ਐਤਵਾਰ, ਮਈ 3, 2026
Home Blog Page 111

ਅਧਿਆਪਕਾਂ ‘ਤੇ ਲਾਠੀਚਾਰਜ; ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਤਿੱਖੇ ਸੰਘਰਸ਼ ਦੀ ਚੇਤਾਵਨੀ

 

ਚੰਡੀਗੜ੍ਹ ਵਿਖੇ ਟੈਟ ਦੇ ਵਿਰੋਧ ਵਿੱਚ ਹੋਈ ਰੈਲੀ ਤੇ ਸਰਕਾਰ ਵੱਲੋਂ ਅਧਿਆਪਕਾਂ ਤੇ ਕੀਤਾ ਲਾਠੀਚਾਰਜ ਨਿੰਦਣਯੋਗ ਘਟਨਾ-ਮਾਨ

“ਟੈਟ (TET) ਦੀ ਆੜ ਵਿੱਚ ਪੁਰਾਣੀ ਪੈਨਸ਼ਨ ਦਾ ਮੁੱਦਾ ਦਬਾ ਰਹੀ ਹੈ ਸਰਕਾਰ” — ਗੁਰਦਿਆਲ ਮਾਨ; 2011 ਤੋਂ ਪਹਿਲਾਂ ਭਰਤੀ ਅਧਿਆਪਕਾਂ ‘ਤੇ ਸ਼ਰਤ ਥੋਪਣਾ ਗ਼ਲਤ

“ਪੰਜਾਬ ਸਰਕਾਰ ਟੈਟ ਦੀ ਸ਼ਰਤ ਤੁਰੰਤ ਵਾਪਸ ਲਵੇ”- ਸੰਹੂਗੜਾ

ਨਵਾਂਸ਼ਹਿਰ 13 ਮਾਰਚ 2026

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਅਹੁਦੇਦਾਰਾ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਿਕ ਵੇਰਕਾ ਬੂਥ ਦੇ ਸਾਹਮਣੇ ਚੰਡੀਗੜ੍ਹ ਰੋਡ ਵਿਖੇ ਹੋਈ।

ਮੀਟਿੰਗ ਸੰਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਗੁਰਦਿਆਲ ਮਾਨ ਜਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਕਿਹਾ ਕਿ ਬੀਤੇ ਦਿਨੀਂ ਟੈਟ ਦੀ ਸ਼ਰਤ ਨੂੰ ਵਾਪਸ ਕਰਵਾਉਣ ਨੂੰ ਲੈ ਕੇ ਚੱਲਦੇ ਵਿਧਾਨ ਸਭਾ ਇਜਲਾਸ ਦੌਰਾਨ ਵਿਸ਼ੇਸ਼ ਆਰਡੀਨੈਂਸ ਲਿਆਉਣ ਦੀ ਮੰਗ ਨੂੰ ਸਰਕਾਰ ਵਲੋਂ ਅਣਗੋਲਿਆ ਕਰਨ ਦੇ ਰੋਸ ਕਾਰਨ ਅਧਿਆਪਕ ਜਥੇਬੰਦੀਆਂ ਵਿਧਾਨ ਸਭਾ ਵੱਲ ਨੂੰ ਕੂਚ ਕਰ ਰਹੀਆਂ ਸਨ, ਜਿਸ ਤੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਕੀਤੇ ਲਾਠੀਚਾਰਜ,ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਦਾਗ਼ਣ ਦੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸਖ਼ਤ ਨਿਖੇਧੀ ਕਰਦੀ ਹੈ।

ਮਾਨ ਨੇ ਕਿਹਾ ਕਿ ਪੰਜਾਬ ਸਰਕਾਰ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਤੇ ਜਬਰੀ ਟੈਟ ਥੋਪ ਰਹੀ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਕੋਈ ਵੀ ਅਧਿਆਪਕ ਭਰਤੀ ਤਾਂ ਹੀ ਹੁੰਦਾ ਹੈ, ਜੇਕਰ ਉਹ ਸਰਕਾਰ ਵਲੋਂ ਭਰਤੀ ਨਿਯਮਾਂ ਨੂੰ ਪੂਰਾ ਕਰਦਾ ਹੈ। ਜੋ ਕਿ ਸਰਕਾਰ ਵੱਲੋਂ ਪਹਿਲਾਂ ਹੀ ਤੈਅ ਕੀਤੇ ਹੁੰਦੇ ਹਨ। ਉਹਨਾਂ ਕਿਹਾ ਕਿ 2011 ਤੋਂ ਪਹਿਲਾਂ ਭਰਤੀ ਅਧਿਆਪਕਾਂ ਤੇ ਟੈਟ ਦੀ ਸ਼ਰਤ ਤਰਕ ਸੰਗਤ ਨਹੀਂ ਹੈ।

ਮਾਨ ਨੇ ਕਿਹਾ ਕਿ ਸਰਕਾਰ ਟੈਟ ਦੀ ਆੜ ਵਿੱਚ ਪੁਰਾਣੀ ਪੈਨਸ਼ਨ ਦੇ ਮੁੱਦੇ ਨੂੰ ਦਬਾਉਣਾ ਚਾਹੁੰਦੀ ਹੈ। ਇਸ ਮੌਕੇ ਜੁਝਾਰ ਸੰਹੂਗੜਾ ਜ਼ਿਲ੍ਹਾ ਪ੍ਰਧਾਨ ਬੀ ਐੱਡ ਅਧਿਆਪਕ ਫਰੰਟ ਨੇ ਕਿਹਾ ਕਿ ਸਰਕਾਰ ਡੰਡੇ ਦੇ ਜ਼ੋਰ ਨਾਲ ਅਧਿਆਪਕਾਂ ਦੀ ਅਵਾਜ਼ ਨੂੰ ਦਬਾ ਨਹੀਂ ਸਕਦੀ। ਉਹਨਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਹੀ ਟੈਟ ਦੀ ਸ਼ਰਤ ਵਾਪਸ ਲਵੇ, ਨਹੀ ਤਾਂ ਹੋਰ ਵੀ ਤਿੱਖਾ ਸੰਘਰਸ਼ ਹੋਵੇਗਾ।

ਇਸ ਮੌਕੇ ਉਨ੍ਹਾਂ ਦੇ ਨਾਲ ਬਲਜਿੰਦਰ ਵਿਰਕ, ਸ਼ਤੀਸ ਨਵਾਂ ਗਰਾਂ, ਸੁਰਿੰਦਰ ਛੂਛੇਵਾਲ, ਪਵਨ ਕੁਮਾਰ ਨਵਾਂ ਸ਼ਹਿਰ, ਪਰਗਟ ਸਿੰਘ ਕਾਨੂੰਗੋ, ਰਾਜ ਕੁਮਾਰ ਜੰਡੀ, ਜਸਵੰਤ ਸਿੰਘ ਫੌਜੀ ਆਦਿ ਤੋਂ ਬਿਨਾਂ ਹੋਰ ਵੀ ਸਾਥੀ ਹਾਜ਼ਰ ਸਨ।

 

ਭਗਵੰਤ ਮਾਨ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ; ਹਜ਼ਾਰਾਂ ਕਿਸਾਨਾਂ ਨੂੰ ਨਹੀਂ ਮਿਲਿਆ ਹੜ੍ਹਾਂ ਦਾ ਮੁਆਵਜ਼ਾ..!

 

ਭਗਵੰਤ ਮਾਨ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ; ਹਜ਼ਾਰਾਂ ਕਿਸਾਨਾਂ ਨੂੰ ਨਹੀਂ ਮਿਲਿਆ ਹੜ੍ਹਾਂ ਦਾ ਮੁਆਵਜ਼ਾ..!

ਪਟਵਾਰੀਆਂ ਤੇ ਤਹਿਸੀਲਦਾਰਾਂ ਦੀ ਧੱਕੇਸ਼ਾਹੀ ਦੇ ਖਿਲਾਫ਼ ਕਿਸਾਨਾਂ ਦਾ ਵੱਡਾ ਐਲਾਨ

ਪਟਵਾਰੀਆਂ ਤੇ ਤਹਿਸੀਲਦਾਰਾਂ ਦੇ ਚੱਕਰ ਕੱਟ ਕੇ ਥੱਕੇ ਕਿਸਾਨ; ਯੂਨੀਅਨ ਨੇ ਚੁੱਕਿਆ ਮੁੱਦਾ

“ਕਿਸਾਨਾਂ ਦਾ ਹੱਕ ਮਾਰਨ ਵਾਲੇ ਅਧਿਕਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ” — ਸੁਖਦੇਵ ਭੋਜਰਾਜ

ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ‘ਤੇ ਕਿਸਾਨਾਂ ‘ਚ ਰੋਸ; ਡੀ.ਸੀ. ਗੁਰਦਾਸਪੁਰ ਨੂੰ ਸੌਂਪਿਆ ਮੰਗ ਪੱਤਰ

ਕਈ ਪਿੰਡਾਂ ਦੇ ਕਿਸਾਨ ਅਜੇ ਵੀ ਮੁਆਵਜ਼ੇ ਤੋਂ ਵਾਂਝੇ; ਕਿਸਾਨ ਤੇ ਜਵਾਨ ਭਲਾਈ ਯੂਨੀਅਨ ਨੇ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

ਗੁਰਦਾਸਪੁਰ 13 ਮਾਰਚ 2026:

ਸਾਲ 2025 ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ਤੋਂ ਪਰੇਸ਼ਾਨ ਕਿਸਾਨਾਂ ਨੇ ਅੱਜ ਪ੍ਰਸ਼ਾਸਨ ਦਾ ਦਰਵਾਜ਼ਾ ਖੜਕਾਇਆ। ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦਾ ਇੱਕ ਵਫ਼ਦ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਅਦਿਤਿਆ ਉੱਪਲ ਨੂੰ ਮਿਲਿਆ ਅਤੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ।

100 ਫ਼ੀਸਦੀ ਨੁਕਸਾਨ ਦੇ ਬਾਵਜੂਦ ਕਿਸਾਨ ਖ਼ਾਲੀ ਹੱਥ

ਵਫ਼ਦ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਹੜ੍ਹਾਂ ਕਾਰਨ ਪ੍ਰਭਾਵਿਤ ਇਲਾਕੇ ਕਲਾਨੌਰ, ਫਤੂਪੁਰ, ਗਵਾਰੇ, ਕਿਲ੍ਹਾ ਨੱਥੂ ਸਿੰਘ ਅਤੇ ਚਿਕੜੀ ਮਾਨੇਪੁਰ ਵਰਗੇ ਪਿੰਡਾਂ ਵਿੱਚ ਝੋਨੇ ਅਤੇ ਬਾਸਮਤੀ ਦੀ ਫ਼ਸਲ ਦਾ 100 ਫ਼ੀਸਦੀ ਨੁਕਸਾਨ ਹੋਇਆ ਸੀ। ਸਰਕਾਰ ਵੱਲੋਂ ਐਲਾਨੀ ਗਈ 20 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਮਾਮੂਲੀ ਰਾਸ਼ੀ ਲੈਣ ਤੋਂ ਵੀ ਬਹੁਤ ਸਾਰੇ ਕਿਸਾਨ ਅਜੇ ਤੱਕ ਵਾਂਝੇ ਹਨ। ਕਿਸਾਨ ਲਗਾਤਾਰ ਪਟਵਾਰੀਆਂ ਅਤੇ ਤਹਿਸੀਲਦਾਰਾਂ ਦੇ ਚੱਕਰ ਕੱਟ ਕੇ ਥੱਕ ਚੁੱਕੇ ਹਨ, ਪਰ ਅਧਿਕਾਰੀਆਂ ਦੇ ਰਵਈਏ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਹੀ ਪੱਲੇ ਪੈ ਰਹੀ ਹੈ।

ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਬਹੁਤ ਸਾਰੇ ਕਿਸਾਨ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਹਾਰ ਕੇ ਘਰ ਬੈਠ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਪੈਂਡਿੰਗ ਪਏ ਮੁਆਵਜ਼ੇ ਦੀ ਤੁਰੰਤ ਜਾਂਚ ਕਰਵਾ ਕੇ ਕਿਸਾਨਾਂ ਨੂੰ ਬਣਦੀ ਰਾਸ਼ੀ ਜਾਰੀ ਕੀਤੀ ਜਾਵੇ। ਜਿਨ੍ਹਾਂ ਮੁਲਾਜ਼ਮਾਂ ਜਾਂ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਉਨ੍ਹਾਂ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਵਡਾਲਾ ਬਾਂਗਰ, ਇਕਾਈ ਪ੍ਰਧਾਨ ਗੁਰਜਿੰਦਰ ਸਿੰਘ ਗਵਾਰੇ, ਟਹਿਲ ਸਿੰਘ ਮਾਨੇਪੁਰ, ਸਤਨਾਮ ਸਿੰਘ ਕਲਾਨੌਰ, ਗੁਰਦੇਵ ਸਿੰਘ, ਬਲਵੰਤ ਸਿੰਘ, ਗੁਰਪ੍ਰੀਤ ਸਿੰਘ ਅਤੇ ਪ੍ਰਿੰਸ ਮਸੀਹ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

