ਐਤਵਾਰ, ਮਈ 31, 2026
Home Blog Page 48

ਵੱਡੀ ਵਾਰਦਾਤ: ਮਸ਼ਹੂਰ ਧਾਰਮਿਕ ਗੁਰੂ ਦਾ ਗੋਲੀਆਂ ਮਾਰ ਕੇ ਕਤਲ

 

ਵੱਡੀ ਵਾਰਦਾਤ: ਮਸ਼ਹੂਰ ਧਾਰਮਿਕ ਗੁਰੂ ਦਾ ਗੋਲੀਆਂ ਮਾਰ ਕੇ ਕਤਲ

ਇਸਲਾਮਾਬਾਦ/ਪਿਸ਼ਾਵਰ, 5 ਮਈ 2026-

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮੰਗਲਵਾਰ ਨੂੰ ਇੱਕ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿੱਚ ਦੇਸ਼ ਦੇ ਪ੍ਰਮੁੱਖ ਅਤੇ ਸਤਿਕਾਰਤ ਮੌਲਵੀ (ਧਾਰਮਿਕ ਗੁਰੂ) ਸ਼ੇਖ-ਉਲ-ਹਦੀਸ ਮੌਲਾਨਾ ਮੁਹੰਮਦ ਇਦਰੀਸ ਦੀ ਹੱਤਿਆ ਕਰ ਦਿੱਤੀ ਗਈ।

ਇਸ ਹਮਲੇ ਵਿੱਚ ਮੌਲਾਨਾ ਦੇ ਨਾਲ ਮੌਜੂਦ ਦੋ ਸੁਰੱਖਿਆ ਗਾਰਡ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਅਣਪਛਾਤੇ ਬੰਦੂਕਧਾਰੀਆਂ ਨੇ ਚਾਰਸੱਦਾ ਜ਼ਿਲ੍ਹੇ ਦੇ ਉਸਮਾਨਜ਼ਈ ਖੇਤਰ ਵਿੱਚ ਮੌਲਾਨਾ ਇਦਰੀਸ ਦੀ ਗੱਡੀ ਨੂੰ ਉਸ ਸਮੇਂ ਘੇਰ ਲਿਆ ਜਦੋਂ ਉਹ ‘ਦਾਰੂਲ ਉਲੂਮ ਉਸਮਾਨਜ਼ਈ’ ਵਿਖੇ ਧਾਰਮਿਕ ਉਪਦੇਸ਼ (ਦਰਸ-ਏ-ਹਦੀਸ) ਦੇਣ ਜਾ ਰਹੇ ਸਨ।

ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਵਿੱਚ ਮੌਲਾਨਾ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਪਰ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਉਨ੍ਹਾਂ ਰਸਤੇ ਵਿੱਚ ਹੀ ਦਮ ਤੋੜ ਦਿੱਤਾ।

ਮੌਲਾਨਾ ਇਦਰੀਸ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪੈਰੋਕਾਰ ਹਸਪਤਾਲ ਅਤੇ ਸੜਕਾਂ ‘ਤੇ ਇਕੱਠੇ ਹੋ ਗਏ।

ਗੁੱਸੇ ਵਿੱਚ ਆਏ ਲੋਕਾਂ ਨੇ ਚਾਰਸੱਦਾ ਸ਼ਹਿਰ ਵਿੱਚ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਫਾਰੂਕ-ਏ-ਆਜ਼ਮ ਚੌਕ ‘ਤੇ ਧਰਨਾ ਦੇ ਕੇ ਹਮਲਾਵਰਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।

ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਸੂਬੇ ਦੇ ਆਈਜੀਪੀ ਜ਼ੁਲਫਿਕਾਰ ਹਮੀਦ ਨੇ ਮਰਦਾਨ ਰੇਂਜ ਦੇ ਪੁਲਿਸ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਨ ਦੇ ਨਿਰਦੇਸ਼ ਦਿੱਤੇ ਹਨ। ਫਿਲਹਾਲ ਪੂਰੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਜਾਰੀ ਹੈ।

 

Punjab News- 10ਵੀਂ ਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ

 

Punjab News- 10ਵੀਂ ਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ

ਸੰਗਰੂਰ, 5 ਮਈ 2026-

ਸੰਗਰੂਰ ਦੇ ਪਟਿਆਲਾ ਗੇਟ ਸਥਿਤ ਕ੍ਰਿਸ਼ਨਾ ਬਸਤੀ ਵਿੱਚ ਨੌਜਵਾਨਾਂ ਦੀ ਆਪਸੀ ਲੜਾਈ ਨੇ ਉਸ ਵੇਲੇ ਖ਼ੂਨੀ ਰੂਪ ਧਾਰਨ ਕਰ ਲਿਆ, ਜਦੋਂ ਕੁਝ ਹਮਲਾਵਰਾਂ ਨੇ 10ਵੀਂ ਦੇ ਵਿਦਿਆਰਥੀ ਦਾ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਇਸ ਹਮਲੇ ਵਿੱਚ ਮ੍ਰਿਤਕ ਦਾ ਭਰਾ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ, ਜਿਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ, ਗਲੀ ਵਿੱਚ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰ ਹੋਈ ਸੀ। ਦੋਵੇਂ ਭਰਾ ਨਕੋਦਰ ਜਾਣ ਦੀ ਤਿਆਰੀ ਕਰ ਰਹੇ ਸਨ ਕਿ ਅਚਾਨਕ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ।

ਹਮਲਾ ਇੰਨਾ ਭਿਆਨਕ ਸੀ ਕਿ ਵਿਦਿਆਰਥੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ।

ਹਮਲਾਵਰਾਂ ਨੇ ਬਿਨਾਂ ਕਿਸੇ ਵੱਡੀ ਵਜ੍ਹਾ ਦੇ ਨੌਜਵਾਨਾਂ ‘ਤੇ ਜਾਨਲੇਵਾ ਹਮਲਾ ਕੀਤਾ। ਮੌਕੇ ‘ਤੇ ਮੌਜੂਦ ਡਾਕਟਰ ਨਿਕਿਤਾ ਨੇ ਪੁਸ਼ਟੀ ਕੀਤੀ ਕਿ ਹਸਪਤਾਲ ਲਿਆਂਦੇ ਗਏ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਸੀ।

ਜਦਕਿ ਦੂਜੇ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਪਟਿਆਲਾ ਭੇਜ ਦਿੱਤਾ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਮਲਾਵਰਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 

Panjab University ਦਾ ਵੱਡਾ ਉਪਰਾਲਾ: AI-ML ਹੁਣ ਪੰਜਾਬੀ ਅਤੇ ਹਿੰਦੀ ਭਾਸ਼ਾ ‘ਚ ਵੀ ਹੋਵੇਗੀ ਉਪਲਬਧ

 

Panjab University ਦਾ ਵੱਡਾ ਉਪਰਾਲਾ: AI-ML ਹੁਣ ਪੰਜਾਬੀ ਅਤੇ ਹਿੰਦੀ ਭਾਸ਼ਾ ‘ਚ ਵੀ ਹੋਵੇਗੀ ਉਪਲਬਧ

Panjab University ਚੰਡੀਗੜ੍ਹ ‘ਚ ਤ੍ਰੈਭਾਸ਼ੀ AI-ML ਸ਼ਬਦਾਵਲੀ ‘ਤੇ ਮਾਹਿਰ ਸਲਾਹਕਾਰ ਕਮੇਟੀ ਦੀ ਮੀਟਿੰਗ ਸ਼ੁਰੂ

Punjab Network

ਚੰਡੀਗੜ੍ਹ, 5 ਮਈ 2026: ਪੰਜਾਬ ਯੂਨੀਵਰਸਿਟੀ (Panjab University) ਦੇ ਸਕੂਲ ਆਫ਼ ਪੰਜਾਬੀ ਸਟਡੀਜ਼ ਵੱਲੋਂ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਅਤੇ ਮਸ਼ੀਨ ਲਰਨਿੰਗ (ML) ਦੇ ਖੇਤਰਾਂ ਵਿੱਚ ਅੰਗਰੇਜ਼ੀ–ਹਿੰਦੀ–ਪੰਜਾਬੀ ਤ੍ਰੈਭਾਸ਼ੀ ਸ਼ਬਦਾਵਲੀ ਤਿਆਰ ਕਰਨ ਲਈ ਮਾਹਿਰ ਸਲਾਹਕਾਰ ਕਮੇਟੀ (EAC) ਦੀ ਪੰਜ ਦਿਨਾਂ ਮੀਟਿੰਗ ਦਾ ਅੱਜ ਮੋਹਨ ਸਿੰਘ ਦੀਵਾਨਾ ਹਾਲ ਆਰੰਭ ਹੋਇਆ। ਇਹ ਮੀਟਿੰਗ 5 ਤੋਂ 9 ਮਈ 2026 ਤੱਕ ਕਮਿਸ਼ਨ ਫਾਰ ਸਾਇੰਟਿਫਿਕ ਐਂਡ ਟੈਕਨੀਕਲ ਟਰਮਿਨੋਲੋਜੀ (CSTT), ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ।

