ਸ਼ਨੀਵਾਰ, ਮਈ 30, 2026
Home Blog Page 27

Punjab News: ਭਗਵੰਤ ਮਾਨ ਸਰਕਾਰ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਲਲਕਾਰਿਆ; ਭਲਕੇ ਹੋਵੇਗਾ ਵੱਡਾ ਅੰਦੋਲਨ

 

Punjab News: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਭਗਵੰਤ ਮਾਨ ਸਰਕਾਰ ਨੂੰ ਲਲਕਾਰਿਆ; ਭਲਕੇ ਹੋਵੇਗਾ ਵੱਡਾ ਅੰਦੋਲਨ

17-7-2020 ਦਾ ਨੋਟੀਫਿਕੇਸ਼ਨ ਰੱਦ ਕਰਕੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਮੁਤਾਬਕ ਤਨਖ਼ਾਹਾਂ ਫਿਕਸ ਕਰਨ ਦੀ ਮੰਗ

NPS ਰੱਦ ਕਰਕੇ ਪੁਰਾਣੀ ਪੈਨਸ਼ਨ (OPS) ਬਹਾਲ ਕਰਨ ਅਤੇ ਕੱਟੇ ਹੋਏ 37 ਭੱਤੇ ਮੁੜ ਲਾਗੂ ਕਰਨ ‘ਤੇ ਜ਼ੋਰ

Punjab News: ਮਾਨਸਾ, 16 ਮਈ 2026: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਬਿਤ ਪਈਆਂ ਆਰਥਿਕ ਮੰਗਾਂ ਨੂੰ ਲੈ ਕੇ ‘ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ’ ਵੱਲੋਂ ਪੈਨਸ਼ਨਰਜ਼ ਭਵਨ ਮਾਨਸਾ ਵਿਖੇ ਇੱਕ ਅਹਿਮ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ।

ਇਸ ਕਨਵੈਨਸ਼ਨ ਤੋਂ ਬਾਅਦ ਇਕੱਠੇ ਹੋਏ ਸੈਂਕੜੇ ਮੁਲਾਜ਼ਮਾਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜ਼ਿਲ੍ਹਾ ਕਚਹਿਰੀਆਂ ਦੇ ਮੁੱਖ ਗੇਟ ਤੱਕ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ।

ਮੀਟਿੰਗ ਦੌਰਾਨ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ 17 ਮਈ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਮਹਾਂ-ਰੈਲੀ ਉਲੀਕੀ ਗਈ ਹੈ, ਜਿੱਥੋਂ ਮੁਲਾਜ਼ਮਾਂ ਦਾ ਕਾਫ਼ਲਾ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਵੱਲ ਰੋਸ ਮਾਰਚ ਕਰੇਗਾ।

ਅੱਜ ਦੀ ਕਨਵੈਨਸ਼ਨ ਦਾ ਮੁੱਖ ਮਕਸਦ ਇਸੇ ਰੈਲੀ ਦੀਆਂ ਤਿਆਰੀਆਂ ਨੂੰ ਜ਼ਿਲ੍ਹੇ ਭਰ ਵਿੱਚ ਮਜ਼ਬੂਤ ਕਰਨਾ ਅਤੇ ਵੱਧ ਤੋਂ ਵੱਧ ਮੁਲਾਜ਼ਮਾਂ ਦੀ ਸ਼ਮੂਲੀਅਤ ਯਕੀਨੀ ਬਣਾਉਣਾ ਸੀ।

ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਅਤਿੰਦਰਪਾਲ ਸਿੰਘ (ਸੂਬਾ ਕਨਵੀਨਰ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ), ਜਸਵੀਰ ਭੱਮਾ (ਜ਼ੋਨ ਕਨਵੀਨਰ), ਅਮੋਲਕ ਡੇਲੂਆਣਾ (ਜ਼ਿਲ੍ਹਾ ਪ੍ਰਧਾਨ, DTF), ਅਰੁਨ ਗੋਇਲ (ਸੂਬਾ ਆਗੂ, ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ), ਹਰਦੀਪ ਟੋਡਰਪੁਰ (DMF) ਅਤੇ ਮਨਮੋਹਨ ਸਿੰਘ (ਜ਼ਿਲ੍ਹਾ ਪ੍ਰਧਾਨ, ਪੁਰਾਣੀ ਪੈਨਸ਼ਨ ਫਰੰਟ) ਨੇ ਹੇਠ ਲਿਖੀਆਂ ਮੁੱਖ ਮੰਗਾਂ ਚੁੱਕੀਆਂ:

ਨਵੇਂ ਕੇਂਦਰੀ ਸਕੇਲਾਂ ‘ਤੇ ਆਧਾਰਿਤ 17-7-2020 ਦੇ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਸਮੇਤ 15% ਵਾਧੇ ਦੇ ਫਾਰਮੂਲੇ ਅਨੁਸਾਰ ਤਨਖਾਹਾਂ ਫਿਕਸ ਕੀਤੀਆਂ ਜਾਣ। 1-1-2004 ਤੋਂ ਬਾਅਦ ਭਰਤੀ ਹੋਏ ਸਮੂਹ ਮੁਲਾਜ਼ਮਾਂ ‘ਤੇ ਲਾਗੂ ਕਾਰਪੋਰੇਟ ਪੱਖੀ ਨਵੀਂ ਪੈਨਸ਼ਨ ਪ੍ਰਣਾਲੀ (NPS) ਨੂੰ ਪੂਰੀ ਤਰ੍ਹਾਂ ਬੰਦ ਕਰਕੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ।

ਮੁਲਾਜ਼ਮਾਂ ਦੇ ਕੱਟੇ ਗਏ 37 ਕਿਸਮ ਦੇ ਭੱਤੇ ਜਿਵੇਂ ਕਿ ਪੇਂਡੂ ਇਲਾਕਾ ਭੱਤਾ, ਬਾਰਡਰ ਏਰੀਆ ਭੱਤਾ, ਏ.ਸੀ.ਪੀ. (ACP) ਦਾ ਲਾਭ ਅਤੇ ਪੈਂਡਿੰਗ ਪਿਆ 18% ਮਹਿੰਗਾਈ ਭੱਤਾ (DA) ਤੁਰੰਤ ਜਾਰੀ ਕੀਤਾ ਜਾਵੇ।

ਇਸ ਕਨਵੈਨਸ਼ਨ ਵਿੱਚ ਜ਼ਿਲ੍ਹਾ ਆਗੂਆਂ ਹੰਸਾ ਸਿੰਘ ਡੇਲੂਆਣਾ, ਕੌਰ ਸਿੰਘ ਫੱਗੂ, ਪਰਮਿੰਦਰ ਮਾਨਸਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਮੁਲਾਜ਼ਮ ਆਗੂ ਸ਼ਾਮਲ ਹੋਏ, ਜਿਨ੍ਹਾਂ ਵਿੱਚ ਗੁਰਦਾਸ ਗੁਰਨੇ, ਗੁਰਲਾਲ ਗੁਰਨੇ, ਗੁਰਵਿੰਦਰ ਸਿੰਘ, ਸੁਖਵੀਰ ਸਿੰਘ ਸਰਦੂਲਗੜ੍ਹ, ਗੁਰਪ੍ਰੀਤ ਵੀਰੋਕੇ, ਹਰਪ੍ਰੀਤ ਸਿੰਘ ਖੜਕ ਸਿੰਘ ਵਾਲਾ, ਸੁਖਵੀਰ ਸਿੰਘ ਗਿੱਲ, ਕੁਲਵਿੰਦਰ ਸਿੰਘ, ਸੰਦੀਪ ਢੰਡ, ਗੁਰਜੀਤ ਸਿੰਘ ਔਲਖ, ਬੇਅੰਤ ਰੜ੍ਹ, ਕੁਲਜੀਤ ਸਿੰਘ, ਜਗਮੀਤ ਸਿੰਘ, ਅਮਰੀਕ ਸਿੰਘ ਗੁਰਨੇ, ਜੈ ਨਰੈਣ ਮਾਨਸਾ, ਬਲਵਿੰਦਰ ਸਿੰਘ ਅੱਕਾਵਾਲੀ, ਅਤੇ ਜੋਨੀ ਕੁਮਾਰ ਆਦਿ ਪ੍ਰਮੁੱਖ ਸਨ।

ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ਮੋਹਾਲੀ ਤੋਂ ਸ਼ੁਰੂ ਹੋਣ ਵਾਲਾ ਇਹ ਸੰਘਰਸ਼ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖਾ ਰੂਪ ਧਾਰਨ ਕਰੇਗਾ।

 

Chandigarh: 20000 ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖਬਰੀ; ਤਨਖਾਹਾਂ ‘ਚ 6 ਫ਼ੀਸਦੀ ਵਾਧਾ

 

Chandigarh: 20000 ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖਬਰੀ; ਤਨਖਾਹਾਂ ‘ਚ 6 ਫ਼ੀਸਦੀ ਵਾਧਾ

UT ਪ੍ਰਸ਼ਾਸਨ (Chandigarh) ਵੱਲੋਂ ਸਾਲ 2026-2027 ਲਈ ਨਵੀਆਂ ਡੀਸੀ ਦਰਾਂ (DC Rates) ਦਾ ਐਲਾਨ

ਸੇਵਾਦਾਰ, ਚੌਕੀਦਾਰ, ਕਲਰਕ ਤੋਂ ਲੈ ਕੇ ਜੇਈ (JE) ਤੱਕ ਦੀਆਂ ਤਨਖ਼ਾਹਾਂ ਵਿੱਚ ਹੋਇਆ ਵਾਧਾ

ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਨਿੱਜੀ ਸੰਸਥਾਵਾਂ ‘ਤੇ ਵੀ ਲਾਗੂ ਹੋਣਗੇ ਨਵੇਂ ਨਿਯਮ

ਚੰਡੀਗੜ੍ਹ, 16 ਮਈ 2026: ਯੂਟੀ (UT Chandigarh) ਚੰਡੀਗੜ੍ਹ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਹਜ਼ਾਰਾਂ ਆਊਟਸੋਰਸ ਅਤੇ ਦਿਹਾੜੀਦਾਰ ਕਰਮਚਾਰੀਆਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਹੈ।

ਪ੍ਰਸ਼ਾਸਨ ਵੱਲੋਂ ਨਵੀਆਂ ਡੀਸੀ ਦਰਾਂ (DC Rates) ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਲਗਭਗ 20,000 ਕਰਮਚਾਰੀਆਂ ਦੀਆਂ ਮਾਸਿਕ ਤਨਖ਼ਾਹਾਂ ਵਿੱਚ ਸਿੱਧਾ 6 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ।

ਇਹ ਨਵੀਆਂ ਦਰਾਂ 1 ਅਪ੍ਰੈਲ, 2026 ਤੋਂ ਲੈ ਕੇ 31 ਮਾਰਚ, 2027 ਤੱਕ ਪ੍ਰਭਾਵਸ਼ਾਲੀ ਰਹਿਣਗੀਆਂ, ਜਿਸ ਕਾਰਨ ਮੁਲਾਜ਼ਮਾਂ ਨੂੰ ਅਪ੍ਰੈਲ ਮਹੀਨੇ ਤੋਂ ਹੀ ਵਧੇ ਹੋਏ ਪੈਸੇ ਮਿਲਣਗੇ।

ਇਨ੍ਹਾਂ ਅਹੁਦਿਆਂ ਦੇ ਮੁਲਾਜ਼ਮਾਂ ਨੂੰ ਮਿਲੇਗਾ ਫਾਇਦਾ

ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਹੇਠਲੇ ਪੱਧਰ ਤੋਂ ਲੈ ਕੇ ਤਕਨੀਕੀ ਅਹੁਦਿਆਂ ‘ਤੇ ਤਾਇਨਾਤ ਸਾਰੇ ਮੁਲਾਜ਼ਮਾਂ ਨੂੰ ਲਾਭ ਮਿਲੇਗਾ।