 

Opinion: ਸਰਹੱਦੀ ਖੇਤਰ ਦੇ ਲੋਕਾਂ ਦਾ ਦਰਦ

 

ਸਰਹੱਦੀ ਖੇਤਰ ਦੇ ਲੋਕਾਂ ਦਾ ਦਰਦ

ਸਮੱਸਿਆਵਾਂ ਨਾਲ ਘਿਰਿਆ ਪੰਜਾਬ ਦੇ ਸਰਹੱਦੀ ਖੇਤਰ ਤੇ ਲੋਕਾਂ ਦਾ ਜੀਵਨ

ਡਾ. ਸਤਿੰਦਰ ਸਿੰਘ

ਪੰਜਾਬ ਦੇ 06 ਜ਼ਿਲ੍ਹੇ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਹਿੰਦ-ਪਾਕਿ ਸਰਹੱਦ ਦੇ 05 ਕਿਲੋਮੀਟਰ ਘੇਰੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਜੀਵਨ ਬੇਹੱਦ ਸੰਘਰਸ਼ਮਈ, ਚੁਨੌਤੀਪੂਰਨ, ਬਹਾਦਰੀ ਨਾਲ ਭਰਪੂਰ ਅਤੇ ਅਨੇਕਾਂ ਹੀ ਭੂਗੋਲਿਕ, ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ। ਇਹ ਲੋਕ ਜਿੱਥੇ ਸਰਹੱਦਾਂ ਦੀ ਰਾਖੀ ਵਿੱਚ ਬੀ ਐਸ ਐਫ ਅਤੇ ਭਾਰਤੀ ਫੌਜ ਨੂੰ ਵੱਡਮੁੱਲਾ ਸਹਿਯੋਗ ਕਰਦੇ ਹਨ, ਉੱਥੇ ਕੁਝ ਲੋਕਾਂ ਦੀਆਂ ਗਲਤੀਆਂ ਕਾਰਨ ਇਹਨਾਂ ਤੇ ਇਲਜ਼ਾਮ ਵੀ ਲੱਗਦੇ ਹਨ ਅਤੇ ਸ਼ੱਕ ਦੀਆਂ ਨਿਗਾਂਹ ਨਾਲ ਵੀ ਦੇਖਿਆ ਜਾਂਦਾ ਹੈ। ਇਹਨਾਂ ਦੀ ਜ਼ਿੰਦਗੀ ਸਰਹੱਦ ਦੇ ਨਾਲ ਲੱਗੀ ਕੰਡਿਆਲੀ ਤਾਰ ਦੀ ਤਰ੍ਹਾਂ ਗੁੰਝਲਦਾਰ ਹੋਣ ਦੇ ਨਾਲ ਨਾਲ ਸਰਹੱਦ ਦੇ ਨਾਲ ਵਗਦੇ ਸਤਲੁਜ ਦਰਿਆ ਦੀ ਗਤੀ ਤੇ ਵੀ ਨਿਰਭਰ ਕਰਦੀ ਹੈ।

ਵਿਸ਼ਵ ਪ੍ਰਸਿੱਧ ਸ਼ਹੀਦੀ ਸਮਾਰਕ ਹੂਸੈਨੀ ਵਾਲਾ ਫਿਰੋਜ਼ਪੁਰ ਦੇ ਨਜ਼ਦੀਕ ਹਿੰਦ ਪਾਕਿ ਸਰਹੱਦ ਦੀ ਜ਼ੀਰੋ ਲਾਈਨ ਅਤੇ ਸਤਲੁਜ ਦਰਿਆ ਦੇ ਵਿਚਕਾਰ ਵਸਦੇ 14 ਪਿੰਡਾਂ ਵਿੱਚ ਪਿਛਲੇ 09 ਸਾਲ ਤੋਂ ਡਿਊਟੀ ਨਿਭਾਉਂਦਿਆਂ ਇਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਹੀ ਨੇੜਤਾ ਅਤੇ ਗਹੁ ਨਾਲ ਦੇਖਿਆ। ਸਾਲ 2017 ਵਿੱਚ ਸਿੱਖਿਆ ਵਿਭਾਗ ਵਿੱਚ ਜਦੋਂ ਬਤੌਰ ਪ੍ਰਿੰਸੀਪਲ ਤਰੱਕੀ ਮਿਲੀ ਤਾਂ ਸਮਾਜਿਕ ਜਿੰਮੇਵਾਰੀ ਸਮਝਦਿਆਂ , ਮਨ ਵਿੱਚ ਆਇਆ ਕਿ ਕੋਈ ਅਜਿਹਾ ਸਕੂਲ ਚੁਣਿਆ ਜਾਵੇ ਜਿੱਥੇ ਕੰਮ ਕਰਨ ਦਾ ਦਾਇਰਾ ਵੱਡਾ ਹੋਵੇ ਅਤੇ ਇਲਾਕਾ ਲੋੜਵੰਦ ਹੋਵੇ, ਅਜਿਹੇ ਇਲਾਕੇ ਵਿੱਚ ਕੰਮ ਕਰਨ ਦਾ ਜਜ਼ਬਾ ਲੈ ਕੇ ਸਰਹੱਦ ਤੋਂ ਸਿਰਫ 500 ਮੀਟਰ ਦੀ ਦੂਰੀ ਤੇ ਸਥਿਤ ਪਿੰਡ ਗੱਟੀ ਰਾਜੋ ਕੇ ਦਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਹਿਲੇ ਪ੍ਰਿੰਸੀਪਲ ਵਜੋਂ ਹਾਜ਼ਰ ਹੋਇਆ। ਜਿੱਥੇ ਉਸ ਸਮੇਂ ਮੋਬਾਇਲ ਫੋਨ ਜਾਂ ਇੰਟਰਨੈਟ ਤਾਂ ਦੂਰ ਲੈਂਡਲਾਈਨ ਵੀ ਨਹੀਂ ਚੱਲਦਾ ਸੀ । ਪਹੁੰਚ ਮਾਰਗ ਦੀ ਸੜਕ ਪੂਰੀ ਤਰ੍ਹਾਂ ਟੁੱਟੀ ਹੋਈ ਇੱਕ ਪਿੰਡ ਦੇ ਬੱਚੇ ਤਾਂ ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰਕੇ ਸਕੂਲ ਪਹੁੰਚਦੇ ਸਨ। ਸਕੂਲ ਵਿੱਚ 550 ਵਿਦਿਆਰਥੀਆਂ ਲਈ ਸਿਰਫ 07 ਅਧਿਆਪਕ।ਇੱਥੇ ਆ ਕੇ ਪਤਾ ਲੱਗਿਆ ਕਿ ਇਹ ਇਲਾਕਾ ਸਿਰਫ ਆਰਥਿਕ ਸਮੱਸਿਆਵਾਂ ਹੀ ਨਹੀਂ ਬਲਕਿ ਅਨੇਕਾਂ ਹੀ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ । ਕੰਮ ਕਰਦਿਆਂ ਆਪਣੇ ਆਪ ਨੂੰ ਉਸ ਇਲਾਕੇ ਦੇ ਸਿਰਫ ਸਕੂਲ ਦੇ ਵਿਕਾਸ ਤੱਕ ਹੀ ਸੀਮਤ ਨਹੀਂ ਰੱਖਿਆ ਬਲਕਿ ਲੋੜੀਂਦੇ ਮੁੱਦਿਆਂ ਤੇ ਸਮਾਜ ਸੇਵੀ ਸੰਸਥਾਵਾਂ, ਬੀ ਐਸ ਐਫ, ਜ਼ਿਲ੍ਹਾ ਪ੍ਰਸ਼ਾਸਨ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਨੇਕਾਂ ਸਮਾਜ ਸੇਵਾ ਅਤੇ ਜਾਗਰੂਕਤਾ ਦੇ ਕੰਮ ਕੀਤੇ ਜੋ ਅਲੱਗ ਵਿਸ਼ਾ ਹੈ। ਪ੍ਰੰਤੂ ਅੱਜ ਦਾ ਲੇਖ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਤੇ ਕੇਂਦਰਿਤ ਹੈ। ਪ੍ਰੰਤੂ ਇਹਨਾਂ ਕੰਮਾਂ ਦੀ ਬਦੌਲਤ ਹੀ ਇਹਨਾਂ ਨਾਲ ਨੇੜਤਾ ਜਰੂਰ ਹੋਈ ਤੇ ਇਹਨਾਂ ਦੀਆਂ ਮੁਸ਼ਕਿਲਾਂ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ।