ਮੀਟਿੰਗ ਦਾ ਉਦਘਾਟਨੀ ਸਤਰ ਦੀਪ ਪ੍ਰਜਵਲਨ ਦੀ ਰਸਮ ਨਾਲ ਸ਼ੁਰੂ ਹੋਇਆ। ਇਸ ਮੌਕੇ ਮਾਣਯੋਗ ਕੁਲਪਤੀ ਪ੍ਰੋ. ਰੇਣੂ ਵਿਗ ਅਤੇ ਮਾਣਯੋਗ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਪਰਮਜੀਤ ਸਿੱਧੂ, ਮੁਖੀ, ਪੰਜਾਬੀ ਵਿਭਾਗ ਨੇ ਆਏ ਮਹਿਮਾਨਾਂ ਅਤੇ ਮਾਹਿਰ ਸਲਾਹਕਾਰ ਕਮੇਟੀ ਦੇ ਮੈਂਬਰਾਂ ਦਾ ਸਵਾਗਤ ਕੀਤਾ। ਇਸ ਪਹਿਲ ਦੇ ਉਦੇਸ਼ ਅਤੇ ਮਹੱਤਵ ਬਾਰੇ ਜਾਣਕਾਰੀ ਦੀਪਕ ਕੁਮਾਰ, ਸਹਾਇਕ ਨਿਰਦੇਸ਼ਕ, CSTT ਵੱਲੋਂ ਦਿੱਤੀ ਗਈ।

ਰਾਜ ਸਭਾ ਦੇ ਨਾਮਜ਼ਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਭਾਰਤੀ ਭਾਸ਼ਾਵਾਂ ਵਿੱਚ ਤਕਨੀਕੀ ਗਿਆਨ ਦੀ ਉਪਲਬਧਤਾ ਨਾਲ ਪਿੰਡਾਂ ਅਤੇ ਗੈਰ-ਅੰਗਰੇਜ਼ੀ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪਹਿਲ ਸਮਾਵੇਸ਼ੀ ਅਤੇ ਆਤਮਨਿਰਭਰ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ ਅਤੇ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਸਿੱਖਣ ਲਈ ਪ੍ਰੇਰਿਤ ਕਰੇਗੀ।

ਉਨ੍ਹਾਂ ਕਿਹਾ ਕਿ ਏ.ਆਈ ਦੇ ਯੁੱਗ ਵਿੱਚ ਖੇਤਰੀ ਭਾਸ਼ਾਵਾਂ ਲਈ ਨਵੇਂ ਰਸਤੇ ਖੁੱਲ੍ਹੇ ਹਨ। ਉਨ੍ਹਾਂ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਅਤੇ ਵਿਕਾਸ ਲਈ ਜਨੂੰਨੀ ਸਾਹਿਤਕਾਰਾਂ ਤੇ ਵਿਦਵਾਨਾਂ ਨੂੰ ਅੱਗੇ ਲਿਆਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਅਜੋਕੇ ਸਮੇਂ ਵਿੱਚ ਸਭ ਤੋਂ ਵੱਡਾ ਮਸਲਾ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਬਚਾਉਣ ਅਤੇ ਪ੍ਰਫੁੱਲਤ ਕਰਨਾ ਹੈ। ਪੰਜਾਬ ਦੀ ਵਰਤਮਾਨ ਸਥਿਤੀ ਉੱਪਰ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ‘ਪੰਜਾਬ ਨੀਤੀ’ ਅਪਣਾਉਣ ਦੀ ਬੇਹੱਦ ਜ਼ਰੂਰਤ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਤਲਾਸ਼ਣ ਲਈ ਨਵੀਂ ਤਕਨੀਕ ਨੂੰ ਨੈਤਿਕ ਤੌਰ ‘ਤੇ ਪ੍ਰਯੋਗ ਕਰਨ ‘ਤੇ ਜ਼ੋਰ ਦਿੱਤਾ। ਇਸ ਮੌਕੇ ਸਤਨਾਮ ਸਿੰਘ ਸੰਧੂ ਨੇ ਵਿਭਾਗ ਲਈ 5 ਲੱਖ ਦੀ ਗ੍ਰਾਂਟ ਦਾ ਐਲਾਨ ਵੀ ਕੀਤਾ।

ਆਪਣੇ ਸੰਬੋਧਨ ਵਿੱਚ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਨੇ ਕਿਹਾ ਕਿ ਬਹੁਭਾਸ਼ੀ ਤਕਨੀਕੀ ਸਿੱਖਿਆ ਅੱਜ ਦੇ ਸਮੇਂ ਦੀ ਜ਼ਰੂਰਤ ਹੈ ਅਤੇ ਇਹ ਪਹਿਲ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਰਾਸ਼ਟਰੀ ਏ.ਆਈ. ਵਰਗੀ ਪਹਿਲ ਦੇ ਅਨੁਕੂਲ ਇੱਕ ਮਹੱਤਵਪੂਰਨ ਕਦਮ ਹੈ। ਮੈਡਮ ਵਾਈਸ ਚਾਂਸਲਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੇ ਹਮੇਸ਼ਾਂ ਹੀ ਪੰਜਾਬ ਤੇ ਪੰਜਾਬੀਅਤ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਪੰਜਾਬ ਦੀ ਵਿਰਾਸਤ ਅਤੇ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਅਤੇ ਪੰਜਾਬੀ ਦੀ ਸੇਵਾ ਲਈ ਹਮੇਸ਼ਾ ਮੋਹਰੀ ਰਹੀ ਹੈ।

ਮੀਟਿੰਗ ਵਿੱਚ ਦੇਸ਼ ਭਰ ਤੋਂ ਭਾਸ਼ਾ ਅਤੇ ਤਕਨੀਕੀ ਮਾਹਿਰ ਅਤੇ ਵਿਦਵਾਨ ਸ਼ਾਮਲ ਹੋਣ ਲਈ ਪਹੁੰਚੇ। ਆਉਣ ਵਾਲੇ ਦਿਨਾਂ ਵਿੱਚ ਏਆਈ/ਐਮਐਲ ਨਾਲ ਸੰਬੰਧਿਤ ਤ੍ਰੈਭਾਸ਼ੀ ਤਕਨੀਕੀ ਸ਼ਬਦਾਵਲੀ ਦੇ ਵਿਕਾਸ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਹ ਪਹਿਲ ਭਾਸ਼ਾ ਅਤੇ ਤਕਨੀਕ ਦੇ ਸੁਮੇਲ ਰਾਹੀਂ ਸਮਾਵੇਸ਼ੀ ਗਿਆਨ ਸਮਾਜ ਦੀ ਰਚਨਾ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ। ਸੈਸ਼ਨ ਦਾ ਸੰਚਾਲਨ ਪ੍ਰੋ. ਯੋਗਰਾਜ ਨੇ ਕੀਤਾ ਅਤੇ ਧੰਨਵਾਦ ਪ੍ਰਸਤਾਵ ਪ੍ਰੋ. ਉਮਾ ਸੇਠੀ ਵੱਲੋਂ ਪੇਸ਼ ਕੀਤਾ ਗਿਆ।

 

Farmers Subsidy: ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ‘ਚੋਂ ਕੱਢਣ ਲਈ ਭਗਵੰਤ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਪ੍ਰਤੀ ਹੈਕਟੇਅਰ ਕਿਸਾਨਾਂ ਨੂੰ ਮਿਲੇਗੀ 17500 ਰੁਪਏ ਸਬਸਿਡੀ

 