ਵਾਧੇ ਦੇ ਘੇਰੇ ਵਿੱਚ ਆਉਣ ਵਾਲੇ ਪ੍ਰਮੁੱਖ ਅਹੁਦਿਆਂ ਵਿੱਚ ਸੇਵਾਦਾਰ, ਚੌਕੀਦਾਰ, ਚਪੜਾਸੀ, ਫੀਲਡ ਅਟੈਂਡੈਂਟ, ਕੁੱਕ-ਕਮ-ਹੈਲਪਰ, ਕਲਾਸ ਰੂਮ ਕਲੀਨਰ, ਬੱਸ ਕਲੀਨਰ ਧੋਬੀ, ਡੌਗ ਕੈਚਰ, ਡ੍ਰੈਸਰ ਅਤੇ ਕਲਰਕ (Clerks) ਸ਼ਾਮਲ ਹਨ।

ਇਸ ਤੋਂ ਇਲਾਵਾ ਤਕਨੀਕੀ ਸਟਾਫ਼ ਜਿਵੇਂ ਕਿ ਟੈਕਨੀਸ਼ੀਅਨ ਅਤੇ ਜੇਈ ਸਿਵਲ (JE Civil) ਦੀਆਂ ਤਨਖ਼ਾਹਾਂ ਵਿੱਚ ਵੀ ਸੋਧ ਕਰਕੇ ਵਾਧਾ ਕੀਤਾ ਗਿਆ ਹੈ।

ਇਸ ਫੈਸਲੇ ਦੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਨਵੇਂ ਡੀਸੀ ਰੇਟ ਸਿਰਫ਼ ਸਰਕਾਰੀ ਵਿਭਾਗਾਂ ਤੱਕ ਹੀ ਸੀਮਿਤ ਨਹੀਂ ਰਹਿਣਗੇ।

ਪ੍ਰਸ਼ਾਸਨ ਦੇ ਨਿਯਮਾਂ ਅਨੁਸਾਰ, ਚੰਡੀਗੜ੍ਹ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੀਆਂ ਸਮੂਹ ਨਿੱਜੀ ਸੰਸਥਾਵਾਂ (Private Institutions) ਨੂੰ ਵੀ ਆਪਣੇ ਕਰਮਚਾਰੀਆਂ ਨੂੰ ਇਨ੍ਹਾਂ ਤੈਅਸ਼ੁਦਾ ਨਵੀਆਂ ਦਰਾਂ ਮੁਤਾਬਕ ਹੀ ਮਾਨਭੱਤਾ ਦੇਣਾ ਪਵੇਗਾ।

ਦੱਸਣਯੋਗ ਹੈ ਕਿ ਚੰਡੀਗੜ੍ਹ ਦੀਆਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਲੰਬੇ ਸਮੇਂ ਤੋਂ ਮਹਿੰਗਾਈ ਦੇ ਮੱਦੇਨਜ਼ਰ 12 ਤੋਂ 15 ਪ੍ਰਤੀਸ਼ਤ ਤਨਖ਼ਾਹ ਵਾਧੇ ਦੀ ਮੰਗ ਕਰ ਰਹੀਆਂ ਸਨ ਅਤੇ ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਸੀ।

ਭਾਵੇਂ ਪ੍ਰਸ਼ਾਸਨ ਨੇ ਇਸ ਵਾਰ 6 ਫੀਸਦੀ ਵਾਧਾ ਕੀਤਾ ਹੈ (ਜੋ ਕਿ ਪਿਛਲੇ ਸਾਲ ਦੇ 5 ਫੀਸਦੀ ਵਾਧੇ ਨਾਲੋਂ 1 ਫੀਸਦੀ ਵੱਧ ਹੈ), ਪਰ ਮੁਲਾਜ਼ਮਾਂ ਦਾ ਇੱਕ ਹਿੱਸਾ ਅਜੇ ਵੀ ਇਸ ਨੂੰ ਮੌਜੂਦਾ ਮਹਿੰਗਾਈ ਦੇ ਮੁਕਾਬਲੇ ਘੱਟ ਦੱਸ ਰਿਹਾ ਹੈ।

ਇਸ ਦੇ ਬਾਵਜੂਦ, ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਤਨਖ਼ਾਹ ਵਧਣ ਕਾਰਨ ਹਜ਼ਾਰਾਂ ਪਰਿਵਾਰਾਂ ਨੂੰ ਵੱਡੀ ਆਰਥਿਕ ਰਾਹਤ ਜ਼ਰੂਰ ਮਿਲੇਗੀ।

 

ਵੱਡੀ ਖ਼ਬਰ: PCS ਅਫ਼ਸਰ ਗ੍ਰਿਫ਼ਤਾਰ! ਕਰੋੜਾਂ ਦੀ ਹੇਰਾਫੇਰੀ ਦਾ ਦੋਸ਼

 

ਵੱਡੀ ਖ਼ਬਰ: PCS ਅਫ਼ਸਰ ਗ੍ਰਿਫ਼ਤਾਰ (PCS officer arrested), ਕਰੋੜਾਂ ਦੀ ਹੇਰਾਫੇਰੀ ਦਾ ਦੋਸ਼ (Accused of embezzling crores)

ਪੀ.ਸੀ.ਐੱਸ. (PCS) ਅਧਿਕਾਰੀ ਨੂੰ ਸਵੇਰੇ 7 ਵਜੇ ਸਰਕਾਰੀ ਰਿਹਾਇਸ਼ ਤੋਂ ਲਿਆ ਹਿਰਾਸਤ ਵਿੱਚ

ਹਾਈਵੇਅ ਜ਼ਮੀਨ ਐਕੁਆਇਰ ਮਾਮਲੇ ‘ਚ 1 ਕਰੋੜ 63 ਲੱਖ ਰੁਪਏ ਦੇ ਗਬਨ ਦੇ ਲੱਗੇ ਹਨ ਦੋਸ਼

ਪੁਲਿਸ ਜ਼ਿਲ੍ਹਾ ਤਰਨਤਾਰਨ ਦੀ ਪੱਟੀ ਪੁਲਿਸ ਵੱਲੋਂ ਕੀਤੀ ਗਈ ਵੱਡੀ ਕਾਰਵਾਈ

ਗੁਰਦਾਸਪੁਰ, 16 ਮਈ 2026- ਪੰਜਾਬ ਪ੍ਰਸ਼ਾਸਨਿਕ ਸੇਵਾਵਾਂ (PCS) ਦੇ ਹਲਕਿਆਂ ਵਿੱਚੋਂ ਅੱਜ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ।

ਗੁਰਦਾਸਪੁਰ ਵਿਖੇ ਬਤੌਰ ਐੱਸ.ਡੀ.ਐੱਮ. (SDM) ਸੇਵਾਵਾਂ ਨਿਭਾਅ ਰਹੇ ਮਹਿਲਾ ਅਧਿਕਾਰੀ ਅਨੁਪ੍ਰੀਤ ਕੌਰ ਰੰਧਾਵਾ ਨੂੰ ਪੁਲਿਸ ਜ਼ਿਲ੍ਹਾ ਤਰਨਤਾਰਨ ਦੀ ਪੱਟੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਕਾਰਵਾਈ ਅੱਜ ਸਵੇਰੇ ਤੜਕਸਾਰ ਲਗਭਗ 7 ਵਜੇ ਅਮਲ ਵਿੱਚ ਲਿਆਂਦੀ ਗਈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਪੂਰਾ ਮਾਮਲਾ ਜੰਮੂ ਕਸ਼ਮੀਰ-ਰਾਜਸਥਾਨ ਹਾਈਵੇਅ ਲਈ ਐਕੁਆਇਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਵਿੱਚ ਹੋਏ ਵੱਡੇ ਗਬਨ (ਧੋਖਾਧੜੀ) ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਦੋਸ਼ ਹਨ ਕਿ ਇਸ ਜ਼ਮੀਨ ਐਕੁਆਇਰ ਪ੍ਰਕਿਰਿਆ ਦੌਰਾਨ ਨਿਯਮਾਂ ਨੂੰ ਛਿੱਕੇ ਟੰਗ ਕੇ 1 ਕਰੋੜ 63 ਲੱਖ ਰੁਪਏ ਦਾ ਗਬਨ ਕੀਤਾ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਅਨੁਪ੍ਰੀਤ ਕੌਰ ਰੰਧਾਵਾ (ਕੁਝ ਥਾਵਾਂ ‘ਤੇ ਅਨੁਦੀਪ ਕੌਰ) ਖ਼ਿਲਾਫ਼ ਕੇਸ ਚੱਲ ਰਿਹਾ ਸੀ। ਇਸੇ ਜਾਂਚ ਦੇ ਸਿਲਸਿਲੇ ਵਿੱਚ ਅੱਜ ਪੱਟੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸਵੇਰੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਇਸ ਹਾਈ ਪ੍ਰੋਫਾਈਲ ਗ੍ਰਿਫ਼ਤਾਰੀ ਤੋਂ ਬਾਅਦ ਪ੍ਰਸ਼ਾਸਨਿਕ ਅਤੇ ਸਿਆਸੀ ਗਲਿਆਰਿਆਂ ਵਿੱਚ ਹੜਕੰਪ ਮਚ ਗਿਆ ਹੈ।

ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹਾਲੇ ਅਧਿਕਾਰਤ ਬਿਆਨ ਜਾਰੀ ਕਰਕੇ ਹੋਰ ਖੁਲਾਸੇ ਕੀਤੇ ਜਾਣੇ ਬਾਕੀ ਹਨ ਕਿ ਇਸ ਘੁਟਾਲੇ ਵਿੱਚ ਕੌਣ-ਕੌਣ ਹੋਰ ਸ਼ਾਮਲ ਹੈ।

ਕੁਝ ਹੋਰ ਅਧਿਕਾਰੀਆਂ ‘ਤੇ ਵੀ ਡਿੱਗ ਸਕਦੀ ਹੈ ਗਾਜ?

ਇੱਕ ਮੌਜੂਦਾ ਐਸ.ਡੀ.ਐਮ. ਪੱਧਰ ਦੇ ਅਧਿਕਾਰੀ ਨੂੰ ਉਨ੍ਹਾਂ ਦੇ ਘਰੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਸੂਬੇ ਦੇ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਕਾਫ਼ੀ ਗਰਮਾ-ਗਰਮੀ ਦੇਖਣ ਨੂੰ ਮਿਲ ਰਹੀ ਹੈ।

ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ‘ਤੇ ਅਧਿਕਾਰਤ ਬਿਆਨ ਜਾਰੀ ਕਰਨਾ ਬਾਕੀ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਪੁੱਛਗਿੱਛ ਤੋਂ ਬਾਅਦ ਇਸ ਘੁਟਾਲੇ ਵਿੱਚ ਕਈ ਹੋਰ ਵੱਡੇ ਖ਼ੁਲਾਸੇ ਹੋ ਸਕਦੇ ਹਨ ਅਤੇ ਕੁਝ ਹੋਰ ਅਧਿਕਾਰੀਆਂ ‘ਤੇ ਵੀ ਗਾਜ ਡਿੱਗ ਸਕਦੀ ਹੈ।

 

National News: ਬੁੱਧੀਜੀਵੀਆਂ ਅਤੇ ਕਾਰਕੁਨਾਂ ਉੱਤੇ NSA ਲਗਾਉਣਾ ਬੰਦ ਕਰੇ ਸਰਕਾਰ- ਜਮਹੂਰੀ ਫਰੰਟ

 

National News: ਬੁੱਧੀਜੀਵੀਆਂ ਅਤੇ ਕਾਰਕੁਨਾਂ ਉੱਤੇ NSA ਲਗਾਉਣਾ ਬੰਦ ਕਰੇ ਸਰਕਾਰ- ਜਮਹੂਰੀ ਫਰੰਟ

