ ਰਹੀ ਹੈ।

ਰਿਪੋਰਟਾਂ ਅਨੁਸਾਰ, ਇਹ ਹਾਦਸਾ ਵੀ.ਆਈ.ਪੀ ਰੋਡ ‘ਤੇ ਐਮਕੇਅਰ ਹਸਪਤਾਲ ਦੇ ਸਾਹਮਣੇ ਦੁਪਹਿਰ 12:00 ਵਜੇ ਦੇ ਕਰੀਬ ਵਾਪਰਿਆ। ਚਸ਼ਮਦੀਦਾਂ ਦੇ ਅਨੁਸਾਰ, ਵਿਦੇਸ਼ੀ ਔਰਤ, ਮੌਲੁਦਾ, ਐਮਕੇਅਰ ਹਸਪਤਾਲ ਵਿੱਚ ਇੱਕ ਮਰੀਜ਼ ਨੂੰ ਮਿਲਣ ਤੋਂ ਬਾਅਦ ਆਪਣੀ ਸਹੇਲੀ ਨਾਲ ਪੈਦਲ ਜਾ ਰਹੀ ਸੀ।

ਸੜਕ ਪਾਰ ਕਰਦੇ ਸਮੇਂ ਇੱਕ ਤੇਜ਼ ਰਫ਼ਤਾਰ ਆਡੀ ਕਾਰ ਨੇ ਔਰਤ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਲਗਭਗ 14 ਫੁੱਟ ਉੱਚੀ ਉਛਲੀ ਅਤੇ ਸੜਕ ’ਤੇ ਡਿੱਗੀ। ਇਸ ਹਾਦਸੇ ’ਚ ਉਸਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਜ਼ਿਆਦਾ ਖੂਨ ਵਹਿਣ ਕਾਰਨ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ।

ਘਟਨਾ ਸਮੇਂ ਔਰਤ ਦੇ ਨਾਲ ਮੌਜੂਦ ਅਭਿਸ਼ੇਕ, ਜਿਸਨੂੰ ਅਭੀ ਵੀ ਕਿਹਾ ਜਾਂਦਾ ਹੈ, ਨੇ ਕਿਹਾ ਕਿ ਮ੍ਰਿਤਕ ਉਸਦੀ ਦੋਸਤ ਸੀ ਅਤੇ ਆਪਣੀ ਗਰਭਵਤੀ ਪਤਨੀ ਦਾ ਹਾਲ-ਚਾਲ ਪੁੱਛਣ ਲਈ ਐਮਕੇਅਰ ਹਸਪਤਾਲ ਆਇਆ ਸੀ। ਜਦੋਂ ਉਹ ਦੋਵੇਂ ਹਸਪਤਾਲ ਦੇ ਬਾਹਰ ਮੁੱਖ ਸੜਕ ‘ਤੇ ਇਕੱਠੇ ਪਹੁੰਚੇ, ਤਾਂ ਉਨ੍ਹਾਂ ਨੂੰ ਇੱਕ ਔਡੀ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਵਿੱਚ ਉਸਨੂੰ ਵੀ ਮਾਮੂਲੀ ਸੱਟਾਂ ਲੱਗੀਆਂ।

ਹਾਦਸੇ ਤੋਂ ਬਾਅਦ, ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਹਾਲਾਂਕਿ, ਸਥਾਨਕ ਨਿਵਾਸੀਆਂ ਦਾ ਇਲਜ਼ਾਮ ਹੈ ਕਿ ਚਿਤਾਵਨੀ ਦੇ ਬਾਵਜੂਦ, ਪੁਲਿਸ ਲਗਭਗ ਇੱਕ ਘੰਟੇ ਤੱਕ ਘਟਨਾ ਸਥਾਨ ‘ਤੇ ਨਹੀਂ ਪਹੁੰਚੀ, ਜਿਸ ਕਾਰਨ ਲੋਕਾਂ ਵਿੱਚ ਰੋਸ ਫੈਲ ਗਿਆ।

ਬਾਅਦ ਵਿੱਚ, ਪੁਲਿਸ ਮੌਕੇ ‘ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਡੇਰਾਬਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ। ਪੁਲਿਸ ਮੁਲਜ਼ਮ ਡਰਾਈਵਰ ਦੀ ਪਛਾਣ ਕਰਨ ਅਤੇ ਉਸਨੂੰ ਜਲਦੀ ਹੀ ਗ੍ਰਿਫਤਾਰ ਕਰਨ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਦੀ ਜਾਂਚ ਕਰ ਰਹੀ ਹੈ।

ਮਾਮਲੇ ਸਬੰਧੀ ਜਾਂਚ ਅਧਿਕਾਰੀ ਰਾਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮੌਲੂਦਾ ਵਜੋਂ ਹੋਈ ਹੈ, ਜੋ ਕਿ ਇੱਕ ਵਿਦੇਸ਼ੀ ਨਾਗਰਿਕ ਹੈ। ਉਸਦੀ ਭੈਣ ਤੁਰਕੀ ਤੋਂ ਭਾਰਤ ਆ ਰਹੀ ਹੈ। ਉਸਦੇ ਆਉਣ ਤੋਂ ਬਾਅਦ ਪੋਸਟਮਾਰਟਮ ਸਮੇਤ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਪੁਲਿਸ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ। ਖ਼ਬਰ ਸ੍ਰੋਤ- ਪੀਟੀਸੀ