ਪੰਜਾਬ ‘ਚ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਵਿੱਚ ਲਗਭਗ ਸਮਾਨਤਾ ਹੀ ਦੇਖਣ ਨੂੰ ਮਿਲਦੀ ਹੈ। 2011 ਦੀ ਜਨਗਣਨਾ ਦੇ ਅਨੁਸਾਰ ਜ਼ੀਰੋ ਲਾਈਨ ਦੇ 16 ਕਿਲੋਮੀਟਰ ਤੱਕ ਦੇ ਘੇਰੇ ਵਿੱਚ ਜ਼ਿਲ੍ਹਾ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਇਹ ਇਲਾਕਾ 553 ਕਿਲੋਮੀਟਰ ਲੰਬਾ ਹੈ। ਜਿਸ ਵਿੱਚ 1840 ਦੇ ਕਰੀਬ ਪਿੰਡ ਅਤੇ 9 ਤੋਂ 10 ਸ਼ਹਿਰ ਸ਼ਾਮਿਲ ਹਨ ।ਪਰ ਇਹਨਾਂ ਵਿੱਚ 290 ਦੇ ਕਰੀਬ ਪਿੰਡ ਜੋ ਸਰਹੱਦ ਦੀ ਜ਼ੀਰੋ ਲਾਈਨ ਤੋਂ 04 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਹਨ ।ਉਹਨਾਂ ਦੀ ਸਥਿਤੀ ਜ਼ਿਆਦਾਤਰ ਤਰਸਯੋਗ ਹੈ।
ਇਹਨਾਂ ਪਿੰਡਾਂ ਵਿੱਚ ਅਨੇਕਾਂ ਪਿੰਡ ਮਾਲ ਮਹਿਕਮੇ ਦੇ ਰਿਕਾਰਡ ਅਨੁਸਾਰ ਬੇ ਚਿਰਾਗ ਹਨ । ਅਨੇਕਾਂ ਪਿੰਡਾਂ ਦੀ ਜਮੀਨ ਦੀ ਮਾਲਕੀ ਵੀ ਉਨਾਂ ਲੋਕਾਂ ਦੇ ਨਾਮ ਨਹੀਂ ਹੈ ,ਜਿਹੜੇ ਪਿਛਲੇ 60 ਸਾਲ ਤੋਂ ਵੱਧ ਸਮੇਂ ਤੋਂ ਉਸ ਜਮੀਨ ਤੇ ਖੇਤੀ ਕਰ ਰਹੇ ਹਨ। ਹੜਾਂ ਰੂਪੀ ਕੁਦਰਤੀ ਆਫਤ ਮੌਕੇ ਜਦੋਂ ਭਾਰੀ ਨੁਕਸਾਨ ਹੁੰਦਾ ਤਾਂ ਪੰਜਾਬ ਦੇ ਬਾਕੀ ਇਲਾਕਿਆਂ ਦੀ ਤਰ੍ਹਾਂ ਇਹਨਾਂ ਲੋਕਾਂ ਨੂੰ ਸਰਕਾਰੀ ਮੁਆਵਜ਼ਾ ਵੀ ਪੂਰਾ ਨਹੀਂ ਮਿਲਦਾ ਹੈ। ਜਮੀਨ ਦੀ ਮਲਕੀਅਤ ਇਹਨਾਂ ਕਿਸਾਨਾਂ ਦੇ ਨਾਮ ਤੇ ਨਾ ਹੋਣ ਕਾਰਨ ਇਹਨਾਂ ਪਿੰਡਾਂ ਦੇ ਕਿਸਾਨਾਂ ਨੂੰ ਬੈਂਕਾਂ ਤੋਂ ਲੋਨ ਅਤੇ ਲਿਮਿਟ ਆਦਿ ਦੀ ਸਹੂਲਤ ਵੀ ਅਸਾਨੀ ਨਾਲ ਉਪਲਬਧ ਨਹੀਂ ਹੁੰਦੀ। ਜਿਸ ਕਾਰਨ ਲੋੜ ਪੈਣ ਤੇ ਇਹ ਆੜਤੀਆਂ ਤੋਂ ਮਹਿੰਗੇ ਵਿਆਜ ਦਰ ਤੇ ਕਰਜ਼ਾ ਲੈਣ ਲਈ ਮਜਬੂਰ ਹੁੰਦੇ ਹਨ। ਸਾਲ 2023 ਅਤੇ ਸਾਲ 2025 ਵਿੱਚ ਆਏ ਭਾਰੀ ਹੜਾਂ ਨੇ ਤਾਂ ਇਹਨਾਂ ਲੋਕਾਂ ਦੀ ਆਰਥਿਕਤਾ ਦੀ ਕਮਰ ਹੀ ਤੋੜ ਕੇ ਰੱਖ ਦਿੱਤੀ ਹੈ। ਦੇਖਦੇ ਹੀ ਦੇਖਦੇ ਸਤਲੁਜ ਦਰਿਆ ਦੇ ਤੇਜ਼ ਵਹਾਅ ਨਾਲ ਅਨੇਕਾਂ ਹੀ ਪੱਕੇ ਮਕਾਨ ਹੜਾਂ ਦੀ ਭੇਟ ਚੜ੍ਹ ਗਏ।ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣਾ ,ਰਾਹਤ ਕੈਂਪਾਂ ਵਿੱਚ ਰਹਿਣਾ ਬਹੁਤ ਹੀ ਦੁਖਦਾਈ ਹੁੰਦਾ ਹੈ। ਹੜਾਂ ਦੌਰਾਨ ਰਾਹਤ ਕੰਮ ਕਰਦਿਆਂ ਦੇਖਿਆ ਕਿ ਜਿੱਥੇ ਕੁਦਰਤੀ ਕਰੋਪੀ ਨੇ ਭਾਰੀ ਤਬਾਹੀ ਮਚਾਈ, ਉੱਥੇ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ,ਦਾਨੀ ਸੱਜਣਾਂ ਨੇ ਇਸ ਇਲਾਕੇ ਦੀ ਹਰ ਪੱਖੋਂ ਮੱਦਦ ਜਿਸ ਦਰਿਆ ਦਿਲੀ ਅਤੇ ਭਾਈਚਾਰਕ ਸਾਂਝ ਨਾਲ ਮੱਦਦ ਕੀਤੀ, ਉਸਦੀ ਮਿਸਾਲ ਪੂਰੀ ਦੁਨੀਆਂ ਵਿੱਚ ਦੇਖਣ ਨੂੰ ਨਹੀਂ ਮਿਲਦੀ। ਇਹਨਾਂ ਲੋਕਾਂ ਦੀ ਮੱਦਦ ਨਾਲ ਅਤੇ ਆਪਣੇ ਸੰਘਰਸ਼ਮਈ ਸੁਭਾਅ ਅਤੇ ਆਤਮ ਵਿਸ਼ਵਾਸ ਨਾਲ ਇਹ ਲੋਕ ਥੋੜੇ ਸਮੇਂ ਬਾਅਦ ਹੀ ਆਮ ਵਾਂਗ ਜ਼ਿੰਦਗੀ ਜਿਉਣ ਦੇ ਯੋਗ ਹੋ ਜਾਂਦੇ ਹਨ। ਹੜਾਂ ਤੋਂ ਬਾਅਦ ਵੀ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਘੱਟਦੀਆਂ ਨਹੀਂ ਹਨ ।ਸਤਲੁਜ ਦਰਿਆ ਦਾ ਪ੍ਰਦੂਸ਼ਿਤ ਪਾਣੀ ਇਸ ਇਲਾਕੇ ਵਿੱਚ ਅਨੇਕਾਂ ਸਿਹਤ ਸਮੱਸਿਆਵਾਂ ਵੀ ਪੈਦਾ ਕਰ ਰਿਹਾ ਹੈ ।ਚਮੜੀ ਦੇ ਰੋਗ ਹੱਡੀਆਂ ਦੇ ਰੋਗ ,ਪੀਲੀਆ,ਪੇਟ ਦੇ ਰੋਗ,ਹੈਪਾਟਾਇਟਸ, ਅਲਰਜੀ ਅਤੇ ਪਾਣੀ ਨਾਲ ਸੰਬੰਧਿਤ ਕਈ ਹੋਰ ਬਿਮਾਰੀਆਂ ਇਸ ਇਲਾਕੇ ਵਿੱਚ ਆਮ ਗੱਲ ਹੈ ।ਹੁਸੈਨੀਵਾਲਾ ਦੇ ਨਜ਼ਦੀਕ ਪਾਕਿਸਤਾਨ ਦੀ ਤਰਫੋਂ ਕਸੂਰ ਸ਼ਹਿਰ ਦੇ ਚਮੜਾਂ ਉਦਯੋਗ ਦਾ ਕੈਮੀਕਲ ਯੁਕਤ ਪਾਣੀ ਇਸ ਦਰਿਆ ਵਿੱਚ ਪੈਂਦਾ ਹੈ। ਉਹ ਇਹਨਾਂ ਸਿਹਤ ਸਮੱਸਿਆਵਾਂ ਨੂੰ ਹੋਰ ਗੰਭੀਰ ਕਰ ਰਿਹਾ ਹੈ। ਸਤਲੁਜ ਦਰਿਆ ਕਿਸੇ ਸਮੇਂ ਇਸ ਇਲਾਕੇ ਦੇ ਖੇਤੀ ਲਈ ਵਰਦਾਨ ਸਾਬਿਤ ਹੁੰਦਾ ਸੀ। ਪਰੰਤੂ ਲਗਾਤਾਰ ਆਏ ਹੜਾਂ ਅਤੇ ਪ੍ਰਦੂਸ਼ਿਤ ਪਾਣੀ ਦੀ ਬਦੌਲਤ ਇਹ ਦਰਿਆ ਇਹਨਾਂ ਲੋਕਾਂ ਲਈ ਸਰਾਪ ਬਣਦਾ ਨਜ਼ਰ ਆ ਰਿਹਾ ਹੈ।

ਇਸ ਇਲਾਕੇ ਅਤੇ ਸਮੁੱਚੇ ਪੰਜਾਬ ਦੇ ਆਰਥਿਕ ਵਿਕਾਸ ਲਈ ਇਸ ਖੇਤਰ ਵਿੱਚ ਵਾਰ ਵਾਰ ਆਉਂਦੇ ਹੜਾ ਅਤੇ ਪ੍ਰਦੂਸ਼ਿਤ ਪਾਣੀ ਦਾ ਠੋਸ ਹੱਲ ਲੱਭਣਾ ਸਮੇਂ ਦੀ ਵੱਡੀ ਜਰੂਰਤ ਹੈ । ਇਸ ਮਸਲੇ ਤੇ ਕੇਂਦਰ ਸਰਕਾਰ ਨੂੰ ਵੀ ਮੱਦਦ ਲਈ ਫਰਾਖ ਦਿਲੀ ਦਿਖਾਉਣੀ ਚਾਹੀਦੀ ਹੈ । ਕਿਉਂਕਿ ਸੂਬਾ ਸਰਕਾਰ ਇਕੱਲੀ ਆਪਣੇ ਪੱਧਰ ਤੇ ਇੰਨੀ ਵੱਡੀ ਸਮੱਸਿਆ ਦਾ ਹੱਲ ਕਰਨ ਦੀ ਆਰਥਿਕ ਸਥਿਤੀ ਵਿੱਚ ਨਹੀਂ ਹੈ।

ਹਿੰਦ-ਪਾਕਿ ਸਰਹੱਦ ਤੇ ਤਨਾਅ :

ਇਸ ਇਲਾਕੇ ਦੀ ਦੂਸਰੀ ਸਭ ਤੋਂ ਵੱਡੀ ਸਮੱਸਿਆ ਉਸ ਵਕਤ ਖੜੀ ਹੁੰਦੀ ਹੈ ਜਦੋਂ ਪਾਕਿਸਤਾਨ ਨਾਲ ਸਥਿਤੀ ਤਨਾਵਪੂਰਨ ਬਣ ਜਾਂਦੀ ਹੈ 1965 ਤੇ 1971 ਦੀਆਂ ਜੰਗਾਂ ਤੋਂ ਬਾਅਦ ਇਹ ਲੋਕ ਜ਼ਿੰਦਗੀ ਦੀ ਸ਼ੁਰੂਆਤ ਨਵੇਂ ਸਿਰੇ ਤੋਂ ਕਰਨ ਲਈ ਮਜਬੂਰ ਹੋਏ ।ਪਰੰਤੂ ਕਾਰਗਿਲ ਜੰਗ, ਪੁਲਵਾਮਾ ਹਮਲਾ, ਪਹਿਲਗਾਮ ਅਟੈਕ ਤੇ ਆਪਰੇਸ਼ਨ ਸਿੰਦੂਰ ਸਮੇਂ ਵੀ ਇਸ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਦਹਿਸ਼ਤ ਅਨਿਸ਼ਚਿਤਤਾ ਅਤੇ ਮੁਸ਼ਕਿਲਾਂ ਨਾਲ ਭਰੀ ਹੁੰਦੀ ਹੈ। ਲੋਕਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਜਿਸ ਨਾਲ ਖੇਤੀਬਾੜੀ ,ਪਸ਼ੂਆਂ ਅਤੇ ਖਾਸ ਤੌਰ ਤੇ ਬੱਚਿਆਂ ਦੀ ਪੜ੍ਹਾਈ ਤੇ ਬੇਹੱਦ ਮਾੜਾ ਪ੍ਰਭਾਵ ਪੈਂਦਾ ਹੈ। ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਜਿਨ੍ਹਾਂ ਦਾ ਕੋਈ ਬਦਲਵਾਂ ਪ੍ਰਬੰਧ ਨਹੀਂ ਹੁੰਦਾ । ਉਹਨਾਂ ਦੀਆਂ ਸੁਰੱਖਿਆ ਚਿੰਤਾਵਾਂ ਕਾਰਨ ਹਾਲਾਤ ਤਰਸਯੋਗ ਹੋ ਜਾਂਦੀ ਹੈ ,ਡਰ ਅਤੇ ਦਹਿਸ਼ਤ ਦਾ ਮਾਹੌਲ ਉਹਨਾਂ ਦੇ ਚਿਹਰੇ ਤੇ ਸਾਫ ਝਲਕਦਾ ਹੈ। ਇਹਨਾਂ ਦਿਨਾਂ ਵਿੱਚ ਘਰ ਛੱਡ ਕੇ ਗਏ ਲੋਕਾਂ ਦੇ ਘਰਾਂ ਵਿੱਚ ਚੋਰੀਆਂ ਵੀ ਆਮ ਗੱਲ ਹੋ ਜਾਂਦੀ ਹੈ।

ਬੱਚਿਆਂ ਦੀ ਪੜ੍ਹਾਈ ਤੇ ਮਾੜਾ ਪ੍ਰਭਾਵ:

ਇਸ ਇਲਾਕੇ ਵਿੱਚ ਚਾਹੇ ਸਰਹੱਦੀ ਤਨਾਅ ਹੋਵੇ ਜਾਂ ਦਰਿਆ ਦੇ ਕਾਰਨ ਹੜ ਆਉਣ ਤਾਂ, ਇਸ ਇਲਾਕੇ ਦੇ ਸਕੂਲ ਲੰਬੇ ਸਮੇਂ ਲਈ ਬੰਦ ਹੋ ਜਾਂਦੇ ਹਨ। ਜਿਹੜੇ ਲੋਕ ਇਲਾਕਾ ਛੱਡ ਕੇ ਦੂਸਰੀਆਂ ਸੁਰੱਖਿਤ ਥਾਵਾਂ ਤੇ ਚਲੇ ਜਾਂਦੇ ਹਨ, ਉਹਨਾਂ ਦੇ ਬੱਚੇ ਵੀ ਪੜ੍ਹਾਈ ਨਾਲੋਂ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ। ਜਿਸ ਦਾ ਬੱਚਿਆਂ ਦੀ ਪੜ੍ਹਾਈ ਤੇ ਬੇਹੱਦ ਮਾੜਾ ਪ੍ਰਭਾਵ ਪੈਂਦਾ ਹੈ। ਇਹਨਾਂ ਕਾਰਨਾਂ ਕਰਕੇ ਜਦੋਂ ਲੋਕਾਂ ਦੀ ਆਰਥਿਕ ਸਥਿਤੀ ਖਰਾਬ ਹੁੰਦੀ ਹੈ ਤਾਂ ਉਹ ਖੇਤੀ ਜਾਂ ਮਜ਼ਦੂਰੀ ਦੇ ਕੰਮਾਂ ਵਿੱਚ ਬੱਚਿਆਂ ਨੂੰ ਵੀ ਨਾਲ ਲਗਾ ਲੈਂਦੇ ਹਨ। ਬੱਚੇ ਲੰਬਾ ਸਮਾਂ ਸਕੂਲ ਤੋਂ ਗੈਰ ਹਾਜ਼ਰ ਰਹਿੰਦੇ ਹਨ ਜਾਂ ਸਕੂਲ ਛੱਡ ਜਾਂਦੇ ਹਨ। ਜਿਸ ਨਾਲ ਇਸ ਇਲਾਕੇ ਵਿੱਚ ਜਿੱਥੇ ਡਰਾਪ ਆਊਟ ਦਰ ਵੱਧਦੀ ਹੈ, ਉੱਥੇ ਇਸ ਇਲਾਕੇ ਵਿੱਚ ਅਨਪੜਤਾ ਵੀ ਵੱਧਦੀ ਹੈ, ਜੋ ਸੂਬੇ ਦੀ ਸਾਖਰਤਾ ਦਰ ਵਿੱਚ ਕਮੀ ਲਿਆਉਂਦੀ ਹੈ। ਸਰਕਾਰੀ ਪੱਧਰ ‘ਤੇ ਸਰਹੱਦੀ ਖੇਤਰ ਦੀ ਸਿੱਖਿਆ ਲਈ ਚਾਹੇ ਯਤਨ ਕੀਤੇ ਜਾ ਰਹੇ ਹਨ। ਪ੍ਰੰਤੂ ਲੋਕਾਂ ਦੀਆਂ ਮਜਬੂਰੀਆਂ ਇਸ ਤੇ ਭਾਰੂ ਪੈ ਜਾਂਦੀਆਂ ਹਨ। ਸਰਹੱਦੀ ਇਲਾਕੇ ਚ ਲੜਕੀਆਂ ਦੀ ਸਿੱਖਿਆ ਵੱਲ ਅਜੇ ਵੀ ਘੱਟ ਤਰਜੀਹ ਦਿੱਤੀ ਜਾਂਦੀ ਹੈ। ਸਕੂਲੀ ਸਿੱਖਿਆ ਦੌਰਾਨ ਹੀ ਲੜਕੀਆਂ ਸਕੂਲ ਛੱਡ ਜਾਂਦੀਆਂ ਹਨ। 12ਵੀਂ ਜਮਾਤ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਦੇ ਕਾਲਜਾਂ ਤੱਕ ਪਹੁੰਚਣ ਲਈ ਆਵਾਜਾਈ ਦੇ ਸਾਧਨਾਂ ਦੀ ਘਾਟ ਅਤੇ ਆਰਥਿਕ ਤੰਗੀ ਇਹਨਾਂ ਦੀ ਪੜ੍ਹਾਈ ਵਿੱਚ ਵੱਡੀ ਰੁਕਾਵਟ ਬਣਦੀ ਹੈ। ਲੜਕੀਆਂ ਦੀ ਸ਼ਾਦੀ ਛੋਟੀ ਉਮਰ ਵਿੱਚ ਹੀ ਕਰ ਦੇਣ ਦੀ ਪਰੰਪਰਾ ਅੱਜ ਵੀ ਖੂਬ ਪ੍ਰਚਲਿਤ ਹੈ। ਅਜਿਹੀਆਂ ਸਥਿਤੀਆਂ ਦੇ ਬਾਵਜੂਦ ਵੀ ਇਹਨਾਂ ਪਿੰਡਾਂ ਦੇ ਵਿਦਿਆਰਥੀ ਸਰੀਰਕ ਪੱਖੋਂ ਮਜਬੂਤ ਅਤੇ ਫੁਰਤੀਲੇ ਹਨ, ਜੇ ਸਹੀ ਅਗਵਾਈ ਮਿਲੇ ਤਾਂ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਦੇ ਹਨ। ਫੌਜ ਵਿੱਚ ਭਰਤੀ ਹੋਣ ਦਾ ਜਜ਼ਬਾ ਰੱਖਦੇ ਹਨ। ਇਸ ਇਲਾਕੇ ਵਿੱਚ ਸਕਿਲ ਡਿਵੈਲਪਮੈਂਟ ਕੇਂਦਰ ਅਤੇ ਖੇਡ ਅਕੈਡਮੀਆਂ ਖੋਲੀਆਂ ਜਾਣ ਤਾਂ ਇਹਨਾਂ ਪਿੰਡਾਂ ਦੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਸਕਦੇ ਹਨ।

ਨਸ਼ੇ ਦੀ ਸਮੱਸਿਆ

ਸਰਹੱਦੀ ਖੇਤਰ ਦੀ ਮੌਜੂਦਾ ਸਮੇਂ ਸਭ ਤੋਂ ਵੱਡੀ ਸਮੱਸਿਆ ਨਸ਼ਾਖੋਰੀ ਦੀ ਹੈ। ਸਰਹੱਦ ਤੋਂ ਪਾਰ ਪਾਕਿਸਤਾਨ ਦੀਆਂ ਗਲਤ ਨੀਤੀਆਂ ਕਾਰਨ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਰਹੀ ਹੈ। ਸਰਕਾਰ ਅਤੇ ਬੀ ਐਸ ਐਫ ਦੀ ਮੁਸਤੈਦੀ ਦੇ ਬਾਵਜੂਦ ਡਰੋਨ ਰਾਹੀਂ ਜਾ ਦਰਿਆ ਰਾਹੀਂ ਅਕਸਰ ਹੀ ਨਸ਼ਾ ਸਪਲਾਈ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨ ਲਾਲਚ ਵੱਸ ਗਲਤ ਅਨਸਰਾਂ ਦੇ ਹੱਥੀ ਚੜ ਜਾਂਦੇ ਹਨ। ਪੰਜਾਬ ਦੇ ਨਾਲ ਲੱਗਦੀ ਸਰਹੱਦ ਤੇ ਸੁਰੱਖਿਆ ਏਜੰਸੀਆਂ ਦਾ ਸਭ ਤੋਂ ਵੱਧ ਜ਼ੋਰ ਨਸ਼ਿਆਂ ਦੀ ਸਮਗਲਿੰਗ ਨੂੰ ਰੋਕਣ ਤੇ ਲੱਗ ਰਿਹਾ ਹੈ। ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ ਦਲ ਵਿੱਚ ਜਾਣ ਤੋਂ ਰੋਕਣ ਲਈ ਰੁਜ਼ਗਾਰ ਮੁਖੀ ਸਿੱਖਿਆ ਅਤੇ ਖੇਡ ਦੇ ਮੈਦਾਨ ਬੇਹੱਦ ਲਾਹੇਵੰਦ ਸਾਬਿਤ ਹੋ ਸਕਦੇ ਹਨ। ਸਿੱਖਿਆ ਦਾ ਪਸਾਰ ਹੋਣ ਕਾਰਨ ਇਸ ਇਲਾਕੇ ਦੇ ਨੌਜਵਾਨਾਂ ਦਾ ਵੀ ਰੁਝਾਨ ਸਰਕਾਰੀ ਨੌਕਰੀਆਂ ਅਤੇ ਹੋਰ ਕਿੱਤਾ ਮੁਖੀ ਕੋਰਸਾਂ ਵੱਲ ਹੋਲੀ ਹੋਲੀ ਵੱਧ ਰਿਹਾ ਹੈ।

ਇਹ ਇਲਾਕਾ ਚਾਹੇ ਸਰਹੱਦ ਤੇ ਤਨਾਅ ਹੋਵੇ ਚਾਹੇ ਨਾ ਹੋਵੇ ਫਿਰ ਵੀ ਸੁਰੱਖਿਆ ਏਜੰਸੀਆਂ ਦੀ ਜਾਂਚ ਦਾ ਕੇਂਦਰ ਲਗਾਤਾਰ ਬਣਿਆ ਰਹਿੰਦਾ ਹੈ । ਰਾਹ ਜਾਂਦੇ ਵਹੀਕਲ ਦੀ ਜਾਂਚ ਤਾਂ ਆਮ ਗੱਲ ਹੈ। ਇਹਨਾਂ ਦੇ ਘਰਾਂ ਅਤੇ ਖੇਤਾਂ ਵਿੱਚ ਬਣੇ ਕਮਰੇ ਦੀ ਤਲਾਸ਼ੀ ਵੀ ਅਕਸਰ ਹੀ ਹੁੰਦੀ ਰਹਿੰਦੀ ਹੈ। ਦੇਸ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੀ ਨਿਗਰਾਨੀ ਜ਼ਰੂਰੀ ਵੀ ਹੈ। ਲੋਕ ਸੁਰੱਖਿਆ ਏਜੰਸੀਆਂ ਨੂੰ ਸਹਿਯੋਗ ਵੀ ਕਰਦੇ ਹਨ।ਕੁਝ ਪ੍ਰਤੀਸ਼ਤ ਗਲਤ ਅਨਸਰਾਂ ਦੇ ਕੰਮਾਂ ਦਾ ਖਮਿਆਜਾ ਸਰਹੱਦੀ ਖੇਤਰ ਦੇ ਸਾਰੇ ਲੋਕ ਭੁਗਤਦੇ ਹਨ। ਇਸ ਇਲਾਕੇ ਦੀ ਜਿਆਦਾ ਡੁੰਘਾਈ ਨਾਲ ਜਾਣਕਾਰੀ ਨਾ ਰੱਖਣ ਵਾਲੇ ਲੋਕ ਅਤੇ ਸੁਰੱਖਿਆ ਏਜੰਸੀਆਂ ਦੇ ਨਵੇਂ ਆਏ ਕੁਝ ਲੋਕ ਇਸ ਖੇਤਰ ਦੇ ਬਹੁ ਗਿਣਤੀ ਲੋਕਾਂ ਨੂੰ ਸਮਗਲਰ ,ਦੇਸ਼ ਵਿਰੋਧੀ ਅਤੇ ਅਸਭਿਅਕ ਸਮਝਦੇ ਹਨ, ਜੋ ਇਹਨਾਂ ਲੋਕਾਂ ਨਾਲ ਅਨਿਆ ਹੈ।ਅਜਿਹੀ ਸੋਚ ਅਤੇ ਸਰਹੱਦੀ ਖੇਤਰ ਦੀਆਂ ਮੁਸ਼ਕਿਲਾਂ ਦੇ ਕਾਰਨ ਇੱਥੋਂ ਦੇ ਵਸਨੀਕਾਂ ਨੂੰ ਆਪਣੇ ਬੱਚਿਆਂ ਦੀ ਸ਼ਾਦੀ ਬਾਹਰ ਕਰਨ ਵਿੱਚ ਦਿੱਕਤ ਆਉਂਦੀ ਹੈ। ਉਸ ਹਾਲਾਤ ਵਿੱਚ ਇਹ ਬੱਚਿਆਂ ਦੀ ਸ਼ਾਦੀ ਆਪਣੇ ਨਜ਼ਦੀਕੀ ਇਲਾਕੇ ਵਿੱਚ ਆਪਸ ਵਿੱਚ ਹੀ ਕਰਨ ਨੂੰ ਤਰਜੀਹ ਦਿੰਦੇ ਹਨ।

ਕੰਡਿਆਲੀ ਤਾਰ ਪਾਰ ਖੇਤੀ ਦੀਆਂ ਮੁਸ਼ਕਿਲਾਂ :

ਸਰਹੱਦੀ ਖੇਤਰ ਤੇ ਬਹੁ ਗਿਣਤੀ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਸਹਾਇਕ ਧੰਦੇ ਹਨ। ਜਮੀਨਾਂ ਉਪਜਾਊ ਹੋਣ ਕਾਰਨ ਇਹ ਝੋਨੇ, ਕਣਕ ਤੋਂ ਇਲਾਵਾ ਹਰ ਕਿਸਮ ਦੀ ਸਬਜ਼ੀ ਦੀ ਕਾਸ਼ਤ ਕਰਦੇ ਹਨ। ਇਹਨਾਂ ਲੋਕਾਂ ਦੀ ਖੇਤੀ ਨਾਲ ਸੰਬੰਧਿਤ ਸਭ ਤੋਂ ਵੱਡੀ ਸਮੱਸਿਆ ਸਰਹੱਦ ਦੀ ਕੰਡਿਆਲੀ ਤਾਰ ਤੋਂ ਪਾਰ ਜੀਰੋ ਲਾਈਨ ਤੇ ਜਮੀਨ ਤੇ ਖੇਤੀ ਕਰਨਾ ਬਹੁਤ ਵੱਡੀ ਚੁਨੌਤੀ ਹੈ। ਖੇਤੀ ਲਈ ਜਾਨ ਅਤੇ ਆਉਣ ਦਾ ਸਮਾਂ ਬੀਐਸਐਫ ਵੱਲੋਂ ਨਿਸ਼ਚਿਤ ਕੀਤਾ ਜਾਂਦਾ ਹੈ। ਖੇਤੀ ਲਈ ਫਸਲ ਦੀ ਕਿਸਮ ਸਬੰਧੀ ਵੀ ਰੁਕਾਵਟਾਂ ਹਨ। ਤਾਰ ਤੋਂ ਪਾਰ ਦੀ ਜਮੀਨ ਤੇ ਜੰਗਲੀ ਜਾਨਵਰ,ਸੂਰ ਆਦਿ ਵੀ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸਾਲ 2023 ਅਤੇ 2025 ਦੇ ਹੜਾਂ ਕਾਰਨ ਇਸ ਇਲਾਕੇ ਦੀ ਸੈਂਕੜੇ ਏਕੜ ਜਮੀਨ ਹੀ ਦਰਿਆ ਦੀ ਦਿਸ਼ਾ ਬਦਲਣ ਕਾਰਨ ਦਰਿਆ ਵਿੱਚ ਜਾ ਚੁੱਕੀ ਹੈ। ਹੜਾਂ ਦੌਰਾਨ ਦਰਿਆ ਦੀ ਰੇਤ ਇਹਨਾਂ ਜਮੀਨਾਂ ਤੇ ਆ ਜਾਂਦੀ ਹੈ। ਜਿਸ ਨੂੰ ਚੁਕਾਉਣ ਤੇ ਭਾਰੀ ਖਰਚ ਕਰਨਾ ਪੈਂਦਾ ਹੈ। ਜਿਆਦਾਤਰ ਘੱਟ ਜਮੀਨ ਦੇ ਮਾਲਕ ਕਿਸਾਨ ਅਜਿਹੀ ਸਥਿਤੀ ਵਿੱਚ ਦਿਹਾੜੀ ਮਜ਼ਦੂਰੀ ਕਰਨ ਲਈ ਮਜਬੂਰ ਹੋ ਗਏ ਹਨ।