National News: ਨੋਇਡਾ/ਜਲੰਧਰ, 16 ਮਈ 2026: ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਸੂਬਾ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋ.ਏ.ਕੇ. ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ ਪਾਲ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਨੋਇਡਾ ਪੁਲਿਸ ਵੱਲੋਂ ਲੋਕਪੱਖੀ ਬੁੱਧੀਜੀਵੀ ਸੱਤਿਅਮ ਵਰਮਾ, ਆਕ੍ਰਿਤੀ ਅਤੇ ਹੋਰ ਕਾਰਕੁਨਾਂ ਉੱਪਰ ਨੈਸ਼ਨਲ ਸਕਿਊਰਿਟੀ ਐਕਟ ਲਗਾਏ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

ਫਰੰਟ ਦੇ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦਾ ਘੱਟੋਘੱਟ ਉਜ਼ਰਤ ਦਰਾਂ ਲਾਗੂ ਕਰਾਉਣ ਅਤੇ ਮਹਿੰਗਾਈ ਅਨੁਸਾਰ ਉਜ਼ਰਤਾਂ ਵਿਚ ਵਾਧਾ ਕਰਾਉਣ ਦੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰਨਾ ਅਤੇ ਸੰਘਰਸ਼ ਦੀ ਹਮਾਇਤ ਕਰਨਾ ਨਾਗਰਿਕਾਂ ਦਾ ਜਮਹੂਰੀ ਹੱਕ ਹੈ।

ਨੋਇਡਾ ਪੁਲਿਸ ਨੇ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਮਜ਼ਦੂਰਾਂ ਦੇ ਹਿਤਾਂ ਲਈ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ ਅਤੇ ਕਾਰਕੁਨਾਂ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਕਰਾਰ ਦੇ ਕੇ ਇਹ ਸੰਦੇਸ਼ ਦਿੱਤਾ ਹੈ ਕਿ ਹਕੂਮਤ ਲਈ ਸਰਮਾਏਦਾਰੀ ਦੇ ਲੋਟੂ ਹਿਤਾਂ ਯਾਨੀ ਸਰਮਾਏਦਾਰੀ ਦੇ ਮੁਨਾਫ਼ੇ ਦੀ ਸੁਰੱਖਿਆ ਹੀ ਕੌਮੀ ਸੁਰੱਖਿਆ ਹੈ ਅਤੇ ਇਸ ਕਥਿਤ ਕੌਮੀ ਸੁਰੱਖਿਆ ਵਿੱਚੋਂ ਮਜ਼ਦੂਰ ਜਮਾਤ ਤੇ ਹੋਰ ਮਿਹਨਤਕਸ਼ ਲੋਕ ਪੂਰੀ ਤਰ੍ਹਾਂ ਮਨਫ਼ੀ ਹਨ।

ਕਾਨੂੰਨੀ ਤੌਰ ’ਤੇ ਤੈਅ ਕੀਤੀਆਂ ਘੱਟੋਘੱਟ ਉਜ਼ਰਤਾਂ ਅਤੇ ਮਜ਼ਦੂਰਾਂ ਦੀ ਜੀਵਨ ਸੁਰੱਖਿਆ ਲਈ ਜ਼ਰੂਰੀ ਹੋਰ ਸਹੂਲਤਾਂ ਲਾਗੂ ਨਾ ਕਰਵਾਕੇ ਸਰਕਾਰਾਂ ਅਤੇ ਪ੍ਰਸ਼ਾਸਨ ਖ਼ੁਦ ਲਾਕਾਨੂੰਨੀਆਂ ਕਰ ਰਹੇ ਹਨ ਅਤੇ ਜੇਕਰ ਮਜ਼ਦੂਰ ਸਮੂਹਿਕ ਸੰਘਰਸ਼ ਦੇ ਦਬਾਅ ਰਾਹੀਂ ਇਹ ਮੰਗਾਂ ਮੰਨਵਾਉਣ ਦੇ ਰਾਹ ਪੈਂਦੇ ਹਨ ਤਾਂ ਲੋਟੂ ਕਾਰਪੋਰੇਟ ਮੈਨੇਜਮੈਂਟਾਂ ਅਤੇ ਪੁਲਿਸ-ਪ੍ਰਸ਼ਾਸਨ ਅਮਨ-ਕਾਨੂੰਨ ਨੂੰ ਖ਼ਤਰੇ ਦੀ ਦੁਹਾਈ ਦੇਣ ਲੱਗਦੇ ਹਨ।

ਨੋਇਡਾ ਅਤੇ ਹੋਰ ਸਨਅਤੀ ਇਲਾਕਿਆਂ ਦੇ ਮਜ਼ਦੂਰਾਂ ਦੀ ਹਾਲੀਆ ਸਮੂਹਿਕ ਹੱਕ-ਜਤਾਈ ਅਤੇ ਜੁਝਾਰੂ ਸੰਘਰਸ਼ ਤੋਂ ਬੁਖਲਾਈ ਭਾਜਪਾ ਸਰਕਾਰ ਮਜ਼ਦੂਰਾਂ ਦੇ ਹੱਕ ਵਿਚ ਉੱਠਣ ਵਾਲੀ ਹਰ ਇਨਸਾਫ਼ਪਸੰਦ ਆਵਾਜ਼ ਨੂੰ ਨੈਸ਼ਨਲ ਸਕਿਊਰਿਟੀ ਐਕਟ ਰਾਹੀਂ ਕੁਚਲਕੇ ਪੂਰੇ ਦੇਸ਼ ਦੇ ਲੋਕਾਂ ਨੂੰ ਇਹ ਚੇਤਾਵਨੀ ਦੇ ਰਹੀ ਹੈ ਕਿ ਸਰਮਾਏਦਾਰਾ ਲੁੱਟ ਵਿਰੁੱਧ ਉੱਠਣ ਵਾਲੇ ਹਰ ਜਮਹੂਰੀ ਸੰਘਰਸ਼ ਨੂੰ ਇਸੇ ਤਰ੍ਹਾਂ ਹਕੂਮਤੀ ਜਬਰ ਦਾ ਸਾਹਮਣਾ ਕਰਨਾ ਪਵੇਗਾ।

ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰ ਸੰਘਰਸ਼ ਦੇ ਹੱਕ ਵਿਚ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ ਅਤੇ ਸੰਘਰਸ਼ਸ਼ੀਲ ਮਜ਼ਦੂਰਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ “ਕੌਮੀ ਸੁਰੱਖਿਆ ਐਕਟ” ਤੁਰੰਤ ਵਾਪਸ ਲਿਆ ਜਾਵੇ ਅਤੇ ਮਜ਼ਦੂਰ ਸੰਘਰਸ਼ਾਂ ਨੂੰ ਬਦਨਾਮ ਕਰਨ ਲਈ ਝੂਠੇ ਬਿਰਤਾਂਤ ਪ੍ਰਚਾਰਨੇ ਬੰਦ ਕੀਤੇ ਜਾਣ।

 

SBI Strike: SBI ਦੇ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਐਲਾਨ; 2 ਦਿਨ ਬੈਂਕ ਰਹਿਣਗੇ ਬੰਦ

 

SBI Strike: SBI ਦੇ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਐਲਾਨ; 2 ਦਿਨ ਬੈਂਕ ਰਹਿਣਗੇ ਬੰਦ

ਨਵੀਂ ਦਿੱਲੀ, 15 ਮਈ 2026 –

ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਦੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਲਈ ਦਬਾਅ ਪਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਆਲ ਇੰਡੀਆ ਸਟੇਟ ਬੈਂਕ ਆਫ਼ ਇੰਡੀਆ ਸਟਾਫ ਫੈਡਰੇਸ਼ਨ (AISBISF) ਨੇ ਮਈ ਦੇ ਅੰਤ ਵਿੱਚ ਦੋ ਦਿਨਾਂ ਦੀ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਬੈਂਕ ਪ੍ਰਬੰਧਨ ਨਾਲ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ, ਪਰ ਕਰਮਚਾਰੀਆਂ ਨਾਲ ਸਬੰਧਤ ਕਈ ਮਹੱਤਵਪੂਰਨ ਮੁੱਦਿਆਂ ਦਾ ਹੱਲ ਨਹੀਂ ਹੋਇਆ ਹੈ।

ਇਸ ਕਾਰਨ ਕਰਕੇ, SBI ਕਰਮਚਾਰੀ 25 ਅਤੇ 26 ਮਈ ਨੂੰ ਦੇਸ਼ ਭਰ ਵਿੱਚ ਹੜਤਾਲ ‘ਤੇ ਰਹਿਣਗੇ। ਯੂਨੀਅਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਇਹਨਾਂ ਵਿੱਚੋਂ ਕੋਈ ਵੀ ਦਿਨ ਜਨਤਕ ਛੁੱਟੀ ਜਾਂ ਹਫ਼ਤਾਵਾਰੀ ਛੁੱਟੀ ਨਾਲ ਮੇਲ ਖਾਂਦਾ ਹੈ, ਤਾਂ ਹੜਤਾਲ 27 ਮਈ ਤੱਕ ਜਾਰੀ ਰਹਿ ਸਕਦੀ ਹੈ।

AISBISF ਨੇ ਬੈਂਕ ਪ੍ਰਬੰਧਨ ਸਾਹਮਣੇ ਕੁੱਲ 16 ਵੱਡੀਆਂ ਮੰਗਾਂ ਰੱਖੀਆਂ ਹਨ। ਸਭ ਤੋਂ ਮਹੱਤਵਪੂਰਨ ਮੁੱਦਾ ਸ਼ਾਖਾਵਾਂ ਵਿੱਚ ਸਟਾਫ ਦੀ ਭਾਰੀ ਘਾਟ ਹੈ। ਯੂਨੀਅਨ ਦੇ ਅਨੁਸਾਰ, ਕਈ ਸਾਲਾਂ ਤੋਂ ਮੈਸੇਂਜਰ ਅਹੁਦਿਆਂ ਲਈ ਕੋਈ ਨਵੀਂ ਭਰਤੀ ਨਹੀਂ ਕੀਤੀ ਗਈ ਹੈ, ਜਦੋਂ ਕਿ ਕਲੈਰੀਕਲ ਸਟਾਫ ਦੀ ਗਿਣਤੀ ਵੀ ਲਗਾਤਾਰ ਘੱਟ ਰਹੀ ਹੈ।

ਇਸ ਦੌਰਾਨ, ਬੈਂਕ ਸ਼ਾਖਾਵਾਂ ਵਿੱਚ ਕੰਮ ਦਾ ਬੋਝ ਲਗਾਤਾਰ ਵਧ ਰਿਹਾ ਹੈ। ਯੂਨੀਅਨ ਦਾ ਦੋਸ਼ ਹੈ ਕਿ ਆਊਟਸੋਰਸ ਕੀਤੇ ਕਰਮਚਾਰੀਆਂ ਨੂੰ ਕਈ ਰੁਟੀਨ ਕੰਮਾਂ ਲਈ ਵਰਤਿਆ ਜਾ ਰਿਹਾ ਹੈ, ਪਰ ਉਨ੍ਹਾਂ ਨੂੰ ਢੁਕਵੀਂ ਤਨਖਾਹ ਅਤੇ ਲਾਭ ਨਹੀਂ ਮਿਲ ਰਹੇ ਹਨ। ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਬੈਂਕਿੰਗ ਸੇਵਾਵਾਂ ਦੀ ਗੁਣਵੱਤਾ ਅਤੇ ਕਰਮਚਾਰੀਆਂ ਦੀ ਸੁਰੱਖਿਆ ਦੋਵਾਂ ‘ਤੇ ਅਸਰ ਪੈ ਰਿਹਾ ਹੈ। ਇਹ ਹੜਤਾਲ ਉਦਯੋਗਿਕ ਵਿਵਾਦ ਐਕਟ, 1947 ਦੇ ਉਪਬੰਧਾਂ ਤਹਿਤ ਬੁਲਾਈ ਗਈ ਹੈ।