 

Good News: ਮੁਲਾਜ਼ਮਾਂ ਦੇ ਹੱਕ ‘ਚ ਹਾਈਕੋਰਟ ਦਾ ਵੱਡਾ ਫ਼ੈਸਲਾ! ਹੁਣ ਸਭਨਾਂ ਨੂੰ ਮਿਲੇਗੀ ਬਰਾਬਰ ਤਨਖਾਹ

 

ਮੁਲਾਜ਼ਮਾਂ ਦੇ ਹੱਕ ‘ਚ ਹਾਈਕੋਰਟ ਦਾ ਵੱਡਾ ਫ਼ੈਸਲਾ! ਹੁਣ ਸਭਨਾਂ ਨੂੰ ਮਿਲੇਗੀ ਬਰਾਬਰ ਤਨਖਾਹ

ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਝਟਕਾ: ਪਨਬੱਸ ਦੇ ਠੇਕਾ ਮੁਲਾਜ਼ਮਾਂ ਨੂੰ ਰੋਡਵੇਜ਼ ਦੇ ਪੱਕੇ ਸਟਾਫ਼ ਬਰਾਬਰ ਮਿਲੇਗੀ ਤਨਖਾਹ

ਪਨਬੱਸ ਦੇ 2500 ਠੇਕਾ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ: ਹਾਈਕੋਰਟ ਦਾ ਵੱਡਾ ਫੈਸਲਾ, ਹੁਣ ਮਿਲੇਗੀ ਪੱਕੇ ਮੁਲਾਜ਼ਮਾਂ ਬਰਾਬਰ ਤਨਖਾਹ

‘ਬਰਾਬਰ ਕੰਮ ਬਰਾਬਰ ਤਨਖਾਹ’ ਦੇ ਸਿਧਾਂਤ ਤਹਿਤ ਮਿਲਣਗੇ ਸਾਰੇ ਭੱਤੇ; ਅਦਾਲਤ ਨੇ ਸਰਕਾਰ ਨੂੰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ‘ਤੇ ਵਿਚਾਰ ਕਰਨ ਦੇ ਦਿੱਤੇ ਹੁਕਮ

ਚੰਡੀਗੜ੍ਹ 11 ਮਾਰਚ 2026: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਨਬੱਸ (PUNBUS) ਦੇ ਕਰੀਬ 2500 ਠੇਕਾ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ ਇੱਕ ਇਤਿਹਾਸਕ ਫੈਸਲਾ ਸੁਣਾਇਆ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤੇ ਹਨ ਕਿ ਪਨਬੱਸ ਦੇ ਠੇਕਾ ਮੁਲਾਜ਼ਮਾਂ ਨੂੰ ਹੁਣ ਪੰਜਾਬ ਰੋਡਵੇਜ਼ ਦੇ ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਅਤੇ ਭੱਤੇ ਦਿੱਤੇ ਜਾਣ।

‘ਬਰਾਬਰ ਕੰਮ ਬਰਾਬਰ ਤਨਖਾਹ’ ਦਾ ਸਿਧਾਂਤ

ਸੁਣਵਾਈ ਦੌਰਾਨ ਹਾਈਕੋਰਟ ਨੇ ਸਪੱਸ਼ਟ ਕੀਤਾ ਕਿ ਜਦੋਂ ਪਨਬੱਸ ਦੇ ਠੇਕਾ ਮੁਲਾਜ਼ਮ ਅਤੇ ਰੋਡਵੇਜ਼ ਦੇ ਪੱਕੇ ਕਰਮਚਾਰੀ ਇੱਕੋ ਜਿਹੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ ਅਤੇ ਇੱਕੋ ਜਿਹਾ ਕੰਮ ਕਰਦੇ ਹਨ, ਤਾਂ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਫਰਕ ਰੱਖਣਾ ਗ਼ੈਰ-ਵਾਜਬ ਹੈ। ਹੁਣ ਇਨ੍ਹਾਂ ਮੁਲਾਜ਼ਮਾਂ ਨੂੰ ਰੋਡਵੇਜ਼ ਦੇ ਰੈਗੂਲਰ ਸਟਾਫ਼ ਵਾਂਗ ਹੀ ਵਿੱਤੀ ਲਾਭ ਮਿਲਣਗੇ।

ਅਦਾਲਤ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਉਹ ਇਨ੍ਹਾਂ ਕਰਮਚਾਰੀਆਂ ਨੂੰ ਵਿਭਾਗ ਵਿੱਚ ਰੈਗੂਲਰ (ਪੱਕਾ) ਕਰਨ ਬਾਰੇ ਵੀ ਗੰਭੀਰਤਾ ਨਾਲ ਵਿਚਾਰ ਕਰੇ।

ਕਿਨ੍ਹਾਂ ਨੂੰ ਮਿਲੇਗਾ ਲਾਭ?