ਵਿਸ਼ਵ ਦੇ ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਭਾਰਤ ਦੀ ਹਰ ਚੋਣ ਪ੍ਰਕਿਰਿਆ ਨੂੰ ਸਫਲ ਬਣਾਉਣ ਵਿੱਚ ਸਰਹੱਦੀ ਖੇਤਰ ਦੇ ਲੋਕ ਵੱਧ ਚੜ ਕੇ ਭਾਗ ਲੈਂਦੇ ਹਨ। ਇਹਨਾਂ ਲੋਕਾਂ ਦੀ ਹਰ ਚੋਣਾਂ ਵਿੱਚ ਪੋਲ ਪ੍ਰਤੀਸ਼ਤ 80 ਤੋਂ 90 ਪ੍ਰਤੀਸ਼ਤ ਹੁੰਦੀ ਹੈ। ਰਾਜਨੀਤਿਕ ਰੈਲੀਆਂ ਅਤੇ ਮੁਹਿੰਮਾਂ ਵਿੱਚ ਵੀ ਇਹਨਾਂ ਦੀ ਗਿਣਤੀ ਵੱਧ ਹੁੰਦੀ ਹੈ। ਪਰੰਤੂ ਵਿਕਾਸ ਪੱਖੋਂ ਪਤਾ ਨਹੀਂ ਕਿਉਂ ਇਹ ਇਲਾਕਾ ਪਿੱਛੜ ਗਿਆ ਹੈ। ਸਰਹੱਦੀ ਖੇਤਰ ਵਿੱਚ ਸਿਹਤ ਸਹੂਲਤਾਂ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ। ਹੜਾਂ ਕਾਰਨ ਟੁੱਟੀਆਂ ਸੜਕਾਂ ,ਪੁੱਲ ਅਤੇ ਬੰਨਾ ਦੀ ਜਲਦੀ ਮੁਰੰਮਤ ਨਾ ਹੋਣ ਕਾਰਨ ਇਹ ਲੋਕ ਭਾਰੀ ਦਿੱਕਤਾਂ ਦਾ ਸਾਹਮਣਾ ਕਰਦੇ ਹਨ। ਇਸ ਇਲਾਕੇ ਵਿੱਚ ਉਦਯੋਗ ਅਤੇ ਵਪਾਰ ਦੇ ਕੇਂਦਰਾਂ ਦੀ ਕਮੀ ਕਾਰਨ ਰੁਜ਼ਗਾਰ ਦੇ ਮੌਕੇ ਕਾਫੀ ਘੱਟ ਹਨ।

ਇਨਾਂ ਸਮੱਸਿਆ ਦੇ ਹੱਲ ਲਈ ਸਭ ਤੋਂ ਪਹਿਲਾਂ ਤਾਂ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਦੇ ਹੋਏ ਸੜਕਾਂ, ਹਸਪਤਾਲ ਅਤੇ ਸਕੂਲਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ। ਸਰਹੱਦ ਦੇ 05 ਕਿਲੋਮੀਟਰ ਤੇ ਦਾਇਰੇ ਦੇ ਲੋਕਾਂ ਲਈ ਵਿਸ਼ੇਸ਼ ਆਰਥਿਕ ਪੈਕੇਜ, ਨੌਕਰੀਆਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਰਾਖਵਾਂਕਰਨ, ਸਬਸਿਡੀ ਜਾਂ ਟੈਕਸਾਂ ਤੋਂ ਵਿਸ਼ੇਸ਼ ਦੇ ਕੇ ਇਹਨਾਂ ਲੋਕਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਮਜਬੂਤ ਕੀਤਾ ਜਾ ਸਕਦਾ ਹੈ। ਨਸ਼ਾ ਛਡਾਓ ਮੁਹਿੰਮ ਜਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨੌਜਵਾਨਾਂ ਲਈ ਖੇਡ ਮੈਦਾਨ ਅਤੇ ਸਕਿਲ ਵਿਕਾਸ ਕੇਂਦਰ ਬੇਹੱਦ ਲਾਭਕਾਰੀ ਸਿੱਧ ਹੋ ਸਕਦੇ ਹਨ। ਹੜਾਂ ਦੀ ਰੋਕਥਾਮ ਲਈ ਸਤਲੁਜ ਦਰਿਆ ਦੀ ਸਫਾਈ ਅਤੇ ਬੰਨਾਂ ਦੀ ਮਜਬੂਤੀ ਪਹਿਲ ਦੇ ਆਧਾਰ ਤੇ ਕਰਨੀ ਬਣਦੀ ਹੈ। ਸਰਹੱਦੀ ਖੇਤਰ ਖਾਸ ਤੌਰ ਤੇ ਹੂਸੈਨੀਵਾਲਾ ਬਾਰਡਰ ਵਰਗੇ ਸਥਾਨਾਂ ਨੂੰ ਸੈਰ-ਗਾਹ ਵਜੋਂ ਵਿਕਸਿਤ ਕਰਕੇ ਰੁਜ਼ਗਾਰ ਅਤੇ ਵਿਕਾਸ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਦੇ ਹਨ।

1971 ਦੀ ਹਿੰਦ ਪਾਕ ਜੰਗ ਤੋਂ ਪਹਿਲਾਂ ਜਦੋਂ ਹੁਸੈਨੀਵਾਲਾ ਰਾਹੀਂ ਪਾਕਿਸਤਾਨ ਨਾਲ ਵਪਾਰ ਚੱਲਦਾ ਸੀ ਤਾਂ ਇਸ ਇਲਾਕੇ ਦੇ ਲੋਕਾਂ ਕੋਲ ਰੁਜ਼ਗਾਰ ਦੇ ਖੂਬ ਮੌਕੇ ਹੋਣ ਕਾਰਨ ਆਰਥਿਕ ਤੌਰ ਤੇ ਖੁਸ਼ਹਾਲ ਸਨ। ਜੰਗ ਤੋਂ ਬਾਅਦ ਸਰਹੱਦ ਬੰਦ ਹੋਣ ਦੇ ਨਾਲ ਹੀ ਇਹਨਾਂ ਲੋਕਾਂ ਦੇ ਵਿਕਾਸ ਦੇ ਰਸਤੇ ਵੀ ਬੰਦ ਹੋ ਗਏ। ਪੰਜਾਬ ਦੇ ਸਰਹੱਦੀ ਖੇਤਰ ਦੇ ਲੋਕ ਦੇਸ਼ ਦੀ ਸੁਰੱਖਿਆ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਿਰਫ ਸਰਕਾਰ ਦੀ ਹੀ ਨਹੀਂ, ਸਗੋਂ ਸਮਾਜ ਦੀ ਸਾਂਝੀ ਜਿੰਮੇਵਾਰੀ ਹੈ। ਯੋਜਨਾਬੱਧ ਵਿਕਾਸ ,ਸੁਰੱਖਿਆ ਅਤੇ ਆਰਥਿਕ ਮਜਬੂਤੀ ਨਾਲ ਹੀ ਇਸ ਸਰਹੱਦੀ ਇਲਾਕਾ ਆਰਥਿਕ ਅਤੇ ਸਮਾਜਿਕ ਤਰੱਕੀ ਕਰ ਸਕਦਾ ਹੈ।

ਡਾ. ਸਤਿੰਦਰ ਸਿੰਘ
ਨੈਸ਼ਨਲ ਅਵਾਰਡੀ
ਸਿੱਖਿਆ ਅਤੇ ਵਾਤਾਵਰਣ ਦੇ ਵਿਕਾਸ ਲਈ ਯਤਨਸ਼ੀਲ ਸੰਸਥਾ
ਐਗਰੀਡ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਸੰਸਥਾਪਕ
9815427554

 

ਕਿੱਥੇ ਗਈਆਂ ਪੱਕੇ ਕਰਨ ਦੀਆਂ ਗਾਰੰਟੀਆਂ? ਪੰਜਾਬ ਬਜਟ ‘ਚੋਂ ਠੇਕਾ ਮੁਲਾਜ਼ਮ ਗਾਇਬ!

 

ਕਿੱਥੇ ਗਈਆਂ ਪੱਕੇ ਕਰਨ ਦੀਆਂ ਗਾਰੰਟੀਆਂ? ਪੰਜਾਬ ਬਜਟ ‘ਚੋਂ ਠੇਕਾ ਮੁਲਾਜ਼ਮ ਗਾਇਬ!

ਬਜਟ ਤੋਂ ਨਾਰਾਜ਼ ਆਊਟਸੋਰਸ ਮੁਲਾਜ਼ਮਾਂ ਨੇ ਫੂਕਿਆ ਸਰਕਾਰ ਦਾ ਪੁਤਲਾ; ਗੁਰਦਾਸਪੁਰ ਵੇਰਕਾ ਪਲਾਂਟ ਦੇ ਵਰਕਰਾਂ ਦਾ ਹੱਲਾ-ਬੋਲ

“ਪੱਕੇ ਕਰਨ ਦੇ ਵਾਅਦੇ ਤੋਂ ਮੁੱਕਰੀ ਸਰਕਾਰ”: 2026-27 ਦੇ ਬਜਟ ਵਿੱਚ ਕੱਚੇ ਮੁਲਾਜ਼ਮਾਂ ਦੀ ਅਣਦੇਖੀ ‘ਤੇ ਭੜਕਿਆ ਰੋਸ; ਬਜਟ ਦੀਆਂ ਕਾਪੀਆਂ ਸਾੜੀਆਂ

ਗੁਰਦਾਸਪੁਰ, 13 ਮਾਰਚ 2026- ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਸਾਲ 2026-27 ਦੇ ਬਜਟ ਵਿੱਚ ਆਊਟਸੋਰਸ ਮੁਲਾਜ਼ਮਾਂ ਲਈ ਕੋਈ ਵਿਸ਼ੇਸ਼ ਪ੍ਰਬੰਧ ਜਾਂ ਪੱਕੇ ਕਰਨ ਦਾ ਜ਼ਿਕਰ ਨਾ ਹੋਣ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਦੀ ਲਹਿਰ ਦੌੜ ਗਈ ਹੈ। ਇਸ ਦੇ ਵਿਰੋਧ ਵਿੱਚ ਅੱਜ ਗੁਰਦਾਸਪੁਰ ਦੇ ਵੇਰਕਾ ਮਿਲਕ ਪਲਾਂਟ ਵਿਖੇ ਆਊਟਸੋਰਸ ਮੁਲਾਜ਼ਮ ਯੂਨੀਅਨ ਵੱਲੋਂ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।

ਵੇਰਕਾ ਮਿਲਕ ਪਲਾਂਟ ਦੇ ਗੇਟ ‘ਤੇ ਇਕੱਠੇ ਹੋਏ ਸੈਂਕੜੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਰੋਸ ਵਜੋਂ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਜਟ ਦੀਆਂ ਕਾਪੀਆਂ ਸਾੜ ਕੇ ਆਪਣਾ ਗੁੱਸਾ ਜ਼ਾਹਰ ਕੀਤਾ।

ਚੋਣ ਵਾਅਦਿਆਂ ਦੀ ਯਾਦ ਦਿਵਾਈ

ਯੂਨੀਅਨ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਨ੍ਹਾਂ ਦੇ ਚੋਣ ਪ੍ਰਚਾਰ ਦੌਰਾਨ ਕੀਤੇ ਵਾਅਦੇ ਯਾਦ ਕਰਵਾਉਂਦਿਆਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ‘ਆਪ’ ਨੇ ਗਾਰੰਟੀ ਦਿੱਤੀ ਸੀ ਕਿ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਪਰ ਲਗਾਤਾਰ ਪੇਸ਼ ਹੋ ਰਹੇ ਬਜਟਾਂ ਵਿੱਚ ਆਊਟਸੋਰਸ ਮੁਲਾਜ਼ਮਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰਿਆ ਜਾ ਰਿਹਾ ਹੈ।

ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਲੰਬ ਅਤੇ ਹੋਰ ਆਗੂਆਂ ਨੇ ਸਪੱਸ਼ਟ ਕੀਤਾ ਕਿ, ਜੇਕਰ ਸਰਕਾਰ ਨੇ ਜਲਦ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ਸੰਘਰਸ਼ ਨੂੰ ਸੂਬਾ ਪੱਧਰ ‘ਤੇ ਹੋਰ ਤਿੱਖਾ ਕੀਤਾ ਜਾਵੇਗਾ।

ਆਊਟਸੋਰਸ ਮੁਲਾਜ਼ਮ ਹੁਣ ਸਿਰਫ਼ ਭਰੋਸਿਆਂ ਨਾਲ ਨਹੀਂ, ਸਗੋਂ ਠੋਸ ਨੀਤੀ ਦੀ ਮੰਗ ਕਰ ਰਹੇ ਹਨ। ਇਸ ਰੋਸ ਪ੍ਰਦਰਸ਼ਨ ਵਿੱਚ ਯੂਨੀਅਨ ਪ੍ਰਧਾਨ ਬਲਜੀਤ ਸਿੰਘ ਲੰਬ, ਉਪ ਪ੍ਰਧਾਨ ਸੁਖਦੀਪ ਸਿੰਘ, ਜਨਰਲ ਸਕੱਤਰ ਸਰਬਜੀਤ ਸਿੰਘ, ਸਲਾਹਕਾਰ ਗੁਰਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਵੇਰਕਾ ਪਲਾਂਟ ਦੇ ਵਰਕਰ ਮੌਜੂਦ ਸਨ।

 

ਅਧਿਆਪਕਾਂ ਵੱਲੋਂ TET ਵਿਰੁੱਧ ਆਰ-ਪਾਰ ਲੜਾਈ; ਚੰਡੀਗੜ੍ਹ ਦੀਆਂ ਸੜਕਾਂ ‘ਤੇ ‘ਜੰਗ’ ਵਰਗੇ ਹਾਲਾਤ

 

ਅਧਿਆਪਕਾਂ ਵੱਲੋਂ TET ਵਿਰੁੱਧ ਆਰ-ਪਾਰ ਲੜਾਈ; ਚੰਡੀਗੜ੍ਹ ਦੀਆਂ ਸੜਕਾਂ ‘ਤੇ ‘ਜੰਗ’ ਵਰਗੇ ਹਾਲਾਤ

ਮੁਲਾਜ਼ਮਾਂ ਦਾ ਐਲਾਨ: ਸਾਨੂੰ ਸੱਤਾ ਵਿੱਚ ਲਿਆਉਣਾ ਆਉਂਦਾ ਹੈ ਤਾਂ ਕੁਰਸੀ ਤੋਂ ਲਾਹੁਣਾ ਵੀ ਆਉਂਦਾ ਹੈ

TET (ਟੈੱਟ) ਦੀ ਸ਼ਰਤ ਖ਼ਿਲਾਫ਼ ਵਿਧਾਨ ਸਭਾ ਵੱਲ ਵਧ ਰਹੇ ਅਧਿਆਪਕ ਕਾਫ਼ਲੇ ‘ਤੇ ਪੁਲਿਸ ਦਾ ਵਹਿਸ਼ੀਆਨਾ ਜਬਰ

ਚੰਡੀਗੜ੍ਹ 13 ਮਾਰਚ 2026-

ਪੰਜਾਬ ਦੇ ਅਧਿਆਪਕਾਂ ਲਈ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਕਿਸੇ ‘ਬਗਾਨੇ ਦੇਸ਼’ ਵਰਗੀ ਜਾਪੀ। ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ‘ਤੇ ਚੰਡੀਗੜ੍ਹ ਪੁਲਿਸ ਨੇ ਇੱਕ ਵਾਰ ਫਿਰ ਅੰਨ੍ਹਾ ਤਸ਼ੱਦਦ ਢਾਹਿਆ।

ਚੰਡੀਗੜ੍ਹ ਦੇ ਸੈਕਟਰ 25 ਤੋਂ ਵਿਧਾਨ ਸਭਾ ਵੱਲ ਕੂਚ ਕਰ ਰਹੇ ਅਧਿਆਪਕਾਂ ਨੂੰ ਰੋਕਣ ਲਈ ਪੁਲਿਸ ਨੇ ਜਲ ਤੋਪਾਂ (Water Cannons) ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ, ਜਿਸ ਕਾਰਨ ਕਈ ਅਧਿਆਪਕ ਜ਼ਖ਼ਮੀ ਹੋ ਗਏ।

ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਇਹ ਰੋਸ ਪ੍ਰਦਰਸ਼ਨ ਪਹਿਲਾਂ ਤੋਂ ਨੌਕਰੀ ਕਰ ਰਹੇ ਅਧਿਆਪਕਾਂ ‘ਤੇ ਟੈੱਟ (TET) ਪਾਸ ਕਰਨ ਦੀ ਜਬਰੀ ਸ਼ਰਤ ਥੋਪਣ ਵਿਰੁੱਧ ਕੀਤਾ ਜਾ ਰਿਹਾ ਸੀ। ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਸਾਰੀਆਂ ਯੋਗਤਾਵਾਂ ਪੂਰੀਆਂ ਕਰਕੇ ਸੇਵਾ ਵਿੱਚ ਆਏ ਹਨ, ਤਾਂ ਹੁਣ ਉਨ੍ਹਾਂ ਨੂੰ ਦੁਬਾਰਾ ਪ੍ਰੀਖਿਆਵਾਂ ਦੀ ਦਲਦਲ ਵਿੱਚ ਧੱਕਣਾ ਸਰਾਸਰ ਨਾਇਨਸਾਫ਼ੀ ਹੈ।

ਸਰਕਾਰ ਅਤੇ ਪ੍ਰਸ਼ਾਸਨ ‘ਤੇ ਤਿੱਖੇ ਹਮਲੇ

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਅਧਿਆਪਕਾਂ ‘ਤੇ ਕੀਤੇ ਗਏ ਇਸ ਜਬਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ, ਇੱਕ ਹਫ਼ਤੇ ਵਿੱਚ ਦੂਜੀ ਵਾਰ ਹੋਏ ਇਸ ਹਮਲੇ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਦੀ ‘ਆਪ’ ਸਰਕਾਰ ਦੇ ‘ਲੋਕ ਪੱਖੀ’ ਹੋਣ ਦੇ ਦਾਅਵਿਆਂ ਦੀ ਫ਼ੂਕ ਕੱਢ ਦਿੱਤੀ ਹੈ।

ਜਿਨ੍ਹਾਂ ਮੁਲਾਜ਼ਮਾਂ ਨੇ ਇਸ ਸਰਕਾਰ ਨੂੰ ਸੱਤਾ ਤੱਕ ਪਹੁੰਚਾਇਆ ਸੀ, ਸਰਕਾਰ ਉਨ੍ਹਾਂ ਦੇ ਹੀ ਖ਼ਿਲਾਫ਼ ਡਾਂਗਾਂ ਵਰ੍ਹਾ ਰਹੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮੁਲਾਜ਼ਮ ਲਹਿਰ ਇਸ ‘ਸੱਤਾ ਦੇ ਗ਼ਰੂਰ’ ਨੂੰ ਤੋੜਨਾ ਚੰਗੀ ਤਰ੍ਹਾਂ ਜਾਣਦੀ ਹੈ।

ਪੁਲਿਸ ਬਲ ਨਾਲ ਸੜਕਾਂ ‘ਤੇ ਦਾਖ਼ਲੇ ਨੂੰ ਤਾਂ ਰੋਕਿਆ ਜਾ ਸਕਦਾ ਹੈ, ਪਰ ਪੰਜਾਬ ਦੇ ਲੋਕਾਂ ਅਤੇ ਅਧਿਆਪਕਾਂ ਦੇ ਲੜਨ ਦੇ ਜਜ਼ਬੇ ਨੂੰ ਨਹੀਂ ਦਬਾਇਆ ਜਾ ਸਕਦਾ। ਅਧਿਆਪਕ ਜਥੇਬੰਦੀਆਂ ਨੇ ਕਿਹਾ ਕਿ “ਇਨਕਲਾਬ ਕਿਰਦਾਰ ਨਾਅਰਿਆਂ ਨਾਲ਼ ਨਹੀਂ, ਅਮਲਾਂ ਨਾਲ਼ ਸਿੱਧ ਹੁੰਦਾ ਹੈ।”

ਮਾਨ ਸਰਕਾਰ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕਾਂ ਨੂੰ ‘ਰਾਸ਼ਟਰ ਨਿਰਮਾਤਾ’ ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਸੜਕਾਂ ‘ਤੇ ਰੋਲਣਾ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮ ਦੀ ਗੱਲ ਹੈ। ਅਧਿਆਪਕਾਂ ਨੇ ਸਪੱਸ਼ਟ ਕੀਤਾ ਕਿ ਜਿੰਨੀ ਦੇਰ ਟੈੱਟ ਦੀ ਸ਼ਰਤ ਵਾਪਸ ਨਹੀਂ ਲਈ ਜਾਂਦੀ ਅਤੇ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੁੰਦੀ, ਇਹ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ।

 

ਵਿਅੰਗ: ਪੰਜਾਬ ਦੇ ਮੁਲਾਜ਼ਮਾਂ ਨੂੰ DA ਦੀ ਦੂਜੀ ਕਿਸ਼ਤ ਜਾਰੀ!

 

ਵਿਅੰਗ: ਪੰਜਾਬ ਦੇ ਮੁਲਾਜ਼ਮਾਂ ਨੂੰ DA ਦੀ ਦੂਜੀ ਕਿਸ਼ਤ ਜਾਰੀ!

ਬੁੱਧ ਸਿੰਘ ਨੀਲੋਂ

ਬਦਲਾਅ ਵਾਲਿਆਂ ਨੇ ਹੁਣ ਆਪਣੇ ਸਰਕਾਰੀ ਬਜਟ ਵਿੱਚ ਫੰਡ ਐਨਾ ਵੱਧ ਰੱਖ ਦਿੱਤਾ ਕਿ ਉਸ ਨੂੰ ਆਉਣ ਵਾਲੀਆਂ ਚੋਣਾਂ ਤੱਕ ਖ਼ਤਮ ਕਰ ਸਕਣਾ ਮੁਸ਼ਕਲ ਸੀ, ਇਸ ਲਈ ਉਹਨਾਂ ਨੇ ਆਪਣੇ ਮੁਲਾਜ਼ਮਾਂ ਨੂੰ ਨਕਦ ਰਾਸ਼ੀ ਬੱਠਲ ਭਰ ਭਰ ਕੇ ਦੇਣ ਦਾ ਵਾਅਦਾ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਦੀ ਇਸ ਦਰਿਆਦਿਲੀ ਤੋਂ ਖੁਸ਼ ਹੋਏ ਮੁਲਜ਼ਮ ਆਪਣੀਆਂ ਪੱਗਾਂ ਦੀਆਂ ਪੰਡਾਂ ਬੰਨ੍ਹ ਕੇ ਚੁੱਕੀ ਆਉਂਦਿਆਂ ਨੂੰ ਰਸਤੇ ਵਿੱਚ ਸਰਕਾਰੀ ਗੁੰਡਿਆਂ ਨੇ ਘੇਰ ਕੇ ਕੇਵਲ ਲੁੱਟਿਆ ਹੀ ਨਹੀਂ, ਸਗੋਂ ਉਹਨਾਂ ਨੂੰ ਨੁਹਾ ਧੁਆ ਕੇ ਕੁੱਟਿਆ।

ਉਹਨਾਂ DA ਦੀਆਂ ਪੰਡਾਂ ਆਪਣੀਆਂ ਗੱਡੀਆਂ ਵਿੱਚ ਤੁਨ ਕੇ ਮਾਲ ਖ਼ਾਨੇ ਵਿੱਚ ਜਮਾਂ ਕਰਵਾਇਆ ਹੈ। ਜੇ ਕੋਈ ਇਹਨਾਂ ਸਰਕਾਰੀ ਗੁੰਡਿਆਂ ਤੋਂ ਅੱਖ ਬਚਾ ਕੇ ਬਚ ਨਿਕਲਿਆ ਹੈ, ਉਸ ਦੀ ਭਾਲ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਬੀਬੀਆਂ ਤੇ ਬੱਚਿਆਂ ਦਾ ਉਹਨਾਂ ਨੇ ਖ਼ਾਸ ਖ਼ਿਆਲ ਰੱਖਿਆ ਹੈ। ਕਿਸੇ ਦੀ ਸਿਰ ਤੋਂ ਚੁੰਨੀ ਲਹਿਣ ਨਹੀਂ ਦਿੱਤੀ। ਕਿਸੇ ਦੇ ਸਿਰ ਤੇ ਪੱਗ ਰਹਿਣ ਨਹੀਂ ਦਿੱਤੀ।