ਹੇਠਾਂ ਪੜ੍ਹੋ SBI ਕਰਮਚਾਰੀਆਂ ਦੀਆਂ ਮੁੱਖ ਮੰਗਾਂ ਕੀ ਹਨ;

ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪੈਨਸ਼ਨ ਫੰਡ ਮੈਨੇਜਰ ਨੂੰ ਬਦਲਣ ਦੀ ਆਜ਼ਾਦੀ ਤੋਂ ਵਾਂਝਾ ਕੀਤਾ ਜਾ ਰਿਹਾ ਹੈ, ਜੋ ਕਿ ਬੇਇਨਸਾਫ਼ੀ ਹੈ। ਰਾਸ਼ਟਰੀ ਪੈਨਸ਼ਨ ਪ੍ਰਣਾਲੀ (NPS) ਦੇ ਤਹਿਤ, ਕਰਮਚਾਰੀਆਂ ਨੂੰ ਆਪਣਾ ਪੈਨਸ਼ਨ ਫੰਡ ਮੈਨੇਜਰ ਚੁਣਨ ਦੀ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ।

ਸ਼ਾਖਾਵਾਂ ਵਿੱਚ ਸਟਾਫ ਦੀ ਭਾਰੀ ਘਾਟ ਹੈ। “ਮੈਸੇਂਜਰ” ਵਰਗੇ ਅਹੁਦਿਆਂ ਲਈ ਭਰਤੀ ਪਿਛਲੇ 30 ਸਾਲਾਂ ਤੋਂ ਰੋਕੀ ਗਈ ਹੈ। ਇਸ ਨਾਲ ਇੱਕ ਪੂਰਾ ਕਰਮਚਾਰੀ ਵਰਗ ਖਤਮ ਹੋ ਗਿਆ ਹੈ, ਜਿਸਦੀ ਉਹ ਮੰਗ ਕਰਦੇ ਹਨ ਕਿ ਇਸਨੂੰ ਤੁਰੰਤ ਮੁੜ ਸ਼ੁਰੂ ਕੀਤਾ ਜਾਵੇ।

ਯੂਨੀਅਨ ਦਾ ਕਹਿਣਾ ਹੈ ਕਿ ਆਊਟਸੋਰਸਿੰਗ ਬੈਂਕ ਵਿੱਚ ਸਥਾਈ ਨੌਕਰੀਆਂ ਦੀ ਥਾਂ ਲੈ ਰਹੀ ਹੈ, ਜਿਸ ਨਾਲ ਕਰਮਚਾਰੀਆਂ ਦੀ ਨੌਕਰੀ ਦੀ ਸੁਰੱਖਿਆ ਲਈ ਖ਼ਤਰਾ ਹੈ। ਇਸਨੂੰ ਬੰਦ ਕਰ ਦੇਣਾ ਚਾਹੀਦਾ ਹੈ।

ਕਰਮਚਾਰੀਆਂ ਦਾ ਦੋਸ਼ ਹੈ ਕਿ 12ਵੀਂ ਦੋ-ਪੱਖੀ ਸਮਝੌਤੇ ਵਿੱਚ 17% ਤਨਖਾਹ ਵਾਧਾ ਨਿਰਧਾਰਤ ਕੀਤਾ ਗਿਆ ਸੀ। ਹਾਲਾਂਕਿ, SBI ਅਧਿਕਾਰੀਆਂ ਨੂੰ ਵਿਸ਼ੇਸ਼ ਤਨਖਾਹ ਪ੍ਰਦਾਨ ਕਰਕੇ, ਉਨ੍ਹਾਂ ਦਾ ਵਾਧਾ ਲਗਭਗ 22% ਹੋ ਗਿਆ ਹੈ, ਜਦੋਂ ਕਿ ਕਰਮਚਾਰੀ ਸਟਾਫ 17% ‘ਤੇ ਬਣਿਆ ਹੋਇਆ ਹੈ। ਇਹ ਕਰਮਚਾਰੀਆਂ ਵਿੱਚ ਅਸਮਾਨਤਾ ਦੀ ਭਾਵਨਾ ਨੂੰ ਵਧਾ ਰਿਹਾ ਹੈ।

ਮਈ ਭਰ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ

ਹੜਤਾਲ ਤੋਂ ਪਹਿਲਾਂ, ਯੂਨੀਅਨ ਨੇ ਮਈ ਭਰ ਵਿੱਚ ਪੜਾਅਵਾਰ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਹੈ। ਇਸ ਵਿੱਚ ਦੁਪਹਿਰ ਦੇ ਖਾਣੇ ਦੇ ਸਮੇਂ ਪ੍ਰਦਰਸ਼ਨ, ਸੋਸ਼ਲ ਮੀਡੀਆ ਮੁਹਿੰਮਾਂ, ਧਰਨੇ, ਸ਼ਾਂਤੀਪੂਰਨ ਮਾਰਚ ਅਤੇ ਸੰਸਦ ਮੈਂਬਰਾਂ ਅਤੇ ਸਰਕਾਰ ਨੂੰ ਬੇਨਤੀਆਂ ਵਰਗੇ ਪ੍ਰੋਗਰਾਮ ਸ਼ਾਮਲ ਹੋਣਗੇ। ਯੂਨੀਅਨ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਗੱਲਬਾਤ ਦੇ ਬਾਵਜੂਦ, ਸਮੱਸਿਆਵਾਂ ਦਾ ਹੱਲ ਨਹੀਂ ਹੋਇਆ ਹੈ, ਜਿਸ ਕਾਰਨ ਵਿਰੋਧ ਨੂੰ ਤੇਜ਼ ਕਰਨਾ ਜ਼ਰੂਰੀ ਹੋ ਗਿਆ ਹੈ। ਬੈਂਕ ਕਰਮਚਾਰੀਆਂ ਦੀ ਇਹ ਹੜਤਾਲ ਦੇਸ਼ ਭਰ ਵਿੱਚ ਬੈਂਕਿੰਗ ਸੇਵਾਵਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸ ਨਾਲ ਗਾਹਕਾਂ ਨੂੰ ਕੁਝ ਅਸੁਵਿਧਾ ਹੋ ਸਕਦੀ ਹੈ।

 

Comrade Surinder Tiwari ਦਾ ਪ੍ਰੇਰਨਾਮਈ ਮਿਸਾਲੀ ਇਨਕਲਾਬੀ ਸਫ਼ਰ

 

ਕਾਮਰੇਡ ਸੁਰਿੰਦਰ ਤਿਵਾੜੀ (Comrade Surinder Tiwari) ਦਾ ਪ੍ਰੇਰਨਾਮਈ ਮਿਸਾਲੀ ਇਨਕਲਾਬੀ ਸਫ਼ਰ

-ਪਾਵੇਲ ਕੁੱਸਾ

Comrade Surinder Tiwari: ਭਾਰਤੀ ਇਨਕਲਾਬ ਦਾ ਚਿੰਨ੍ਹ ਬਣ ਕੇ ਲੋਕ ਮਨਾਂ ‘ਚ ਵੱਸਦੇ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਹਜ਼ਾਰਾਂ ਹੀ ਹੋਣਹਾਰ ਨੌਜਵਾਨਾਂ ਨੂੰ ਆਪਣੀਆਂ ਕੀਮਤੀ ਜਿੰਦੜੀਆਂ ਪਿੰਡਾਂ ਵਿੱਚ ਗੁਜ਼ਾਰਨੀਆਂ ਪੈਣਗੀਆਂ ਤੇ ਲੋਕਾਂ ਨੂੰ ਸਮਝਾਉਣਾ ਪਵੇਗਾ ਕਿ ਆਉਣ ਵਾਲੇ ਇਨਕਲਾਬ ਦਾ ਅਸਲ ਭਾਵ ਕੀ ਹੋਵੇਗਾ… ਨੌਜਵਾਨਾਂ ਨੂੰ ਸੱਚੇ ਦਿਲੋਂ ਤੇ ਸੰਜੀਦਗੀ ਨਾਲ ਸੇਵਾ, ਬਿਪਤਾ ਸਹਾਰਨ ਤੇ ਕੁਰਬਾਨੀ ਦਾ ਤਿਹਾਸਾ ਆਦਰਸ਼ ਅਪਣਾਉਣਾ ਚਾਹੀਦਾ ਹੈ।

ਕਾਮਰੇਡ ਸੁਰਿੰਦਰ ਤਿਵਾੜੀ ਸ਼ਹੀਦ ਦੇ ਉਹਨਾਂ ਬੋਲਾਂ ਨੂੰ ਸਾਕਾਰ ਕਰਕੇ ਇਸ ਅਮਲ ‘ਚ ਪੁੱਗ ਜਾਣ ਵਾਲੇ ਵਿਰਲਿਆਂ ‘ਚ ਸ਼ੁਮਾਰ ਸਨ। ਚੜ੍ਹਦੀ ਜਵਾਨੀ ਵੇਲੇ ਲੋਕ ਇਨਕਲਾਬ ਦਾ ਜਿਹੜਾ ਸੁਪਨਾ ਲੈ ਕੇ ਉਹ ਇਸ ਬਿਖੜੇ ਪੰਧ ‘ਤੇ ਤੁਰੇ ਤੇ ਜ਼ਿੰਦਗੀ ਦੇ ਅੰਤਲੇ ਸਾਹਾਂ ਤੱਕ ਇਸੇ ਮਹਾਨ ਮਿਸ਼ਨ ਨੂੰ ਸਮਰਪਿਤ ਰਹੇ।

ਲੁਧਿਆਣਾ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਸਮਰਾਲਾ ’ਚ ਜਨਮੇ ਕਾ. ਸੁਰਿੰਦਰ ਤਿਵਾੜੀ ਦਾ ਬਚਪਨ ਆਮ ਬੱਚਿਆਂ ਵਰਗਾ ਨਹੀਂ ਸੀ। ਬਚਪਨ ’ਚ ਹੀ ਮਾਤਾ-ਪਿਤਾ ਦੇ ਵਿਛੋੜੇ ਮਗਰੋਂ ਸਕੂਲੀ ਜੀਵਨ ਦੌਰਾਨ ਅਜਿਹਾ ਅਰਸਾ ਵੀ ਰਿਹਾ ਜਦੋਂ ਉਹ ਘਰ ’ਚ ਇਕੱਲਾ ਹੀ ਹੋਇਆ ਕਰਦਾ ਸੀ। ਉਹਨਾਂ ਦੀ ਦਸਵੀਂ ਦਾ ਸਾਲ ਹੀ ਨਕਸਲਬਾੜੀ ਬਗ਼ਾਵਤ ਦਾ ਸਾਲ ਸੀ ਤੇ ਉਸ ਵੇਲੇ ਤੋਂ ਹੀ ਇਸ ਲਹਿਰ ਦਾ ਪ੍ਰਤਾਪ ਪੰਜਾਬ ਦੀ ਜਵਾਨੀ ਦੇ ਮਸਤਕ ਅੰਦਰ ਦਿਖਾਈ ਦੇਣ ਲੱਗਿਆ ਸੀ।

ਲੋਕ ਮੁਕਤੀ ਦੇ ਚਾਨਣ ਦਾ ਦੀਵਾ ਸਾਥੀ ਸੁਰਿੰਦਰ ਦੇ ਮਸਤਕ ’ਚ ਵੀ ਜਗ ਉੱਠਿਆ ਸੀ। ਕਾਮਰੇਡ ਸੁਰਿੰਦਰ ਤਿਵਾੜੀ 60ਵਿਆਂ ਦੇ ਦਹਾਕੇ ਦੇ ਅਖੀਰਲੇ ਸਾਲਾਂ ਦੌਰਾਨ ਕਮਿਊਨਿਸਟ ਇਨਕਲਾਬੀਆਂ ਦੀ ਇੱਕ ਪੂਰੀ ਪੀੜ੍ਹੀ ਵਾਂਗ ਹੀ ਲਹਿਰ ਦੀ ਬੁੱਕਲ ’ਚ ਨਕਸਲਬਾੜੀ ਕਿਸਾਨ ਬਗਾਵਤ ਦੇ ਝੰਜੋੜੇ ਨਾਲ ਆਏ ਸਨ।