ਅਦਾਲਤ ਦੇ ਇਸ ਹੁਕਮ ਤਹਿਤ ਜਿਨ੍ਹਾਂ ਮੁਲਾਜ਼ਮਾਂ ਨੇ ਹਾਈਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਸਨ, ਉਨ੍ਹਾਂ ਨੂੰ ਇਸ ਫੈਸਲੇ ਦਾ ਸਿੱਧਾ ਅਤੇ ਤੁਰੰਤ ਲਾਭ ਮਿਲੇਗਾ। ਬਾਕੀ ਰਹਿੰਦੇ ਕਰਮਚਾਰੀ ਵੀ ਇਨ੍ਹਾਂ ਲਾਭਾਂ ਨੂੰ ਪ੍ਰਾਪਤ ਕਰਨ ਲਈ ਸਰਕਾਰ ਨੂੰ ਆਪਣੇ ਮੰਗ ਪੱਤਰ (Representations) ਸੌਂਪਣਗੇ, ਜਿਸ ‘ਤੇ ਸਰਕਾਰ ਨੂੰ ਢੁਕਵੀਂ ਕਾਰਵਾਈ ਕਰਨੀ ਪਵੇਗੀ।

ਪਨਬੱਸ ਮੁਲਾਜ਼ਮਾਂ ਵਿੱਚ ਖ਼ੁਸ਼ੀ ਦੀ ਲਹਿਰ

ਦੱਸਣਯੋਗ ਹੈ ਕਿ ਪਨਬੱਸ ਦੇ ਕਰਮਚਾਰੀ ਲੰਬੇ ਸਮੇਂ ਤੋਂ ਇਸ ਵਿਤਕਰੇ ਵਿਰੁੱਧ ਸੰਘਰਸ਼ ਕਰ ਰਹੇ ਸਨ। ਠੇਕੇ ‘ਤੇ ਭਰਤੀ ਹੋਣ ਕਾਰਨ ਉਨ੍ਹਾਂ ਦੀਆਂ ਤਨਖਾਹਾਂ ਪੱਕੇ ਮੁਲਾਜ਼ਮਾਂ ਦੇ ਮੁਕਾਬਲੇ ਬਹੁਤ ਘੱਟ ਸਨ। ਹਾਈਕੋਰਟ ਦੇ ਇਸ ਫੈਸਲੇ ਨਾਲ ਮੁਲਾਜ਼ਮ ਜਥੇਬੰਦੀਆਂ ਵਿੱਚ ਖ਼ੁਸ਼ੀ ਪਾਈ ਜਾ ਰਹੀ ਹੈ ਅਤੇ ਇਸ ਨੂੰ ਮੁਲਾਜ਼ਮ ਏਕਤਾ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ptc

 

ਪੰਜਾਬ ਕਾਂਗਰਸ ਨੂੰ ਵੱਡਾ ਝਟਕਾ; ਕਈ ਸੀਨੀਅਰ ਆਗੂ ਅਕਾਲੀ ਦਲ ‘ਚ ਸ਼ਾਮਲ

 

ਪੰਜਾਬ ਕਾਂਗਰਸ ਨੂੰ ਵੱਡਾ ਝਟਕਾ; ਕਈ ਸੀਨੀਅਰ ਆਗੂ ਅਕਾਲੀ ਦਲ ‘ਚ ਸ਼ਾਮਲ

ਯੂਥ ਕਾਂਗਰਸ ਦੇ ਜਨਰਲ ਸਕੱਤਰ ਤਰਨੀ ਨੇ ਸੈਂਕੜੇ ਸਾਥੀਆਂ ਸਮੇਤ ਡਾ. ਦਲਜੀਤ ਚੀਮਾ ਦੀ ਅਗਵਾਈ ਕਬੂਲਦੇ ਹੋਏ ਸ਼੍ਰੋਮਣੀ ਅਕਾਲੀ ਦਲ ‘ਚ ਕੀਤੀ ਸ਼ਮੂਲੀਅਤ

ਤਰਨੀ ਦੇ ਆਉਣ ਨਾਲ ਰੋਪੜ ਹਲਕੇ ਵਿੱਚ ਪਾਰਟੀ ਨੂੰ ਵੱਡਾ ਹੁਲਾਰਾ ਮਿਲੇਗਾ- ਡਾ. ਦਲਜੀਤ ਚੀਮਾ

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਆਪਣੇ ਸਮੇਂ ਵਿੱਚ ਜੋ ਵਿਕਾਸ ਕਰਵਾਇਆ, ਉਸ ਤੋਂ ਬਾਅਦ ਰੋਪੜ ਸ਼ਹਿਰ ਵਿੱਚ ਕੋਈ ਕੰਮ ਨਹੀਂ ਹੋਇਆ

Punjab News, 11 March 2026-

ਰੋਪੜ ਸ਼ਹਿਰ ਵਿੱਚ ਕਾਂਗਰਸ ਪਾਰਟੀ (Punjab Congress) ਨੂੰ ਵੱਡਾ ਝਟਕਾ ਲੱਗਿਆ, ਜਦੋਂ ਯੂਥ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਨੌਜਵਾਨ ਆਗੂ ਤਰਨਜੀਤ ਸਿੰਘ ਤਰਨੀ ਨੇ ਸੈਂਕੜੇ ਸਾਥੀਆਂ ਸਮੇਤ ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਕਬੂਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਲਈ।

ਡਾਕਟਰ ਚੀਮਾ ਨੇ ਤਰਨੀ ਨੂੰ ‘ਜੀ ਆਇਆਂ’ ਆਖਦੇ ਹੋਏ ਐਲਾਨ ਕੀਤਾ ਕਿ ਤਰਨੀ ਯੂਥ ਕਾਂਗਰਸ ਵਿਚ ਜਨਰਲ ਸਕੱਤਰ ਸੀ, ਹੁਣ ਯੂਥ ਅਕਾਲੀ ਦਲ ਵਿਚ ਉਹ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਹੋਣਗੇ।