Farmers Subsidy- ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ‘ਚੋਂ ਕੱਢਣ ਲਈ ਭਗਵੰਤ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਪ੍ਰਤੀ ਹੈਕਟੇਅਰ ਕਿਸਾਨਾਂ ਨੂੰ ਮਿਲੇਗੀ 17500 ਰੁਪਏ ਸਬਸਿਡੀ

ਮਾਨ ਸਰਕਾਰ ਵੱਲੋਂ ਸਾਉਣੀ ਦੀ ਮੱਕੀ ਪ੍ਰੋਜੈਕਟ ਦਾ 16 ਜ਼ਿਲ੍ਹਿਆਂ ਤੱਕ ਵਿਸਥਾਰ, ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ‘ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ: ਖੁੱਡੀਆਂ

ਇਸ ਕਦਮ ਦਾ ਉਦੇਸ਼ 50 ਹਜ਼ਾਰ ਏਕੜ ਰਕਬੇ ਨੂੰ ਝੋਨੇ ਤੋਂ ਸਾਉਣੀ ਦੀ ਮੱਕੀ ਹੇਠ ਲਿਆਉਣਾ: ਗੁਰਮੀਤ ਸਿੰਘ ਖੁੱਡੀਆਂ

ਯੋਗ ਕਿਸਾਨਾਂ ਨੂੰ ਸਬਸਿਡੀ ਦੀ ਸਮੇਂ ਸਿਰ ਅਤੇ ਪਾਰਦਰਸ਼ੀ ਵੰਡ ਨੂੰ ਯਕੀਨੀ ਬਣਾਉਣ ਲਈ ਰਜਿਸਟ੍ਰੇਸ਼ਨ ਤੋਂ ਲੈ ਕੇ ਤਸਦੀਕ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਡਿਜੀਟਾਈਜ਼ ਕੀਤਾ: ਖੇਤੀਬਾੜੀ ਮੰਤਰੀ

ਚੰਡੀਗੜ੍ਹ, 5 ਮਈ 2026:

ਸੂਬੇ ਦੇ ਕਿਸਾਨਾਂ ਨੂੰ ਪਾਣੀ ਦੀ ਜ਼ਿਆਦਾ ਖਪਤ ਕਰਨ ਵਾਲੀ ਝੋਨੇ ਦੇ ਫ਼ਸਲ ‘ਚੋਂ ਕੱਢ ਕੇ ਫਸਲੀ ਵਿਭਿੰਨਤਾ ਵੱਲ ਉਤਸ਼ਾਹਿਤ ਕਰਨ ਲਈ ਅਹਿਮ ਕਦਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2026-27 ਸੀਜ਼ਨ ਲਈ ਸਾਉਣੀ ਦੀ ਮੱਕੀ ਵਿਭਿੰਨਤਾ ਯੋਜਨਾ ਨੂੰ ਛੇ ਜ਼ਿਲ੍ਹਿਆਂ ਤੋਂ ਹੁਣ 16 ਜ਼ਿਲ੍ਹਿਆਂ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ, ਜਿਸ ਵਾਸਤੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17,500 ਰੁਪਏ ਦਾ ਵਿੱਤੀ ਲਾਭ ਵੀ ਦਿੱਤਾ ਜਾਵੇਗਾ।

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਫੈਸਲਾ 2025-26 ਸਾਉਣੀ ਸੀਜ਼ਨ ਦੌਰਾਨ ਛੇ ਜ਼ਿਲ੍ਹਿਆਂ ਵਿੱਚ ਲਾਗੂ ਕੀਤੇ ਗਏ ਪਾਇਲਟ ਪ੍ਰੋਜੈਕਟ ਨੂੰ ਕਿਸਾਨਾਂ ਵੱਲੋਂ ਵੱਡਾ ਹੁੰਗਾਰਾ ਮਿਲਣ ਬਾਅਦ ਲਿਆ ਗਿਆ ਹੈ।

ਖੁੱਡੀਆਂ ਨੇ ਕਿਸਾਨਾਂ ਨੂੰ ਝੋਨੇ ਤੋਂ ਸਾਉਣੀ ਮੱਕੀ ਦੀ ਕਾਸ਼ਤ ਵੱਲ ਜਾਣ ਲਈ ਉਤਸ਼ਾਹਿਤ ਕਰਕੇ ਸੂਬੇ ‘ਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਇਸ ਪ੍ਰਾਜੈਕਟ ਦੇ ਵਿਸਥਾਰ ਨੂੰ ਇੱਕ “ਨਿਰਣਾਇਕ ਕਦਮ” ਦੱਸਿਆ।

ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਅੰਮ੍ਰਿਤਸਰ, ਬਠਿੰਡਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਪਟਿਆਲਾ, ਪਠਾਨਕੋਟ, ਰੂਪਨਗਰ, ਸੰਗਰੂਰ, ਐਸਏਐਸ ਨਗਰ, ਐਸਬੀਐਸ ਨਗਰ ਅਤੇ ਤਰਨ ਤਾਰਨ ਵਿੱਚ 20,000 ਹੈਕਟੇਅਰ (50000 ਏਕੜ) ਰਕਬੇ ਨੂੰ ਸਾਉਣੀ ਦੀ ਮੱਕੀ ਅਧੀਨ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਕਿਸਾਨਾਂ ਨੂੰ ਪਿਛਲੇ ਸਾਲ ਵਾਂਗ ਪ੍ਰਤੀ ਹੈਕਟੇਅਰ 17,500 ਰੁਪਏ ਦੀ ਸਬਸਿਡੀ ਵੀ ਦਿੱਤੀ ਜਾਵੇਗੀ।

ਇਸ ਵਿੱਚੋਂ 4,500 ਰੁਪਏ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਲਾਗਤ (ਇਨਪੁੱਟ) ਬਿੱਲ ਜਮ੍ਹਾਂ ਕਰਵਾਉਣ ‘ਤੇ ਜਾਰੀ ਕੀਤੇ ਜਾਣਗੇ, ਜਦੋਂਕਿ ਬਾਕੀ 13,000 ਰੁਪਏ ਲਾਜ਼ਮੀ ਜੀਓ-ਟੈਗਡ ਫ਼ਸਲ ਤਸਦੀਕ ਤੋਂ ਬਾਅਦ ਦੋ ਕਿਸ਼ਤਾਂ ਵਿੱਚ ਅਦਾ ਕੀਤੇ ਜਾਣਗੇ।

ਸੂਬੇ ਦੇ ਭੂਮੀਗਤ ਪਾਣੀ ਦੇ ਕੀਮਤੀ ਸਰੋਤਾਂ ਨੂੰ ਬਚਾਉਣ ਲਈ ਸੂਬੇ ਦੇ ਕਿਸਾਨਾਂ ਨੂੰ ਸਾਉਣੀ ਦੀ ਮੱਕੀ ਬੀਜਣ ਦੀ ਅਪੀਲ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਛੁੱਕ ਕਿਸਾਨ ਸਰਕਾਰ ਦੀ ਵੈੱਬਸਾਈਟ https://agrimachinerypb.com ਉਤੇ ਰਜਿਸਟਰ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਇਸ ਲਈ ਇੱਕ ਲਾਜ਼ਮੀ ਜੇ-ਫਾਰਮ ਅਤੇ ਖੇਤ ਦੀ ਜੀਓ-ਟੈਗਿੰਗ ਦੀ ਲੋੜ ਹੋਵੇਗੀ ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਬਿਨੈਕਾਰ ਕਿਸਾਨ ਨੇ ਪਿਛਲੇ ਸਾਲ ਝੋਨਾ ਲਾਇਆ ਸੀ, ਜੋ ਇਸ ਸਾਲ ਮੱਕੀ ਦੀ ਕਾਸ਼ਤ ਵੱਲ ਜਾ ਰਿਹਾ ਹੈ।