ਅਜਿਹੇ ਝੰਜੋੜੇ ਨਾਲ ਹੋਈ ਇਹ ਸ਼ੁਰੂਆਤ ਡੂੰਘੇ ਅਧਿਐਨ ਤੇ ਪੱਕੇ ਇਰਾਦੇ ਨਾਲ ਇੱਕ ਲੰਮੇ ਇਨਕਲਾਬੀ ਸਿਆਸੀ ਸਫਰ ’ਚ ਵਟ ਗਈ ਜਿਹੜਾ ਲਗਭਗ 56 ਵਰ੍ਹੇ ਅਡੋਲ ਰਹਿੰਦਿਆਂ ਜਾਰੀ ਰਿਹਾ। ਉਹਨਾਂ ਦੀ ਜਥੇਬੰਦੀ ਅਨੁਸਾਰ ਉਹਨਾਂ ਦਾ ਦਿਹਾਂਤ ਉਹਨਾਂ ਦੀ ਕਰਮ ਭੂਮੀ ’ਚ ਹੀ ਹੋਇਆ। ਏਸੇ ਕਰਮ ਖੇਤਰ ’ਚ ਹੀ ਉਹਨਾਂ ਨੂੰ ਕਮਿਊਨਿਸਟ ਸਮਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

ਸਾਥੀ ਤਿਵਾੜੀ ਬੀ.ਐਸ.ਸੀ. ਦੇ ਦੂਜੇ ਸਾਲ ’ਚ ਸਨ ਜਦ ਉਹ ਪੜ੍ਹਾਈ ਛੱਡ ਕੇ, ਕਮਿਊਨਿਸਟ ਇਨਕਲਾਬੀ ਲਹਿਰ ’ਚ ਕੁਲ-ਵਕਤੀ ਵਜੋਂ ਤੁਰ ਪਏ। ਉਹ ਬਹੁਤ ਗੰਭੀਰ ਤੇ ਜ਼ਹੀਨ ਵਿਦਿਆਰਥੀ ਸਨ ਤੇ ਆਪਣੇ ਅਧਿਆਪਕਾਂ ਦੇ ਹਰਮਨਪਿਆਰੇ ਵਿਦਿਆਰਥੀ ਸਨ। ਸਕੂਲੀ ਜੀਵਨ ਦੌਰਾਨ ਉਹਨਾਂ ਨੂੰ ਇਨਕਲਾਬੀ ਸਿਆਸੀ ਚੇਤਨਾ ਦੇ ਲੜ ਲੱਗਣ ਦੀ ਮੁਢਲੀ ਪ੍ਰੇਰਨਾ ਪੰਜਾਬੀ ਕਵੀ ਕੁਲਵੰਤ ਨੀਲੋਂ ਤੋਂ ਮਿਲੀ ਜਿਹੜੇ ਸਾਥੀ ਸੁਰਿੰਦਰ ਤਿਵਾੜੀ ਦੇ ਅਧਿਆਪਕ ਸਨ।

ਚੜ੍ਹਦੀ ਜਵਾਨੀ ’ਚ ਹੀ ਉਹਨਾਂ ਨੇ ਆਪਣੀ ਬੌਧਿਕ ਲਿਆਕਤ ਨੂੰ ਰਵਾਇਤੀ ਵਿਅਕਤੀਗਤ ਖਾਹਿਸ਼ਾਂ ਦੀ ਪੂਰਤੀ ਦੀ ਥਾਂ ਲੋਕ ਮੁਕਤੀ ਦੇ ਮਹਾਨ ਕਾਜ਼ ਦੇ ਲੇਖੇ ਲਾਉਣ ਦਾ ਫ਼ੈਸਲਾ ਕਰ ਲਿਆ। ਸਮਾਜ ਅੰਦਰ ਡੂੰਘੀ ਤਰ੍ਹਾਂ ਮੌਜੂਦ ਕਿਰਤੀ ਲੋਕਾਂ ਦੀ ਲੁੱਟ, ਅਨਿਆਂ, ਜਬਰ ਤੇ ਵਿਤਕਰਿਆਂ ਦਾ ਖਾਤਮਾ ਕਰਕੇ ਮਨੁੱਖ ਦੀ ਆਜ਼ਾਦੀ, ਤਰੱਕੀ ਤੇ ਖੁਸ਼ਹਾਲੀ ਲਈ ਸਾਂਝੀ ਵਾਲਤਾ ਵਾਲਾ ਕਮਿਊਨਿਸਟ ਸਮਾਜ ਉਸਾਰਨ ਦੇ ਸੰਘਰਸ਼ ਨੂੰ ਆਪਣਾ ਅਕੀਦਾ ਬਣਾ ਲਿਆ।

ਮੁਲਕ ਅੰਦਰ ਇਨਕਲਾਬ ਰਾਹੀਂ ਲੁਟੇਰੀਆਂ ਜਮਾਤਾਂ ਦੇ ਰਾਜ ਨੂੰ ਪਲਟ ਕੇ, ਕਿਰਤੀ ਕਿਸਾਨਾਂ ਦਾ ਲੋਕ ਜਮਹੂਰੀ ਰਾਜ ਕਾਇਮ ਕਰਨ ਦਾ ਹੋਕਾ ਦੇ ਰਹੀ ਨਕਸਲਬਾੜੀ ਲਹਿਰ ’ਚ ਕੁੱਦ ਪਏ। ਉਹਨਾਂ ਦੇ ਕੁਲਵਕਤੀ ਸਿਆਸੀ ਸਫ਼ਰ ਦੀ ਸ਼ੁਰੂਆਤ 1970 ’ਚ ਨਕਸਲਬਾੜੀ ਲਹਿਰ ਦੀ ਇੱਕ ਜਥੇਬੰਦੀ ਸੀ.ਪੀ.ਆਈ.(ਐਮ.ਐਲ) ਦੇ ਕਾਰਕੁੰਨ ਵਜੋਂ ਹੋਈ। 1971 ’ਚ ਉਹ ਹੋਰਨਾਂ ਕੁੱਝ ਸਾਥੀਆਂ ਨਾਲ ਕਾ. ਹਰਭਜਨ ਸੋਹੀ ਦੀ ਅਗਵਾਈ ਹੇਠਲੀ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ’ਚ ਸ਼ਾਮਲ ਹੋ ਗਏ।

ਉਹ ਨਕਸਲਬਾੜੀ ਕਿਸਾਨ ਬਗਾਵਤ ਦੀ ਵਿਰਾਸਤ ਨੂੰ ਸਹੀ ਅਰਥਾਂ ‘ਚ ਆਤਮਸਾਤ ਕਰਨ ਵਾਲੇ ਇਨਕਲਾਬੀਆਂ ‘ਚ ਸ਼ੁਮਾਰ ਸਨ। ਇਸ ਵਿਰਾਸਤ ਦੇ ਅਰਥਾਂ ਨੂੰ ਬੁੱਝ ਕੇ ਉਹਨਾਂ ਨੇ ਇਨਕਲਾਬੀ ਜਨਤਕ ਸੰਘਰਸ਼ਾਂ ਦੀ ਉਸਾਰੀ ਲਈ ਜ਼ਿੰਦਗੀ ਅਰਪਤ ਕਰ ਦਿੱਤੀ।

ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਲੰਮੇ ਸਫਰ ‘ਚ ਉਹਨਾਂ ਨੇ ਮਾਰਕਸਵਾਦ-ਲੈਨਿਨਵਾਦ ਤੇ ਮਾਓ-ਵਿਚਾਰਧਾਰਾ ‘ਚ ਡੂੰਘੀ ਨਿਹਚਾ ਦਾ ਪ੍ਰਗਟਾਵਾ ਕੀਤਾ। ਇਸ ਸਿਧਾਂਤਕ ਸਪਸ਼ਟਤਾ ਅਤੇ ਨਿਹਚਾ ਦੇ ਸਿਰ ‘ਤੇ ਉਹਨਾਂ ਨੇ ਲਹਿਰ ਅੰਦਰ ਆਉਂਦੇ ਸਭਨਾਂ ਅਹਿਮ ਨਾਜ਼ੁਕ ਮੋੜਾਂ ‘ਤੇ ਪਰਗਟ ਹੋਈਆਂ ਥਿੜਕਣਾਂ ਤੇ ਭਟਕਣਾਂ ਦਾ ਵਿਚਾਰਧਾਰਕ ਸਪਸ਼ਟਤਾ ਨਾਲ ਸਾਹਮਣਾ ਕੀਤਾ ਤੇ ਲੋਕ ਜਮਹੂਰੀ ਇਨਕਲਾਬ ਦਾ ਝੰਡਾ ਬੁਲੰਦ ਰੱਖਿਆ।

ਲਹਿਰ ਦੀਆਂ ਟੁੱਟਾਂ ਫੁੱਟਾਂ ਨੇ ਉਹਨਾਂ ਨੂੰ ਕਦੇ ਵੀ ਬੇਦਿਲ ਨਹੀਂ ਕੀਤਾ ਸਗੋਂ ਉਹਨਾਂ ਨੇ ਪੂਰੀ ਦ੍ਰਿੜਤਾ ਨਾਲ ਗਲਤ ਸਿਆਸੀ ਵਿਚਾਰਧਾਰਕ ਰੁਝਾਨਾਂ ਖਿਲਾਫ ਸੰਘਰਸ਼ ਵਿੱਚ ਹਿੱਸਾ ਪਾਇਆ ਤੇ ਸਹੀ ਇਨਕਲਾਬੀ ਲੀਹ ਦੀ ਸਥਾਪਤੀ ਲਈ ਸਦਾ ਸਰਗਰਮ ਰਹੇ।

ਸਮਾਜਵਾਦੀ ਚੀਨ ਦੇ ਪੂੰਜੀਵਾਦੀ ਹੋ ਜਾਣ ਨੇ ਇਨਕਲਾਬੀ ਕਾਜ਼ ‘ਚ ਉਹਨਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਨਹੀਂ ਕੀਤਾ ਸਗੋਂ ਇਸ ਵਰਤਾਰੇ ਦੇ ਵਿਗਿਆਨਕ ਵਿਸ਼ਲੇਸ਼ਣ ਰਾਹੀਂ ਆਪਣੀ ਸੂਝ ਨੂੰ ਹੋਰ ਡੂੰਘੀ ਤੇ ਪਕੇਰੀ ਕੀਤਾ। ਉਹਨਾਂ ਨੇ ਰੂਪੋਸ਼ ਰਹਿੰਦਿਆਂ ਔਖੇ ਸਮੇਂ ‘ਚ ਇਨਕਲਾਬੀ ਲਹਿਰ ਦੀ ਅਗਵਾਈ ਦੇ ਕਾਰਜ ਨਿਭਾਏ।