ਉਨ੍ਹਾਂ ਨੇ ਕਿਹਾ ਕਿ ਤਰਨੀ ਦੇ ਆਉਣ ਨਾਲ ਰੋਪੜ ਹਲਕੇ ਵਿੱਚ ਪਾਰਟੀ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਮੌਕੇ ਬੋਲਦਿਆਂ ਤਰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਆਮ ਘਰਾਂ ਤੋਂ ਉੱਠ ਕੇ ਆਏ ਨੌਜਵਾਨਾਂ ਦੀ ਕੋਈ ਕਦਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਆਪਣੇ ਸਮੇਂ ਵਿੱਚ ਜੋ ਵਿਕਾਸ ਕਰਵਾਇਆ, ਉਸ ਤੋਂ ਬਾਅਦ ਰੋਪੜ ਸ਼ਹਿਰ ਵਿੱਚ ਕੋਈ ਕੰਮ ਨਹੀਂ ਹੋਇਆ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ।

 

Punjab Budget: ਪੰਜਾਬ ਭਰ ‘ਚ ਠੇਕਾ ਮੁਲਾਜ਼ਮ ਸਾੜਨਗੇ ਬਜਟ ਦੀਆਂ ਕਾਪੀਆਂ

 

ਪੰਜਾਬ ਭਰ ‘ਚ 13 ਮਾਰਚ ਨੂੰ ਬਜਟ ਦੀਆਂ ਕਾਪੀਆਂ ਸਾੜ ਕੇ ਠੇਕਾ ਮੁਲਾਜ਼ਮ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ

Punjab News, 11 March 2026- 

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਬਰਿੰਦਰ ਸਿੰਘ ਮੋਮੀ, ਬਲਿਹਾਰ ਸਿੰਘ ਕਟਾਰੀਆ, ਪਵਨਦੀਪ ਸਿੰਘ, ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਸ਼ੇਰ ਸਿੰਘ ਖੱਨਾ, ਸਿਮਰਨਜੀਤ ਸਿੰਘ ਨੀਲੋਂ, ਜਸਪ੍ਰੀਤ ਸਿੰਘ ਗਗਨ, ਗੁਰਪ੍ਰੀਤ ਸਿੰਘ ਗੋਇੰਦਵਾਲ ਸਾਹਿਬ, ਰਮਨਦੀਪ ਸਿੰਘ, ਹਰਜਿੰਦਰ ਸਿੰਘ ਵੇਅਰ ਹਾਊਸ, ਲਛਮਣ ਸਿੰਘ ਧੂਰੀ, ਆਦਿ ਵੱਲੋਂ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਤੈਨਾਤ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਪੰਜਾਬ ਦੇ ਵਿਧਾਇਕਾਂ ਰਾਹੀਂ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਸੀ ਕਿ ਸਾਡੀਆਂ ਜਿਹੜੀਆਂ ਮੰਗਾਂ ਪਿਛਲੇ ਲੰਬੇ ਅਰਸੇ ਤੋਂ ਲਮਕ ਰਹੀਆਂ ਹਨ, ਉਨ੍ਹਾਂ ਦਾ ਇਸ ਵਿਧਾਨ ਸਭਾ ਇਜਲਾਸ ਵਿੱਚ ਹੱਲ ਕਰ ਕੇ ਚੋਣਾਂ ਸਮੇਂ ਸਾਡੇ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਜਾਵੇ।

ਇਨ੍ਹਾਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਆਗੂਆਂ ਵੱਲੋਂ ਕਿਹਾ ਗਿਆ ਕਿ ਸਾਰੇ ਆਊਟਸੋਰਸਡ ਇਨਲਿਸਟਮੈਂਟ ਨੂੰ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰਨ, ਘੱਟੋ ਘੱਟ ਉਜਰਤ ਦੇ ਕਾਨੂੰਨ 1948 ਅਨੁਸਾਰ ਪੰਦਰਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਨੂੰ ਸ਼ਾਮਲ ਕਰਕੇ ਤਨਖਾਹ ਨਿਸ਼ਚਿਤ ਕੀਤੀ ਜਾਵੇ, ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਅਸੂਲ ਅਤੇ ਅਦਾਲਤੀ ਫੈਸਲਾ ਅਤੇ ਹੋਰ ਮੰਗਾਂ ਜਿਨ੍ਹਾਂ ਦਾ ਚੋਣਾਂ ਸਮੇਂ ਵਾਅਦਾ ਕੀਤਾ ਸੀ ਉਨ੍ਹਾਂ ਨੂੰ ਇਸ ਵਿਧਾਨ ਸਭਾ ਇਜਲਾਸ ਵਿੱਚ ਪ੍ਰਵਾਨ ਕੀਤਾ ਜਾਵੇ। ਪਰ ਬਹੁਤ ਹੀ ਅਫ਼ਸੋਸਨਾਕ ਹਾਲਤ ਇਹ ਹੈ ਕਿ ਮੰਗ ਪੱਤਰ ਭੇਜਣ ਸਮੇਂ ਜਿਨ੍ਹਾਂ ਵਿਧਾਇਕਾਂ ਨੇ ਇਨ੍ਹਾਂ ਮੰਗਾਂ ਨੂੰ ਵਿਧਾਨ ਸਭਾ ਵਿੱਚ ਰੱਖਣ ਅਤੇ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ ਸੀ।