ਖੁੱਡੀਆਂ ਨੇ ਅੱਗੇ ਦੱਸਿਆ ਕਿ ਉੱਨਤ ਕਿਸਾਨ ਪੋਰਟਲ ਰਾਹੀਂ ਤਸਦੀਕ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ। ਪਹਿਲਾ 15 ਜੁਲਾਈ ਤੋਂ 25 ਜੁਲਾਈ ਤੱਕ, ਜਿਸ ਤੋਂ ਬਾਅਦ 5 ਅਗਸਤ ਤੋਂ 15 ਅਗਸਤ, 2026 ਤੱਕ ਦੂਜਾ ਪੜਾਅ ਹੋਵੇਗਾ। ਹਰੇਕ ਤਸਦੀਕ ਤੋਂ ਬਾਅਦ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਪ੍ਰਤੀ ਹੈਕਟੇਅਰ ਕ੍ਰਮਵਾਰ 9500 ਰੁਪਏ ਅਤੇ 7500 ਰੁਪਏ ਜਾਰੀ ਕਰਨਗੇ।

ਖੇਤੀਬਾੜੀ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਰਜਿਸਟ੍ਰੇਸ਼ਨ ਤੋਂ ਲੈ ਕੇ ਤਸਦੀਕ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਡਿਜੀਟਲ ਕੀਤਾ ਗਿਆ ਹੈ ਤਾਂ ਜੋ ਪਾਰਦਰਸ਼ਤਾ ਅਤੇ ਯੋਗ ਤੇ ਸਹੀ ਲਾਭਪਾਤਰੀਆਂ ਨੂੰ ਸਮੇਂ ਸਿਰ ਸਬਸਿਡੀ ਦੀ ਵੰਡ ਯਕੀਨੀ ਬਣਾਇਆ ਜਾ ਸਕੇ।

ਗੁਰਮੀਤ ਸਿੰਘ ਖੁੱਡੀਆਂ ਨੇ ਫੀਲਡ ਸਟਾਫ ਨੂੰ ਇਸ ਯੋਜਨਾ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲੋਕ ਜਾਗਰੂਕਤਾ ਮੁਹਿੰਮਾਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਯਕੀਨੀ ਖ਼ਰੀਦ ਵਿਧੀ ਦੇ ਨਾਲ 17500 ਰੁਪਏ ਪ੍ਰਤੀ ਹੈਕਟੇਅਰ ਦੀ ਵਿੱਤੀ ਸਹਾਇਤਾ ਉਪਲਬਧ ਕਰਵਾ ਕੇ ਮੱਕੀ ਨੂੰ ਝੋਨੇ ਦਾ ਇੱਕ ਵਿਹਾਰਕ ਤੇ ਟਿਕਾਊ ਵਿਕਲਪ ਬਣਾਉਣ ਲਈ ਯਤਨਸ਼ੀਲ ਹੈ।

ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਦੋ-ਫ਼ਸਲੀ (ਝੋਨਾ-ਕਣਕ) ਚੱਕਰ ਹੁਣ ਟਿਕਾਊ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸਿਰਫ਼ ਇੱਕ ਫ਼ਸਲ ਨੂੰ ਬਦਲਣ ਬਾਰੇ ਨਹੀਂ ਸਗੋਂ ਇਹ ਪੰਜਾਬ ਦੇ ਪਾਣੀ ਨੂੰ ਸੁਰੱਖਿਅਤ ਕਰਨ ਅਤੇ ਸੂਬੇ ਦੇ ਕਿਸਾਨਾਂ ਲਈ ਵੱਧ ਮੁਨਾਫ਼ਾ ਯਕੀਨੀ ਬਣਾਉਣ ਬਾਰੇ ਹੈ।

 

ਪੰਜਾਬ ਦੇ ਮੰਤਰੀਆਂ ਅਤੇ ਅਧਿਕਾਰੀਆਂ ਦੀਆਂ ਤਨਖਾਹਾਂ ‘ਚ ਦੇਰੀ ਨਹੀਂ..! ਪਰ ਆਮ ਮੁਲਾਜ਼ਮਾਂ ਨੂੰ ਨਾ DA ਮਿਲਿਆ ਅਤੇ ਨਾ ਤਨਖ਼ਾਹ

 

ਪੰਜਾਬ ਦੇ ਮੰਤਰੀਆਂ ਅਤੇ ਅਧਿਕਾਰੀਆਂ ਦੀਆਂ ਤਨਖਾਹਾਂ ‘ਚ ਦੇਰੀ ਨਹੀਂ..! ਪਰ ਆਮ ਮੁਲਾਜ਼ਮਾਂ ਨੂੰ ਨਾ DA ਮਿਲਿਆ ਅਤੇ ਨਾ ਤਨਖ਼ਾਹ

ਜਦੋਂ ਮੰਤਰੀਆਂ ਅਤੇ ਅਧਿਕਾਰੀਆਂ ਦੀਆਂ ਤਨਖਾਹਾਂ ਵਿੱਚ ਦੇਰੀ ਨਹੀਂ ਹੁੰਦੀ, ਤਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਉਡੀਕਣਾ ਕਿੰਨਾ ਜਾਇਜ਼ ਹੈ?

ਚੰਡੀਗੜ੍ਹ, 5 ਮਈ 2026: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੀ ਮੌਜੂਦਾ ਆਰਥਿਕ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ‘ਤੇ ਵੱਡੇ ਸਿਆਸੀ ਹਮਲੇ ਕੀਤੇ ਹਨ।

ਰੰਧਾਵਾ ਨੇ ਕਿਹਾ ਕਿ ਮੁਲਾਜ਼ਮਾਂ/ਪੈਨਸ਼ਨਰਾਂ ਦੀ ਪੈਨਸ਼ਨਾਂ ਅਤੇ ਤਨਖਾਹਾਂ ਵਿੱਚ ਹੋ ਰਹੀ ਦੇਰੀ ‘ਆਪ’ ਸਰਕਾਰ ਦੀ ਪ੍ਰਸ਼ਾਸਕੀ ਅਸਫਲਤਾ ਅਤੇ ਡਗਮਗਾ ਰਹੀ ਆਰਥਿਕਤਾ ਦਾ ਪ੍ਰਤੱਖ ਪ੍ਰਮਾਣ ਹੈ।

ਰੰਧਾਵਾ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸੂਬੇ ਦੇ 3 ਲੱਖ ਤੋਂ ਵੱਧ ਪੈਨਸ਼ਨਰ ਅਤੇ ਲਗਭਗ ਸਾਢੇ 3 ਲੱਖ ਕਰਮਚਾਰੀ ਆਪਣੇ ਹੱਕੀ ਪੈਸਿਆਂ ਲਈ ਉਡੀਕ ਕਰਨ ਲਈ ਮਜਬੂਰ ਹਨ।

ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਦੀਆਂ ਤਨਖਾਹਾਂ ਸਮੇਂ ਸਿਰ ਨਿਕਲ ਰਹੀਆਂ ਹਨ, ਤਾਂ ਆਮ ਮੁਲਾਜ਼ਮਾਂ ਅਤੇ ਸੇਵਾਮੁਕਤ ਬਜ਼ੁਰਗਾਂ ਨੂੰ ਕਿਉਂ ਖੱਟੇ-ਰੋਲ਼ੇ ਵਿੱਚ ਪਾਇਆ ਜਾ ਰਿਹਾ ਹੈ? ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕਰਮਚਾਰੀਆਂ ਦੇ ਡੀਏ (DA) ਦੀਆਂ ਕਿਸ਼ਤਾਂ ਦੇਣ ਤੋਂ ਵੀ ਪਾਸਾ ਵੱਟ ਰਹੀ ਹੈ।

5 ਲੱਖ ਕਰੋੜ ਦੇ ਕਰਜ਼ੇ ਦਾ ਡਰ

ਸੂਬੇ ਦੇ ਵਧਦੇ ਕਰਜ਼ੇ ਬਾਰੇ ਚਿੰਤਾ ਪ੍ਰਗਟ ਕਰਦਿਆਂ ਰੰਧਾਵਾ ਨੇ ਕਿਹਾ, ਮਾਰਚ 2022 ਵਿੱਚ ਜਦੋਂ ‘ਆਪ’ ਸੱਤਾ ਵਿੱਚ ਆਈ, ਉਦੋਂ ਕਰਜ਼ਾ ₹2.63 ਲੱਖ ਕਰੋੜ ਸੀ। ਮੌਜੂਦਾ ਰਫ਼ਤਾਰ ਨੂੰ ਦੇਖਦਿਆਂ ਪੰਜਾਬ ਜਲਦੀ ਹੀ ₹5 ਲੱਖ ਕਰੋੜ ਦੇ ਕਰਜ਼ੇ ਹੇਠ ਦੱਬਿਆ ਜਾ ਸਕਦਾ ਹੈ।

ਉਨ੍ਹਾਂ ਵਿੱਤ ਮੰਤਰੀ ਹਰਪਾਲ ਚੀਮਾ ਤੋਂ ਜਵਾਬ ਮੰਗਿਆ ਕਿ ਕੀ ਸੂਬਾ ਇੰਨਾ ਕੰਗਾਲ ਹੋ ਚੁੱਕਾ ਹੈ ਕਿ ਬੁਨਿਆਦੀ ਜ਼ਿੰਮੇਵਾਰੀਆਂ ਵੀ ਪੂਰੀਆਂ ਨਹੀਂ ਹੋ ਰਹੀਆਂ?