1977 ਐਮਰਜੈਂਸੀ ਹਟਣ ਤੋਂ ਬਾਅਦ ਜਨਤਾ ਪਾਰਟੀ ਸਰਕਾਰ ਨੇ ਕਮਿਊਨਿਸਟ ਇਨਕਲਾਬੀਆਂ ਨੂੰ ਸੰਘਰਸ਼ ਦਾ ਰਾਹ ਤਿਆਗ ਕੇ “ਮੁੱਖ-ਧਾਰਾ” ਵਿੱਚ ਆਉਣ ਦੀਆਂ ਪੇਸ਼ਕਸ਼ਾਂ ਕੀਤੀਆਂ ਸਨ। ਪਰ ਉਹ ਪਾਰਲੀਮਾਨੀ ਰਾਹ ਦੇ ਭਰਮ ਭੁਲੇਖਿਆਂ ਤੋਂ ਸਦਾ ਮੁਕਤ ਰਹੇ। ਉਹਨਾਂ ਨੇ ਇਹਨਾਂ ਪੇਸ਼ਕਸ਼ਾਂ ਨੂੰ ਰੱਦ ਕਰਦਿਆਂ ਲੋਕਾਂ ਨੂੰ ਇਨਕਲਾਬ ਲਈ ਤਿਆਰ ਕਰਨ ਦੇ ਕਾਰਜ ‘ਚ ਡਟੇ ਰਹਿਣ ਦਾ ਰਾਹ ਚੁਣਿਆ ਤੇ ਗੁਪਤਵਾਸ ਰਹਿੰਦਿਆਂ ਸਰਗਰਮੀ ਜਾਰੀ ਰੱਖੀ।

ਉਹ 15 ਅਗਸਤ 1947 ਨੂੰ ਦੇਸ਼ ਅੰਦਰ ਸਿਰਫ਼ ਸੱਤਾ ਬਦਲੀ ਦਾ ਘਟਨਾ ਕਰਮ ਸਮਝਣ ਵਾਲਿਆਂ ਵਿੱਚੋਂ ਸਨ। ਉਹਨਾਂ ਦੀ ਸਪਸ਼ਟ ਤੇ ਨਿਸ਼ਚਿਤ ਸਮਝ ਸੀ ਕਿ ਭਾਰਤ ਅੰਦਰ ਸਾਮਰਾਜੀ ਲੁੱਟ ਅਤੇ ਦਾਬੇ ਤੋਂ ਤੇ ਜਗੀਰਦਾਰੀ ਦੀ ਲੁੱਟ ਤੋਂ ਮੁਕਤੀ ਦਾ ਕਾਰਜ ਬਾਕੀ ਹੈ ਤੇ ਇਸ ਮੁਕਤੀ ਲਈ ਖਰੀ ਲੋਕ ਜਮਹੂਰੀਅਤ ਦੀ ਸਿਰਜਣਾ ਜ਼ਰੂਰੀ ਹੈ। ਉਹਨਾਂ ਨੇ ਲੋਕਾਂ ਦੇ ਸੰਘਰਸ਼ਾਂ ਨੂੰ ਇਸ ਇਨਕਲਾਬ ਦੀ ਸੇਧ ‘ਚ ਅੱਗੇ ਵਧਾਉਣ ਲਈ ਅਣਥੱਕ ਘਾਲਣਾ ਘਾਲੀ। ਇਸ ਸੇਧ ਨੂੰ ਲੋਕਾਂ ‘ਚ ਪ੍ਰਚਾਰਿਆ ਤੇ ਲੋਕਾਂ ਦੇ ਆਗੂਆਂ ਨੂੰ ਸਿੱਖਿਅਤ ਕਰਨ ਵਿੱਚ ਅਹਿਮ ਹਿੱਸਾ ਪਾਇਆ।

ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਅੰਦਰ ਉਹ ਦੋਹਾਂ ਤਰ੍ਹਾਂ ਦੀ ਦਹਿਸ਼ਤਗਰਦੀ ਖ਼ਿਲਾਫ਼ ਲੋਕ ਟਾਕਰਾ ਉਸਾਰਨ ਦੇ ਕਾਰਜ ’ਚ ਮੂਹਰਲੀਆਂ ਸਫਾਂ ’ਚ ਰਹੇ। ਉਹਨਾਂ ਨੇ ਫਿਰਕਾਪ੍ਰਸਤੀ ਖਿਲਾਫ਼ ਸੰਘਰਸ਼ ਤੇ ਧਰਮ ਖ਼ਿਲਾਫ਼ ਸੰਘਰਸ਼ ’ਚ ਵਖਰੇਵਾਂ ਕਰਨ ਦੀ ਪਹੁੰਚ ’ਤੇ ਜ਼ੋਰ ਦਿੱਤਾ।

ਫਿਰਕਾਪ੍ਰਸਤੀ ਖਿਲਾਫ਼ ਸੰਘਰਸ਼ ਨੂੰ ਜਮਾਤੀ ਜੱਦੋਜਹਿਦ ਨਾਲ ਸੁਮੇਲਣ ’ਤੇ ਜ਼ੋਰ ਦਿੱਤਾ। ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ’ਚ ਉਹ ਲੋਕਾਂ ਦੀ ਸਵੈ-ਰੱਖਿਆ ਦੇ ਕਾਰਜ ਨੂੰ ਗੰਭੀਰਤਾ ਨਾਲ ਸੰਬੋਧਿਤ ਹੋਏ। ਪੰਜਾਬ ਅੰਦਰ ਸਨਅਤੀ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਘੋਲਾਂ ਨੂੰ ਅਗਵਾਈ ਦੇਣ ’ਚ ਉਹਨਾਂ ਨੇ ਵਿਸ਼ੇਸ਼ ਕਰਕੇ ਹਿੱਸਾ ਪਾਇਆ। ਇਹਨਾਂ ਘੋਲਾਂ ਨੂੰ ਇਨਕਲਾਬੀ ਦਿਸ਼ਾ ’ਚ ਸੇਧਤ ਕਰਨ ਲਈ ਗੰਭੀਰ ਤੇ ਅਣਥੱਕ ਯਤਨ ਜੁਟਾਏ।

ਏਸ ਸੇਧ ਬਾਰੇ ਤੇ ਇਸਦੀ ਮਹੱਤਤਾ ਬਾਰੇ ਲਹਿਰ ਦੇ ਕਾਰਕੁੰਨਾਂ ਨੂੰ ਸਿੱਖਿਅਤ ਕਰਨ ’ਚ ਭਰਵਾਂ ਯੋਗਦਾਨ ਪਾਇਆ। ਮਜ਼ਦੂਰ ਲਹਿਰ ਦੀਆਂ ਸਮੱਸਿਆਵਾਂ ਹੱਲ ਕਰਨਾ ਉਹਨਾਂ ਦਾ ਨੇੜਲਾ ਸਰੋਕਾਰ ਬਣਿਆ ਰਿਹਾ। ਮਜ਼ਦੂਰ ਮੁਲਾਜ਼ਮ ਲਹਿਰ ਦੇ ਵਿਕਾਸ ਲਈ ਉਹਨਾਂ ਨੇ ਰਸਮੀ ਟਰੇਡ ਯੂਨੀਅਨ ਸਰਗਰਮੀਆਂ ਤੱਕ ਸੀਮਤ ਰਹਿਣ ਦੀ ਥਾਂ ਸਿਆਸੀ ਸੰਘਰਸ਼ ਕੇਂਦਰਾਂ ਦੀ ਉਸਾਰੀ ਦੀ ਲੋੜ ’ਤੇ ਜ਼ੋਰ ਦਿੱਤਾ।

ਪੰਜਾਬ ਅੰਦਰ ਇਨਕਲਾਬੀ ਲੋਕ ਲਹਿਰ ਦੀ ਉਸਾਰੀ ’ਚ ਉਹਨਾਂ ਦਾ ਅਹਿਮ ਆਗੂ ਰੋਲ ਸ਼ਾਮਿਲ ਹੈ। ਇਨਕਲਾਬੀ ਜਨਤਕ ਲੀਹ ’ਤੇ ਉਸਰ ਰਹੇ ਲੋਕ ਸੰਘਰਸ਼ਾਂ ’ਚ ਉਹਨਾਂ ਵੱਲੋਂ ਇਸ ਲੀਹ ਦੇ ਕੀਤੇ ਸੰਚਾਰ ਦੇ ਕਾਰਜਾਂ ਦੀ ਵੀ ਭੂਮਿਕਾ ਸ਼ਾਮਿਲ ਹੈ। ਇਸ ਕਾਰਜ ਲਈ ਉਹਨਾਂ ਨੇ ਵੱਖ ਵੱਖ ਇਨਕਲਾਬੀ ਪਰਚਿਆਂ ਵਿੱਚ ਲਿਖਤਾਂ ਲਿਖੀਆਂ।

ਉਹਨਾਂ ਦੀ ਘਾਲਣਾ ਭਰੀ ਜ਼ਿੰਦਗੀ ਸਮਰਪਿਤ ਕਮਿਊਨਿਸਟ ਇਨਕਲਾਬੀ ਵਜੋਂ ਮਿਸਾਲੀ ਜ਼ਿੰਦਗੀ ਸੀ। ਉਹਨਾਂ ਲਈ ਇਨਕਲਾਬੀ ਮਿਸ਼ਨ ਸਦਾ ਸਿਰਮੌਰ ਰਿਹਾ ਹੈ ਤੇ ਉਹ ਇਸਨੂੰ ਹਰ ਪਲ ਜਿਉਣ ਵਾਲਿਆਂ ’ਚੋਂ ਸਨ। ਉਹ ਇਨਕਲਾਬੀ ਕਾਰਜਾਂ ਨਾਲ ਗੂੜ੍ਹੀ ਤਰ੍ਹਾਂ ਇੱਕਮਿੱਕ ਸਨ। ਅੰਡਰਗਰਾਊਂਡ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦਾ ਸਦਾ ਖਿੜੇ ਮੱਥੇ ਉੱਚੇ ਮਨੋਬਲ ਨਾਲ ਸਾਹਮਣਾ ਕੀਤਾ।

ਇਨਕਲਾਬ ਦੇ ਰਾਹ ਦੇ ਬਿਖੜੇ ਪੈਂਡਿਆਂ ’ਤੇ ਇੱਕ ਅਣਥੱਕ ਪਾਂਧੀ ਵਜੋਂ ਉਹਨਾਂ ਦੀਆਂ ਪੈੜਾਂ ਅਮਿੱਟ ਹਨ। ਆਪਣੀ ਸਿਆਸੀ ਵਿਚਾਰਧਾਰਕ ਪ੍ਰਤੀਬੱਧਤਾ, ਸਪੱਸ਼ਟਤਾ ਅਤੇ ਡੂੰਘੀ ਸਮਰਪਣ ਭਾਵਨਾ ਸਦਕਾ ਉਹ ਇਨਕਲਾਬੀਆਂ ਦੀ ਮੌਜੂਦਾ ਪੀੜ੍ਹੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਦਾ ਪ੍ਰੇਰਨਾ ਬਣੇ ਰਹਿਣਗੇ।

ਅੱਜ ਉਹਨਾਂ ਦੀ ਜਨਮ ਭੂਮੀ ਸਮਰਾਲਾ ਵਿਖੇ ਇਨਕਲਾਬੀ ਕਾਫ਼ਲੇ ਦੇ ਲੋਕ ਉਹਨਾਂ ਦੀ ਯਾਦ ਨੂੰ ਸਿਜਦਾ ਕਰਨ ਲਈ ਜੁੜਨਗੇ ਤੇ ਉਹਨਾਂ ਦੇ ਫਖ਼ਰਯੋਗ ਵਿਰਸੇ ਨੂੰ ਬੁਲੰਦ ਕਰਨਗੇ।

 

Punjab Employees DA Update: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਬਾਰੇ ਵੱਡੀ ਅਪਡੇਟ; ਪੜ੍ਹੋ CM ਮਾਨ ਦਾ ਬਿਆਨ

 

Punjab Employees DA Update: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਬਾਰੇ ਵੱਡੀ ਅਪਡੇਟ; ਪੜ੍ਹੋ CM ਮਾਨ ਦਾ ਬਿਆਨ