ਅੱਜ ਜਿਹੜੀ DA ਦੀਆਂ ਉਹਨਾਂ (ਮੁਲਾਜ਼ਮਾਂ) ਨੂੰ ਕਿਸ਼ਤ ਮਿਲੀ ਹੈ। ਉਸਦਾ ਉਹ ਲੁੱਟੇ ਤੇ ਕੁੱਟੇ ਜਾਣ ਤੋਂ ਬਾਅਦ ਵੀ ਸਵਾਗਤ ਕਰਦੇ ਹਨ। ਕਿਉਂਕਿ ਉਹਨਾਂ ਨੂੰ ਹੁਣ ਗੈਸ ਸਿਲੰਡਰ ਲੈਣ ਲਈ ਮਜਬੂਰ ਨਹੀਂ ਹੋਣਾ ਪਵੇਗਾ ਕਿਉਂਕਿ ਸਰਕਾਰ ਹੁਣ ਉਹਨਾਂ ਦੇ ਘਰ ਘਰ ਗੈਸ ਸਿਲੰਡਰ ਪੁਜਦੇ ਕਰੇਗੀ। ਕਿਉਂਕਿ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸਨ, ਉਹ ਤਾਂ ਉਹਨਾਂ ਕੱਲ੍ਹ ਵਿਧਾਨ ਸਭਾ ਵਿੱਚ ਪੂਰੇ ਕਰਨ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ। ਹੁਣ ਤਾਂ ਸਰਕਾਰ ਲੋਕਾਂ ਤੇ ਮੁਲਾਜ਼ਮਾਂ ਨੂੰ ਬੋਨਸ ਵੰਡ ਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ।

ਸੋ ਪੰਜਾਬ ਵਾਸੀਓ ਅਗਲੀ ਵਾਰ ਤੁਸੀਂ ਪਹਿਲਾਂ ਵਾਂਗ ਕਮਲੇ ਹੋ ਕੇ ਸਾਨੂੰ ਦੂਜੀ ਵਾਰ ਮੌਕਾ ਦੇਣਾ ਹੈ। ਕਿਉਂਕਿ ਪੰਜਾਬ ਦੀਆਂ ਅਜੇ ਕੁੱਝ ਸਰਕਾਰੀ ਜ਼ਮੀਨਾਂ ਦੀ ਸਾਂਭ ਸੰਭਾਲ ਕਰਨੀ ਹੈ। ਅਸੀਂ ਚਾਹੁੰਦੇ ਹਾਂ ਕਿ ਕੋਈ ਥਾਂ ਬਿਨਾਂ ਸਫ਼ਾਈ ਤੋਂ ਰਹਿ ਨਾ ਜਾਵੇ। ਜਿਹਨਾਂ ਨੂੰ ਡੀਏ ਦੀ ਦੂਜੀ ਕਿਸ਼ਤ ਤੇ ਪੈਨਸ਼ਨਰਾਂ ਨੂੰ ਪੈਨਸ਼ਨ ਨਹੀਂ ਮਿਲੀ ਉਹ ਕਿਸੇ ਵੀ ਦਿਨ ਨਕਦ ਰਾਸ਼ੀ ਲੈ ਕੇ ਜਾ ਸਕਦੇ ਹਨ। ਦਿੱਲੀ ਵਾਲਿਆਂ ਦੀ ਕਿਰਪਾ ਨਾਲ ਬਹੁਤ ਕੁੱਝ ਹੈ।

9464370823

 

ਮੋਦੀ ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ; ਕਣਕ ਦੇ ਭਾਅ ‘ਚ 160 ਰੁਪਏ ਦਾ ਵਾਧਾ

 

ਮੋਦੀ ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ; ਕਣਕ ਦੇ ਭਾਅ ‘ਚ 160 ਰੁਪਏ ਦਾ ਵਾਧਾ

ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ; ਕਣਕ ਦੇ ਸਮਰਥਨ ਮੁੱਲ (MSP) ਵਿੱਚ 160 ਰੁਪਏ ਦਾ ਵਾਧਾ; ਦਾਲਾਂ ਲਈ 11,440 ਕਰੋੜ ਦਾ ਵਿਸ਼ੇਸ਼ ਮਿਸ਼ਨ

ਕੇਂਦਰੀ ਕੈਬਨਿਟ ਦਾ ਅਹਿਮ ਫ਼ੈਸਲਾ; ਹਾੜ੍ਹੀ ਦੀਆਂ 6 ਫ਼ਸਲਾਂ ਦੇ ਭਾਅ ਵਧਾਏ; ਕਣਕ ਹੁਣ 2,585 ਰੁਪਏ ਪ੍ਰਤੀ ਕੁਇੰਟਲ ਵਿਕੇਗੀ

ਨਵੀਂ ਦਿੱਲੀ/ਚੰਡੀਗੜ੍ਹ, 13 ਮਾਰਚ 2026-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਸਾਲ 2026-27 ਦੇ ਮੰਡੀਕਰਨ ਸੀਜ਼ਨ ਲਈ ਹਾੜ੍ਹੀ ਦੀਆਂ ਪ੍ਰਮੁੱਖ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਫ਼ੈਸਲੇ ਦਾ ਮੁੱਖ ਮਕਸਦ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣਾ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਲਾਹੇਵੰਦ ਮੁੱਲ ਯਕੀਨੀ ਬਣਾਉਣਾ ਹੈ।

ਹਾੜ੍ਹੀ ਦੀਆਂ ਫ਼ਸਲਾਂ ਦੇ ਨਵੇਂ ਰੇਟ (ਪ੍ਰਤੀ ਕੁਇੰਟਲ)

ਸਰਕਾਰ ਨੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਤੇਲਬੀਜਾਂ ਅਤੇ ਦਾਲਾਂ ਦੇ ਭਾਅ ਵਿੱਚ ਵੱਡਾ ਵਾਧਾ ਕੀਤਾ ਹੈ।

ਫ਼ਸਲ ਵਾਧਾ (ਰੁਪਏ ਵਿੱਚ) ਨਵਾਂ MSP (ਰੁਪਏ ਵਿੱਚ)
ਕਣਕ 160 2,585
ਕੁਸੁਮ (Safflower) 600 6,540
ਮਸਰ 300
ਸਰ੍ਹੋਂ 250
ਛੋਲੇ 225
ਜੌਂਅ 170

 

ਦਾਲਾਂ ‘ਚ ਆਤਮ-ਨਿਰਭਰਤਾ ਲਈ ‘ਮਿਸ਼ਨ 2030’

ਕੇਂਦਰੀ ਕੈਬਨਿਟ ਨੇ ਦਾਲਾਂ ਦੇ ਉਤਪਾਦਨ ਵਿੱਚ ਭਾਰਤ ਨੂੰ ਸਵੈ-ਨਿਰਭਰ ਬਣਾਉਣ ਲਈ 11,440 ਕਰੋੜ ਰੁਪਏ ਦੇ ਇੱਕ ਮਹੱਤਵਪੂਰਨ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਹੈ। ਇਹ ਯੋਜਨਾ 2025-26 ਤੋਂ 2030-31 ਤੱਕ ਚੱਲੇਗੀ।

ਦਾਲਾਂ ਦੇ ਉਤਪਾਦਨ ਨੂੰ 242 ਲੱਖ ਟਨ ਤੋਂ ਵਧਾ ਕੇ 350 ਲੱਖ ਟਨ ਕਰਨਾ। ਕਾਸ਼ਤ ਅਧੀਨ ਰਕਬਾ 242 ਲੱਖ ਹੈਕਟੇਅਰ ਤੋਂ ਵਧਾ ਕੇ 310 ਲੱਖ ਹੈਕਟੇਅਰ ਕੀਤਾ ਜਾਵੇਗਾ। ਇਸ ਮਿਸ਼ਨ ਤਹਿਤ ਤੂਰ, ਉੜਦ ਅਤੇ ਮਸਰ ‘ਤੇ ਖਾਸ ਧਿਆਨ ਦਿੱਤਾ ਜਾਵੇਗਾ।

ਕਿਸਾਨ ਭਲਾਈ ਅਤੇ ਖ਼ਰੀਦ ਅਨੁਮਾਨ

ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ, ਹਾੜ੍ਹੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਲਗਭਗ 84,263 ਕਰੋੜ ਰੁਪਏ ਦੀ ਅਦਾਇਗੀ ਕੀਤੇ ਜਾਣ ਦਾ ਅਨੁਮਾਨ ਹੈ। ਕੁੱਲ ਖ਼ਰੀਦ 297 ਲੱਖ ਟਨ ਹੋਣ ਦੀ ਉਮੀਦ ਹੈ।

ਇਹ ਵਾਧਾ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਤੇ ਬਜਟ 2018-19 ਦੇ ਐਲਾਨ (ਲਾਗਤ ਦਾ ਘੱਟੋ-ਘੱਟ 1.5 ਗੁਣਾ) ਮੁਤਾਬਕ ਤੈਅ ਕੀਤਾ ਗਿਆ ਹੈ। ਸਰਕਾਰ ਨੇ 2025-26 ਲਈ 119 ਮਿਲੀਅਨ ਟਨ ਕਣਕ ਦੇ ਉਤਪਾਦਨ ਦਾ ਰਿਕਾਰਡ ਟੀਚਾ ਮਿੱਥਿਆ ਹੈ।”

ਸਿਆਸੀ ਅਤੇ ਆਰਥਿਕ ਅਹਿਮੀਅਤ

ਮਾਹਿਰਾਂ ਅਨੁਸਾਰ, ਬਿਹਾਰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ MSP ਵਿੱਚ ਕੀਤਾ ਗਿਆ ਇਹ ਵਾਧਾ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਵਿੱਚ ਹਾਂ-ਪੱਖੀ ਸੰਦੇਸ਼ ਭੇਜਣ ਦੀ ਕੋਸ਼ਿਸ਼ ਹੈ। ਇਸ ਨਾਲ ਫ਼ਸਲੀ ਵਿਭਿੰਨਤਾ ਨੂੰ ਵੀ ਬਲ ਮਿਲੇਗਾ, ਜਿਸ ਨਾਲ ਪਾਣੀ ਦੀ ਬਚਤ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਵੇਗਾ। PT

 

US Breaking: ਅਮਰੀਕਾ ਦੀ ਯੂਨੀਵਰਸਿਟੀ ‘ਚ ਗੋਲੀਬਾਰੀ; ਹਮਲਾਵਰ ਦੀ ਮੌਤ, 2 ਜ਼ਖ਼ਮੀ

 

ਅਮਰੀਕਾ: ਵਰਜੀਨੀਆ ਦੀ ਓਲਡ ਡੋਮੀਨੀਅਨ ਯੂਨੀਵਰਸਿਟੀ ਵਿੱਚ ਗੋਲੀਬਾਰੀ, 2 ਜ਼ਖਮੀ, ਬੰਦੂਕਧਾਰੀ ਦੀ ਮੌਤ

ਅਮਰੀਕਾ, 13 March 2026-

ਸੰਯੁਕਤ ਰਾਜ ਅਮਰੀਕਾ ਵਿੱਚ ਓਲਡ ਡੋਮੀਨੀਅਨ ਯੂਨੀਵਰਸਿਟੀ (ODU) ਵਿੱਚ ਵੀਰਵਾਰ ਨੂੰ ਹੋਈ ਗੋਲੀਬਾਰੀ ਵਿੱਚ ਦੋ ਲੋਕ ਜ਼ਖਮੀ ਹੋ ਗਏ ਅਤੇ ਇੱਕ ਬੰਦੂਕਧਾਰੀ ਦੀ ਮੌਤ ਹੋ ਗਈ।

ਵਰਜੀਨੀਆ ਸਥਿਤ ਸੰਸਥਾ ਨੇ ਵੇਰਵਿਆਂ ਦੀ ਪੁਸ਼ਟੀ ਕੀਤੀ। ODU ਨੇ ਰਿਪੋਰਟ ਦਿੱਤੀ ਕਿ ਇੱਕ ਬੰਦੂਕਧਾਰੀ ਨੇ ਇਸਦੇ ਬਿਜ਼ਨਸ ਸਕੂਲ ਦੀ ਇਮਾਰਤ ਦੇ ਅੰਦਰ ਗੋਲੀਬਾਰੀ ਕੀਤੀ, ਜਿਸ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਹਸਪਤਾਲ ਲਿਜਾਇਆ ਗਿਆ।