ਸੁਖਜਿੰਦਰ ਸਿੰਘ ਰੰਧਾਵਾ ਨੇ ਭਰੋਸਾ ਦਿੱਤਾ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਮੁੜ ਸੱਤਾ ਵਿੱਚ ਆਉਂਦੀ ਹੈ, ਤਾਂ, ਮੁਲਾਜ਼ਮਾਂ ਦੇ ਡੀਏ (DA) ਦੀ ਪਹਿਲੀ ਕਿਸ਼ਤ ਤੁਰੰਤ ਜਾਰੀ ਕੀਤੀ ਜਾਵੇਗੀ। ਤਨਖਾਹਾਂ ਅਤੇ ਪੈਨਸ਼ਨਾਂ ਦਾ ਭੁਗਤਾਨ ਬਿਨਾਂ ਕਿਸੇ ਦੇਰੀ ਦੇ ਮਹੀਨੇ ਦੀ ਨਿਸ਼ਚਿਤ ਤਾਰੀਖ਼ ‘ਤੇ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਸੂਬੇ ਦਾ ਭਵਿੱਖ ਕਿਸ ਦਿਸ਼ਾ ਵੱਲ ਜਾ ਰਿਹਾ ਹੈ ਅਤੇ ਕਿਉਂ ਲੋਕਾਂ ਨੂੰ ਆਪਣੀ ਰੋਜ਼ੀ-ਰੋਟੀ ਲਈ ਸਰਕਾਰ ਦੇ ਤਰਲੇ ਪਾਉਣੇ ਪੈ ਰਹੇ ਹਨ।

 

ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ CM ਮਾਨ ਦਾ ਵੱਡਾ ਬਿਆਨ, ਪਾਰਟੀ ਛੱਡਣ ਵਾਲਿਆਂ ਨੂੰ ਦਿੱਤੀ ਚੇਤਾਵਨੀ!

 

ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਸੀਐੱਮ ਮਾਨ ਦਾ ਵੱਡਾ ਬਿਆਨ, ਪਾਰਟੀ ਛੱਡਣ ਵਾਲਿਆਂ ਨੂੰ ਦਿੱਤੀ ਚੇਤਾਵਨੀ!

CM ਮਾਨ ਦੇ ਭਾਜਪਾ ‘ਤੇ ਤਿੱਖੇ ਹਮਲੇ; “ਲੋਕਤੰਤਰ ‘ਚ ਮਨਮਰਜ਼ੀ ਨਹੀਂ ਚੱਲੇਗੀ, ਭਾਜਪਾ ਬਣੀ ਭ੍ਰਿਸ਼ਟਾਚਾਰੀਆਂ ਦੀ ਵਾਸ਼ਿੰਗ ਮਸ਼ੀਨ

Punjab Network

ਨਵੀਂ ਦਿੱਲੀ/ਚੰਡੀਗੜ੍ਹ, 5 ਮਈ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਵੀਂ ਦਿੱਲੀ ਵਿਖੇ ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਨਾਲ ਇੱਕ ਅਹਿਮ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਰਾਜ ਸਭਾ ਮੈਂਬਰਾਂ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋਣ ਨੂੰ “ਸੰਵਿਧਾਨ ਦੀ ਹੱਤਿਆ” ਕਰਾਰ ਦਿੱਤਾ ਅਤੇ ਉਨ੍ਹਾਂ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ।

ਰਾਸ਼ਟਰਪਤੀ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਦਿਨੀਂ ਲੋਕਤੰਤਰ ਦਾ ਘਾਣ ਹੋਇਆ ਹੈ। ਉਨ੍ਹਾਂ ਕਿਹਾ ਕਿ ਸੱਤ ਰਾਜ ਸਭਾ ਮੈਂਬਰ ਇਕੱਠੇ ਹੋ ਕੇ ਆਪਣੇ ਆਪ ਹੀ ਇਹ ਤੈਅ ਕਰ ਲੈਂਦੇ ਹਨ ਕਿ ਉਹ ਹੁਣ ਕਿਸੇ ਹੋਰ ਪਾਰਟੀ ਦਾ ਹਿੱਸਾ ਹਨ, ਜੋ ਕਿ ਬਿਲਕੁਲ ਗੈਰ-ਸੰਵਿਧਾਨਿਕ ਹੈ। ਮਾਨ ਨੇ ਸਪੱਸ਼ਟ ਕੀਤਾ ਕਿ ਸੰਵਿਧਾਨ ਅਨੁਸਾਰ ਜਾਂ ਤਾਂ ਪੂਰੀ ਪਾਰਟੀ ਬਹੁਮਤ ਨਾਲ ਮਤਾ ਪਾਸ ਕਰਕੇ ਕਿਸੇ ਹੋਰ ਪਾਰਟੀ ਵਿੱਚ ਵਿਲੀਨ (Merge) ਹੋਵੇ, ਪਰ ਕੁਝ ਮੈਂਬਰ ਆਪਣੀ ਮਨ-ਮਰਜ਼ੀ ਨਾਲ ਲੋਕਤੰਤਰ ਦਾ ਮਜ਼ਾਕ ਨਹੀਂ ਉਡਾ ਸਕਦੇ।

ਮੁੱਖ ਮੰਤਰੀ ਨੇ ਹੈਰਾਨੀ ਜਤਾਉਂਦਿਆਂ ਕਿਹਾ, “ਅੱਜ ਪੰਜਾਬ ਵਿੱਚ ਬੀ.ਜੇ.ਪੀ. ਦੇ ਸਿਰਫ਼ ਦੋ ਵਿਧਾਇਕ (MLA) ਹਨ, ਪਰ ਰਾਜ ਸਭਾ ਮੈਂਬਰ ਛੇ ਹੋ ਗਏ ਹਨ। ਇਹ ਕਿਵੇਂ ਸੰਭਵ ਹੈ? ਕੀ ਇਹ ਸੰਵਿਧਾਨ ਦਾ ਮਜ਼ਾਕ ਨਹੀਂ ਹੈ?”

CM ਮਾਨ ਨੇ ਰਾਸ਼ਟਰਪਤੀ ਨੂੰ 95 ਵਿਧਾਇਕਾਂ ਦੇ ਹਸਤਾਖਰਾਂ ਵਾਲਾ ਪੱਤਰ ਸੌਂਪਿਆ

ਭਗਵੰਤ ਮਾਨ ਨੇ ਦੱਸਿਆ ਕਿ ਉਹ ਰਾਸ਼ਟਰਪਤੀ ਨੂੰ 95 ਵਿਧਾਇਕਾਂ ਦੇ ਹਸਤਾਖਰਾਂ ਵਾਲਾ ਇੱਕ ਲਿਖਤੀ ਪੱਤਰ ਦੇ ਕੇ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਰਾਜ ਸਭਾ ਮੈਂਬਰਾਂ ਦੇ ਦਿਲ ਵਿੱਚ ਇੰਨਾ ਹੀ ‘ਇਨਕਲਾਬ’ ਸੀ, ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇ ਕੇ ਦੁਬਾਰਾ ਚੋਣ ਲੜਨੀ ਚਾਹੀਦੀ ਸੀ। ਉਨ੍ਹਾਂ ਰਾਘਵ ਚੱਢਾ ਦਾ ਨਾਮ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜੇ ਲੋਕ ਪਹਿਲਾਂ ‘ਰਾਈਟ ਟੂ ਰੀਕਾਲ’ ਦੀਆਂ ਗੱਲਾਂ ਕਰਦੇ ਸਨ, ਅੱਜ ਉਹ ਖੁਦ ਜਨਤਾ ਦੇ ਫਤਵੇ ਨਾਲ ਗਦਾਰੀ ਕਰ ਰਹੇ ਹਨ।