ਉਨ੍ਹਾਂ 117 ਵਿਧਾਇਕਾਂ ਵੱਲੋਂ ਸਾਡੀਆਂ ਇਨ੍ਹਾਂ ਮੰਗਾਂ ਦਾ ਹੱਲ ਕਰਨ ਦੀ ਗੱਲ ਤਾਂ ਦੂਰ ਦੀ ਰਹੀ, ਇਨ੍ਹਾਂ ਉੱਪਰ ਵਿਚਾਰ ਚਰਚਾ ਕਰਨ ਲਈ ਆਪਣੀ ਜ਼ਬਾਨ ਤੱਕ ਵੀ ਖੋਲ੍ਹਣ ਦੀ ਲੋੜ ਨਹੀਂ ਸਮਝੀ। ਜਿਸ ਇੱਕ ਔਰਤ ਵਿਧਾਇਕ ਵੱਲੋਂ ਇਨ੍ਹਾਂ ਮੰਗਾਂ ਦੇ ਹੱਲ ਦੀ ਗੱਲ ਕੀਤੀ ਗਈ, ਉਸ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰਨ ਦੀ ਮੰਗ ਪੇਸ਼ ਕਰਨ ਤੋਂ ਪਹਿਲਾਂ ਹੀ ਨਾ-ਮਨਜ਼ੂਰ ਕੀਤੀ ਗਈ।

ਵਿਰੋਧੀ ਧਿਰਾਂ ਦੀ ਚੁੱਪ ਨੇ ਇਸ ਅਸਲੀਅਤ ਨੂੰ ਜੱਗ ਜ਼ਾਹਰ ਕੀਤਾ ਹੈ ਕਿ ਕਹਿਣ ਨੂੰ ਭਾਵੇਂ ਇਹ ਸਭ ਵੱਖਰੇ ਵੱਖਰੇ ਹਨ ਪਰ ਅਸਲ ਵਿੱਚ ਇਹ ਸਭ ਲੁਟੇਰੇ ਕਾਰਪੋਰੇਟ ਘਰਾਣਿਆਂ ਦੇ ਸੇਵਕ ਹਨ, ਜੋ ਤਨਖਾਹ ਵਾਧੇ ਦੀ ਮੰਗ ਵਿਧਾਇਕਾ ਵੱਲੋਂ ਰੱਖੀ ਵੀ ਗਈ ਉਸ ਨੂੰ ਵੀ ਸਪੀਕਰ ਵੱਲੋਂ ਸਬ ਕਮੇਟੀ ਦੇ ਚੇਅਰਮੈਨ ਅਤੇ ਵਿੱਤ ਮੰਤਰੀ ਦੇ ਖਾਤੇ ਵਿੱਚ ਪਾ ਕੇ ਚਰਚਾ ਦੀ ਲੋੜ ਵੀ ਨਹੀਂ ਸਮਝੀ।

ਉਸ ਵਿੱਤ ਮੰਤਰੀ ਵੱਲ ਤਿਲਕਾ ਦਿੱਤੀ ਗਈ ਜਿਸ ਨੂੰ ਵਿੱਤ ਮੰਤਰੀ ਸਾਹਿਬ ਪਿਛਲੇ ਚਾਰ ਸਾਲਾਂ ਤੋਂ ਝੂਠੇ ਲਾਰਿਆਂ ਨਾਲ ਧੋਖੇ ਦੀਆਂ ਸਾਜ਼ਿਸ਼ਾਂ ਰਾਹੀਂ ਲਮਕਾ ਕੇ ਡੰਗ ਟਪਾਈ ਕਰਦੇ ਆ ਰਹੇ ਸਨ। ਇਸ ਸਮੇਂ ਜਿਨ੍ਹਾਂ ਵੱਲੋਂ ਵਿਧਾਨ ਸਭਾ ਦੀ ਇਸ ਜ਼ਿੰਮੇਵਾਰੀ ਨੂੰ ਵਿਭਾਗੀ ਅਧਿਕਾਰੀਆਂ ਵੱਲ ਤਿਲਕਾ ਕੇ ਆਪਣੇ ਆਪ ਨੂੰ ਮੁਲਾਜ਼ਮ ਰੋਹ ਤੋਂ ਮੁਕਤ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਵਿਸ਼ਾਲ ਏਕਤਾ ਨੂੰ ਵਿਭਾਗਾਂ ਵਿੱਚ ਵੰਡਣ ਦਾ ਧੋਖਾ ਕੀਤਾ ਹੈ।

ਜਿਨ੍ਹਾਂ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਮੋਰਚੇ ਨਾਲ ਗੱਲਬਾਤ ਤੋਂ ਗੁਰੇਜ਼ ਕਰਕੇ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਨੂੰ ਬਿਨਾਂ ਮੰਗੇ ਮੀਟਿੰਗ ਦੇ ਕੇ ਇਸ ਵਿਸ਼ਾਲ ਏਕਤਾ ਨੂੰ ਖਿੰਡਾਉਣ ਲਈ ਪੂਰਾ ਤਾਣ ਲਾਇਆ ਹੈ ਜਿਸ ਨੂੰ ਮੋਰਚੇ ਦੀ ਸੂਝਵਾਨ ਲੀਡਰਸ਼ਿਪ ਵੱਲੋਂ ਠੁਕਰਾ ਕੇ ਆਪਣੀ ਏਕਤਾ ਦੀ ਰਾਖੀ ਕੀਤੀ ਹੈ।