ਹਾਲਾਂਕਿ, ਹਮਲਾਵਰ ਦੀ ਮੌਤ ਦੇ ਆਲੇ ਦੁਆਲੇ ਦੇ ਹਾਲਾਤ ਅਜੇ ਵੀ ਅਸਪਸ਼ਟ ਹਨ। ਨੌਰਫੋਕ ਸਥਿਤ ਯੂਨੀਵਰਸਿਟੀ ਨੇ ਵੀਰਵਾਰ ਦੇ ਬਾਕੀ ਦਿਨਾਂ ਲਈ ਕਲਾਸਾਂ ਰੱਦ ਕਰ ਦਿੱਤੀਆਂ ਅਤੇ ਆਪਣੇ ਮੁੱਖ ਕੈਂਪਸ ਵਿੱਚ ਸਾਰੀਆਂ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ।

ਯੂਨੀਵਰਸਿਟੀ ਨੇ ਲੋਕਾਂ ਨੂੰ ਕਾਂਸਟੈਂਟ ਹਾਲ ਅਤੇ ਆਲੇ ਦੁਆਲੇ ਦੇ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਜਦੋਂ ਕਿ ਐਮਰਜੈਂਸੀ ਅਧਿਕਾਰੀ ਆਪਣਾ ਕੰਮ ਜਾਰੀ ਰੱਖਦੇ ਹਨ।

ਫੈਡਰਲ ਬਿਊਰੋ ਆਫ਼ ਅਲਕੋਹਲ, ਤੰਬਾਕੂ, ਹਥਿਆਰ ਅਤੇ ਵਿਸਫੋਟਕ ਨੇ ‘X’ ‘ਤੇ ਕਿਹਾ ਕਿ ਇਸਦੇ ਏਜੰਟ ਘਟਨਾ ਸਥਾਨ ‘ਤੇ ਮੌਜੂਦ ਹਨ ਅਤੇ ਪ੍ਰਤੀਕਿਰਿਆ ਯਤਨਾਂ ਵਿੱਚ ਸਹਾਇਤਾ ਕਰ ਰਹੇ ਹਨ।

 

ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਮਿਲਿਆ ਨਵਾਂ ਸਕੱਤਰ, ਸੰਭਾਲਿਆ ਅਹੁਦਾ 

 

ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਮਿਲਿਆ ਨਵਾਂ ਸਕੱਤਰ, ਸੰਭਾਲਿਆ ਅਹੁਦਾ 

Punjab News, 13 March 2026- 

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵ-ਨਿਯੁਕਤ ਸਕੱਤਰ ਕੇਸ਼ਵ ਗੋਇਲ (ਪੀ.ਸੀ.ਐਸ.) ਨੇ ਦਫ਼ਤਰ ਦਾ ਚਾਰਜ ਸੰਭਾਲ ਲਿਆ ਹੈ। ਬੋਰਡ ਦੇ ਅਧਿਕਾਰੀ, ਕਰਮਚਾਰੀ ਅਤੇ ਸਕੱਤਰ ਦਫ਼ਤਰ ਦੇ ਪੀ.ਏ. ਸਟਾਫ਼ ਗੋਇਲ ਦਾ ਸਵਾਗਤ ਕਰਨ ਲਈ ਮੌਜੂਦ ਸਨ।

ਕੇਸ਼ਵ ਗੋਇਲ 2016 ਬੈਚ ਦੇ ਪੀ.ਸੀ.ਐਸ. ਅਧਿਕਾਰੀ ਹਨ ਜੋ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਲੋਟ ਕਸਬੇ ਦੇ ਰਹਿਣ ਵਾਲੇ ਹਨ। ਆਪਣੇ ਪ੍ਰਸ਼ਾਸਕੀ ਕੈਰੀਅਰ ਦੌਰਾਨ, ਉਨ੍ਹਾਂ ਨੇ ਕਈ ਮਹੱਤਵਪੂਰਨ ਅਹੁਦਿਆਂ ‘ਤੇ ਸੇਵਾ ਨਿਭਾਈ ਹੈ। ਜਲਾਲਾਬਾਦ (ਫਾਜ਼ਿਲਕਾ) ਦੇ ਐਸ.ਡੀ.ਐਮ ਅਤੇ ਆਨੰਦਪੁਰ ਸਾਹਿਬ ਦੇ ਐਸ.ਡੀ.ਐਮ. ਵਜੋਂ ਸੇਵਾ ਨਿਭਾਉਂਦੇ ਹੋਏ, ਉਨ੍ਹਾਂ ਨੇ ਆਪਣੇ ਕੁਸ਼ਲ ਅਤੇ ਪਾਰਦਰਸ਼ੀ ਪ੍ਰਸ਼ਾਸਕੀ ਪਹੁੰਚ ਲਈ ਵਿਸ਼ੇਸ਼ ਪ੍ਰਸ਼ੰਸਾ ਪ੍ਰਾਪਤ ਕੀਤੀ।

ਇਸ ਤੋਂ ਇਲਾਵਾ, ਉਨ੍ਹਾਂ ਨੇ 2022 ਵਿੱਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਸੇਵਾ ਨਿਭਾਈ ਅਤੇ ਪੰਜਾਬ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਪਨਸਪ), ਇਨਵੈਸਟ ਪੰਜਾਬ ਅਤੇ ਵੇਰਕਾ ਸਮੇਤ ਵੱਖ-ਵੱਖ ਸਰਕਾਰੀ ਸੰਗਠਨਾਂ ਵਿੱਚ ਏ.ਐਮ.ਡੀ. (ਵਧੀਕ ਪ੍ਰਬੰਧ ਨਿਰਦੇਸ਼ਕ) ਵਜੋਂ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ।

ਵੱਖ-ਵੱਖ ਵਿਭਾਗਾਂ ਵਿੱਚ ਆਪਣੇ ਕਾਰਜਕਾਲ ਦੌਰਾਨ, ਸ੍ਰੀ ਗੋਇਲ ਨੇ ਜ਼ਮੀਨੀ ਪੱਧਰ ‘ਤੇ ਵੱਡੀਆਂ ਸਰਕਾਰੀ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਈ, ਜਿਸ ਨਾਲ ਪ੍ਰਸ਼ਾਸਨ ਦੇ ਅੰਦਰ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਈ ਗਈ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ, ਗੋਇਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਰਾਜ ਦਾ ਇੱਕ ਮਹੱਤਵਪੂਰਨ ਸੰਸਥਾ ਹੈ; ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਬੋਰਡ ਦੇ ਕੰਮਕਾਜ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ, ਨਿਯਮ-ਅਧਾਰਤ ਅਤੇ ਕੁਸ਼ਲ ਬਣਾਇਆ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰਾ ਕੰਮ ਸਥਾਪਤ ਨਿਯਮਾਂ ਅਨੁਸਾਰ ਸਖ਼ਤੀ ਨਾਲ ਕੀਤਾ ਜਾਵੇਗਾ ਅਤੇ ਦਫ਼ਤਰੀ ਡਿਊਟੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਕਰਮਚਾਰੀਆਂ ਨਾਲ ਸਬੰਧਤ ਮਾਮਲਿਆਂ ਨੂੰ ਸਹੀ ਢੰਗ ਨਾਲ ਸੁਣਿਆ ਅਤੇ ਹੱਲ ਕੀਤਾ ਜਾਵੇਗਾ, ਅਤੇ ਸਟਾਫ ਲਈ ਇੱਕ ਸਕਾਰਾਤਮਕ ਅਤੇ ਤਣਾਅ-ਮੁਕਤ ਕੰਮ ਕਰਨ ਵਾਲਾ ਮਾਹੌਲ ਪੈਦਾ ਕਰਨ ਲਈ ਯਤਨ ਕੀਤੇ ਜਾਣਗੇ, ਜਿਸ ਨਾਲ ਅਧਿਕਾਰੀ ਅਤੇ ਕਰਮਚਾਰੀ ਆਪਣੀਆਂ ਜ਼ਿੰਮੇਵਾਰੀਆਂ ਪੇਸ਼ੇਵਰ ਅਤੇ ਬਿਨਾਂ ਕਿਸੇ ਰੁਕਾਵਟ ਦੇ ਨਿਭਾ ਸਕਣਗੇ।

ਬੋਰਡ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਕੇਸ਼ਵ ਗੋਇਲ ਦੀ ਅਗਵਾਈ ਹੇਠ, ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੰਮਕਾਜ ਹੋਰ ਵੀ ਕੁਸ਼ਲ, ਪਾਰਦਰਸ਼ੀ ਅਤੇ ਜਵਾਬਦੇਹ ਬਣ ਜਾਵੇਗਾ, ਜਿਸ ਨਾਲ ਪੂਰੇ ਪੰਜਾਬ ਰਾਜ ਵਿੱਚ ਵਿਦਿਅਕ ਸੇਵਾਵਾਂ ਦੀ ਸਪਲਾਈ ਹੋਰ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਚੱਲ ਰਹੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤੇ ਗਏ ਸਾਰੇ ਪ੍ਰਬੰਧਾਂ ‘ਤੇ ਸਖ਼ਤ ਨਜ਼ਰ ਰੱਖੀ ਜਾਵੇਗੀ।

 

Heavy Rain Alert: ਪੰਜਾਬ ‘ਚ ਅਗਲੇ 24 ਘੰਟਿਆਂ ਦੌਰਾਨ ਪਵੇਗਾ ਭਾਰੀ ਮੀਂਹ; ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

 

Heavy Rain Alert: ਪੰਜਾਬ ‘ਚ ਅਗਲੇ 24 ਘੰਟਿਆਂ ਦੌਰਾਨ ਪਵੇਗਾ ਭਾਰੀ ਮੀਂਹ; ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

Punjab Network

Chandigarh, 13 March 2026- 

ਅੱਜ ਸਵੇਰ ਤੋਂ ਹੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਬੱਦਲ ਛਾਏ ਹੋਏ ਹਨ, ਜਿਸਦੇ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।

ਨਤੀਜੇ ਵਜੋਂ, ਬੀਤੇ ਦੋ ਦਿਨਾਂ ਤੋਂ ਪੰਜਾਬ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਦੌਰਾਨ, ਇਹ ਧਿਆਨ ਦੇਣ ਯੋਗ ਹੈ ਕਿ ਅੰਮ੍ਰਿਤਸਰ ਵਿੱਚ ਮੌਸਮ ਨੇ ਬੀਤੇ ਕੱਲ੍ਹ ਸਵੇਰੇ ਅਚਾਨਕ ਕਰਵਟ ਲੈ ਲਈ।

ਇਸ ਦੌਰਾਨ, ਅੰਮ੍ਰਿਤਸਰ ਵਿੱਚ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਈ, ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ। ਬਾਰਿਸ਼ ਤੋਂ ਬਾਅਦ ਲੋਕਾਂ ਨੇ ਰਾਹਤ ਦਾ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਅੱਜ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ 14 ਮਾਰਚ ਤੱਕ ਦੇ ਮੌਸਮ ਦੀ ਭਵਿੱਖਬਾਣੀ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਸ ਤੋਂ ਬਾਅਦ, ਤਾਪਮਾਨ ਵਿੱਚ ਗਿਰਾਵਟ ਆਉਣ ਦੀ ਉਮੀਦ ਹੈ, ਜਿਸ ਨਾਲ ਹਵਾ ਵਿੱਚ ਇੱਕ ਖਾਸ ਠੰਡ ਆਵੇਗੀ। ਇਸ ਤੋਂ ਇਲਾਵਾ, ਅੱਜ ਤੋਂ, ਕਈ ਖੇਤਰਾਂ ਵਿੱਚ ਹਲਕੇ ਬੱਦਲ ਬਣੇ ਰਹਿਣਗੇ, ਅਤੇ ਕਿਸੇ ਵੀ ਸਮੇਂ ਬਾਰਿਸ਼ ਹੋ ਸਕਦੀ ਹੈ।

ਮੌਸਮ ਵਿਭਾਗ ਦੇ ਅਨੁਸਾਰ, 14 ਮਾਰਚ ਤੋਂ ਬਾਅਦ ਇੱਕ ਪੱਛਮੀ ਗੜਬੜੀ ਸਰਗਰਮ ਹੋਣ ਦੀ ਸੰਭਾਵਨਾ ਹੈ। ਨਤੀਜੇ ਵਜੋਂ, ਹੁਸ਼ਿਆਰਪੁਰ, ਰੂਪਨਗਰ ਅਤੇ ਪਠਾਨਕੋਟ ਵਿੱਚ ਗਰਜ ਦੇ ਨਾਲ ਹਲਕੀ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਹੈ।

ਇਸ ਤੋਂ ਬਾਅਦ, 15 ਮਾਰਚ ਨੂੰ ਮੌਸਮ ਵਿੱਚ ਹੋਰ ਬਦਲਾਅ ਆਉਣ ਦੀ ਉਮੀਦ ਹੈ, ਜਿਸ ਕਾਰਨ ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਕਪੂਰਥਲਾ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।