ਮੁੱਖ ਮੰਤਰੀ ਨੇ ਬੀ.ਜੇ.ਪੀ. ਨੂੰ ‘ਵਾਸ਼ਿੰਗ ਮਸ਼ੀਨ’ ਦੱਸਦਿਆਂ ਕਿਹਾ ਕਿ ਕੇਂਦਰ ਸਰਕਾਰ ਦੂਜੇ ਰਾਜਾਂ ਦੇ ‘ਦਾਗੀਆਂ’ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਉਨ੍ਹਾਂ ਦੇ ਕੇਸ ਖ਼ਤਮ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਵਰਗੇ ਆਗੂ ਪਹਿਲਾਂ ਬੀ.ਜੇ.ਪੀ. ਨੂੰ ਗੁੰਡਿਆਂ ਦੀ ਪਾਰਟੀ ਕਹਿੰਦੇ ਸਨ, ਪਰ ਅੱਜ ਉਸੇ ਮਸ਼ੀਨ ਵਿੱਚ ਧੋਤੇ ਜਾ ਕੇ ਸਾਫ਼ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਸਪੱਸ਼ਟ ਚਿਤਾਵਨੀ ਦਿੱਤੀ ਕਿ ਬੀ.ਜੇ.ਪੀ. ਦੀ ਓਟ ਵਿੱਚ ਲੁਕਣ ਨਾਲ ਪੰਜਾਬ ਵਿੱਚ ਕੋਈ ਸੁਰੱਖਿਆ ਨਹੀਂ ਮਿਲੇਗੀ। ਜੇਕਰ ਕਿਸੇ ਨੇ ਵੀ ਆਪਣੀ ਤਾਕਤ ਦਾ ਗਲਤ ਇਸਤੇਮਾਲ ਕੀਤਾ ਹੋਵੇਗਾ, ਤਾਂ ਪੰਜਾਬ ਪੁਲਿਸ ਨਿਰਪੱਖ ਜਾਂਚ ਕਰਕੇ ਪਰਚਾ ਦਰਜ ਕਰੇਗੀ।

ਰਾਘਵ ਚੱਢਾ ਵੱਲੋਂ 21 ਰਾਜਾਂ ਭਾਜਪਾ ਦੀ ਸਰਕਾਰ ਅਤੇ ਪੁਲਿਸ ਹੋਣ ਦੀਆਂ ਕਥਿਤ ਧਮਕੀਆਂ ‘ਤੇ ਬੋਲਦਿਆਂ ਮਾਨ ਨੇ ਕਿਹਾ, “ਪੰਜਾਬੀ ਪਿਆਰ ਨਾਲ ਜਾਨ ਦੇ ਸਕਦੇ ਹਨ, ਪਰ ਜੇਕਰ ਕਿਸੇ ਨੇ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਚਾਰ ਗੁਣਾ ਵੱਧ ਤਾਕਤ ਨਾਲ ਜਵਾਬ ਦੇਵਾਂਗੇ।” ਉਨ੍ਹਾਂ ਕੇਂਦਰ ‘ਤੇ ਪੰਜਾਬ ਦੇ ਹੱਕ ਰੋਕਣ ਦੇ ਦੋਸ਼ ਵੀ ਲਾਏ, ਜਿਸ ਵਿੱਚ ਆਰ.ਡੀ.ਐਫ. (RDF), ਐਨ.ਐਚ.ਐਮ. (NHM) ਦਾ ਪੈਸਾ ਅਤੇ ਚੰਡੀਗੜ੍ਹ ਵਰਗੇ ਮੁੱਦੇ ਸ਼ਾਮਲ ਹਨ।

ਭਗਵੰਤ ਮਾਨ ਅਨੁਸਾਰ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਹ ਸੰਵਿਧਾਨਿਕ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਇਸ ਮਾਮਲੇ ‘ਤੇ ਯੋਗ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਸੰਵਿਧਾਨ ਹੀ ਦੇਸ਼ ਨੂੰ ਚਲਾਉਂਦਾ ਹੈ ਅਤੇ ਇਸ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅੰਤ ਵਿੱਚ ਮਾਨ ਨੇ ਆਪਣੇ ਸਾਥੀ ਵਿਧਾਇਕਾਂ ਦਾ ਧੰਨਵਾਦ ਕੀਤਾ ਜੋ ਚਟਾਨ ਵਾਂਗ ਪਾਰਟੀ ਨਾਲ ਖੜ੍ਹੇ ਹਨ ਅਤੇ ਵਿਰੋਧੀ ਧਿਰਾਂ (ਕਾਂਗਰਸ ਅਤੇ ਬੀ.ਜੇ.ਪੀ.) ਨੂੰ ਸਾਂਝੀ ਮਿਲੀਭੁਗਤ ਲਈ ਕਰੜੇ ਹੱਥੀਂ ਲਿਆ।

 

Punjab Weather Alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਭਾਰੀ ਮੀਂਹ ਅਤੇ ਤੇਜ਼ ਤੂਫ਼ਾਨ ਬਾਰੇ ‘ਯੈਲੋ ਅਲਰਟ’ ਜਾਰੀ! 

 

Punjab Weather Alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਭਾਰੀ ਮੀਂਹ ਅਤੇ ਤੇਜ਼ ਤੂਫ਼ਾਨ ਬਾਰੇ ‘ਯੈਲੋ ਅਲਰਟ’ ਜਾਰੀ! 

Punjab Network

Punjab Weather Alert: ਚੰਡੀਗੜ੍ਹ, 5 ਮਈ 2026: ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਗਰਜ-ਚਮਕ ਅਤੇ ਬਾਰਿਸ਼ ਨੇ ਮੌਸਮ ਵਿੱਚ ਠੰਢਕ ਘੋਲ ਦਿੱਤੀ ਹੈ।

ਮੌਸਮ ਵਿਭਾਗ ਨੇ ਮੰਗਲਵਾਰ ਅਤੇ ਬੁੱਧਵਾਰ ਲਈ ਸੂਬੇ ਵਿੱਚ ‘ਯੈਲੋ ਅਲਰਟ’ ਜਾਰੀ ਕੀਤਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।

ਬਾਰਿਸ਼ ਕਾਰਨ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 6.4 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਹੈ। ਸੋਮਵਾਰ ਨੂੰ ਵੀ ਤਾਪਮਾਨ ਵਿੱਚ ਇੱਕ ਡਿਗਰੀ ਦੀ ਕਮੀ ਦਰਜ ਕੀਤੀ ਗਈ।

ਬਠਿੰਡਾ ਵਿੱਚ ਸਭ ਤੋਂ ਵੱਧ 36.7 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਐਸ.ਬੀ.ਐਸ. ਨਗਰ (ਨਵਾਂਸ਼ਹਿਰ) ਵਿੱਚ ਘੱਟੋ-ਘੱਟ ਤਾਪਮਾਨ 17.5 ਡਿਗਰੀ ਦਰਜ ਹੋਇਆ।

ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਸਮੇਤ ਕਈ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 31 ਤੋਂ 33 ਡਿਗਰੀ ਦੇ ਵਿਚਕਾਰ ਰਿਹਾ।

ਪੰਜਾਬ ਦੇ ਕਈ ਇਲਾਕਿਆਂ ‘ਚ ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਇਸ ਕਾਰਨ ਤਾਪਮਾਨ ਵਿੱਚ 3 ਤੋਂ 5 ਡਿਗਰੀ ਤੱਕ ਦੀ ਹੋਰ ਗਿਰਾਵਟ ਆ ਸਕਦੀ ਹੈ। ਮੌਸਮ ਵਿਭਾਗ ਅਨੁਸਾਰ, 7 ਤੋਂ 9 ਮਈ ਤੱਕ ਇਨ੍ਹਾਂ ਤਿੰਨ ਦਿਨਾਂ ਦੌਰਾਨ ਮੌਸਮ ਖ਼ੁਸ਼ਕ ਰਹਿਣ ਦੀ ਉਮੀਦ ਹੈ।