ਮੁੱਖ ਮੰਤਰੀ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ DA ਬਾਰੇ ਦਿੱਤਾ ਭਰੋਸਾ- ਕੇਂਦਰੀ ਮੁਲਾਜ਼ਮਾਂ ਦਾ ਡੀ.ਏ 60 ਫੀਸਦੀ ਤੱਕ ਪਹੁੰਚ ਚੁੱਕਾ ਹੈ, ਉੱਥੇ ਹੀ ਪੰਜਾਬ ਦੇ ਮੁਲਾਜ਼ਮ ਅਜੇ ਵੀ ਪਿੱਛੇ ਚੱਲ ਰਹੇ ਹਨ

ਪੰਜਾਬ ਦੇ 4 ਲੱਖ ਪੈਨਸ਼ਨਰਾਂ ਅਤੇ ਲੱਖਾਂ ਮੁਲਾਜ਼ਮਾਂ ਦੀਆਂ ਨਜ਼ਰਾਂ ਸਰਕਾਰ ਦੇ ਫੈਸਲੇ ‘ਤੇ

ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਵਿੱਚ ਉਮੀਦ ਦੀ ਕਿਰਨ ਜਾਗੀ

ਚੰਡੀਗੜ੍ਹ, 15 ਮਈ 2026:

Punjab Employees DA Update: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿੰਗਾਈ ਭੱਤੇ (DA) ਦੇ ਲੰਬਿਤ ਪਏ ਮੁੱਦੇ ‘ਤੇ ਚੁੱਪੀ ਤੋੜਦਿਆਂ ਵੱਡਾ ਬਿਆਨ ਦਿੱਤਾ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸੰਕੇਤ ਦਿੱਤੇ ਹਨ ਕਿ ਸਰਕਾਰ ਇਸ ਮਸਲੇ ਨੂੰ ਹੱਲ ਕਰਨ ਲਈ ਗੰਭੀਰ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਜਾ ਰਹੀ ਹੈ।

ਦਰਅਸਲ, ਮੀਡੀਆ ਵੱਲੋਂ ਜਦੋਂ ਮੁੱਖ ਮੰਤਰੀ ਤੋਂ ਮੁਲਾਜ਼ਮਾਂ ਦੇ ਡੀ.ਏ (DA) ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ ਅਤੇ ਉਸ ਮੀਟਿੰਗ ਵਿੱਚ ਹੀ ਸਥਿਤੀ ਦਾ ਜਾਇਜ਼ਾ ਲੈ ਕੇ ਅੰਤਿਮ ਫੈਸਲਾ ਲਿਆ ਜਾਵੇਗਾ।” ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਵਿੱਚ ਉਮੀਦ ਦੀ ਕਿਰਨ ਜਾਗੀ ਹੈ।

ਸੁਨੀਲ ਜਾਖੜ ਨੇ ਚੁੱਕਿਆ ਬਕਾਏ ਦਾ ਮੁੱਦਾ

ਇਸ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮੁਲਾਜ਼ਮਾਂ ਦੇ ਹੱਕਾਂ ਪ੍ਰਤੀ ਗੰਭੀਰ ਨਹੀਂ ਹੈ।

ਜਾਖੜ ਨੇ ਦਾਅਵਾ ਕੀਤਾ ਕਿ ਲੱਖਾਂ ਸਰਕਾਰੀ ਮੁਲਾਜ਼ਮਾਂ ਅਤੇ ਲਗਭਗ 4 ਲੱਖ ਪੈਨਸ਼ਨਰਾਂ ਦੀ 15 ਹਜ਼ਾਰ ਕਰੋੜ ਰੁਪਏ ਦੀ ਬਕਾਇਆ ਰਾਸ਼ੀ ਲੰਬਿਤ ਹੈ।

ਉਨ੍ਹਾਂ ਅੱਗੇ ਕਿਹਾ ਕਿ ਹਾਈਕੋਰਟ ਨੇ ਵੀ ਸਰਕਾਰ ਨੂੰ 30 ਜੂਨ ਤੱਕ ਇਸ ਬਕਾਏ ਦਾ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਹਨ, ਪਰ ਸਰਕਾਰ ਹਾਲੇ ਤੱਕ ਸਿਰਫ਼ ਮੀਟਿੰਗਾਂ ਦੇ ਭਰੋਸੇ ਹੀ ਦੇ ਰਹੀ ਹੈ।

ਜਾਖੜ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਸਰਕਾਰ ਨੇ DA ਦੇ ਮਾਮਲੇ ‘ਚ ਵੀ ਕੋਰਟ ਦਾ ਰੁਖ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ।

ਸੁਨੀਲ ਜਾਖੜ ਨੇ ਨੇ ਕਿਹਾ ਕਿ ਜਿੱਥੇ ਕੇਂਦਰ ਮੁਲਾਜ਼ਮਾਂ ਨੂੰ 60 ਫ਼ੀਸਦੀ ਤੱਕ ਡੀ. ਏ. ਮਿਲ ਰਿਹਾ ਹੈ, ਉੱਥੇ ਪੰਜਾਬ ਦੇ ਮੁਲਾਜ਼ਮਾਂ ਨਾਲ ਇਨਸਾਫ ਨਹੀਂ ਹੋ ਰਿਹਾ।

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ DA ਕਰਮਚਾਰੀਆਂ ਦਾ ਹੱਕ ਹੈ, ਕੋਈ ਭੀਖ ਨਹੀਂ, ਸਰਕਾਰ ਨੂੰ ਜਲਦੀ ਹੀ ਮੁਲਾਜ਼ਮਾਂ ਦਾ DA ਜਾਰੀ ਕਰਨਾ ਚਾਹੀਦਾ ਹੈ।

ਮੁਲਾਜ਼ਮਾਂ ‘ਚ ਵਧ ਰਹੀ ਬੇਚੈਨੀ

ਦੱਸਣਯੋਗ ਹੈ ਕਿ ਪੰਜਾਬ ਦੇ ਮੁਲਾਜ਼ਮ ਲੰਬੇ ਸਮੇਂ ਤੋਂ ਕੇਂਦਰੀ ਪੈਟਰਨ ‘ਤੇ ਡੀਏ ਦੀਆਂ ਕਿਸ਼ਤਾਂ ਅਤੇ ਬਕਾਏ ਦੀ ਮੰਗ ਕਰ ਰਹੇ ਹਨ। ਜਿੱਥੇ ਕੇਂਦਰੀ ਮੁਲਾਜ਼ਮਾਂ ਦਾ ਡੀਏ 60 ਫੀਸਦੀ ਤੱਕ ਪਹੁੰਚ ਚੁੱਕਾ ਹੈ, ਉੱਥੇ ਹੀ ਪੰਜਾਬ ਦੇ ਮੁਲਾਜ਼ਮ ਅਜੇ ਵੀ ਪਿੱਛੇ ਚੱਲ ਰਹੇ ਹਨ।

ਹੁਣ ਸਾਰਿਆਂ ਦੀਆਂ ਨਜ਼ਰਾਂ ਮੁੱਖ ਮੰਤਰੀ ਵੱਲੋਂ ਐਲਾਨੀ ਗਈ ਅਗਲੀ ਮੀਟਿੰਗ ‘ਤੇ ਟਿਕੀਆਂ ਹੋਈਆਂ ਹਨ।

 

NEET 2026 ਪੇਪਰ ਲੀਕ ਮਾਮਲਾ; ਸਿੱਖਿਆ ਮੰਤਰੀ ਦਾ ਪ੍ਰੀਖਿਆ ਬਾਰੇ ਨਵਾਂ ਐਲਾਨ (ਵੇਖੋ ਵੀਡੀਓ)

 

NEET 2026 ਪੇਪਰ ਲੀਕ ਮਾਮਲਾ; ਸਿੱਖਿਆ ਮੰਤਰੀ ਦਾ ਪ੍ਰੀਖਿਆ ਬਾਰੇ ਨਵਾਂ ਐਲਾਨ (ਵੇਖੋ ਵੀਡੀਓ)

ਅਗਲੇ ਸਾਲ ਤੋਂ NEET ਦੀ ਪ੍ਰੀਖਿਆ ਕੰਪਿਊਟਰ ਆਧਾਰਿਤ (CBT) ਹੋਵੇਗੀ

ਇਸ ਵਾਰ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੂੰ 15 ਮਿੰਟ ਦਾ ਵਾਧੂ ਸਮਾਂ ਮਿਲੇਗਾ

ਨਵੀਂ ਦਿੱਲੀ, 15 ਮਈ 2026-

ਨੀਟ (NEET) 2026 ਪੇਪਰ ਲੀਕ ਮਾਮਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰੀਖਿਆ ਪ੍ਰਣਾਲੀ ਵਿੱਚ ਵੱਡੇ ਸੁਧਾਰਾਂ ਅਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਸਿੱਖਿਆ ਮੰਤਰੀ ਨੇ ਐਲਾਨ ਕੀਤਾ ਕਿ ਅਗਲੇ ਸਾਲ ਤੋਂ NEET ਦੀ ਪ੍ਰੀਖਿਆ ਕੰਪਿਊਟਰ ਆਧਾਰਿਤ (CBT) ਹੋਵੇਗੀ। ਇਸ ਦਾ ਮਤਲਬ ਹੈ ਕਿ ਹੁਣ ਓ.ਐੱਮ.ਆਰ (OMR) ਸ਼ੀਟ ਵਾਲਾ ਪੁਰਾਣਾ ਸਿਸਟਮ ਖ਼ਤਮ ਕਰ ਦਿੱਤਾ ਜਾਵੇਗਾ।

ਇਸ ਵਾਰ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੂੰ 15 ਮਿੰਟ ਦਾ ਵਾਧੂ ਸਮਾਂ ਮਿਲੇਗਾ। ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5:15 ਵਜੇ ਤੱਕ ਹੋਵੇਗੀ। 21 ਜੂਨ ਨੂੰ ਹੋਣ ਵਾਲੀ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਸੰਦ ਦਾ ਪ੍ਰੀਖਿਆ ਕੇਂਦਰ ਅਤੇ ਸ਼ਹਿਰ ਚੁਣਨ ਦੀ ਆਜ਼ਾਦੀ ਦਿੱਤੀ ਜਾਵੇਗੀ।

21 ਜੂਨ ਦੀ ਪ੍ਰੀਖਿਆ ਲਈ 14 ਜੂਨ ਤੱਕ ਐਡਮਿਟ ਕਾਰਡ ਜਾਰੀ ਕਰ ਦਿੱਤੇ ਜਾਣਗੇ। NTA ਨੇ ਫੈਸਲਾ ਲਿਆ ਹੈ ਕਿ ਪ੍ਰਭਾਵਿਤ ਵਿਦਿਆਰਥੀਆਂ ਦੀ ਫੀਸ ਵਾਪਸ ਕੀਤੀ ਜਾਵੇਗੀ।

ਧਰਮਿੰਦਰ ਪ੍ਰਧਾਨ ਨੇ ਦੱਸਿਆ ਕਿ 3 ਮਈ ਨੂੰ ਹੋਈ ਪ੍ਰੀਖਿਆ ਤੋਂ ਬਾਅਦ 7 ਮਈ ਨੂੰ ਪੇਪਰ ਲੀਕ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ 8 ਮਈ ਨੂੰ ਜਾਂਚ ਸ਼ੁਰੂ ਕੀਤੀ ਗਈ ਅਤੇ 12 ਮਈ ਨੂੰ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਲਿਆ ਗਿਆ।

ਮੰਤਰੀ ਨੇ ਕਿਹਾ ਕਿ ਸਿੱਖਿਆ ਮਾਫੀਆ ਨੂੰ ਹਰਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ ਅਤੇ CBI ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਗੜਬੜੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਸਰਕਾਰ ਇਸ ਗੱਲ ਦਾ ਪੂਰਾ ਧਿਆਨ ਰੱਖ ਰਹੀ ਹੈ ਕਿ ਦੁਬਾਰਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ‘ਤੇ ਕੋਈ ਵਾਧੂ ਆਰਥਿਕ ਬੋਝ ਨਾ ਪਵੇ।