ਮੌਜੂਦਾ ਸਰਕਾਰ ਵੱਲੋਂ ਆਪਣੇ ਆਖ਼ਰੀ ਬਜਟ ਸੈਸ਼ਨ ਵਿੱਚ ਠੇਕਾ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਅਤੇ ਭੇਜੀ ਗਈ ਅਪੀਲ ਨੂੰ ਠੁਕਰਾ ਕੇ ਪੰਜਾਬ ਸਰਕਾਰ ਵੱਲੋਂ ਆਪਣੀ ਮੁਲਾਜ਼ਮ ਵਿਰੋਧੀ ਖਸਲਤ ਦਾ ਨੰਗਾ ਚਿੱਟਾ ਪ੍ਰਗਟਾਵਾ ਕੀਤਾ ਹੈ। ਇਸ ਹਾਲਤ ਵਿੱਚ ਮੁਲਾਜ਼ਮਾਂ ਕੋਲ ਆਪਣੀਆਂ ਮੰਗਾਂ ਦੇ ਹੱਲ ਦਾ ਇੱਕੋ ਇੱਕ ਸੰਘਰਸ਼ ਦਾ ਰਾਹ ਬਾਕੀ ਹੈ ਜਿਸ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੈ।

ਆਗੂਆਂ ਵੱਲੋਂ ਆਪਣੇ ਸੰਘਰਸ਼ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਕਿ ਠੇਕਾ ਮੁਲਾਜ਼ਮ 13-14 ਮਾਰਚ ਨੂੰ ਆਪਣੇ ਆਪਣੇ ਅਦਾਰਿਆਂ ਅੱਗੇ ਇਕੱਠ ਕਰਕੇ ਰੈਲੀਆਂ ਕਰਨ ਉਪਰੰਤ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜ ਕੇ ਆਪਣੇ ਗੁੱਸੇ ਦਾ ਜ਼ੋਰਦਾਰ ਪ੍ਰਗਟਾਵਾ ਕਰਕੇ ਅਗਲੇ ਤਿੱਖੇ ਸੰਘਰਸ਼ ਦੀਆਂ ਤਿਆਰੀਆਂ ਤੇਜ਼ ਕਰਨਗੇ। 23 ਮਾਰਚ ਵਾਲੇ ਦਿਨ ਆਪਣੇ ਮਹਾਨ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕਰਕੇ ਕਾਰਪੋਰੇਟ ਲੁੱਟ ਵਿਰੁੱਧ ਪਹਿਲਾਂ ਤੋਂ ਜਾਰੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਅਹਿਦ ਕੀਤਾ ਜਾਵੇਗਾ।

22 ਮਾਰਚ ਤੋਂ ਦਿੜ੍ਹਬਾ ਹਲਕੇ ਵਿੱਚ ਝੰਡਾ ਮਾਰਚ ਕਰਕੇ ਮੁਲਾਜ਼ਮ ਮਸਲਿਆਂ ਦੇ ਹੱਲ ਲਈ ਬਣੀ ਸਬ ਕਮੇਟੀ ਅਤੇ ਵਿੱਤ ਮੰਤਰੀ ਪੰਜਾਬ ਦੇ ਹਲਕੇ ਦਿੜ੍ਹਬਾ ਵਿਚ 5 ਅਪ੍ਰੈਲ ਤੱਕ ਵੱਡੇ ਇਕੱਠ ਕਰਕੇ ਪਿੰਡਾਂ ਵਿੱਚ ਝੰਡਾ ਮਾਰਚ ਕਰਕੇ ਪੰਜਾਬ ਸਰਕਾਰ ਸਮੇਤ ਸਬ ਕਮੇਟੀ ਦੇ ਪਿਛਲੇ ਚਾਰ ਸਾਲਾਂ ਦੇ ਠੇਕਾ ਮੁਲਾਜ਼ਮਾਂ ਨਾਲ ਕੀਤੇ ਝੂਠ, ਧੋਖੇ ਅਤੇ ਪਾਟਕ ਪਾਊ ਦੰਭੀ ਵਿਹਾਰ ਦਾ ਲੋਕ ਸੱਥ ਵਿਚ ਉਧੇੜ ਕਰਕੇ ਭਵਿੱਖ ਦੇ ਵਿਸ਼ਾਲ ਏਕਤਾ ਵਾਲੇ ਸਾਂਝੇ ਸੰਘਰਸ਼ ਦੀਆਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾਣਗੀਆਂ।

 

ਵੱਡੀ ਖ਼ਬਰ: ਪੰਜਾਬੀ ਗਾਇਕ ਨੂੰ ਬਦਮਾਸ਼ਾਂ ਨੇ ਮਾਰੀਆਂ ਗੋਲੀਆਂ, ਵਾਰ-ਵਾਰ ਬਚੇ…!

 

ਵੱਡੀ ਖ਼ਬਰ: ਪੰਜਾਬੀ ਗਾਇਕ ਨੂੰ ਬਦਮਾਸ਼ਾਂ ਨੇ ਮਾਰੀਆਂ ਗੋਲੀਆਂ

ਕਾਲੇ ਰੰਗ ਦੀ ਕਾਰ ‘ਚ ਸਵਾਰ ਸਨ ਹਮਲਾਵਰ; ਗਾਇਕ ਨੇ ਭਜਾ ਕੇ ਬਚਾਈ ਜਾਨ, ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ

ਨਵਾਂਸ਼ਹਿਰ, 11 ਮਾਰਚ 2026- 

ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਨਾਮਵਰ ਗਾਇਕ ਰਾਣਾ ਸਹੋਤਾ ਨਾਲ ਜੁੜੀ ਇੱਕ ਬੇਹੱਦ ਹੈਰਾਨ ਕਰਨ ਵਾਲੀ ਅਤੇ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ।

ਨਵਾਂਸ਼ਹਿਰ ਦੇ ਨਜ਼ਦੀਕ ਅਣਪਛਾਤੇ ਬਦਮਾਸ਼ਾਂ ਵੱਲੋਂ ਰਾਣਾ ਸਹੋਤਾ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਦਹਿਸ਼ਤ ਫੈਲਾਉਣ ਲਈ ਹਵਾਈ ਫਾਇਰ ਵੀ ਕੀਤੇ ਗਏ।

ਰਾਣਾ ਸਹੋਤਾ ਨੇ ਖੁਦ ਮੀਡੀਆ ਦੇ ਸਾਹਮਣੇ ਆ ਕੇ ਇਸ ਪੂਰੀ ਘਟਨਾ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ, ਉਹ ਖੁਦ ਆਪਣੀ ਗੱਡੀ ਚਲਾ ਕੇ ਜਾ ਰਹੇ ਸਨ, ਜਦੋਂ ਨਵਾਂਸ਼ਹਿਰ ਦੇ ਨੇੜੇ ਇੱਕ ਕਾਲੇ ਰੰਗ ਦੀ ਸ਼ੱਕੀ ਕਾਰ ਉਨ੍ਹਾਂ ਦਾ ਪਿੱਛਾ ਕਰਨ ਲੱਗੀ।

ਕੁਝ ਦੂਰੀ ਤੱਕ ਪਿੱਛਾ ਕਰਨ ਤੋਂ ਬਾਅਦ ਹਮਲਾਵਰਾਂ ਨੇ ਆਪਣੀ ਕਾਰ ਰਾਣਾ ਸਹੋਤਾ ਦੀ ਗੱਡੀ ਦੇ ਬਰਾਬਰ ਲਿਆਂਦੀ ਅਤੇ ਅੰਦਰ ਬੈਠੇ ਨੌਜਵਾਨਾਂ ਨੇ ਇਸ਼ਾਰਿਆਂ ਨਾਲ ਗੱਡੀ ਰੋਕਣ ਲਈ ਕਿਹਾ। ਜਦੋਂ ਗਾਇਕ ਨੇ ਖ਼ਤਰਾ ਮਹਿਸੂਸ ਕਰਦਿਆਂ ਗੱਡੀ ਨਾ ਰੋਕੀ, ਤਾਂ ਬਦਮਾਸ਼ਾਂ ਨੇ ਹਵਾਈ ਫਾਇਰ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਏ।

ਪੰਜਾਬ ਵਿੱਚ ਗਾਇਕਾਂ ‘ਤੇ ਹਮਲਿਆਂ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਕਲਾਕਾਰ ਜਗਤ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ।

ਰਾਣਾ ਸਹੋਤਾ ਨੇ ਦੱਸਿਆ ਕਿ ਉਹ ਇਸ ਘਟਨਾ ਤੋਂ ਬਾਅਦ ਕਾਫੀ ਸਹਿਮੇ ਹੋਏ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਹੈ।

ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ (CCTV) ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਉਸ ਕਾਲੇ ਰੰਗ ਦੀ ਗੱਡੀ ਅਤੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।

 

JK Rain Alert: ਕਈ ਇਲਾਕਿਆਂ ‘ਚ ਪਿਆ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਲਈ ਅਲਰਟ ਜਾਰੀ

 

JK Rain Alert: ਕਈ ਇਲਾਕਿਆਂ ‘ਚ ਪਿਆ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਲਈ ਅਲਰਟ ਜਾਰੀ

JK Rain Alert: ਰਾਜ਼ਦਾਨ ਟਾਪ ‘ਤੇ ਬਰਫ਼ਬਾਰੀ ਕਾਰਨ ਬਾਂਦੀਪੋਰਾ-ਗੁਰੇਜ਼ ਰੋਡ ਬੰਦ; ਮੌਸਮ ਵਿਭਾਗ ਵੱਲੋਂ ਬਾਂਦੀਪੋਰਾ ‘ਚ ਬਰਫ਼ਾਨੀ ਤੂਫ਼ਾਨ (Avalanche) ਦਾ ਅਲਰਟ

ਸ੍ਰੀਨਗਰ 11 ਮਾਰਚ 2026:

JK Rain Alert: ਕਸ਼ਮੀਰ ਘਾਟੀ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਖੁਸ਼ਕ ਮੌਸਮ ਅਤੇ ਸੋਕਾ ਆਖਰਕਾਰ ਖ਼ਤਮ ਹੋ ਗਿਆ ਹੈ। ਘਾਟੀ ਦੇ ਕਈ ਹਿੱਸਿਆਂ ਵਿੱਚ ਹੋਈ ਬਾਰਿਸ਼ ਅਤੇ ਉੱਚਾਈ ਵਾਲੇ ਇਲਾਕਿਆਂ ਵਿੱਚ ਹੋਈ ਤਾਜ਼ਾ ਬਰਫ਼ਬਾਰੀ ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।

ਅਧਿਕਾਰੀਆਂ ਅਨੁਸਾਰ ਸ੍ਰੀਨਗਰ ਅਤੇ ਬਡਗਾਮ ਸਮੇਤ ਮੱਧ ਕਸ਼ਮੀਰ ਵਿੱਚ ਹਲਕੀ ਬਾਰਿਸ਼ ਹੋਈ, ਜਦੋਂ ਕਿ ਉੱਤਰੀ ਅਤੇ ਦੱਖਣੀ ਕਸ਼ਮੀਰ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦਰਜ ਕੀਤੀ ਗਈ ਹੈ।

ਸੋਨਮਰਗ-ਜ਼ੋਜਿਲਾ ਐਕਸਿਸ, ਸਿੰਥਨ ਟਾਪ, ਸਾਧਨਾ ਟਾਪ, ਪੀਰ ਕੀ ਗਲੀ ਅਤੇ ਰਾਜ਼ਦਾਨ ਟਾਪ ਵਰਗੇ ਉੱਚਾਈ ਵਾਲੇ ਇਲਾਕਿਆਂ ਵਿੱਚ ਬੁੱਧਵਾਰ ਰਾਤ ਅਤੇ ਵੀਰਵਾਰ ਸਵੇਰੇ ਤਾਜ਼ਾ ਬਰਫ਼ਬਾਰੀ ਹੋਈ।

ਮਸ਼ਹੂਰ ਸੈਰ-ਸਪਾਟਾ ਸਥਾਨ ਸੋਨਮਰਗ ਬਰਫ਼ ਦੀ ਚਿੱਟੀ ਚਾਦਰ ਨਾਲ ਪੂਰੀ ਤਰ੍ਹਾਂ ਢੱਕ ਗਿਆ ਹੈ, ਜਿਸ ਨਾਲ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ।

ਤਾਜ਼ਾ ਬਰਫ਼ਬਾਰੀ ਕਾਰਨ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ। 11,000 ਫੁੱਟ ਦੀ ਉੱਚਾਈ ‘ਤੇ ਸਥਿਤ ਰਾਜ਼ਦਾਨ ਟਾਪ ‘ਤੇ ਬਰਫ਼ ਜਮ੍ਹਾਂ ਹੋਣ ਅਤੇ ਫਿਸਲਣ ਕਾਰਨ ਗੁਰੇਜ਼ ਘਾਟੀ ਨੂੰ ਜੋੜਨ ਵਾਲੀ ਬਾਂਦੀਪੋਰਾ-ਗੁਰੇਜ਼ ਰੋਡ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ।

ਕਾਰਗਿਲ ਦੇ ਨੀਵੇਂ ਇਲਾਕਿਆਂ ਵਿੱਚ ਬਾਰਿਸ਼ ਅਤੇ ਜ਼ੋਜਿਲਾ ਐਕਸਿਸ ਸਮੇਤ ਜ਼ਾਂਸਕਰ ਘਾਟੀ ਵਿੱਚ ਬਰਫ਼ਬਾਰੀ ਦੀਆਂ ਖ਼ਬਰਾਂ ਹਨ।

ਜੰਮੂ-ਕਸ਼ਮੀਰ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਬਾਂਦੀਪੋਰਾ ਜ਼ਿਲ੍ਹੇ ਵਿੱਚ 2,500 ਮੀਟਰ ਤੋਂ ਵੱਧ ਉੱਚਾਈ ਵਾਲੇ ਇਲਾਕਿਆਂ ਵਿੱਚ ਅਗਲੇ 24 ਘੰਟਿਆਂ ਲਈ ‘ਘੱਟ ਖ਼ਤਰੇ’ ਵਾਲੇ ਐਵਲਾਂਚ ਦੀ ਚੇਤਾਵਨੀ ਜਾਰੀ ਕੀਤੀ ਹੈ। ਲੋਕਾਂ ਨੂੰ ਇਨ੍ਹਾਂ ਇਲਾਕਿਆਂ ਵਿੱਚ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਆਉਣ ਵਾਲੇ ਦਿਨਾਂ ਦਾ ਮੌਸਮ

ਮੌਸਮ ਵਿਭਾਗ ਅਨੁਸਾਰ 12 ਮਾਰਚ ਤੱਕ ਬੱਦਲਵਾਈ ਰਹੇਗੀ ਅਤੇ ਕਈ ਥਾਵਾਂ ‘ਤੇ ਬਾਰਿਸ਼/ਬਰਫ਼ਬਾਰੀ ਜਾਰੀ ਰਹਿ ਸਕਦੀ ਹੈ। 13-14 ਮਾਰਚ ਤੱਕ ਮੌਸਮ ਆਮ ਤੌਰ ‘ਤੇ ਖੁਸ਼ਕ ਰਹੇਗਾ।