ਵਿਭਾਗ ਨੇ ਇੱਕ ਨਵੀਂ ਪੱਛਮੀ ਗੜਬੜੀ (Western Disturbance) ਦੇ ਸਰਗਰਮ ਹੋਣ ਕਾਰਨ 10 ਮਈ ਨੂੰ ਮੁੜ ਤੇਜ਼ ਹਨੇਰੀ ਅਤੇ ਬਾਰਿਸ਼ ਦੀ ਸੰਭਾਵਨਾ ਜਤਾਈ ਹੈ।

ਮੌਸਮ ਵਿੱਚ ਆਈ ਇਸ ਤਬਦੀਲੀ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ, ਪਰ ਤੇਜ਼ ਹਵਾਵਾਂ ਕਾਰਨ ਚੌਕਸ ਰਹਿਣ ਦੀ ਹਦਾਇਤ ਵੀ ਕੀਤੀ ਗਈ ਹੈ।

 

Solar AC: ਬਿਨ੍ਹਾਂ ਬਿਜਲੀ ਚੱਲੇਗਾ ਏ.ਸੀ, ਪੜ੍ਹੋ ਪੂਰੀ ਖ਼ਬਰ

 

Solar AC: ਗਰਮੀ ਤੋਂ ਰਾਹਤ ਲਈ ਸੋਲਰ ਪੈਨਲ ‘ਤੇ ਚਲਾਉਣਾ ਚਾਹੁੰਦੇ ਹੋ AC? ਜਾਣੋ ਕਿੰਨੇ ਪੈਨਲਾਂ ਦੀ ਪਵੇਗੀ ਲੋੜ ਅਤੇ ਕੀ ਹੈ ਪੂਰਾ ਤਰੀਕਾ

ਚੰਡੀਗੜ੍ਹ, 5 ਮਈ 2026: ਗਰਮੀਆਂ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਪਾਰਾ ਹੋਰ ਉੱਪਰ ਜਾਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਲੋਕਾਂ ਨੇ ਘਰਾਂ ਵਿੱਚ ਕੂਲਰ ਅਤੇ ਏਅਰ ਕੰਡੀਸ਼ਨਰ (AC) ਚਲਾਉਣੇ ਸ਼ੁਰੂ ਕਰ ਦਿੱਤੇ ਹਨ।

ਪਰ AC ਚਲਾਉਣ ਨਾਲ ਬਿਜਲੀ ਦਾ ਬਿੱਲ ਜੇਬ ‘ਤੇ ਭਾਰੀ ਪੈਂਦਾ ਹੈ। ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਲੋਕ ਸੋਲਰ ਪੈਨਲ ਲਗਵਾਉਣ ਵੱਲ ਰੁਚੀ ਦਿਖਾ ਰਹੇ ਹਨ।

Solar AC: ਕੀ ਸੋਲਰ ਪੈਨਲ ‘ਤੇ AC ਚੱਲ ਸਕਦਾ ਹੈ?

ਜੀ ਹਾਂ, ਸੋਲਰ ਪੈਨਲ ਅਤੇ ਬੈਟਰੀ ਦੀ ਸਹਾਇਤਾ ਨਾਲ AC ਚਲਾਇਆ ਜਾ ਸਕਦਾ ਹੈ। ਇਸ ਦੇ ਦੋ ਮੁੱਖ ਤਰੀਕੇ ਹਨ….

ਆਫ-ਗ੍ਰਿਡ ਸਿਸਟਮ (Off-Grid): ਇਸ ਵਿੱਚ ਸੂਰਜੀ ਊਰਜਾ ਨਾਲ ਪਹਿਲਾਂ ਬੈਟਰੀ ਚਾਰਜ ਹੁੰਦੀ ਹੈ। ਇਸ ਦੀ ਮਦਦ ਨਾਲ ਤੁਸੀਂ ਰਾਤ ਦੇ ਸਮੇਂ ਵੀ AC ਚਲਾ ਸਕਦੇ ਹੋ। ਪਰ ਜੇਕਰ ਬੈਟਰੀ ਸਿਸਟਮ ਕੰਮ ਨਹੀਂ ਕਰੇਗਾ, ਤਾਂ ਤੁਸੀਂ AC ਦੀ ਵਰਤੋਂ ਨਹੀਂ ਕਰ ਸਕੋਗੇ।

ਆਨ-ਗ੍ਰਿਡ ਸਿਸਟਮ (On-Grid): ਇਸ ਸਿਸਟਮ ਵਿੱਚ ਪੈਨਲ ਸਿੱਧਾ AC ਨਾਲ ਕਨੈਕਟ ਹੁੰਦਾ ਹੈ। ਇਸ ਲਈ ਇਨਵਰਟਰ ਵਰਗੀ ਡਿਵਾਈਸ ਦੀ ਲੋੜ ਪੈਂਦੀ ਹੈ, ਜੋ ਡੀ.ਸੀ. (DC) ਨੂੰ ਏ.ਸੀ. (AC) ਐਨਰਜੀ ਵਿੱਚ ਬਦਲ ਦਿੰਦਾ ਹੈ। ਧਿਆਨ ਰਹੇ ਕਿ ਆਨ-ਗ੍ਰਿਡ ਸਿਸਟਮ ਲਗਾਉਣ ਲਈ ਸਰਕਾਰ ਦੀ ਮਨਜ਼ੂਰੀ ਲੈਣੀ ਲਾਜ਼ਮੀ ਹੈ।

ਕਿੰਨੇ ਸੋਲਰ ਪੈਨਲਾਂ ਦੀ ਪਵੇਗੀ ਲੋੜ?

ਜੇਕਰ ਤੁਸੀਂ ਆਪਣੇ ਘਰ ਵਿੱਚ 1.5 ਟਨ ਦਾ AC ਚਲਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਘੱਟੋ-ਘੱਟ 10 ਸੋਲਰ ਪੈਨਲਾਂ ਦੀ ਜ਼ਰੂਰਤ ਹੋਵੇਗੀ।

ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਹਰ ਇੱਕ ਸੋਲਰ ਪੈਨਲ ਦੀ ਸਮਰੱਥਾ ਘੱਟੋ-ਘੱਟ 250 ਵਾਟ ਹੋਣੀ ਚਾਹੀਦੀ ਹੈ।

ਸੋਲਰ ਪੈਨਲ ਲਗਵਾ ਕੇ ਤੁਸੀਂ ਨਾ ਸਿਰਫ਼ ਭਾਰੀ ਬਿਜਲੀ ਬਿੱਲਾਂ ਤੋਂ ਛੁਟਕਾਰਾ ਪਾ ਸਕਦੇ ਹੋ, ਸਗੋਂ ਵਾਤਾਵਰਣ ਨੂੰ ਬਚਾਉਣ ਵਿੱਚ ਵੀ ਯੋਗਦਾਨ ਪਾ ਸਕਦੇ ਹੋ।

 

ਪੰਜਾਬ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ; ਪੁਲਿਸ ਮੁਲਾਜ਼ਮ ਦੀ ਮੌਤ 

 

ਪੰਜਾਬ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ; ਪੁਲਿਸ ਮੁਲਾਜ਼ਮ ਦੀ ਮੌਤ 

ਮੋਗਾ, 5 ਮਈ 2026- 

ਮੋਗਾ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਪੁਲਸ ਮੁਲਾਜ਼ਮ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਹੌਲਦਾਰ ਦਲਜੀਤ ਸਿੰਘ (48) ਦੀ ਬੀਤੀ ਰਾਤ ਕੋਟ ਈਸੇ ਖਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਗਹਿਲੀਵਾਲਾ ਨੇੜੇ ਇੱਕ ਭਿਆਨਕ ਹਾਦਸੇ ਵਿੱਚ ਮੌਤ ਹੋ ਗਈ।

ਹਾਦਸੇ ਦੀ ਸੂਚਨਾ ਮਿਲਦੇ ਹੀ ਕੋਟ ਈਸੇ ਖਾ ਦੇ ਪੁਲਿਸ ਸਟੇਸ਼ਨ ਦੇ ਸਹਾਇਕ ਸਟੇਸ਼ਨ ਹਾਊਸ ਅਫਸਰ ਨਛੱਤਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਅਤੇ ਜਾਂਚ ਕੀਤੀ ਅਤੇ ਆਲੇ ਦੁਆਲੇ ਦੇ ਖੇਤਰ ਦਾ ਮੁਆਇਨਾ ਕੀਤਾ।

ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਭਾਗੂ ਤੋਂ ਸ਼ਰਧਾਲੂਆਂ ਨਾਲ ਭਰੀ ਇੱਕ ਮਿੰਨੀ ਬੱਸ ਇੱਕ ਧਾਰਮਿਕ ਸਥਾਨ ਤੋਂ ਵਾਪਸ ਆ ਰਹੀ ਸੀ। ਇਸ ਦੌਰਾਨ, ਥਾਣਾ ਸਦਰ ਮੋਗਾ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਹੌਲਦਾਰ ਦਲਜੀਤ ਸਿੰਘ ਆਪਣੀ ਕਾਰ ਵਿੱਚ ਪਿੰਡ ਗੋਲੂਵਾਲਾ ਜਾ ਰਹੇ ਸਨ।

ਜਦੋਂ ਉਹ ਪਿੰਡ ਗਹਿਲੀਵਾਲਾ ਪਹੁੰਚੇ ਤਾਂ ਦੋਵੇਂ ਵਾਹਨ ਆਪਸ ਵਿੱਚ ਟਕਰਾ ਗਏ। ਬੱਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ, ਕਾਰ ਦਾ ਡਰਾਈਵਰ ਇੱਕ ਦਰੱਖਤ ਨਾਲ ਟਕਰਾ ਗਿਆ, ਜਿਸ ਕਾਰਨ ਉਸਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਦੀ ਮੌਤ ਹੋ ਗਈ। ਬੱਸ ਵਿੱਚ ਸਵਾਰ ਸ਼ਰਧਾਲੂ ਬਚ ਗਏ।

ਮ੍ਰਿਤਕ ਹੌਲਦਾਰ ਦਲਜੀਤ ਸਿੰਘ ਦੇ ਪੁੱਤਰ ਕਰਨਵੀਰ ਸਿੰਘ ਵਾਸੀ ਪਿੰਡ ਗੋਲੂਵਾਲਾ ਦੇ ਬਿਆਨ ਦੇ ਆਧਾਰ ‘ਤੇ ਧਾਰਾ 194 ਬੀਐਨਐਸ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਭਾਰਤੀ ਦੰਡ ਵਿਧਾਨ ਦੀ ਧਾਰਾ 107 ਤਹਿਤ ਕਾਰਵਾਈ ਕਰਨ ਤੋਂ ਬਾਅਦ, ਹੌਲਦਾਰ ਦਲਜੀਤ ਸਿੰਘ ਦੀ ਲਾਸ਼ ਸਿਵਲ ਹਸਪਤਾਲ ਮੋਗਾ ਵਿਖੇ ਪੋਸਟਮਾਰਟਮ ਤੋਂ ਬਾਅਦ ਉਸਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ।

 

ਵੱਡੀ ਖ਼ਬਰ: ਪੰਜਾਬ ‘ਚ ਅਦਾਲਤੀ ਕੰਮ-ਕਾਜ ਠੱਪ, ਵਕੀਲਾਂ ਨੇ ਕੀਤਾ ਵੱਡਾ ਐਲਾਨ!

 

ਵੱਡੀ ਖ਼ਬਰ: ਪੰਜਾਬ ‘ਚ ਅਦਾਲਤੀ ਕੰਮ-ਕਾਜ ਠੱਪ, ਵਕੀਲਾਂ ਨੇ ਕੀਤਾ ਵੱਡਾ ਐਲਾਨ!

ਚੰਡੀਗੜ੍ਹ, 5 ਮਈ 2026

ਪੰਜਾਬ ਵਿੱਚ ਵਕੀਲਾਂ ‘ਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿੱਚ, ਜ਼ਿਲ੍ਹਾ ਬਾਰ ਐਸੋਸੀਏਸ਼ਨ, ਲੁਧਿਆਣਾ ਨੇ ਮੰਗਲਵਾਰ, 5 ਮਈ, 2026 ਨੂੰ “ਨੋ ਵਰਕ ਡੇ” ਦਾ ਐਲਾਨ ਕੀਤਾ ਹੈ। ਇਹ ਫੈਸਲਾ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਪਿਨ ਸੱਗਰ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ।

ਇਹ ਫੈਸਲਾ ਜਲਾਲਾਬਾਦ ਬਾਰ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਰਾਜ ਵਿਆਪੀ ਸੱਦੇ ਦੇ ਸਮਰਥਨ ਵਿੱਚ ਲਿਆ ਗਿਆ, ਜੋ ਐਡਵੋਕੇਟ ਰਾਕੇਸ਼ ਕੁਮਾਰ ਪੰਧੂ ‘ਤੇ ਹੋਏ ਕਥਿਤ ਹਮਲੇ ਦਾ ਵਿਰੋਧ ਕਰਦੀ ਹੈ। ਲੁਧਿਆਣਾ ਬਾਰ ਐਸੋਸੀਏਸ਼ਨ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ, ਇਸਨੂੰ ਗੰਭੀਰ ਦੱਸਿਆ ਹੈ।

ਅਦਾਲਤ ਦਾ ਕੰਮ ਪੂਰੀ ਤਰ੍ਹਾਂ ਬੰਦ ਰਹੇਗਾ

ਬਾਰ ਐਸੋਸੀਏਸ਼ਨ ਦੇ ਫੈਸਲੇ ਅਨੁਸਾਰ, ਸਾਰੇ ਵਕੀਲ 5 ਮਈ ਨੂੰ ਨਿਆਂਇਕ ਕੰਮ ਤੋਂ ਪੂਰੀ ਤਰ੍ਹਾਂ ਦੂਰ ਰਹਿਣਗੇ। ਇਸ ਦਿਨ ਕੋਈ ਵੀ ਅਦਾਲਤੀ ਪੇਸ਼ੀ, ਦਲੀਲਾਂ ਜਾਂ ਹੋਰ ਨਿਆਂਇਕ ਕਾਰਵਾਈ ਨਹੀਂ ਹੋਵੇਗੀ।

ਐਡਵੋਕੇਟ ਵਿਪਿਨ ਸੱਗਰ ਨੇ ਕਿਹਾ ਕਿ ਵਕੀਲਾਂ ‘ਤੇ ਹਮਲੇ ਬਹੁਤ ਗੰਭੀਰ ਅਤੇ ਚਿੰਤਾਜਨਕ ਹਨ ਅਤੇ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਿਹਾ ਕਿ ਵਕੀਲ ਨਿਆਂ ਪ੍ਰਣਾਲੀ ਦਾ ਇੱਕ ਮਜ਼ਬੂਤ ਥੰਮ੍ਹ ਹਨ, ਅਤੇ ਉਨ੍ਹਾਂ ‘ਤੇ ਹਮਲਾ ਕਰਨਾ ਕਾਨੂੰਨ ਦੇ ਰਾਜ ‘ਤੇ ਸਿੱਧਾ ਹਮਲਾ ਹੈ।

ਉਨ੍ਹਾਂ ਕਿਹਾ ਕਿ ਲੁਧਿਆਣਾ ਬਾਰ ਐਸੋਸੀਏਸ਼ਨ ਸਾਥੀ ਵਕੀਲ ਰਾਕੇਸ਼ ਕੁਮਾਰ ਪੰਧੂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਇਹ ਸੰਘਰਸ਼ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋਣ ਤੱਕ ਜਾਰੀ ਰਹੇਗਾ।

ਉਨ੍ਹਾਂ ਅੱਗੇ ਕਿਹਾ ਕਿ ਬਾਰ ਦੀ ਏਕਤਾ ਇਸਦੀ ਸਭ ਤੋਂ ਵੱਡੀ ਤਾਕਤ ਹੈ, ਅਤੇ ਅਜਿਹੇ ਸਮੇਂ ਵਿੱਚ ਸਾਰੇ ਵਕੀਲਾਂ ਲਈ ਇਕੱਠੇ ਖੜ੍ਹੇ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ “ਨੋ ਵਰਕ ਡੇ” ਨੂੰ ਪੂਰੀ ਗੰਭੀਰਤਾ ਅਤੇ ਅਨੁਸ਼ਾਸਨ ਨਾਲ ਸਫਲ ਬਣਾਉਣ, ਤਾਂ ਜੋ ਸਰਕਾਰ ਅਤੇ ਪ੍ਰਸ਼ਾਸਨ ਤੱਕ ਇੱਕ ਮਜ਼ਬੂਤ ਸੁਨੇਹਾ ਪਹੁੰਚੇ।