ਸਿੱਖਿਆ ਮੰਤਰੀ ਨੇ ਭਰੋਸਾ ਦਿਵਾਇਆ ਕਿ NTA, ਜੋ ਕਿ ਕਰੋੜਾਂ ਬੱਚਿਆਂ ਦੀ ਪ੍ਰੀਖਿਆ ਕਰਵਾਉਂਦੀ ਹੈ, ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪਾਰਦਰਸ਼ਤਾ ਨੂੰ ਯਕੀਨੀ ਬਣਾਏਗੀ।

 

 

Terrorist Attack: ਫ਼ੌਜੀ ਕੈਂਪ ‘ਤੇ ਆਤਮਘਾਤੀ ਹਮਲਾ; 15 ਸੈਨਿਕਾਂ ਦੀ ਮੌਤ

 

Terrorist Attack: ਫ਼ੌਜੀ ਕੈਂਪ ‘ਤੇ ਆਤਮਘਾਤੀ ਹਮਲਾ; 15 ਸੈਨਿਕਾਂ ਦੀ ਮੌਤ

ਖ਼ੈਬਰ ਪਖ਼ਤੂਨਖਵਾ ਦੇ ਬਾਜੌਰ ਇਲਾਕੇ ਵਿੱਚ ਅੱਤਵਾਦੀਆਂ ਨੇ ਫ਼ੌਜੀ ਕੈਂਪ ਨੂੰ ਬਣਾਇਆ ਨਿਸ਼ਾਨਾ

ਪਹਿਲਾਂ ਜ਼ਬਰਦਸਤ ਧਮਾਕਾ ਤੇ ਫਿਰ ਅੰਨ੍ਹੇਵਾਹ ਗੋਲੀਬਾਰੀ; ਕਈ ਘੰਟੇ ਚੱਲਿਆ ਮੁਕਾਬਲਾ

ਅੱਤਵਾਦੀ ਸੰਗਠਨ TTP ਦੀ ਆਤਮਘਾਤੀ ਇਕਾਈ ‘SIF’ ਨੇ ਲਈ ਹਮਲੇ ਦੀ ਜ਼ਿੰਮੇਵਾਰੀ

Terrorist Attack: ਇਸਲਾਮਾਬਾਦ/ਪੇਸ਼ਾਵਰ, 15 ਮਈ 2026: ਪਾਕਿਸਤਾਨ ਦੇ ਅਸ਼ਾਂਤ ਸੂਬੇ ਖ਼ੈਬਰ ਪਖ਼ਤੂਨਖਵਾ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।

ਸੂਬੇ ਦੇ ਬਾਜੌਰ ਇਲਾਕੇ ਵਿੱਚ ਅੱਤਵਾਦੀਆਂ ਨੇ ਪਾਕਿਸਤਾਨੀ ਫ਼ੌਜ ਦੇ ਇੱਕ ਕੈਂਪ ‘ਤੇ ਯੋਜਨਾਬੱਧ ਤਰੀਕੇ ਨਾਲ ਆਤਮਘਾਤੀ ਹਮਲਾ ਕੀਤਾ ਹੈ।

ਇਸ ਖ਼ੂਨੀ ਮੁਕਾਬਲੇ ਵਿੱਚ ਹੁਣ ਤੱਕ 15 ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦੋਂ ਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਦੱਸੇ ਜਾ ਰਹੇ ਹਨ।

ਸੂਤਰਾਂ ਅਨੁਸਾਰ, ਹਮਲਾਵਰਾਂ ਨੇ ਪਹਿਲਾਂ ਫ਼ੌਜੀ ਕੈਂਪ ਦੇ ਪ੍ਰਵੇਸ਼ ਦੁਆਰ ਦੇ ਨੇੜੇ ਇੱਕ ਸ਼ਕਤੀਸ਼ਾਲੀ ਆਤਮਘਾਤੀ ਧਮਾਕਾ ਕੀਤਾ।

ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦੀ ਗੂੰਜ ਕਈ ਕਿਲੋਮੀਟਰ ਦੂਰ ਤੱਕ ਸੁਣੀ ਗਈ। ਜਿਵੇਂ ਹੀ ਕੈਂਪ ਦੇ ਅੰਦਰ ਅਫ਼ਰਾ-ਤਫ਼ਰੀ ਮਚੀ, ਹਥਿਆਰਾਂ ਨਾਲ ਲੈਸ ਅੱਤਵਾਦੀਆਂ ਦਾ ਇੱਕ ਗਰੁੱਪ ਕੈਂਪ ਦੇ ਅੰਦਰ ਦਾਖ਼ਲ ਹੋ ਗਿਆ।

ਇਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਸ਼ੁਰੂ ਹੋ ਗਈ, ਜੋ ਕਈ ਘੰਟਿਆਂ ਤੱਕ ਜਾਰੀ ਰਹੀ।

ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਕਬੂਲ ਕੀਤੀ ਹੈ।

ਸੰਗਠਨ ਨੇ ਇੱਕ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਵਿਸ਼ੇਸ਼ ਆਤਮਘਾਤੀ ਇਕਾਈ, ਜਿਸ ਨੂੰ “ਸਪੈਸ਼ਲ ਇਸਤਸ਼ਹਾਦੀ ਫੋਰਸਿਜ਼ (SIF)” ਕਿਹਾ ਜਾਂਦਾ ਹੈ, ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ।

ਘਟਨਾ ਤੋਂ ਤੁਰੰਤ ਬਾਅਦ ਪਾਕਿਸਤਾਨੀ ਸੈਨਾ ਦੀਆਂ ਵਾਧੂ ਟੁਕੜੀਆਂ ਨੂੰ ਬਾਜੌਰ ਇਲਾਕੇ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ। ਪੂਰੇ ਇਲਾਕੇ ਨੂੰ ਸੀਲ ਕਰਕੇ ਅੱਤਵਾਦੀਆਂ ਦੇ ਮਦਦਗਾਰਾਂ ਦੀ ਭਾਲ ਲਈ ਵੱਡੇ ਪੱਧਰ ‘ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਅੱਤਵਾਦੀਆਂ ਕੋਲ ਆਧੁਨਿਕ ਹਥਿਆਰ ਅਤੇ ਭਾਰੀ ਮਾਤਰਾ ਵਿੱਚ ਗੋਲਾ-ਬਾਰੂਦ ਮੌਜੂਦ ਸੀ।

ਦੱਸਣਯੋਗ ਹੈ ਕਿ ਪਾਕਿਸਤਾਨ ਦੇ ਇਸ ਖੇਤਰ ਵਿੱਚ ਪਿਛਲੇ ਕੁਝ ਸਮੇਂ ਤੋਂ ਸੁਰੱਖਿਆ ਬਲਾਂ ‘ਤੇ ਹਮਲਿਆਂ ਦੀਆਂ ਘਟਨਾਵਾਂ ਵਿੱਚ ਤੇਜ਼ੀ ਆਈ ਹੈ, ਜਿਸ ਨੇ ਦੇਸ਼ ਦੀ ਅੰਦਰੂਨੀ ਸੁਰੱਖਿਆ ‘ਤੇ ਮੁੜ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।

 

CBSE 12th Result 2026: 12ਵੀਂ ਜਮਾਤ ‘ਚੋਂ ਫੇਲ੍ਹ ਹੋਣ ਕਾਰਨ ਵਿਦਿਆਰਥਣ ਨੇ ਮੌਤ ਨੂੰ ਲਾਇਆ ਗਲੇ

 

CBSE 12th Result 2026: 12ਵੀਂ ਜਮਾਤ ‘ਚੋਂ ਫੇਲ੍ਹ ਹੋਣ ਕਾਰਨ ਵਿਦਿਆਰਥਣ ਨੇ ਮੌਤ ਨੂੰ ਲਾਇਆ ਗਲੇ

ਸੀਬੀਐਸਈ (CBSE) ਨਤੀਜਿਆਂ ਵਿੱਚ ਰੀ-ਅਪੀਅਰ ਆਉਣ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ

ਸੈਕਟਰ 23 ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ ਵਿਦਿਆਰਥਣ- ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਵਾਰਸਾਂ ਨੂੰ ਸੌਂਪੀ

ਚੰਡੀਗੜ੍ਹ, 15 ਮਈ 2026:

CBSE 12th Result 2026- ਸੀਬੀਐਸਈ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਤੋਂ ਬਾਅਦ ਚੰਡੀਗੜ੍ਹ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ।

ਸੈਕਟਰ 23 ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇੱਕ ਵਿਦਿਆਰਥਣ ਨੇ ਪ੍ਰੀਖਿਆ ਵਿੱਚ ਫੇਲ੍ਹ ਹੋਣ (ਰੀ-ਅਪੀਅਰ) ਕਾਰਨ ਹੋਈ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਈ।

ਜਾਣਕਾਰੀ ਅਨੁਸਾਰ ਮ੍ਰਿਤਕ ਵਿਦਿਆਰਥਣ ਦਾ ਪਰਿਵਾਰ ਨਵਾਂ ਗਾਓਂ ਦਾ ਰਹਿਣ ਵਾਲਾ ਹੈ। ਜਦੋਂ ਤੋਂ ਨਤੀਜਾ ਆਇਆ ਸੀ, ਉਹ ਆਪਣੀ ਰੀ-ਅਪੀਅਰ ਨੂੰ ਲੈ ਕੇ ਕਾਫ਼ੀ ਮਾਨਸਿਕ ਦਬਾਅ ਵਿੱਚ ਸੀ।

ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਉਹ ਘਰ ਵਿੱਚ ਇਕੱਲੀ ਸੀ, ਜਿਸਦਾ ਫਾਇਦਾ ਉਠਾਉਂਦਿਆਂ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਸੂਚਨਾ ਮਿਲਣ ‘ਤੇ ਪਹੁੰਚੀ ਸਥਾਨਕ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ।

ਅੱਜ ਪੋਸਟਮਾਰਟਮ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਘਟਨਾ ਨੇ ਜਿੱਥੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾਇਆ ਹੈ, ਉੱਥੇ ਹੀ ਸਕੂਲ ਵਿੱਚ ਵੀ ਸੋਗ ਦੀ ਲਹਿਰ ਹੈ।

ਅਜਿਹੀਆਂ ਘਟਨਾਵਾਂ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਕੀ ਅਸੀਂ ਆਪਣੇ ਬੱਚਿਆਂ ‘ਤੇ ਨੰਬਰਾਂ ਦਾ ਬੇਲੋੜਾ ਦਬਾਅ ਤਾਂ ਨਹੀਂ ਪਾ ਰਹੇ? ਪ੍ਰੀਖਿਆ ਵਿੱਚੋਂ ਰੀ-ਅਪੀਅਰ ਆਉਣਾ ਕਿਸੇ ਦੀ ਕਾਬਲੀਅਤ ਦਾ ਅੰਤ ਨਹੀਂ ਹੈ।

ਇਹ ਸਿਰਫ਼ ਇੱਕ ਮੌਕਾ ਹੈ ਆਪਣੀ ਗ਼ਲਤੀ ਸੁਧਾਰਨ ਦਾ। ਨਤੀਜਾ ਚਾਹੇ ਕੋਈ ਵੀ ਹੋਵੇ, ਆਪਣੇ ਬੱਚਿਆਂ ਨਾਲ ਗੱਲਬਾਤ ਕਰੋ। ਉਨ੍ਹਾਂ ਨੂੰ ਮਹਿਸੂਸ ਕਰਵਾਓ ਕਿ ਉਨ੍ਹਾਂ ਦੀ ਜ਼ਿੰਦਗੀ ਕਿਸੇ ਵੀ ਡਿਗਰੀ ਜਾਂ ਮਾਰਕਸ਼ੀਟ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ।